Monday, 20 April 2026

ਹਰੇਕ ਘਰ ਦੇ ਮਾਲਕ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਨਿਰਦੇਸ਼ 

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਅਤੇ ਪ੍ਰਯਾਗਰਾਜ ਵਿਕਾਸ ਅਥਾਰਟੀ ਦੀ ਖਿਚਾਈ ਕੀਤੀ ਹੈ ਅਤੇ ਸ਼ਹਿਰ ਵਿਚ ਘਰਾਂ ਨੂੰ ਢਾਹੁਣ ਦੀ ਕਾਰਵਾਈ ਨੂੰ ਅਣਮਨੁੱਖੀ ਅਤੇ ਗੈਰ-ਕਾਨੂੰਨੀ ਦੱਸਿਆ ਹੈ। ਘਰ ਢਾਹੁਣ ਦੀ ਕਾਰਵਾਈ ਦਾ ਨੋਟਿਸ ਲੈਂਦੇ ਹੋਏ  ਮਾਨਯੋਗ ਜਸਟਿਸ ਅਭੈ ਐਸ ਓਕਾ ਅਤੇ ਉੱਜਲ ਭੁਈਆਂ ਦੇ ਬੈਂਚ ਨੇ ਕਿਹਾ ਕਿ ਦੇਸ਼ ਵਿਚ ਕਾਨੂੰਨ ਦਾ ਰਾਜ ਹੈ ਅਤੇ ਨਾਗਰਿਕਾਂ ਦੇ ਰਿਹਾਇਸ਼ੀ ਢਾਂਚੇ ਨੂੰ ਇਸ ਤਰ੍ਹਾਂ ਨਹੀਂ ਢਾਹਿਆ ਜਾ ਸਕਦਾ। ਬੈਂਚ ਨੇ ਕਿਹਾ ਕਿ ਇਹ ਸਾਡੀ ਜ਼ਮੀਰ ਨੂੰ ਝੰਜੋੜਦਾ ਹੈ। ਇਸ ਲਈ ਸਿਖਰਲੀ ਅਦਾਲਤ ਨੇ ਅਥਾਰਟੀ ਨੂੰ ਛੇ ਹਫਤਿਆਂ ਦੇ ਅੰਦਰ ਹਰੇਕ ਘਰ ਦੇ ਮਾਲਕ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ। ਸਿਖਰਲੀ ਅਦਾਲਤ ਨੇ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਨੂੰ ਪ੍ਰਯਾਗਰਾਜ ਵਿਚ ਢੁਕਵੀਂ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਘਰ ਢਾਹੁਣ ਦੀ ਕਾਰਵਾਈ ’ਤੇ ਫਟਕਾਰ ਲਗਾਈ ਸੀ।  

 

ਹਰ ਸੰਸਦ ਮੈਂਬਰ ਨੂੰ ਹੁਣ ਹਰ ਮਹੀਨੇ ਮਿਲਣਗੇ 1 ਲੱਖ 24 ਹਜ਼ਾਰ ਰੁਪਏ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਸਰਕਾਰ ਨੇ ਸੰਸਦ ਮੈਂਬਰਾਂ ਦੀ ਤਨਖਾਹ ਵਿਚ 24% ਵਾਧਾ ਕਰ ਦਿੱਤਾ ਹੈ। ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ ਇਸ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਮੁਤਾਬਕ ਮੌਜੂਦਾ ਮੈਂਬਰਾਂ ਨੂੰ ਹੁਣ ਹਰ ਮਹੀਨੇ 1 ਲੱਖ 24 ਹਜ਼ਾਰ ਰੁਪਏ ਮਿਲਣਗੇ। ਇਸ ਤੋਂ ਪਹਿਲਾਂ ਸੰਸਦ ਮੈਂਬਰਾਂ ਨੂੰ ਹਰ ਮਹੀਨੇ 1 ਲੱਖ ਰੁਪਏ ਤਨਖਾਹ ਮਿਲਦੀ ਸੀ। ਇਹ ਵਾਧਾ ਮਹਿੰਗਾਈ ਸੂਚਕ ਅੰਕ ਦੇ ਅਧਾਰ ’ਤੇ ਕੀਤਾ ਗਿਆ ਹੈ ਅਤੇ ਵਧੀ ਹੋਈ ਤਨਖਾਹ 1 ਅਪ੍ਰੈਲ 2023 ਤੋਂ ਲਾਗੂ ਹੋਵੇਗੀ। ਇਸਦੇ ਚੱਲਦਿਆਂ ਰੋਜ਼ਾਨਾ ਭੱਤਾ ਅਤੇ ਪੈਨਸ਼ਨ ਵੀ ਵਧਾਈ ਗਈ ਹੈ। ਰੋਜ਼ਾਨਾ ਭੱਤਾ 2 ਹਜ਼ਾਰ ਤੋਂ ਵਧਾ ਕੇ 2500 ਰੁਪਏ ਕਰ ਦਿੱਤਾ ਗਿਆ ਹੈ। ਇਸਦੇ ਚੱਲਦਿਆਂ ਸਾਬਕਾ ਸੰਸਦ ਮੈਂਬਰਾਂ ਦੀ ਪੈਨਸ਼ਨ 25 ਹਜ਼ਾਰ ਰੁਪਏ ਤੋਂ ਵਧਾ ਕੇ 31 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।   

