Saturday, 06 June 2026

New Delhi : ਵਿਯਤਨਾਮ ਦੀ ਕੈਬ ਕੰਪਨੀ Green SM ਭਾਰਤ ਵਿੱਚ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ 5 ਜੂਨ 2026 ਤੋਂ ਕਰਨ ਜਾ ਰਹੀ ਹੈ। ਕੰਪਨੀ ਸਭ ਤੋਂ ਪਹਿਲਾਂ ਦਿੱਲੀ-ਐਨਸੀਆਰ ਖੇਤਰ ਵਿੱਚ ਆਪਣੀ ਸੇਵਾ ਸ਼ੁਰੂ ਕਰੇਗੀ, ਜਿਸ ਤੋਂ ਬਾਅਦ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਆਪਣਾ ਵਿਸਥਾਰ ਕਰੇਗੀ। Green SM ਭਾਰਤੀ ਬਾਜ਼ਾਰ ਵਿੱਚ ਲੰਬੇ ਸਮੇਂ ਤੋਂ ਮੌਜੂਦ ਓਲਾ ਅਤੇ ਉਬਰ ਵਰਗੀਆਂ ਕੰਪਨੀਆਂ ਨੂੰ ਸਿੱਧੀ ਟੱਕਰ ਦੇ ਸਕਦੀ ਹੈ। ਕੰਪਨੀ ਨੂੰ VinFast ਦੀ ਮਾਤਾ ਕੰਪਨੀ Vingroup ਦਾ ਸਮਰਥਨ ਪ੍ਰਾਪਤ ਹੈ। Green and Smart Mobility Joint Stock Company (Green SM) ਦੀ ਸਥਾਪਨਾ ਸਾਲ 2023 ਵਿੱਚ VinFast ਦੇ ਸੰਸਥਾਪਕ ਫਾਮ ਨਹਾਤ ਵੁਓਂਗ ਵੱਲੋਂ ਕੀਤੀ ਗਈ ਸੀ। ਇਹ ਕੰਪਨੀ ਇਸ ਵੇਲੇ ਵਿਯਤਨਾਮ, ਮਲੇਸ਼ੀਆ ਅਤੇ ਫਿਲੀਪੀਨਜ਼ ਵਿੱਚ ਆਪਣੀਆਂ ਕੈਬ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਭਾਰਤ ਵਿੱਚ Green SM ਦਾ ਕਾਰੋਬਾਰੀ ਮਾਡਲ ਰਵਾਇਤੀ ਟੈਕਸੀ ਸੇਵਾਵਾਂ ਤੋਂ ਵੱਖਰਾ ਹੋਵੇਗਾ, ਕਿਉਂਕਿ ਕੰਪਨੀ ਆਪਣੀ ਪੂਰੀ ਫਲੀਟ ਵਿੱਚ ਸਿਰਫ਼ VinFast ਦੀਆਂ ਇਲੈਕਟ੍ਰਿਕ ਕਾਰਾਂ ਦੀ ਵਰਤੋਂ ਕਰੇਗੀ। ਇਸ ਨਾਲ ਯਾਤਰੀਆਂ ਨੂੰ ਵਾਤਾਵਰਣ-ਅਨੁਕੂਲ ਅਤੇ ਆਧੁਨਿਕ ਆਵਾਜਾਈ ਦਾ ਵਿਕਲਪ ਮਿਲੇਗਾ।

ਲੰਘੇ ਕੱਲ੍ਹ ਬੁੱਧਵਾਰ ਨੂੰ ਦਿੱਲੀ ’ਚ ਇਕ ਹੋਟਲ ਨੂੰ ਲੱਗ ਗਈ ਸੀ ਭਿਆਨਕ ਅੱਗ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮਾਲਵੀਆ ਨਗਰ ਵਿਚ ਲੰਘੇ ਕੱਲ੍ਹ ਬੁੱਧਵਾਰ ਸਵੇਰੇ ਲੇਮਨ ਗਰੀਨ ਰੈਸਟੋਰੈਂਟ ਵਿਚ ਅੱਗ ਲੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ 11 ਵਿਦੇਸ਼ੀ ਵਿਅਕਤੀ ਵੀ ਸ਼ਾਮਲ ਹਨ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਹਸਪਤਾਲ ਵਿਚ ਦਾਖਲ ਆਪਣੇ ਬਜ਼ੁਰਗ ਪਿਤਾ ਦੀ ਸੇਵਾ ਕਰਨ ਲਈ ਦਿੱਲੀ ਪਹੁੰਚਿਆ ਇਕ ਹੱਸਦਾ-ਵਸਦਾ ਪਰਿਵਾਰ ਵੀ ਦਰਦਨਾਕ ਮੌਤ ਦਾ ਸ਼ਿਕਾਰ ਹੋ ਜਾਵੇਗਾ। ਹੋਟਲ ਵਿਚ ਲੱਗੀ ਭਿਆਨਕ ਅੱਗ ਨੇ ਗੁਰੂਗਰਾਮ ਦੇ ਅਗਰਵਾਲ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਕੁਝ ਹੀ ਪਲਾਂ ਵਿਚ ਰਾਖ ਕਰ ਦਿੱਤਾ। ਵਿਵੇਕ ਅਗਰਵਾਲ, ਉਨ੍ਹਾਂ ਦੀ ਪਤਨੀ ਤਰਜਨੀ, ਦੋ ਮਾਸੂਮ ਧੀਆਂ ਜਿਵੀਸ਼ਾ ਤੇ ਵਾਰਿਆ ਅਤੇ ਵਿਵੇਕ ਦੀ ਬਜ਼ੁਰਗ ਮਾਂ ਹੇਮ ਲਤਾ ਵੀ ਇਸ ਅੱਗ ਦੀ ਲਪੇਟ ਵਿਚ ਆ ਗਈ ਅਤੇ ਇਸ ਪਰਿਵਾਰ ਦੇ 5 ਮੈਂਬਰਾਂ ਦੀ ਜਾਨ ਚਲੇ ਗਈ। ਇਹ ਪਰਿਵਾਰ ਇਸ ਹੋਟਲ ਵਿਚ ਰੁਕਿਆ ਸੀ ਕਿ ਉਹ ਆਪਣੇ ਬਿਮਾਰ ਪਿਤਾ ਦੀ ਦੇਖਭਾਲ ਕਰ ਸਕਣ।  

ਆਮਿਰ ਨੇ ਕਿਹਾ : ਜ਼ਿੰਦਗੀ ਨੂੰ ਇਕ ਹੋਰ ਮੌਕਾ ਦੇ ਰਿਹਾ ਹਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਬੌਲੀਵੁੱਡ ਦੇ ‘ਮਿਸਟਰ ਪਰਫੈਕਸ਼ਨਿਸਟ’ ਵਜੋਂ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਤਮਾਮ ਅਫਵਾਹਾਂ ਅਤੇ ਅਟਕਲਾਂ ’ਤੇ ਵਿਰਾਮ ਲਗਾ ਦਿੱਤਾ ਹੈ। ਆਮਿਰ ਖਾਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਉਂਦੀ 5 ਜੁਲਾਈ ਨੂੰ ਗੌਰੀ ਸਪ੍ਰੈਟ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਕਿਰਨ ਰਾਓ ਨਾਲ ਤਲਾਕ ਤੋਂ ਬਾਅਦ ਇਹ ਆਮਿਰ ਖਾਨ ਦਾ ਤੀਜਾ ਵਿਆਹ ਹੋਵੇਗਾ।, ਜਿਸ ਕਾਰਨ ਫਿਲਮੀ ਗਲਿਆਰਿਆਂ ਵਿਚ ਚਰਚਾਵਾਂ ਦਾ ਬਜ਼ਾਰ ਗਰਮ ਹੈ। ਆਪਣੇ ਵਿਆਹ ਬਾਰੇ ਖੁਲਾਸਾ ਕਰਦਿਆਂ 61 ਸਾਲਾ ਅਦਾਕਾਰ ਆਮਿਰ ਖਾਨ ਨੇ ਕਿਹਾ ਕਿ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਕਿ ਇਨਸਾਨ ਅੱਗੇ ਵਧਣਾ ਛੱਡ ਦੇਵੇ। ਉਨ੍ਹਾਂ ਕਿਹਾ ਕਿ ਮੈਂ ਅਤੇ ਗੌਰੀ ਪਿਛਲੇ ਕੁਝ ਸਮੇਂ ਤੋਂ ਇਕ ਦੂਜੇ ਨੂੰ ਸਮਝ ਰਹੇ ਹਾਂ ਅਤੇ ਅਸੀਂ ਆਪਣੀ ਜ਼ਿੰਦਗੀ ਦੀ ਇਸ ਨਵੀਂ ਸ਼ੁਰੂਆਤ ਨੂੰ ਲੈ ਕੇ ਬੇਹੱਦ ਖੁਸ਼ ਹਾਂ। ਆਮਿਰ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਪਿਆਰ ਅਤੇ ਖੁਸ਼ੀਆਂ ਦਾ ਇਕ ਹੋਰ ਮੌਕਾ ਦੇ ਰਿਹਾ ਹਾਂ।

