Monday, 20 April 2026

ਕਿਹਾ : ਤੁਸੀਂ ਪੂਰੇ ਦੇਸ਼ ਨੂੰ ਸ਼ਰਮਸ਼ਾਰ ਕੀਤਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕਰਨਲ ਸੋਫੀਆ ਕੁਰੈਸ਼ੀ ਬਾਰੇ ਅਪਮਾਨਜਨਕ ਟਿੱਪਣੀਆਂ ਲਈ ਮੱਧ ਪ੍ਰਦੇਸ਼ ਦੇ ਮੰਤਰੀ ਵਿਜੈ ਸ਼ਾਹ ਦੀ ਸੁਪਰੀਮ ਕੋਰਟ ਨੇ ਜੰਮ ਕੇ ਖਿਚਾਈ ਕੀਤੀ ਹੈ। ਇਸਦੇ ਨਾਲ ਹੀ ਸਰਬਉਚ ਅਦਾਲਤ ਨੇ ਸ਼ਾਹ ਖਿਲਾਫ ਐਫ.ਆਈ.ਆਰ. ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਨਯੋਗ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਐਨ. ਕੋਟਿਸ਼ਵਰ ਸਿੰਘ ਦੇ ਬੈਂਚ ਨੇ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਉਸ ਦੀਆਂ ਉਹ ਵੀਡੀਓਜ਼ ਦੇਖੀਆਂ ਹਨ, ਜਿਸ ਵਿਚ ਉਸ ਨੇ ਟਿੱਪਣੀਆਂ ਕੀਤੀਆਂ ਤੇ ਮਗਰੋਂ ਮੁਆਫੀ ਵੀ ਮੰਗੀ। ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਇਨ੍ਹਾਂ ਟਿੱਪਣੀਆਂ ਕਰਕੇ ਪੂਰਾ ਦੇਸ਼ ਸ਼ਰਮਸ਼ਾਰ ਸੀ।    

 

ਪੀ.ਕੇ. ਸ਼ਾਅ ਭੁਲੇਖੇ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਸੀ

ਅੰਮਿ੍ਰਤਸਰ/ਬਿਊਰੋ ਨਿਊਜ਼ 

ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਬੀਐੱਸਐੱਫ ਜਵਾਨ ਪੂਰਨਮ ਕੁਮਾਰ ਸ਼ਾਅ ਅੱਜ ਬੁੱਧਵਾਰ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਵਤਨ ਪਰਤ ਆਇਆ ਹੈ। ਸ਼ਾਅ ਦੀ ਵਾਪਸੀ 21 ਦਿਨਾਂ ਬਾਅਦ ਹੋਈ ਹੈ। ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਸਵੇਰੇ 10:30 ਵਜੇ ਦੇ ਕਰੀਬ ਬੀਐੱਸਐੱਫ ਹਵਾਲੇ ਕੀਤਾ। ਬੀਐੱਸਐੱਫ ਦੇ ਬੁਲਾਰੇ ਨੇ ਕਿਹਾ ਕਿ ਸ਼ਾਅ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰਨ ਦੀ ਰਸਮ ਸ਼ਾਂਤੀਪੂਰਵਕ ਢੰਗ ਨਾਲ ਤੇ ਸਥਾਪਤ ਨੇਮਾਂ ਮੁਤਾਬਕ ਸਿਰੇ ਚੜ੍ਹੀ। ਪਾਕਿ ਰੇਂਜਰਾਂ ਨੇ ਸ਼ਾਅ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਇੱਕ ਦਿਨ ਬਾਅਦ 23 ਅਪਰੈਲ ਨੂੰ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਓਂ ਗਿ੍ਰਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਬੀਐੱਸਐੱਫ ਦਾ ਜਵਾਨ ਪੀ. ਕੇ. ਸ਼ਾਅ ਲੰਘੀ 23 ਅਪਰੈਲ ਨੂੰ ਭੁਲੇਖੇ ਨਾਲ ਫਿਰੋਜ਼ਪੁਰ ਸਰਹੱਦੀ ਖੇਤਰ ਤੋਂ ਸਰਹੱਦ ਪਾਰ ਕਰਕੇ ਪਾਕਿਸਤਾਨੀ ਖੇਤਰ ਵਿੱਚ ਦਾਖਲ ਹੋ ਗਿਆ ਸੀ ਅਤੇ ਉਸ ਨੂੰ ਪਾਕਿਸਤਾਨੀ ਰੇਂਜਰਾਂ ਨੇ ਗਿ੍ਰਫਤਾਰ ਕਰ ਲਿਆ ਸੀ।

