Monday, 20 April 2026

ਚਮੋਲੀ/ਕੁਲਬੀਰ ਸਿੰਘ ਕਲਸੀ

ਆਸਥਾ ਅਤੇ ਸ਼ਰਧਾ ਦਾ ਪ੍ਰਤੀਕ: ਹੇਮਕੁੰਟ ਸਾਹਿਬ ਯਾਤਰਾ ਸ਼ੁਰੂ

ਸਿੱਖ ਧਰਮ ਦੇ ਮੁੱਖ ਆਸਥਾ ਕੇਂਦਰ ਅਤੇ ਪਵਿੱਤਰ ਤੀਰਥ ਸਥਾਨ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਪੂਰੀਆਂ ਰਸਮਾਂ ਨਾਲ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸ਼੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦਾ ਰਸਮੀ ਉਦਘਾਟਨ ਹੋ ਗਿਆ ਹੈ। ਗੇਟ ਖੋਲ੍ਹਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ, 'ਪੰਚ ਪਿਆਰਿਆਂ' ਦੀ ਅਗਵਾਈ ਹੇਠ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਸ਼ਨੀਵਾਰ ਨੂੰ ਭਾਰੀ ਪੁਲਿਸ ਸੁਰੱਖਿਆ, ਬੈਂਡਾਂ ਦੀ ਧੁਨ ਅਤੇ ਪਵਿੱਤਰ ਨਿਸ਼ਾਨ ਸਾਹਿਬ ਦੇ ਵਿਚਕਾਰ ਗੋਵਿੰਦਘਾਟ ਗੁਰਦੁਆਰੇ ਤੋਂ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ। ਇਸ ਜਥੇ ਨੇ ਘੰਗਰੀਆ ਗੁਰਦੁਆਰੇ ਵਿਖੇ ਰਾਤ ਦਾ ਆਰਾਮ ਕੀਤਾ। ਇਹ ਜਥਾ ਜੈਕਾਰਿਆਂ ਨਾਲ ਹੇਮਕੁੰਟ ਸਾਹਿਬ ਵੱਲ ਵਧਿਆ ਅਤੇ ਸਵੇਰ ਦੇ ਸ਼ੁਭ ਸਮੇਂ ਵਿੱਚ, ਸ਼੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਆਮ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ। ਸਿੱਖ ਧਰਮ ਦੇ ਇਸ ਪ੍ਰਮੁੱਖ ਸਥਾਨ ਦੇ ਨਾਲ, ਹਿੰਦੂਆਂ ਦੀ ਆਸਥਾ ਦੇ ਪ੍ਰਤੀਕ ਲੋਕਪਾਲ ਮੰਦਰ (ਲਕਸ਼ਮਣ ਮੰਦਰ) ਦੇ ਦਰਵਾਜ਼ੇ ਵੀ ਸ਼ਰਧਾਲੂਆਂ ਲਈ ਪੂਰੀਆਂ ਰਸਮਾਂ ਨਾਲ ਖੋਲ੍ਹ ਦਿੱਤੇ ਗਏ ਹਨ। ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸੁਚਾਰੂ ਯਾਤਰਾ ਨੂੰ ਯਕੀਨੀ ਬਣਾਉਣ ਲਈ, ਚਮੋਲੀ ਜ਼ਿਲ੍ਹਾ ਪੁਲਿਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹੇਮਕੁੰਟ ਸਾਹਿਬ ਯਾਤਰਾ ਰੂਟ ਦੇ ਮੁੱਖ ਸਟਾਪਾਂ 'ਤੇ SDRF ਟੀਮਾਂ ਨੂੰ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ। ਚਮੋਲੀ ਪੁਲਿਸ ਨੇ ਹੇਮਕੁੰਟ ਸਾਹਿਬ ਅਤੇ ਚਾਰਧਾਮ ਯਾਤਰਾ 'ਤੇ ਆਉਣ ਵਾਲੇ ਸਾਰੇ ਸ਼ਰਧਾਲੂਆਂ ਅਤੇ ਸੈਲਾਨੀਆਂ ਦਾ ਦਿਲੋਂ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਦੀ ਸਫਲ, ਸੁਹਾਵਣੀ ਅਤੇ ਸੁਰੱਖਿਅਤ ਯਾਤਰਾ ਪ੍ਰਤੀ ਆਪਣੀ ਤਿਆਰੀ ਅਤੇ ਵਚਨਬੱਧਤਾ ਨੂੰ ਦੁਹਰਾਇਆ ਹੈ। ਇਸ ਮੌਕੇ 'ਤੇ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ, ਸ਼੍ਰੀ ਨਰਿੰਦਰਜੀਤ ਸਿੰਘ ਬਿੰਦਰਾ ਜੀ ਨੇ ਯਾਤਰਾ ਪ੍ਰਬੰਧਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ।