 

ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲੇਰਕੋਟਲਾ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਦਿੱਤੀਆਂ ਮੁਬਾਰਕਾਂ 

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਸਣੇ ਦੇਸ਼ ਭਰ ਵਿੱਚ ਅੱਜ ਈਦ-ਉੱਲ-ਫਿਤਰ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਵੱਖ-ਵੱਖ ਮਸਜਿਦਾਂ ਅਤੇ ਈਦਗਾਹਾਂ ਵਿੱਚ ਪਹੁੰਚ ਕੇ ਨਮਾਜ਼ ਪੜ੍ਹਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਲੇਰਕੋਟਲਾ ਵਿਖੇ ਈਦਗਾਹ ਵਿਚ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਮਾਨ ਨੇ ਕਿਹਾ ਕਿ ਸਾਡੀਆਂ ਈਦਾਂ, ਦੀਵਾਲੀਆਂ, ਗੁਰਪੁਰਬ, ਸੰਗਰਾਂਦ, ਤਿਉਹਾਰ ਤੇ ਧਰਮ ਸਭ ਸਾਂਝੇ ਨੇ। ਸਾਡੀ ਆਪਸੀ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਸੀ, ਕਾਇਮ ਹੈ ਅਤੇ ਕਾਇਮ ਰਹੇਗੀ। ਇਸ ਮੌਕੇ ਲੋਕ ਸਭਾ ਹਲਕਾ ਸੰਗਰੂਰ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਰਹੇ।

ਯਸ਼ਵੰਤ ਵਰਮਾ ਦੇ ਘਰੋਂ ਮਿਲੀ ਸੀ ਭਾਰੀ ਮਾਤਰਾ ’ਚ ਨਕਦੀ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਹਾਈਕੋਰਟ ਨੇ ਅੱਜ ਸੋਮਵਾਰ ਨੂੰ ਐਲਾਨ ਕੀਤਾ ਕਿ ਜਸਟਿਸ ਯਸ਼ਵੰਤ ਵਰਮਾ ਦੇ ਸਰਕਾਰੀ ਘਰ ’ਚੋਂ ਕਥਿਤ ਤੌਰ ’ਤੇ ਵੱਡੀ ਮਾਤਰਾ ਵਿਚ ਨਕਦੀ ਬਰਾਮਦ ਹੋਣ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਉਨ੍ਹਾਂ ਕੋਲੋਂ ਨਿਆਂਇਕ ਕੰਮ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਗਿਆ ਹੈ। ਇਹ ਐਲਾਨ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਇੱਕ ਨੋਟ ਵਿਚ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਇਕ ਬੇਮਿਸਾਲ ਕਦਮ ਚੁੱਕਦੇ ਹੋਏ ਜਸਟਿਸ ਯਸ਼ਵੰਤ ਵਰਮਾ ਦੇ ਸਰਕਾਰੀ ਘਰ ’ਚੋਂ ਭਾਰੀ ਮਾਤਰਾ ’ਚ ਨਕਦੀ ਦੀ ਬਰਾਮਦਗੀ ਦੇ ਮਾਮਲੇ ਦੀ ਪੂਰੀ ਅੰਦਰੂਨੀ ਜਾਂਚ ਰਿਪੋਰਟ ਆਪਣੀ ਵੈਬਸਾਈਟ ’ਤੇ ਅਪਲੋਡ ਕਰ ਦਿੱਤੀ ਸੀ। ਯਸ਼ਵੰਤ ਵਰਮਾ ਦੇ ਘਰੋਂ ਭਾਰਤੀ ਕਰੰਸੀ ਦੇ ਚਾਰ ਤੋਂ ਪੰਜ ਅੱਧ ਸੜੇ ਹੋਏ ਬੰਡਲ ਮਿਲੇ ਸਨ। ਉਧਰ ਦੂਜੇ ਪਾਸੇ ਜਸਟਿਸ ਯਸ਼ਵੰਤ ਵਰਮਾ ਨੇ ਨਕਦੀ ਦੀ ਵਸੂਲੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਘਰ ਦੇ ਸਟੋਰ ਰੂਮ ਵਿਚ ਕੋਈ ਨਕਦੀ ਨਹੀਂ ਰੱਖੀ ਹੈ।