 

ਕਿਹਾ : ਪੂਰੀ ਦੁਨੀਆ ਨੇ ਸੁਣੀ ਭਾਰਤੀ ਹਵਾਈ ਸੈਨਾ ਦੀ ਗੂੰਜ

ਅਹਿਮਦਾਬਾਦ/ਬਿਊਰੋ ਨਿਊਜ਼

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਗੁਜਰਾਤ ਦੇ ਭੁਜ ਏਅਰਬੇਸ ਪਹੁੰਚੇ। ਇੱਥੇ ਉਨ੍ਹਾਂ ਭੁਜ ਏਅਰ ਫੋਰਸ ਸਟੇਸ਼ਨ ’ਤੇ ਤਾਇਨਾਤ ਏਅਰ ਫੋਰਸ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ ਵਧਾਈ ਦੇਣ ਆਇਆ ਹਾਂ ਕਿਉਂਕਿ ਤੁਸੀਂ ਆਪ੍ਰੇਸ਼ਨ ਸੰਦੂਰ ਵਿਚ ਇਕ ਚਮਤਕਾਰੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭੁਜ 1965 ਅਤੇ 1971 ਦੀਆਂ ਜੰਗਾਂ ਵਿਚ ਸਾਡੀ ਜਿੱਤ ਦਾ ਗਵਾਹ ਰਿਹਾ ਹੈ ਅਤੇ ਅੱਜ ਵੀ ਇਹ ਆਪ੍ਰੇਸ਼ਨ ਸੰਦੂਰ ਦੀ ਸਫਲਤਾ ਦਾ ਗਵਾਹ ਹੈ। ਇਸ ਕਾਰਵਾਈ ਵਿਚ ਤੁਹਾਡੇ ਕੀਤੇ ਕੰਮ ’ਤੇ ਸਾਰੇ ਭਾਰਤੀਆਂ ਨੂੰ ਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਪਾਕਿਸਤਾਨ ਦੇ ਅੰਦਰ ਜੋ ਮਿਜ਼ਾਈਲਾਂ ਸੁੱਟੀਆਂ ਹਨ, ਪੂਰੀ ਦੁਨੀਆ ਨੇ ਇਸਦੀ ਗੂੰਜ ਸੁਣੀ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਇਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ, ਜਿਸ ਦੀ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਸ਼ਲਾਘਾ ਕੀਤੀ ਜਾ ਰਹੀ ਹੈ। 

   

 

 

 

 