ਨਿਸ਼ੀਕਾਂਤ ਦੂਬੇ ਨੇ ਕਾਂਗਰਸੀਆਂ ਨੂੰ ਦੱਸਿਆ ਦੇਸ਼ਧ੍ਰੋਹੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਪਰੇਸ਼ਨ ਸਿੰਦੂਰ ਤੋਂ ਪਹਿਲਾਂ ਪਾਕਿਸਤਾਨ ਨੂੰ ਭਾਰਤ ਵਲੋਂ ਦਿੱਤੀ ਗਈ ਜਾਣਕਾਰੀ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਲਗਾਤਾਰ ਸਵਾਲ ਉਠਾ ਰਹੇ ਸਨ। ਇਸਦੇ ਚੱਲਦਿਆਂ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਇਹ ਸਮਝੌਤਾ ਤਾਂ 1994 ਵਿਚ ਕਾਂਗਰਸ ਸਰਕਾਰ ਸਮੇਂ ਹੋਇਆ ਸੀ। ਇਸ ਕਰਕੇ ਅਸਲੀ ਦੇਸ਼ਧ੍ਰੋਹੀ ਤਾਂ ਕਾਂਗਰਸੀ ਹਨ। ਭਾਜਪਾ ਆਗੂ ਦੂਬੇ ਨੇ ਕਿਹਾ ਕਿ 1991 ਵਿਚ ਕਾਂਗਰਸ ਨੇ ਚੰਦਰ ਸ਼ੇਖਰ ਦੀ ਅਗਵਾਈ ਵਾਲੀ ਸਰਕਾਰ ਨੂੰ ਸਮਰਥਨ ਦਿੱਤਾ ਸੀ, ਉਸ ਸਮੇਂ ਭਾਰਤ-ਪਾਕਿਸਤਾਨ ਵਿਚਾਲੇ ਇਕ ਸਮਝੌਤਾ ਹੋਇਆ ਸੀ। ਇਸ ਤੋਂ ਬਾਅਦ 1994 ਵਿਚ ਪੀ.ਵੀ. ਨਰਸਿਮ੍ਹਾ ਰਾਓ ਦੀ ਸਰਕਾਰ ਆਈ ਤਾਂ ਇਹ ਸਮਝੌਤਾ ਲਾਗੂ ਹੋਇਆ। ਇਸਦੇ ਤਹਿਤ ਫੌਜ ਕਿੱਥੇ ਤੈਨਾਤ ਹੋਵੇਗੀ ਅਤੇ ਹਵਾਈ ਫੌਜ ਕਿਸ ਤਰ੍ਹਾਂ ਕੰਮ ਕਰੇਗੀ, ਇਹ ਗੱਲਾਂ ਵਿਰੋਧੀ ਦੇਸ਼ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸਨ।   

 