 

ਕੇਜਰੀਵਾਲ ਖਿਲਾਫ ਸਰਕਾਰੀ ਪੈਸੇ ਦੀ ਗਲਤ ਵਰਤੋਂ ਦਾ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਿੱਲੀ ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ ਹੈ। ਇਹ ਐਫ.ਆਈ.ਆਰ. ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਮਾਮਲੇ ਵਿਚ ਦਰਜ ਕੀਤੀ ਗਈ ਹੈ। ਕੇਜਰੀਵਾਲ ਖਿਲਾਫ ਆਰੋਪ ਹੈ ਕਿ ਉਨ੍ਹਾਂ ਨੇ ਪ੍ਰਚਾਰ ਦੇ ਲਈ ਵੱਡੇ ਹੋਰਡਿੰਗ ਲਗਾਉਣ ਵਿਚ ਜਨਤਾ ਦੇ ਪੈਸੇ ਦਾ ਗਲਤ ਇਸਤੇਮਾਲ ਕੀਤਾ ਹੈ। ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੇ ਲਈ 18 ਅਪ੍ਰੈਲ ਦੀ ਤਰੀਕ ਨਿਸਚਿਤ ਕੀਤੀ ਹੈ।  ਦਿੱਲੀ ਪੁਲਿਸ ਨੇ ਰਾਊਜ਼ ਐਵੀਨਿਊ ਅਦਾਲਤ ਵਿਚ ਕੇਜਰੀਵਾਲ ਅਤੇ ਦੋ ਹੋਰ ਆਗੂਆਂ ਗੁਲਾਬ ਸਿੰਘ ਅਤੇ ਨਿਤਿਕਾ ਸ਼ਰਮਾ ’ਤੇ ਐਫ.ਆਈ.ਆਰ. ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਸਦੀ ਜਾਣਕਾਰੀ ਦਿੱਤੀ।  ਧਿਆਨ ਰਹੇ ਕਿ 11 ਮਾਰਚ ਨੂੰ ਰਾਊਜ਼ ਐਵੀਨਿਊ ਅਦਾਲਤ ਨੇ ਅਰਵਿੰਦ ਕੇਜਰੀਵਾਲ ਖਿਲਾਫ ਸਰਕਾਰੀ ਪੈਸਿਆਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ।