ਪਿਛਲੇ 12 ਸਾਲਾਂ  ਵਿਚ ਸਿੱਖਿਆ ਪ੍ਰਣਾਲੀ ਤਬਾਹ ਕਰਨ ਦੇ ਲਗਾਏ ਇਲਜ਼ਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਇਕ ਨੀਟ ਉਮੀਦਵਾਰ ਦੀ ਕਥਿਤ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਰਾਹੁਲ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਦੀ ਇਕ ਪੂਰੀ ਪੀੜ੍ਹੀ ਉਸ ਹੱਦ ਤੱਕ ਕੀਮਤ ਚੁਕਾ ਰਹੀ ਹੈ, ਜਿਸ ਹੱਦ ਤੱਕ ਪ੍ਰਧਾਨ ਮੰਤਰੀ ਨੇ ਪਿਛਲੇ 12 ਸਾਲਾਂ ਵਿਚ ਸਿੱਖਿਆ ਪ੍ਰਣਾਲੀ ਨੂੰ ਬਰਬਾਦ ਕੀਤਾ ਹੈ। ਮੋਦੀ ਸਰਕਾਰ ’ਤੇ ਰਾਹੁਲ ਦਾ ਇਹ ਹਮਲਾ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ। ਇਨ੍ਹਾਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮੱਧ ਪ੍ਰਦੇਸ਼ ਦੇ ਮੌਗੰਜ ਜ਼ਿਲ੍ਹੇ ਦੀ ਇਕ ਨੀਟ ਉਮੀਦਵਾਰ ਆਕਾਂਕਸ਼ਾ ਚਤੁਰਵੇਦੀ ਨੇ ਨੀਟ-ਯੂਜੀ ਪ੍ਰੀਖਿਆ ਵਿਚ ਬੇਨਿਯਮੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਖੁਦਕੁਸ਼ੀ ਕਰ ਲਈ ਹੈ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਹੋਰ ਵੀ ਕਈ ਇਲਜ਼ਾਮ ਲਗਾਏ ਹਨ।

ਰੈਪੋ ਰੇਟ ਨਹੀਂ ਬਦਲਿਆ - ਕਰਜ਼ੇ ਵੀ ਨਹੀਂ ਹੋਣਗੇ ਮਹਿੰਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਨਵੇਂ ਵਿੱਤੀ ਸਾਲ ਦੀ ਦੂਜੀ ਮੀਟਿੰਗ ਵਿਚ ਰੈਪੋ ਰੇਟ ’ਚ ਬਦਲਾਅ ਨਹੀਂ ਕੀਤਾ ਹੈ। ਇਸ ਨੂੰ 5.25 ਫੀਸਦੀ ’ਤੇ ਬਰਕਰਾਰ ਰੱਖਿਆ ਗਿਆ ਹੈ। ਇਸ ਨਾਲ ਕਰਜ਼ੇ ਮਹਿੰਗੇ ਨਹੀਂ ਹੋਣਗੇ ਅਤੇ ਈ.ਐਮ.