ਕਿਹਾ : ਸਾਡੀਆਂ ਭੈਣਾਂ ਦਾ ਸਿੰਧੂਰ ਮਿਟਾਉਣ ਵਾਲਿਆਂ ਦਾ ਅੰਤ ਨੇੜੇ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਦਾ ਇਕੋ ਇਕ ਨਿਸ਼ਾਨਾ ਭਾਰਤ ਨਾਲ ਨਫਰਤ ਕਰਨਾ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਢੰਗ ਤਰੀਕੇ ਸੋਚਣਾ ਹੈ। ਮੋਦੀ ਨੇ ਕਿਹਾ ਕਿ ਸਾਡੇ ਮੁਲਕ ਨੇ ਗਰੀਬੀ ਖਤਮ ਕਰਨ ਤੇ ਆਰਥਿਕ ਤਰੱਕੀ ਲਿਆਉਣ ਜਿਹੇ ਟੀਚੇ ਮਿੱਥੇ ਹੋਏ ਹਨ। ਗੁਜਰਾਤ ਦੇ ਦਾਹੋਦ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਅਪਰੇਸ਼ਨ ਸਿੰਧੂਰ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਸਾਡੀਆਂ ਭੈਣਾਂ ਦਾ ਸਿੰਧੂਰ ਮਿਟਾਉਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਵੀ ਅੰਤ ਨੇੜੇ ਹੈ। ਪੀਐਮ ਮੋਦੀ ਨੇ ਲੋਕਾਂ ਨੂੰੂ ਅਪੀਲ ਕੀਤੀ ਕਿ ਉਹ ਹੋਲੀ, ਦੀਵਾਲੀ ਅਤੇ ਗਣੇਸ਼ ਪੂਜਾ ਜਿਹੇ ਤਿਉਹਾਰਾਂ ਮੌਕੇ ਭਾਰਤ ਵਿਚ ਬਣੇ ਉਤਪਾਦ ਹੀ ਖਰੀਦਣ ਤੇ ਵਰਤਣ। 

28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ

ਰਾਏਪੁਰ/ਬਿਊਰੋ ਨਿਊਜ਼ 

ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿਚ ਡੀ.ਆਰ.ਜੀ. ਜਵਾਨਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿਚ 28 ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਨਕਸਲੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਮੁਕਾਬਲੇ ਦੌਰਾਨ ਇਕ ਫੌਜੀ ਜਵਾਨ ਸ਼ਹੀਦ ਹੋਣ ਅਤੇ ਇਕ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿਚ ਖਤਰਨਾਕ ਨਕਸਲੀ ਮਾਰੇ ਗਏ ਹਨ।    

ਪੰਜਾਬ ਦਾ ਕਹਿਣਾ : ਬੀਬੀਐਮਬੀ ਅਤੇ ਕੇਂਦਰ ਨੇ ਕੀਤਾ ਗੁੰਮਰਾਹ
ਚੰਡੀਗੜ੍ਹ/ਬਿਊਰੋ ਨਿਊਜ਼
ਭਾਖੜਾ ਜਲ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਚੱਲ ਰਹੇ ਵਿਵਾਦ ’ਤੇ ਅੱਜ ਸੁਪਰੀਮ ਕੋਰਟ ਵਿਚ ਤੀਜੇ ਦਿਨ ਵੀ ਸੁਣਵਾਈ ਹੋਈ ਹੈ। ਇਸਦੇ ਚੱਲਦਿਆਂ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ। ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਦਲੀਲ ਦਿੱਤੀ ਕਿ ਕੇਂਦਰ ਅਤੇ ਹਰਿਆਣਾ ਨੇ ਬਹਿਸ ਦੇ ਦੌਰਾਨ ਅਦਾਲਤ ’ਚ ਕਿਹਾ ਕਿ ਪੰਜਾਬ ਵਲੋਂ ਪਟੀਸ਼ਨ ’ਚ ਉਠਾਏ ਗਏ ਮੁੱਦੇ ਅੱਜ ਤੱਕ ਉਨ੍ਹਾਂ ਵਲੋਂ ਕਦੀ ਨਹੀਂ ਉਠਾਏ ਗਏ। ਇਸ ਦੌਰਾਨ ਪੰਜਾਬ ਨੇ ਕੁਝ ਕਾਨੂੰਨੀ ਮੁੱਦੇ ਵੀ ਚੁੱਕੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਪੁਨਰ ਵਿਚਾਰ ਪਟੀਸ਼ਨ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਹੈ। ਇਸ ਵਿਚ ਤਰਕ ਦਿੱਤਾ ਗਿਆ ਹੈ ਕਿ ਇਸ ਮਾਮਲੇ ਦੀ ਸੁਣਵਾਈ ਹਾਈਕੋਰਟ ਵਿਚ ਹੋਈ ਸੀ ਤਾਂ ਕੇਂਦਰ ਅਤੇ ਹਰਿਆਣਾ ਸਰਕਾਰ ’ਤੇ ਤੱਥ ਲੁਕਾਉਣ ਦਾ ਆਰੋਪ ਲਗਾਇਆ ਗਿਆ। ਦੱਸਣਯੋਗ ਹੈ ਕਿ ਭਾਖੜਾ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚ ਤਕਰਾਰ ਚੱਲ ਰਿਹਾ ਹੈ। 