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ

ਨਵੀਂ ਦਿੱਲੀ/ਬਿਊਰੋ ਨਿਊਜ਼  

ਜਸਟਿਸ ਭੂਸ਼ਣ ਰਾਮਕਿ੍ਰਸ਼ਨ ਗਵੱਈ ਭਾਰਤ ਦੇ 52ਵੇਂ ਚੀਫ ਜਸਟਿਸ ਬਣ ਗਏ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਜਸਟਿਸ ਗਵੱਈ ਨੂੰ ਚੀਫ ਜਸਟਿਸ ਅਹੁਦੇ ਦੀ ਸਹੁੰ ਚੁਕਾਈ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਚੀਫ ਜਸਟਿਸ ਸੰਜੀਵ ਖੰਨਾ ਦਾ ਕਾਰਜਕਾਲ ਲੰਘੇ ਕੱਲ੍ਹ 13 ਮਈ ਨੂੰ ਖਤਮ ਹੋ ਗਿਆ ਸੀ। ਚੀਫ ਜਸਟਿਸ ਖੰਨਾ ਤੋਂ ਬਾਅਦ ਸੀਨੀਆਰਤਾ ਦੀ ਸੂੁਚੀ ਵਿਚ ਜਸਟਿਸ ਗਵੱਈ ਦਾ ਨਾਮ ਸੀ। ਇਸ ਲਈ ਜਸਟਿਸ ਖੰਨਾ ਨੇ ਬੀ.ਆਰ. ਗਵੱਈ ਦੇ ਨਾਮ ਨੂੰ ਅੱਗੇ ਵਧਾਇਆ ਸੀ ਅਤੇ ਉਨ੍ਹਾਂ ਦਾ ਕਾਰਜਕਾਲ ਸਿਰਫ 6 ਮਹੀਨੇ ਦਾ ਰਹੇਗਾ। ਦੱਸਣਯੋਗ ਹੈ ਕਿ ਜਸਟਿਸ ਗਵੱਈ 24 ਮਈ 2019 ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਪ੍ਰਮੋਟ ਹੋਏ ਸਨ ਅਤੇ ਉਨ੍ਹਾਂ ਦੀ ਰਿਟਾਇਰਮੈਂਟ ਦੀ ਮਿਤੀ 23 ਨਵੰਬਰ 2025 ਹੈ। ਰਾਸ਼ਟਰਪਤੀ ਭਵਨ ਵਿਚ ਆਯੋਜਿਤ ਸਹੁੰ ਚੁੱਕ ਸਮਾਗਮ ਵਿਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਕਈ ਕੇਂਦਰੀ ਮੰਤਰੀ ਵੀ ਹਾਜ਼ਰ ਰਹੇ।

ਅਫਗਾਨਿਸਤਾਨ ਨੇ ਭਾਰਤੀ ਰਾਕੇਟ ਹਮਲੇ ਦਾ ਪਾਕਿਸਤਾਨੀ ਦਾਅਵਾ ਕੀਤਾ ਸੀ ਖਾਰਜ

ਨਵੀਂ ਦਿੱਲੀ/ਬਿਊਰੋ ਨਿਊਜ਼   

ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮਾਵਲਵੀ ਆਮਿਰ ਖਾਨ ਮੁਤਾਕੀ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਜੈਸ਼ੰਕਰ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਨ ਦੇ ਲਈ ਮੁਤਾਕੀ ਨੂੰ ਸ਼ੁਕਰੀਆ ਵੀ ਕਿਹਾ। ਅਫਗਾਨਿਸਤਾਨ ਨੇ ਪਾਕਿਸਤਾਨ ਦੇ ਉਨ੍ਹਾਂ ਆਰੋਪਾਂ ਨੂੰ ਖਾਰਜ ਕਰ ਦਿੱਤਾ ਸੀ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਭਾਰਤੀ ਮਿਜ਼ਾਈਲਾਂ ਨੇ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਇਆ ਸੀ। ਜੈਸ਼ੰਕਰ ਨੇ ਇਸ ਗੱਲ ਲਈ ਵੀ ਅਫਗਾਨ ਸਰਕਾਰ ਨੂੰ ਸ਼ੁਕਰੀਆ ਕਿਹਾ। ਜ਼ਿਕਰਯੋਗ ਹੈ ਕਿ ਇਹ ਭਾਰਤ ਅਤੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵਿਚਾਲੇ ਮੰਤਰੀ ਪੱਧਰ ਦੀ ਇਹ ਪਹਿਲੀ ਗੱਲਬਾਤ ਸੀ। ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਅਫਗਾਨ ਦਾ ਪੁਰਾਣਾ ਦੋਸਤਾਨਾ ਰਿਸ਼ਤਾ ਹੈ। 

 