ਆਈ. ਨਹੀਂ ਵਧੇਗੀ। ਇਸੇ ਦੌਰਾਨ 2027 ਵਿਚ ਮਹਿੰਗਾਈ ਦੇ ਅਨੁਮਾਨ ਨੂੰ 4.6 ਫੀਸਦੀ ਤੋਂ ਵਧਾ ਕੇ 5.1 ਫੀਸਦੀ ਕਰ ਦਿੱਤਾ ਹੈ। ਆਰਬੀਆਈ  ਦੇ ਗਵਰਨਰ ਸੰਜੇ ਮਲਹੋਤਰਾ ਨੇ ਅੱਜ 5 ਜੂਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸੰਜੇ ਮਲਹੋਤਰਾ ਨੇ ਕਿਹਾ ਹੈ ਕਿ ਵਿਸ਼ਵ ਅਰਥ ਵਿਵਸਥਾ ਬੇਮਿਸਾਲ ਚੁਣੌਤੀਆਂ ਦੇ ਵਿਚਕਾਰ ਅਜੇ ਵੀ ਅਨਿਸ਼ਚਿਤਤਾ ਦੇ ਘੇਰੇ ਵਿੱਚ ਹੈ। ਸੰਜੇ ਮਲਹੋਤਰਾ ਨੇ ਭਰੋਸਾ ਦਿੱਤਾ ਕਿ ਦੇਸ਼ ਵਧਦੀਆਂ ਗਲੋਬਲ ਚਿੰਤਾਵਾਂ ਦੇ ਬਾਵਜੂਦ ਘੱਟ ਤੋਂ ਘੱਟ ਨੁਕਸਾਨ ਨਾਲ ਇਨ੍ਹਾਂ ਝਟਕਿਆਂ ਨੂੰ ਸਹਿਣ ਕਰਨ ਦੇ ਸਮਰੱਥ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦਰਮਿਆਨ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਆਰ.ਬੀ.ਆਈ. ਪੂਰੀ ਤਰ੍ਹਾਂ ਚੌਕਸ ਅਤੇ ਤਿਆਰ ਹੈ।

ਨਵੇਂ ਫੀਚਰਾਂ ਅਤੇ ਵਧੀਆ ਕਮਫਰਟ ਨਾਲ ਆਈ ਅਪਡੇਟਿਡ ਐਮ.ਪੀ.ਵੀ.
ਨਵੀਂ ਦਿੱਲੀ/ਬਿਊਰੋ ਨਿਊਜ਼
ਟੋਯੋਟਾ ਕਿਰਲੋਸਕਰ ਮੋਟਰ ਨੇ ਭਾਰਤ ਵਿੱਚ ਆਪਣੀ ਲੋਕਪਿ੍ਰਯ ਐਮ.ਪੀ.ਵੀ.  ਇਨੋਵਾ ਕਿ੍ਰਸਟਾ ਦਾ ਅਪਡੇਟਿਡ ਮਾਡਲ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਵਿੱਚ ਨਵੇਂ ਡਿਜ਼ਾਈਨ ਐਲੀਮੈਂਟਸ, ਬਿਹਤਰ ਇੰਟੀਰੀਅਰ ਅਤੇ ਵਾਧੂ ਫੀਚਰ ਸ਼ਾਮਲ ਕੀਤੇ ਹਨ। ਇਨੋਵਾ ਕਿ੍ਰਸਟਾ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਭਾਰਤੀ ਪਰਿਵਾਰਾਂ ਅਤੇ ਕਾਰੋਬਾਰੀ ਗਾਹਕਾਂ ਲਈ ਇੱਕ ਭਰੋਸੇਮੰਦ ਬਦਲ ਬਣੀ ਹੋਈ ਹੈ। ਹੁਣ ਨਵੇਂ ਅਪਡੇਟ ਨਾਲ ਇਸ ਨੂੰ ਹੋਰ ਆਧੁਨਿਕ ਅਤੇ ਪ੍ਰੀਮੀਅਮ ਬਣਾਇਆ ਗਿਆ ਹੈ। ਨਵੀਂ ਇਨੋਵਾ ਕਿ੍ਰਸਟਾ ਦੇ ਅਗਲੇ ਹਿੱਸੇ ਵਿੱਚ ਨਵੀਂ ਸਟਾਈਲਿਸ਼ ਅਤੇ ਬੋਲਡ ਰੇਡੀਏਟਰ ਗਰਿੱਲ ਦਿੱਤੀ ਗਈ ਹੈ, ਜੋ ਇਸ ਨੂੰ ਹੋਰ ਪ੍ਰੀਮੀਅਮ ਅਤੇ ਦਮਦਾਰ ਲੁੱਕ ਦਿੰਦੀ ਹੈ। ਇਸਦੇ ਨਾਲ ਫਰੰਟ ਬੰਪਰ ’ਤੇ ਨਵੇਂ ਗਾਰਨਿਸ਼ ਐਲੀਮੈਂਟਸ ਵੀ ਜੋੜੇ ਗਏ ਹਨ। ਪਿੱਛੇ ਵਾਲੇ ਬੰਪਰ ਦੇ ਡਿਜ਼ਾਈਨ ਨੂੰ ਵੀ ਅਪਡੇਟ ਕੀਤਾ ਗਿਆ ਹੈ, ਜਿਸ ਨਾਲ ਇਸਦੀ ਦਿੱਖ ਹੋਰ ਮਜ਼ਬੂਤ ਅਤੇ ਆਕਰਸ਼ਕ ਬਣ ਗਈ ਹੈ। ਹਾਲਾਂਕਿ, ਇਸ ਦਾ ਕਲਾਸਿਕ ਐਮ.ਪੀ.ਵੀ.  ਸਿਲਹੂਐਟ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ ਤਾਂ ਜੋ ਇਸ ਦੀ ਪਛਾਣ ਬਰਕਰਾਰ ਰਹੇ।