‘ਆਪ’ ਦੀ ਸਿਖਰਲੀ ਲੀਡਰਸ਼ਿਪ ਨੂੰ ਪੰਜਾਬ, ਗੁਜਰਾਤ ਤੇ ਗੋਆ ਵਿਚ ਤਾਇਨਾਤ ਕਰਨ ਦਾ ਫੈਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੀ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ‘ਆਪ’ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੀ ਸਿਖਰਲੀ ਲੀਡਰਸ਼ਿਪ ਨੂੰ ਤਿੰਨ ਮੁੱਖ ਰਾਜਾਂ- ਪੰਜਾਬ, ਗੁਜਰਾਤ ਤੇ ਗੋਆ ਵਿਚ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਬੈਠਕ ਵਿਚ ਗੋਪਾਲ ਰਾਏ ਦੀ ਥਾਂ ਸੌਰਭ ਭਾਰਦਵਾਜ ਨੂੰ ਦਿੱਲੀ ਦਾ ਮੁਖੀ ਤੇ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ। ਇਸਦੇ ਨਾਲ ਹੀ ਸਤੇਂਦਰ ਜੈਨ ਨੂੰ ਵੀ ਪੰਜਾਬ ਵਿਚ ਅਹੁਦਾ ਦਿੱਤਾ ਗਿਆ ਹੈ।  ਮੀਟਿੰਗ ਵਿੱਚ ਦਿੱਲੀ ਲਈ ਪਾਰਟੀ ਦੀਆਂ ਰਣਨੀਤੀਆਂ ਅਤੇ ਪੰਜਾਬ, ਗੁਜਰਾਤ ਤੇ ਗੋਆ ਵਿੱਚ ਇਸਦੇ ਵਿਸਤਾਰ ਦੀਆਂ ਯੋਜਨਾਵਾਂ ’ਤੇ ਚਰਚਾ ਕੀਤੀ ਗਈ।

ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਵੀ ਕੀਤਾ ਢੇਰ

ਸ੍ਰੀਨਗਰ/ਬਿਊਰੋ ਨਿਊਜ਼ 

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਰਾਜਬਾਗ ਵਿਚ ਲੰਘੇ ਦਿਨ ਤੋਂ ਚੱਲ ਰਹੇ ਮੁਕਾਬਲੇ ਵਿਚ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਇਸ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸ਼ਹੀਦ ਹੋਏ ਤਿੰਨ ਜਵਾਨ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਸਿਪਾਹੀ ਸਨ। ਇਹ ਸਿਪਾਹੀ ਲੰਘੇ ਕੱਲ੍ਹ ਜ਼ਖਮੀ ਹੋ ਗਏ ਸਨ, ਅੱਜ ਇਲਾਜ ਦੌਰਾਨ ਉਨ੍ਹਾਂ ਦੀ ਜਾਨ ਚਲੇ ਗਈ। ਸ਼ਹੀਦ ਜਵਾਨਾਂ ਵਿਚ ਤਾਰਿਕ ਅਹਿਮਦ, ਜਸਵੰਤ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਲ ਹਨ। ਭਾਰਤੀ ਫੌਜ ਰਾਈਜ਼ਿੰਗ ਸਟਾਰ ਕੋਰਪਸ ਨੇ ਇਸ ਸੰਬੰਧੀ ਪੁਸ਼ਟੀ ਵੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਜਬਾਗ ਦੇ ਘਾਟੀ ਜੁਥਾਨਾ ਇਲਾਕੇ ਦੇ ਪਿੰਡ ਜਖੋਲੇ ਵਿਚ ਸੁਰੱਖਿਆ ਬਲਾਂ ਨੂੰ ਕਰੀਬ 9 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਨ ਲਈ ਸਾਂਝਾ ਅਪਰੇਸ਼ਨ ਸ਼ੁਰੂੁ ਕੀਤਾ ਸੀ। 