ਕਿਹਾ : ਟਰੰਪ ਨੇ ਵਪਾਰ ਸਬੰਧੀ ਡਰਾਵਾ ਦੇ ਕੇ ਭਾਰਤ ਨੂੰ ਜੰਗਬੰਦੀ ਲਈ ਤਿਆਰ ਕੀਤਾ

ਚੰਡੀਗੜ੍ਹ/ਬਿਊਰੋ ਨਿਊਜ਼  

ਮਨੀਸ਼ ਸਿਸੋਦੀਆ ਵਲੋਂ ਅੱਜ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਵਿਚ ਮੀਡੀਆ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੰਘੇ ਕੱਲ੍ਹ ਦਿੱਤੇ ਗਏ ਭਾਸ਼ਣ ’ਤੇ ਕਈ ਤਰ੍ਹਾਂ ਦੇ ਸਵਾਲ ਖੜੇ੍ਹ ਕੀਤੇ ਹਨ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਆਪਣੇ ਭਾਸ਼ਣ ਵਿਚ ਖੁਦ ਕਹਿ ਰਹੇ ਹਨ ਕਿ ਪਾਕਿਸਤਾਨ ਇਕ ਅੱਤਵਾਦੀ ਦੇਸ਼ ਹੈ ਤਾਂ ਉਸ ਨਾਲ ਸੀਜ਼ਫਾਇਰ ਕਿਸ ਤਰ੍ਹਾਂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਇਹ ਸਭ ਕੁਝ ਕਿਸ ਤਰ੍ਹਾਂ ਮੰਨ ਗਏ। ਮਨੀਸ਼ ਸਿਸੋਦੀਆ ਨੇ ਇਹ ਵੀ ਸਵਾਲ ਉਠਾਇਆ ਕਿ 1971 ਦੀ ਜੰਗ ਸਮੇਂ ਜਿਸ ਤਰ੍ਹਾਂ ਲਿਖਤੀ ਸਮਝੌਤਾ ਕੀਤਾ ਗਿਆ ਸੀ, ਉਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਬੁਲਾ ਕੇ ਲਿਖਤੀ ਗੱਲਬਾਤ ਕਿਉਂ ਨਹੀਂ ਕੀਤੀ ਗਈ। ਸਿਸੋਦੀਆ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦਖਲ-ਅੰਦਾਜ਼ੀ ’ਤੇ ਵੀ ਸਵਾਲ ਖੜੇ੍ਹ ਕੀਤੇ ਹਨ ਕਿ ਉਸ ਨੇ ਵਪਾਰ ਦਾ ਡਰਾਵਾ ਦੇ ਕੇ ਭਾਰਤ ਨੂੰ ਜੰਗਬੰਦੀ ਲਈ ਤਿਆਰ ਕੀਤਾ ਹੈ।   

 

 

ਪੰਜਾਬ ਦੀ ਰਾਜਨੀਤਕ ਰਣਨੀਤੀ ’ਤੇ ਹੋਈ ਚਰਚਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ’ਚ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ। ਇਹ ਜਾਣਕਾਰੀ ਰਵਨੀਤ ਬਿੱਟੂ ਵਲੋਂ ਟਵੀਟ ਕਰਕੇ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮਿਲਣ ਦਾ ਮਾਣ ਮਹਿਸੂਸ ਹੋਇਆ। ਇਸ ਦੌਰਾਨ ਪਾਕਿਸਤਾਨ ਉਤੇ ਭਾਰਤ ਦੀ ਹਾਲੀਆ ਜਿੱਤ ’ਤੇ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਮੁਸ਼ਕਿਲ ਹਾਲਾਤ ਨੂੰ ਦਿ੍ਰੜਤਾ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਦੀ ਮਿਸਾਲੀ ਅਗਵਾਈ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮੁਲਾਕਾਤ ਸਮੇਂ ਪੰਜਾਬ ਦੇ ਵਿਕਾਸ ਲਈ ਮੁੱਖ ਪਹਿਲਕਦਮੀਆਂ ’ਤੇ ਚਰਚਾ ਕੀਤੀ, ਜੋ ਸਾਡੇ ਰਾਜ ਲਈ ਵਿਕਾਸ ਅਤੇ ਖੁਸ਼ਹਾਲੀ ’ਤੇ ਕੇਂਦਿ੍ਰਤ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਮੌਜੂਦਾ ਧਾਰਮਿਕ ਅਤੇ ਰਾਜਨੀਤਿਕ ਦਿ੍ਰਸ਼ਟੀਕੋਣ ਅਤੇ ਅੱਗੇ ਦੇ ਰਸਤੇ ’ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਧਿਆਨ ਰਹੇ ਕਿ ਰਵਨੀਤ ਬਿੱਟੂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਵੀ ਲੜਾ ਦਿੱਤੀ ਸੀ। ਰਵਨੀਤ ਬਿੱਟੂ ਭਾਵੇਂ ਚੋਣ ਹਾਰ ਗਏ ਸਨ, ਪਰ ਫਿਰ ਵੀ ਭਾਜਪਾ ਹਾਈਕਮਾਂਡ ਨੇ ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਦੇ ਦਿੱਤਾ ਸੀ।   