ਅਗਲੇਰੀ ਜਾਂਚ ਲਈ ਘੁਸਪੈਠੀਏ ਨੂੰ ਕੀਤਾ ਪੁਲਿਸ ਹਵਾਲੇ

ਅੰਮਿ੍ਰਤਸਰ/ਬਿਊਰੋ ਨਿਊਜ਼

ਬੀਐੱਸਐੱਫ ਜਵਾਨਾਂ ਨੇ ਅੰਮਿ੍ਰਤਸਰ ਦੇ ਸਰਹੱਦੀ ਖੇਤਰ ’ਚੋਂ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਹੈ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਫੌਜੀ ਜਵਾਨਾਂ ਨੇ ਕੌਮਾਂਤਰੀ ਸਰਹੱਦ ਪਾਰ ਕਰ ਰਹੇ ਇਕ ਸ਼ੱਕੀ ਵਿਅਕਤੀ ਦੀ ਹਰਕਤ ਦੇਖੀ ਅਤੇ ਉਹ ਵਿਅਕਤੀ ਸਰਹੱਦ ’ਤੇ ਕੰਡਿਆਲੀ ਤਾਰ ਦੇ ਨੇੜੇ ਆ ਗਿਆ ਸੀ। ਸਰਹੱਦ ’ਤੇ ਮੁਸਤੈਦ ਜਵਾਨਾਂ ਨੇ ਉਸ ਨੂੰ ਰੁਕਣ ਲਈ ਚੁਣੌਤੀ ਦਿੱਤੀ ਅਤੇ ਬਾਅਦ ਵਿੱਚ ਉਸ ਨੂੰ ਕਾਬੂ ਕਰ ਲਿਆ। ਘੁਸਪੈਠੀਏ ਨੇ ਆਪਣੀ ਪਛਾਣ ਪਾਕਿਸਤਾਨੀ ਨਾਗਰਿਕ ਵਜੋਂ ਦੱਸੀ ਹੈ। ਤਲਾਸ਼ੀ ਲੈਣ ’ਤੇ ਉਸਦੇ ਕਬਜ਼ੇ ਵਿੱਚੋਂ 330 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ। ਬੀਐੱਸਐੱਫ ਨੇ ਸ਼ੁਰੂਆਤੀ ਪੁੱਛਗਿੱਛ ਮਗਰੋਂ ਪਾਕਿਸਤਾਨੀ ਘੁਸਪੈਠੀਏ ਨੂੰ ਅਗਲੇਰੀ ਜਾਂਚ ਲਈ ਪੁਲਿਸ ਹਵਾਲੇ ਕਰ ਦਿੱਤਾ ਹੈ।

ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ ਵਿਚ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਅਤੇ ਜਥੇਦਾਰ ਅੰਗਰੇਜ਼ ਸਿੰਘ ਕੰਬੋਜ ਰਾਣੀਆਂ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ ਹੈ। ਜਥੇਦਾਰ ਝੀਂਡਾ ਦੂਜੀ ਵਾਰ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਦੀ ਚੋਣ ਲਈ ਜਨਵਰੀ 2025 ਵਿਚ ਚੋਣਾਂ ਕਰਵਾਈਆਂ ਗਈਆਂ ਸਨ, ਪਰ ਕਿਸੇ ਵੀ ਧੜੇ ਨੂੰ ਬਹੁਮਤ ਨਹੀਂ ਮਿਲਿਆ ਸੀ। ਇਸ ਸਬੰਧੀ ਅੱਜ ਹੋਈ ਮੀਟਿੰਗ ਵਿਚ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ। ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਉਹ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨਗੇ। ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੂੰ ਉਮੀਦ ਹੈ ਕਿ ਜਗਦੀਸ਼ ਸਿੰਘ ਝੀਂਡਾ ਸਿੱਖ ਸੰਗਤ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ। ਦੱਸਣਯੋਗ ਹੈ ਕਿ ਕਮੇਟੀ ਦੀ 11 ਮੈਂਬਰੀ ਕਾਰਜਕਾਰਨੀ ਦੀ ਚੋਣ ਅੱਜ ਕੁਰੂਕਸ਼ੇਤਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਮੇਟੀ ਦੇ ਮੁੱਖ ਦਫਤਰ ਵਿਚ ਕੀਤੀ ਗਈ ਹੈ। 

ਹਿੰਮਤ ਅਤੇ ਦਿ੍ਰੜ ਇਰਾਦੇ ਦੀ ਗੀਤਾ ਸਮੋਥਾ ਨੇ ਕੀਤੀ ਮਿਸਾਲ ਕਾਇਮ

ਨਵੀਂ ਦਿੱਲੀ/ਬਿਊਰੋ ਨਿਊਜ਼ 

ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਦੀ ਗੀਤਾ ਸਮੋਥਾ ਦੁਨੀਆ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਫੋਰਸ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਰਾਜਸਥਾਨ ਦੇ ਸ਼ੀਕਰ ਜ਼ਿਲ੍ਹੇ ਨਾਲ ਸਬੰਧਤ ਗੀਤਾ ਸਮੋਥਾ ਨੇ ਹਿੰਮਤ ਅਤੇ ਦਿ੍ਰੜ ਇਰਾਦੇ ਦੀ ਮਿਸਾਲ ਕਾਇਮ ਕੀਤੀ ਹੈ। ਸੀ.ਆਈ.ਐਸ.ਐਫ. ਦੇ ਸੀਨੀਅਰ ਅਧਿਕਾਰੀਆਂ ਨੇ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਿਰਫ ਨਿੱਜੀ ਜਿੱਤ ਨਹੀਂ, ਸਗੋਂ ਫੋਰਸ ਲਈ ਇਤਿਹਾਸ ਪਲ ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੀਆਂ ਵਰਦੀਧਾਰੀ ਸੇਵਾਵਾਂ ਵਿਚ ਮਹਿਲਾਵਾਂ ਦੀ ਵਿਕਸਤ ਹੋ ਰਹੀ ਭੂਮਿਕਾ ਦਾ ਇਹ ਇਕ ਸ਼ਕਤੀਸ਼ਾਲੀ ਪ੍ਰਤੀਕ ਹੈ।   

 

 