ਪਟਿਆਲਾ ਵਿਚ ਕਰਨਲ ਪੁਸ਼ਪਿੰਦਰ ਸਿੰਘ ਨਾਲ ਪੁਲਿਸ ਨੇ ਕੀਤੀ ਸੀ ਵਧੀਕੀ

ਨਵੀਂ ਦਿੱਲੀ/ਬਿਊਰੋ ਨਿਊਜ਼

ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਡਾ. ਚਰਨਜੀਤ ਸਿੰਘ ਚੰਨੀ, ਡਾ. ਅਮਰ ਸਿੰਘ, ਡਾ. ਧਰਮਵੀਰ ਗਾਂਧੀ, ਗੁਰਜੀਤ ਸਿੰਘ ਔਜਲਾ ਅਤੇ ਸ਼ੇਰ ਸਿੰਘ ਘੁਬਾਇਆ ਨੇ ਕਰਨਲ ਪੁਸ਼ਪਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਨਸਾਫ ਦੀ ਮੰਗ ਕਰਦੇ ਹੋਏ ਨਵੀਂ ਦਿੱਲੀ ਵਿਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਪੰਜਾਬ ਸਰਕਾਰ ’ਤੇ ਇਸ ਮਾਮਲੇ ਵਿਚ ਇਨਸਾਫ ਦੇਣ ਵਿਚ ਅਸਫਲ ਰਹਿਣ ਦਾ ਆਰੋਪ ਲਗਾਇਆ। ਉਨ੍ਹਾਂ ਕਾਂਗਰਸੀ ਸੰਸਦ ਮੈਂਬਰਾਂ ਨੇ ਕਰਨਲ ਪੁਸ਼ਪਿੰਦਰ ਸਿੰਘ ਦੇ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਅਤੇ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਨੂੰ ਕਮਜ਼ੋਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀ ਢਿੱਲੀ ਕਾਰਵਾਈ ਨੇ ਆਮ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਬਹੁਤ ਮਾੜੀ ਉਦਾਹਰਨ ਪੇਸ਼ ਕੀਤੀ ਹੈ। ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੇ ਕਿਹਾ ਕਿ ਜੇਕਰ ਜਲਦੀ ਹੀ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਸ ਮੁੱਦੇ ਨੂੰ ਹੋਰ ਗੰਭੀਰਤਾ ਨਾਲ ਉਠਾਉਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਵਿਰੁੱਧ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਵਿਚ ਕਰਨਲ ਪੁਸ਼ਪਿੰਦਰ ਸਿੰਘ ਅਤੇ ਉਸਦੇ ਪੁੱਤਰ ਨਾਲ ਪੁਲਿਸ ਨੇ ਮਾਰਕੁੱਟ ਕੀਤੀ ਸੀ। 

ਵੀਆਈਪੀ ਦਰਸ਼ਨਾਂ ਦੀ ਪ੍ਰਣਾਲੀ ਧਾਰਮਿਕ ਸਥਾਨਾਂ ’ਤੇ ਬੰਦ ਰਹੇਗੀ

ਦੇਹਰਾਦੂਨ/ਬਿਊਰੋ ਨਿਊਜ਼ 

ਉੁੱਤਰਾਖੰਡ ਵਿਚ 30 ਅਪ੍ਰੈਲ ਤੋਂ ਚਾਰ ਧਾਮ ਦੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਇਸ ਦਿਨ ਮਾਂ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਦਰਵਾਜ਼ੇ ਸਭ ਤੋਂ ਪਹਿਲਾਂ ਖੋਲ੍ਹੇ ਜਾਣਗੇ। ਇਸ ਤੋਂ ਬਾਅਦ, ਕੇਦਾਰਨਾਥ ਧਾਮ ਦੇ ਦਰਵਾਜ਼ੇ 2 ਮਈ ਨੂੰ ਖੁੱਲ੍ਹਣਗੇ। ਅਖੀਰ ਵਿਚ 4 ਮਈ ਨੂੰ ਭਗਵਾਨ ਬਦਰੀਨਾਥ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਰਸਮਾਂ-ਰਿਵਾਜਾਂ ਨਾਲ ਖੋਲ੍ਹ ਦਿੱਤੇ ਜਾਣਗੇ। ਇਸਦੇ ਨਾਲ ਹੀ ਚਾਰ ਧਾਮ ਯਾਤਰਾ ਪੂਰੇ ਜੋਸ਼ ਨਾਲ ਸ਼ੁਰੂ ਹੋ ਜਾਵੇਗੀ। ਇਸ ਵਾਰ ਸ਼ੁਰੂ ਹੋ ਰਹੀ ਚਾਰ ਧਾਮ ਯਾਤਰਾ ਵਿਚ ਵੀਡੀਓ ਰੀਲ ਬਣਾਉਣ ਵਾਲਿਆਂ ਅਤੇ ਯੂਟਿਊਬਰਾਂ ਨੂੰ ਆਉਣ ਤੋਂ ਰੋਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੇਦਾਰਨਾਥ-ਬਦਰੀਨਾਥ ਪਾਂਡਾ ਭਾਈਚਾਰੇ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਉਹ ਅਜਿਹੇ ਵਿਅਕਤੀਆਂ ਨੂੰ ਮੰਦਰ ਪਰਿਸਰ ਵਿਚ ਦਾਖਲ ਨਹੀਂ ਹੋਣ ਦੇਣਗੇ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਦਰਸ਼ਨ ਕੀਤੇ ਬਿਨ੍ਹਾਂ ਵਾਪਸ ਭੇਜ ਦਿੱਤਾ ਜਾਵੇਗਾ। ਇਸ ਬਾਰੇ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਪੈਸੇ ਦੇ ਕੇ ਵੀ.ਆਈ.ਪੀ. ਦਰਸ਼ਨਾਂ ਦੀ ਪ੍ਰਣਾਲੀ ਵੀ ਧਾਰਮਿਕ ਸਥਾਨਾਂ ’ਤੇ ਬੰਦ ਰਹੇਗੀ।

ਦੋਵਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ ’ਤੇ ਹੋਏ ਦਸਤਖਤ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿ੍ਰਸਟੋਫਰ ਲਕਸਨ ਨੇ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿ੍ਰਸਟੋਫਰ ਲਕਸਨ ਨੇ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕਿ੍ਰਸਟੋਫਰ ਲਕਸਨ ਨਾਲ ਸਾਂਝੇ ਪ੍ਰੈਸ ਬਿਆਨ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਭਾਰਤ ਵਿਚ ਪ੍ਰਧਾਨ ਮੰਤਰੀ ਲਕਸਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਸਵਾਗਤ ਕਰਦਾ ਹਾਂ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਮਹੱਤਵਪੂਰਨ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ। ਸਮਝੌਤੇ ਤੋਂ ਬਾਅਦ ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਦੋਵਾਂ ਦੇਸ਼ਾਂ ਨੇ ਰੱਖਿਆ ਭਾਈਵਾਲੀ ਨੂੰ ਮਜ਼ਬੂਤ ਬਣਾਉਣ ਦਾ ਫੈਸਲਾ ਕੀਤਾ ਹੈ। 

 

 

ਯਸ਼ਵੰਤ ਵਰਮਾ ਦੇ ਘਰੋਂ ਮਿਲੀ ਸੀ ਭਾਰੀ ਮਾਤਰਾ ’ਚ ਨਕਦੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਲਾਹਾਬਾਦ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਅੱਜ ਮੰਗਲਵਾਰ ਨੂੰ ਦਿੱਲੀ ਹਾਈਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਦੇ ਪ੍ਰਸਤਾਵਿਤ ਤਬਾਦਲੇ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹਾਈਕੋਰਟ ਦੇ ਸਾਹਮਣੇ ਇਕੱਠੇ ਹੋਏ ਪ੍ਰਦਰਸ਼ਨਕਾਰੀ ਵਕੀਲਾਂ ਦੀ ਅਗਵਾਈ ਕਰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਤਿਵਾੜੀ ਨੇ ਮੀਡੀਆ ਨੂੰ ਕਿਹਾ ਕਿ ਇਹ ਵਿਰੋਧ ਕਿਸੇ ਅਦਾਲਤ ਜਾਂ ਜੱਜ ਦੇ ਵਿਰੁੱਧ ਨਹੀਂ ਹੈ, ਸਗੋਂ ਉਨ੍ਹਾਂ ਲੋਕਾਂ ਦੇ ਵਿਰੁੱਧ ਹੈ ਜਿਨ੍ਹਾਂ ਨੇ ਨਿਆਂਇਕ ਪ੍ਰਣਾਲੀ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਲੜਾਈ ਭਿ੍ਰਸ਼ਟਾਚਾਰ ਵਿਚ ਸ਼ਾਮਲ ਲੋਕਾਂ ਅਤੇ ਇਕ ਅਜਿਹੀ ਪ੍ਰਣਾਲੀ ਦੇ ਵਿਰੁੱਧ ਹੈ ਜਿਸ ਵਿੱਚ ਪਾਰਦਰਸ਼ਤਾ ਦੀ ਘਾਟ ਹੈ। ਫਿਲਹਾਲ, ਸਾਡੀ ਮੰਗ ਮੁੜ ਵਿਚਾਰ ਅਤੇ ਤਬਾਦਲੇ ਦੇ ਆਦੇਸ਼ ਨੂੰ ਵਾਪਸ ਲੈਣ ਦੀ ਹੈ। ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਲੰਘੇ ਕੱਲ੍ਹ ਸੋਮਵਾਰ ਨੂੰ ਜਸਟਿਸ ਵਰਮਾ ਨੂੰ ਇਲਾਹਾਬਾਦ ਹਾਈਕੋਰਟ ਵਿਚ ਤਬਦੀਲ ਕਰਨ ਦੀ ਸਿਫ਼ਾਰਸ਼ ਕਰਨ ਦੇ ਆਪਣੇ ਫੈਸਲੇ ਦੀ ਪੁਸ਼ਟੀ ਕੀਤੀ ਸੀ। ਧਿਆਨ ਰਹੇ ਕਿ ਯਸ਼ਵੰਤ ਵਰਮਾ ਦੇ ਘਰੋਂ ਵੱਡੀ ਮਾਤਰਾ ’ਚ ਨਕਦੀ ਅਤੇ ਭਾਰਤੀ ਕਰੰਸੀ ਦੇ ਚਾਰ ਤੋਂ ਪੰਜ ਅੱਧ ਸੜੇ ਹੋਏ ਬੰਡਲ ਮਿਲੇ ਸਨ।