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੀਬੀਐੱਸਈ ਨੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆਵਾਂ ਦੇ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੇ ਮੁੜ ਬਾਜ਼ੀ ਮਾਰੀ ਹੈ। ਕੁੜੀਆਂ ਨੇ ਐਤਕੀਂ ਮੁੰਡਿਆਂ ਨਾਲੋਂ ਪੰਜ ਫੀਸਦ ਵੱਧ ਅੰਕ ਲਏ ਹਨ। 12ਵੀਂ ਦੀ ਬੋਰਡ ਪ੍ਰੀਖਿਆ ਵਿਚ ਪਾਸ ਪ੍ਰਤੀਸ਼ਤ 88.39 ਫੀਸਦ ਰਹੀ ਜੋ ਪਿਛਲੇ ਸਾਲ ਨਾਲੋਂ ਥੋੜ੍ਹੀ ਵਧ ਹੈ।  1 ਲੱਖ 15 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 90 ਫੀਸਦ ਤੋਂ ਵੱਧ ਨੰਬਰ ਲਏ ਹਨ ਜਦੋਂਕਿ 95 ਫੀਸਦ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 24 ਹਜ਼ਾਰ ਤੋਂ ਜ਼ਿਆਦਾ ਹੈ। ਇਸੇ ਦੌਰਾਨ 1 ਲੱਖ 29 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਕੰਪਾਰਟਮੈਂਟ ਵੀ ਆਈ ਹੈ।

 

ਭਾਰਤ-ਪਾਕਿ ਟਕਰਾਅ ਦੌਰਾਨ ਸਕੂਲ ਕੀਤੇ ਗਏ ਸਨ ਬੰਦ

ਜੰਮੂ/ਬਿਊਰੋ ਨਿਊਜ਼ 

ਕੰਟਰੋਲ ਰੇਖਾ ਦੇ ਨੇੜੇ ਸਥਿਤ ਜ਼ਿਲ੍ਹਿਆਂ ਨੂੰ ਛੱਡ ਕੇ ਕਸ਼ਮੀਰ ਵਾਦੀ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵਿੱਦਿਅਕ ਅਦਾਰੇ ਅੱਜ ਬੁੱਧਵਾਰ ਨੂੰ ਮੁੜ ਖੁੱਲ੍ਹ ਗਏ ਹਨ। ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਿਆਂ ਬਾਰਾਮੂਲਾ, ਕੁਪਵਾੜਾ ਅਤੇ ਬਾਂਦੀਪੋਰਾ ਵਿਚ ਸਕੂਲ ਅਤੇ ਕਾਲਜ ਇਕ ਹਫ਼ਤੇ ਲਈ ਬੰਦ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਘਾਟੀ ਵਿਚ ਹੋਰ ਥਾਵਾਂ ’ਤੇ ਸਕੂਲ ਮੰਗਲਵਾਰ ਨੂੰ ਖੁੱਲ੍ਹ ਗਏ ਸਨ। ਬਾਰਾਮੂਲਾ ਦੇ ਇਕ ਵਿਦਿਆਰਥੀ ਦਾ ਕਹਿਣਾ ਸੀ ਕਿ ਗੋਲੀਬੰਦੀ ਤੋਂ ਅਸੀਂ ਬਹੁਤ ਖੁਸ਼ ਹਾਂ ਅਤੇ ਹੁਣ ਅਸੀਂ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਦਿਆਂ ਆਪਣੀਆਂ ਨਿਯਮਤ ਕਲਾਸਾਂ ’ਤੇ ਧਿਆਨ ਕੇਂਦਰਿਤ ਕਰਾਂਗੇ।  

 

 

ਕਿਹਾ : ਸਾਡੇ ਸਾਰੇ ਫੌਜੀ ਅੱਡੇ ਤੇ ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ

ਨਵੀਂ ਦਿੱਲੀ/ਬਿਊਰੋ ਨਿਊਜ਼

ਪਾਕਿਸਤਾਨ ਦੇ ਖਿਲਾਫ ਅਪਰੇਸ਼ਨ ਸੰਦੂਰ ’ਤੇ ਭਾਰਤੀ ਸੈਨਾ ਨੇ ਅੱਜ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਪ੍ਰੈਸ ਕਾਨਫਰੰਸ ਕੀਤੀ ਹੈ। ਫੌਜ ਦੇ ਡੀ.ਜੀ.ਐਮ.ਓ. ਲੈਫਟੀਨੈਂਟ ਜਨਰਲ ਰਾਜੀਵ ਘਈ, ਨੇਵੀ ਤੋਂ ਵਾਈਸ ਐਡਮਿਰਲ ਏ.ਐਨ. ਪ੍ਰਮੋਦ ਅਤੇ ਏਅਰਫੋਰਸ ਤੋਂ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ ਨੇ ‘ਅਪਰੇਸ਼ਨ ਸਿੰਦੂਰ’ ਬਾਰੇ ਫਿਰ ਜਾਣਕਾਰੀ ਦਿੱਤੀ ਹੈ। ਏਅਰ ਮਾਰਸ਼ਲ ਏ.ਕੇ. ਭਾਰਤੀ ਨੇ ਕਿਹਾ ਕਿ ਭਾਰਤ ਦੀਆਂ ਕਾਰਵਾਈਆਂ ਦਹਿਸ਼ਤੀ ਟਿਕਾਣਿਆਂ ਅਤੇ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸਨ, ਪਰ ਪਾਕਿਸਤਾਨੀ ਫੌਜ ਨੇ ਦਹਿਸ਼ਤਗਰਦਾਂ ਦੀ ਪਿੱਠ ’ਤੇ ਖੜ੍ਹ ਕੇ ਸਥਿਤੀ ਨੂੰ ਹੋਰ ਵਿਗਾੜਨ ਦੀ ਚੋਣ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਦਹਿਸ਼ਤਗਰਦਾਂ ਖਿਲਾਫ ਹੈ। ਏ.ਕੇ. ਭਾਰਤੀ ਨੇ ਇਹ ਵੀ ਕਿਹਾ ਕਿ ਸਾਡੀ ਲੜਾਈ ਪਾਕਿਸਤਾਨੀ ਮਿਲਟਰੀ ਨਾਲ ਨਹੀਂ ਹੈ, ਪਰ ਪਾਕਿਸਤਾਨ ਦੀ ਸੈਨਾ ਨੇ ਦਹਿਸ਼ਤਗਰਦਾਂ ਦਾ ਸਾਥ ਦਿੱਤਾ ਅਤੇ ਅਸੀਂ ਉਸਦਾ ਜਵਾਬ ਦਿੱਤਾ ਹੈ। 