ਭੁਪਿੰਦਰ ਸਿੰਘ ਹੁੱਡਾ ਨੇ ਕਿਹਾ : ਕੈਪਟਨ ਅਮਰਿੰਦਰ ਸਾਡੇ ਸੰਪਰਕ ’ਚ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਵਿਚ ਅਗਲੇ ਸਾਲ ਯਾਨੀ 2027 ਦੇ ਸ਼ੁਰੂਆਤੀ ਮਹੀਨਿਆਂ ਵਿਚ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਇਨ੍ਹਾਂ ਚੋਣਾਂ ਨੂੰ ਦੇਖਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ਅਤੇ ਦਲਬਦਲੀ ਦਾ ਕੰਮ ਵੀ ਪੂਰੇ ਜ਼ੋਰਾਂ ’ਤੇ ਹੈ। ਇਸਦੇ ਚੱਲਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਵਿਚ ਵਾਪਸੀ ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਲੋਂ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਇਸਦੇ ਚੱਲਦਿਆਂ ਹਰਿਆਣਾ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਸੰਪਰਕ ਵਿਚ ਹਨ। ਕੈਪਟਨ ਅਮਰਿੰਦਰ ਸਿੰਘ ਦੇ ਮੁੜ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਇਸ ਲਈ ਵੀ ਤੇਜ਼ ਹੋਈਆਂ ਹਨ ਕਿ ਉਹ ਹੁਣ ਲਗਾਤਾਰ ਕਾਂਗਰਸ ਪਾਰਟੀ ਦੀ ਤਾਰੀਫ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦਾ ਵਿਰੋਧ ਵੀ ਕੀਤਾ ਹੈ। ਕੇਵਲ ਸਿੰਘ ਢਿੱਲੋਂ ਵੀ ਕਾਂਗਰਸ ਛੱਡ ਕੇ ਭਾਜਪਾ ਵਿਚ ਹੋਏ ਸਨ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਦੇਸ਼ ਵਿੱਚ ਆਪਸ਼ਨਲ ਫਿਊਲ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਕੇਂਦਰੀ ਪੈਟਰੋਲੀਅਮ ਅਤੇ ਪ੍ਰਾਕਿ੍ਰਤਿਕ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਫਲੈਕਸ-ਫਿਊਲ ਸਟੇਸ਼ਨਾਂ ਦਾ ਯੋਜਨਾਬੱਧ ਤਰੀਕੇ ਨਾਲ ਵਿਸਥਾਰ ਕੀਤਾ ਜਾਵੇਗਾ। ਸਰਕਾਰ ਦਾ ਟੀਚਾ 2027 ਦੇ ਅੰਤ ਤੱਕ ਦੇਸ਼ ਦੇ ਮੁੱਖ ਸ਼ਹਿਰਾਂ ਵਿੱਚ ਕਰੀਬ 5,000 ਈ-85 ਫਿਊਲ ਆਉਟਲੈਟ ਸਥਾਪਿਤ ਕਰਨ ਦਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੜਾਅ ਵਿੱਚ 50 ਤੋਂ 100 ਈ-85 ਫਿਊਲ ਡਿਸਪੈਂਸਿੰਗ ਸਟੇਸ਼ਨ ਸ਼ੁਰੂ ਕੀਤੇ ਜਾਣਗੇ। ਪਹਿਲੇ ਪੜਾਅ ਵਿੱਚ ਦਿੱਲੀ, ਮੁੰਬਈ, ਪੁਣੇ ਅਤੇ ਨਾਗਪੁਰ ਕੋਰੀਡੋਰ ਨੂੰ ਸ਼ਾਮਲ ਕੀਤਾ ਗਿਆ ਹੈ। ਸਰਕਾਰ ਦਸੰਬਰ 2026 ਤੱਕ ਫਲੈਕਸ-ਫਿਊਲ ਸਟੇਸ਼ਨ ਨੈੱਟਵਰਕ ਨੂੰ ਵਧਾ ਕੇ ਕਰੀਬ 500 ਆਉਟਲੈਟ ਤੱਕ ਪਹੁੰਚਾਉਣਾ ਚਾਹੁੰਦੀ ਹੈ।

ਪੰਜਾਬ ’ਚ ਕਾਨੂੰਨ ਦਾ ਰਾਜ ਮਜ਼ਬੂਤ ਕਰਨ ’ਤੇ ਜ਼ੋਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬੇ ਦੀ ਕਮਾਨ ਸੰਭਾਲਣ ਤੋਂ ਬਾਅਦ ਅੱਜ ਦਿੱਲੀ ਪਹੁੰਚ ਕੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕੀਤੀ ਹੈ। ਕੇਵਲ ਸਿੰਘ ਢਿੱਲੋਂ ਨੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕਾਨੂੰਨ ਮੰਤਰੀ ਅਰਜੁਨ ਮੇਘਵਾਲ ਅਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਹੈ। ਇਸੇ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੂੰ ਪੰਜਾਬ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ। ਇਸ ਲਈ ਇੱਥੇ ਸ਼ਾਂਤੀ ਬਣਾਈ ਰੱਖਣਾ ਅਤੇ ਇਸਦੇ ਨਾਗਰਿਕਾਂ ਦੀ ਸੁਰੱਖਿਆ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਕੇਂਦਰੀ ਮੰਤਰੀ ਮੇਘਵਾਲ ਨੇ ਕੇਵਲ ਸਿੰਘ ਢਿੱਲੋਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪੰਜਾਬ ਵਿਚ ਕਾਨੂੰਨ ਵਿਵਸਥਾ ਸੁਧਾਰਨ ਲਈ ਹਰ ਸੰਭਵ ਮੱਦਦ ਕਰੇਗੀ। ਇਸੇ ਦੌਰਾਨ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਪੰਜਾਬ ਵਿਚ ਭਾਜਪਾ ਦੀ ਨਵੀਂ ਟੀਮ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਢਿੱਲੋਂ ਨੇ ਪੰਜਾਬ ’ਚ ਖੇਤੀਬਾੜੀ ਨੂੰ ਅੱਗੇ ਵਧਾਉਣ ਲਈ ਵੀ ਅਪੀਲ ਕੀਤੀ ਹੈ।

