ਕਿਹਾ : ਅਮਰੀਕਾ ਦਾ ਪੀਐਮ ਨਰਿੰਦਰ ਮੋਦੀ ’ਤੇ ਦਬਾਅ ਪਾਉਣਾ ਬੇਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਅਮਰੀਕਾ ਭਾਰਤ ’ਤੇ ਰੂਸ ਦੇ ਨਾਲ ਉਸਦੇ ਰਿਸ਼ਤਿਆਂ ਸਣੇ ਕਈ ਹੋਰ ਮੁੱਦਿਆਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੂਤਿਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਬੇਕਾਰ ਹੈ ਅਤੇ ਭਾਰਤ ਇਸਦਾ ਵਿਰੋਧ ਕਰੇਗਾ। ਪੂਤਿਨ ਨੇ ਪ੍ਰਮੁੱਖ ਨਿਊਜ਼ ਏਜੰਸੀਆਂ ਦੇ ਸੀਨੀਅਰਾਂ ਨਾਲ ਗੱਲਬਾਤ ਦੌਰਾਨ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਇਕ ਮਹਾਨ ਦੇਸ਼ ਅਤੇ ਲੋਕਤੰਤਰਿਕ ਦੇਸ਼ ਹੈ ਅਤੇ ਰੂਸ ਉਸ ਨੂੰ ਆਪਣਾ ਭਰੋਸੇਮੰਦ ਪਾਰਟਨਰ ਵੀ ਮੰਨਦਾ ਹੈ। ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਆਪਣੇ ਕੌਮੀ ਹਿੱਤਾਂ ਨੂੰ ਪਹਿਲ ਦਿੰਦਾ ਹੈ। ਅਮਰੀਕਾ ਨਾਲ ਉਸਦੇ ਵਧਦੇ ਸਬੰਧਾਂ ਨਾਲ ਭਾਰਤ-ਰੂਸ ਦੀ ਸਾਂਝ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਰੂਸ ਨਾਲ ਭਾਰਤ ਦੇ ਰਿਸ਼ਤੇ ਪਹਿਲਾਂ ਵਾਂਗ ਹੀ ਮਜ਼ਬੂਤ ਰਹਿਣਗੇ।