ਮੁੰਬਈ ਤੋਂ ਪਹਿਲੀ ਉਡਾਣ ਸਵੇਰੇ 8:10 ਵਜੇ ਪਹੁੰਚੀ ਤੇ 9:04 ਵਜੇ ਰਵਾਨਾ ਹੋਈ

ਚੰਡੀਗੜ੍ਹ/ਬਿਊਰੋ ਨਿਊਜ਼

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਉੱਤੇ ਅੱਜ ਬੁੱਧਵਾਰ ਤੋਂ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ। ਮੁੰਬਈ ਤੋਂ ਆਈ ਪਹਿਲੀ ਉਡਾਣ ਸਵੇਰੇ 8 ਵੱਜ ਕੇ 11 ਮਿੰਟ ਉਤੇ ਪੁੱਜੀ ਅਤੇ ਸਵੇਰੇ 9 ਵੱਜ ਕੇ 04 ਮਿੰਟ ’ਤੇ ਰਵਾਨਾ ਹੋਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਸੰਚਾਲਣ ਆਮ ਵਾਂਗ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਏਅਰਲਾਈਨ ਨੇ ਮੰਗਲਵਾਰ ਲਈ ਜੰਮੂ, ਅੰਮਿ੍ਰਤਸਰ, ਚੰਡੀਗੜ੍ਹ, ਲੇਹ, ਸ੍ਰੀਨਗਰ ਤੇ ਰਾਜਕੋਟ ਤੋਂ ਆਉਣ ਤੇ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਇਹ ਛੇ ਹਵਾਈ ਅੱਡੇ ਉਨ੍ਹਾਂ 32 ਹਵਾਈ ਅੱਡਿਆਂ ਵਿਚ ਸ਼ੁਮਾਰ ਹਨ, ਜਿਨ੍ਹਾਂ ਨੂੰ ਭਾਰਤ ਤੇ ਪਾਕਿਸਤਾਨ ਦਰਮਿਆਨ ਫੌਜੀ ਟਕਰਾਅ ਕਰਕੇ ਆਰਜ਼ੀ ਤੌਰ ’ਤੇ ਬੰਦ ਕੀਤੇ ਜਾਣ ਮਗਰੋਂ ਸੋਮਵਾਰ ਨੂੰ ਸਿਵਲੀਅਨ ਉਡਾਣਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਸੀ। 

 

ਕਿਹਾ : ਟੈਸਟ ਕ੍ਰਿਕਟ ’ਚ ਸਿੱਖੇ ਸਬਕ ਹਮੇਸ਼ਾ ਯਾਦ ਰਹਿਣਗੇ

ਮੁੰਬਈ/ਬਿਊਰੋ ਨਿਊਜ਼

ਭਾਰਤੀ ਕਿ੍ਰਕਟ ਖਿਡਾਰੀ ਵਿਰਾਟ ਕੋਹਲੀ ਨੇ ਟੈਸਟ ਕਿ੍ਰਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕਿਸ ਸਫ਼ਰ ’ਤੇ ਲੈ ਜਾਵੇਗਾ। ਇਸ ਨੇ ਮੈਨੂੰ ਪਰਖਿਆ ਹੈ, ਮੈਨੂੰ ਆਕਾਰ ਦਿੱਤਾ ਹੈ ਅਤੇ ਮੈਨੂੰ ਸਬਕ ਸਿਖਾਏ ਹਨ, ਜੋ ਮੈਂ ਜ਼ਿੰਦਗੀ ਭਰ ਲੈ ਕੇ ਜਾਵਾਂਗਾ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮੈਂ ਇਸ ਫਾਰਮੈਟ ਤੋਂ ਦੂਰ ਜਾਂਦਾ ਹਾਂ, ਇਹ ਆਸਾਨ ਨਹੀਂ ਹੈ ਪਰ ਇਹ ਸਹੀ ਮਹਿਸੂਸ ਹੁੰਦਾ ਹੈ। ਮੈਂ ਇਸ ਨੂੰ ਉਹ ਸਭ ਕੁਝ ਦਿੱਤਾ ਹੈ ਜੋ ਮੇਰੇ ਕੋਲ ਸੀ ਅਤੇ ਇਸਨੇ ਮੈਨੂੰ ਉਮੀਦ ਤੋਂ ਕਿਤੇ ਵੱਧ ਵਾਪਸ ਦਿੱਤਾ ਹੈ। ਵਿਰਾਟ ਕੋਹਲੀ ਨੇ ਕਿਹਾ ਕਿ ਮੈਂ ਹਮੇਸ਼ਾ ਆਪਣੇ ਟੈਸਟ ਕਰੀਅਰ ਨੂੰ ਮੁਸਕਰਾਹਟ ਨਾਲ ਦੇਖਾਂਗਾ। ਇਸੇ ਦੌਰਾਨ ਭਾਰਤੀ ਕਿ੍ਰਕਟ ਕੰਟਰੋਲ ਬੋਰਡ ਨੇ ਕਿਹਾ ਕਿ ਟੀਮ ਇੰਡੀਆ ਵਿਚ ਵਿਰਾਟ ਕੋਹਲੀ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.