ਤਿੰਨ ਨਵੇਂ ਬੁਲਾਰਿਆਂ ਦੀ ਵੀ ਕੀਤੀ ਗਈ ਹੈ ਨਿਯੁਕਤੀ
ਨਵੀਂ ਦਿੱਲੀ/ਬਿਊਰੋ ਨਿਊਜ਼  
ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ‘ਕਾਕਰੋਚ ਜਨਤਾ ਪਾਰਟੀ’ ਨੇ ਆਪਣੇ ਸੰਗਠਨ ਦੇ ਵਿਸਥਾਰ ਲਈ ਵੱਡਾ ਕਦਮ ਚੁੱਕਦਿਆਂ ਤਿੰਨ ਨਵੇਂ ਬੁਲਾਰਿਆਂ ਦੀ ਨਿਯੁਕਤੀ ਕੀਤੀ ਹੈ। ਪਾਰਟੀ ਨੇ ਇਸਦਾ ਐਲਾਨ ਕਰਦਿਆਂ ਕਿਹਾ ਕਿ ਇਹ ਫੈਸਲਾ ਸਿੱਖਿਆ ਅਤੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ ’ਤੇ ਆਪਣੀ ਪਹੁੰਚ ਅਤੇ ਪ੍ਰਭਾਵ ਵਧਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਵਲੋਂ ਜਾਰੀ ਜਾਣਕਾਰੀ ਅਨੁਸਾਰ, ਖੋਜੀ ਪੱਤਰਕਾਰ ਸੌਰਵ ਦਾਸ ਨੂੰ ਮੁੱਖ ਬੁਲਾਰਾ ਬਣਾਇਆ ਗਿਆ ਹੈ। ਇਸੇ ਤਰ੍ਹਾਂ ਰਾਜਨੀਤਕ ਖੋਜਕਰਤਾ ਅਤੇ ਫਿਲਮ ਨਿਰਮਾਤਾ ਵਿਜੇਤਾ ਦਹੀਆ ਅਤੇ ਸਾਬਕਾ ਪ੍ਰਬੰਧਨ ਸਲਾਹਕਾਰ ਆਸ਼ੂਤੋਸ਼ ਰਾਂਕਾ ਮੀਡੀਆ ਅਤੇ ਜਨਤਕ ਮੰਚਾਂ ’ਤੇ ਸੰਗਠਨ ਦੀ ਨੁਮਾਇੰਦਗੀ ਕਰਨਗੇ। ਇਨ੍ਹਾਂ ਨਿਯੁਕਤੀਆਂ ਦਾ ਐਲਾਨ ਅਜਿਹੇ ਸਮੇਂ ਹੋਇਆ ਹੈ, ਜਦੋਂ ਅਭਿਜੀਤ ਦੀਪਕੇ ਆਉਂਦੀ 6 ਜੂਨ ਨੂੰ ਭਾਰਤ ਪਰਤਣ ਵਾਲੇ ਹਨ। ਪਾਰਟੀ ਦਾ ਕਹਿਣਾ ਹੈ ਕਿ ਉਹ ਨੀਟ ਪੇਪਰ ਲੀਕ ਅਤੇ ਸੀ.ਬੀ.ਐਸ.ਈ. ਪ੍ਰਣਾਲੀ ਦੀਆਂ ਖਾਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰੇਗੀ।  

ਖਾਲਸਾ ਐਂਟਰੀ ਟੈਕਸ ਮਾਮਲੇ ਵਿਚ ਉਚਿਤ ਕਾਰਵਾਈ ਦੀ ਕੀਤੀ ਗਈ ਮੰਗ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੀ ਬਾਊਂਡਰੀ ਉਤੇ ‘ਖਾਲਸਾ ਟੈਕਸ’ ਨੂੰ ਲੈ ਕੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਹੈ। ਹਿਮਾਚਲ ਦੇ ਮੰਤਰੀ ਜਗਤ ਸਿੰਘ ਨੇਗੀ ਦਾ ਕਹਿਣਾ ਹੈ ਕਿ ਸੀਐਮ ਸੁੱਖੂ ਨੇ ਪੰਜਾਬ ਸਰਕਾਰ ਕੋਲੋਂ ਇਸ ਮਾਮਲੇ ਵਿਚ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਬੁੱਧਵਾਰ ਨੂੰ ਪੰਜਾਬ ’ਚ ਹਿਮਾਚਲ ਪ੍ਰਦੇਸ਼ ਦੀਆਂ ਗੱਡੀਆਂ ਕੋਲੋਂ  ਖਾਲਸਾ ਟੈਕਸ ਵਸੂਲਿਆ ਗਿਆ ਸੀ। ਪੰਜਾਬ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਹਿਮਾਚਲ ਸਰਕਾਰ ਦੇ ਐਂਟਰੀ ਟੈਕਸ ਦੇ ਵਿਰੋਧ ਵਿਚ ਅਜਿਹਾ ਕੀਤਾ ਅਤੇ ਸੰਦੇਸ਼ ਦਿੱਤਾ ਕਿ ਹਿਮਾਚਲ ਦਾ ਐਂਟਰੀ ਟੈਕਸ ਗਲਤ ਹੈ, ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸੇ ਦੌਰਾਨ ਮੰਤਰੀ ਜਗਤ ਨੇਗੀ ਨੇ ਇਸ ਨੂੰ ਅਕਾਲੀ ਦਲ ਅਤੇ ਭਾਜਪਾ ਦੀ ਸੋਚੀ ਸਮਝੀ ਸਾਜਿਸ਼ ਦੱਸਿਆ ਹੈ।  

ਸਿਟੀ ਦੀ ਰਿਪੋਰਟ ਨੇ ਦਿੱਤੀ ਵੱਡੀ ਜਾਣਕਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਵੱਲੋਂ ਲਗਾਤਾਰ ਵਿਕਰੀ ਕੀਤੇ ਜਾਣ ਦੇ ਬਾਵਜੂਦ, ਸਿਟੀ ਦੀ ਇੱਕ ਨਵੀਂ ਰਿਪੋਰਟ ਨੇ ਭਾਰਤੀ ਅਰਥਵਿਵਸਥਾ ਅਤੇ ਪੂੰਜੀ ਬਾਜ਼ਾਰ ਪ੍ਰਤੀ ਸਕਾਰਾਤਮਕ ਰੁਖ ਦਰਸਾਇਆ ਹੈ। ਰਿਪੋਰਟ ਅਨੁਸਾਰ, ਵਿਦੇਸ਼ੀ ਨਿਵੇਸ਼ਕ ਸੈਕੰਡਰੀ ਮਾਰਕੀਟ ਵਿੱਚ ਆਪਣੀ ਹਿੱਸੇਦਾਰੀ ਘਟਾ ਰਹੇ ਹਨ, ਪਰ ਉੱਚ ਗੁਣਵੱਤਾ ਵਾਲੇ ਭਾਰਤੀ  ਇਨੀਸ਼ੀਅਲ ਪਬਲਿਕ ਆਫਰਿੰਗਜ਼ ਵਿੱਚ ਉਨ੍ਹਾਂ ਦੀ ਦਿਲਚਸਪੀ ਅਜੇ ਵੀ ਮਜ਼ਬੂਤ ਬਣੀ ਹੋਈ ਹੈ। ਸਿਟੀ ਦੇ ਏਸ਼ੀਆ ਸਾਊਥ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮੋਲ ਗੁਪਤਾ ਨੇ ਕਿਹਾ ਕਿ ਭਾਰਤ ਦੀ ਆਰਥਿਕ ਵਿਕਾਸ ਦਰ, ਮਜ਼ਬੂਤ ਕਾਰੋਬਾਰੀ ਮਾਹੌਲ ਅਤੇ ਲੰਬੇ ਸਮੇਂ ਦੀਆਂ ਸੰਭਾਵਨਾਵਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ। ਉਨ੍ਹਾਂ ਦੇ ਮੁਤਾਬਕ, ਭਾਵੇਂ ਵਿਦੇਸ਼ੀ ਨਿਵੇਸ਼ਕ ਖੁੱਲ੍ਹੇ ਬਾਜ਼ਾਰ ਵਿੱਚ ਕੁਝ ਸਾਵਧਾਨੀ ਵਰਤ ਰਹੇ ਹਨ, ਪਰ ਉਹ ਭਰੋਸੇਯੋਗ ਅਤੇ ਉੱਚ ਗੁਣਵੱਤਾ ਵਾਲੀਆਂ ਨਵੀਆਂ ਕੰਪਨੀਆਂ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤੀ ਬਾਜ਼ਾਰ ਦੀ ਲੰਬੇ ਸਮੇਂ ਦੀ ਮਜ਼ਬੂਤੀ ਅਤੇ ਆਰਥਿਕ ਸੁਧਾਰਾਂ ਕਾਰਨ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਬਰਕਰਾਰ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.