 

9 ਮਹੀਨਿਆਂ ਬਾਅਦ ਧਰਤੀ ’ਤੇ ਪਰਤਣਗੇ ਦੋਵੇਂ ਪੁਲਾੜ ਯਾਤਰੀ

ਵਾਸ਼ਿੰਗਟਨ ਡੀਸੀ/ਬਿਊਰੋ ਨਿਊਜ਼ 

ਪੁਲਾੜ ਵਿਚ ਪਿਛਲੇ 9 ਮਹੀਨਿਆਂ ਤੋਂ ਫਸੇ ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ 19 ਮਾਰਚ ਨੂੰ ਧਰਤੀ ਉੱਤੇ ਵਾਪਸ ਆਉਣਗੇ। ਨਾਸਾ ਨੇ ਇਸ ਵਾਪਸੀ ਬਾਰੇ ਅਧਿਕਾਰਤ ਐਲਾਨ ਕਰ ਦਿੱਤਾ ਹੈ। ਇਹ ਦੋਵੇਂ ਪੁਲਾੜ ਯਾਤਰੀ ਪਿਛਲੇ ਸਾਲ 5 ਜੂਨ 2024 ਨੂੰ ਬੋਇੰਗ ਦੇ ਸਟਾਰਲਾਈਨਰ ਕੈਪਸੂਲ ’ਤੇ ਪੁਲਾੜ ਵਿਚ ਗਏ ਸਨ, ਹਾਲਾਂਕਿ ਤਕਨੀਕੀ ਨੁਕਸ ਕਰਕੇ ਉਨ੍ਹਾਂ ਦਾ ਮਿਸ਼ਨ 8 ਦਿਨ ਤੋਂ ਵੱਧ ਕੇ 9 ਮਹੀਨੇ ਲੰਮਾ ਹੋ ਗਿਆ। ਨਾਸਾ ਮੁਤਾਬਕ 18 ਮਾਰਚ ਦੀ ਸ਼ਾਮ ਨੂੰ ਵਾਪਸੀ ਮਿਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ। ਸਪੇਸਐਕਸ ਡਰੈਗਨ ਕੈਪਸੂਲ ਰਾਹੀਂ ਧਰਤੀ ’ਤੇ ਪਰਤਣ ਵਾਲੇ ਯਾਤਰੀਆਂ ਵਿਚ ਰੂਸੀ ਪੁਲਾੜ ਯਾਤਰੀ ਅਲੈਗਜ਼ਾਂਦਰ ਗੋਰਬੁਨੋਵ ਤੇ ਨਾਸਾ ਦੇ ਨਿਕ ਹੇਗ ਵੀ ਸ਼ਾਮਲ ਹਨ। ਇਸ ਕੈਪਸੂਲ ਦੇ ਫਲੋਰੀਡਾ ਦੇ ਸਾਹਿਲ ਉੱਤੇ ਉਤਰਨ ਦੀ ਉਮੀਦ ਹੈ। ਨਾਸਾ ਇਸ ਪੂਰੇ ਅਮਲ ਦੀ ਸਿੱਧੀ ਕਵਰੇਜ ਵੀ ਕਰੇਗਾ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.