ਸਿਵਲ ਹਸਪਤਾਲ ’ਚ ਬਣਾਇਆ ਸਪੈਸ਼ਲ ਵਾਰਡ 

ਨਵੀਂ ਦਿੱਲੀ/ਬਿਊਰੋ ਨਿਊਜ਼ 

ਹਰਿਆਣਾ ਦੇ ਗੁੜਗਾਓਂ ਵਿਚ ਕਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਨ੍ਹਾਂ ਮਾਮਲਿਆਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅਲਰਟ ਮੋਡ ’ਤੇ ਲਿਆ ਦਿੱਤਾ ਹੈ। ਇਸਦੇ ਚੱਲਦਿਆਂ ਗੁੜਗਾਓਂ ਵਿਚ ਸਥਿਤੀ ਨੂੰ ਕੰਟਰੋਲ ਵਿਚ ਕਰਨ ਲਈ ਕਦਮ ਉਠਾਏ ਜਾ ਰਹੇ ਹਨ। ਡਾ. ਅਲਕਾ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਚੌਕਸ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੁੜਗਾਓਂ ਵਿਚ ਦੋ ਅਤੇ ਫਰੀਦਾਬਾਦ ਵਿਚ ਇਕ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸਦੇ ਚੱਲਦਿਆਂ ਸਿਹਤ ਵਿਭਾਗ ਨੇ ਹਸਪਤਾਲ ਵਿਚ ਇਕ ਵਿਸ਼ੇਸ਼ ਵਾਰਡ ਬਣਾਉਣ ਦਾ ਨਿਰਣਾ ਲਿਆ ਹੈ, ਜੋ ਸਿਰਫ ਕੋਵਿਡ ਦੇ ਮਰੀਜ਼ਾਂ ਦੇ ਲਈ ਹੋਵੇਗਾ। ਇਸ ਵਾਰਡ ਵਿਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਲਈ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।  

 

22 ਮਈ ਨੂੰ ਹੋਵੇਗੀ ਪਹਿਲੇ ਜਥੇ ਦੀ ਰਵਾਨਗੀ 

ਦੇਹਰਾਦੂਨ/ਬਿਊਰੋ ਨਿਊਜ਼

ਹਰ ਸਾਲ ਸ਼ਰਧਾਲੂਆਂ ਲਈ ਅਧਿਆਤਮਿਕ ਉੱਨਤੀ ਦਾ ਰਾਹ ਪੱਧਰਾ ਕਰਨ ਵਾਲੀ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਪਵਿੱਤਰ ਯਾਤਰਾ 25 ਮਈ 2025 ਤੋਂ ਸ਼ੁਰੂ ਹੋ ਰਹੀ ਹੈ। ਇਹ ਪਵਿੱਤਰ ਯਾਤਰਾ ਆਉਂਦੀ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲੇ ਜਥੇ ਦੀ ਰਵਾਨਗੀ ਨਾਲ ਸ਼ੁਰੂ ਹੋਵੇਗੀ। ਇਸ ਧਾਰਮਿਕ ਸਮਾਰੋਹ ’ਚ ਉੱਤਰਾਖੰਡ ਦੇ ਮਾਣਯੋਗ ਰਾਜਪਾਲ, ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ, ਮਾਣਯੋਗ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਸਤਿਕਾਰਯੋਗ ਮੰਤਰੀ, ਸੰਤ ਸਮਾਜ ਅਤੇ ਹੋਰ ਪਤਵੰਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਕੰਪਲੈਕਸ, ਰਿਸ਼ੀਕੇਸ਼ ਵਿਖੇ ਪਹੰੁਚਣਗੇ। ਇਹ ਵੀ ਕਿਹਾ ਗਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਸਾਰੇ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਦਿਲੋਂ ਸਵਾਗਤ ਅਤੇ ਸਤਿਕਾਰ ਕਰਦਾ ਹੈ। ਇਹ ਜਾਣਕਾਰੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਸਾਂਝੀ ਕੀਤੀ ਗਈ ਹੈ।      

 

ਕਿਹਾ : ਉਤਰ ਪੂਰਬ ਵਿਚ ਬੇਮਿਸਾਲ ਵਿਕਾਸ ਆ ਰਿਹਾ ਨਜ਼ਰ

ਨਵੀਂ ਦਿੱਲੀ/ਬਿਊਰੋ ਨਿਊਜ਼  

ਨਵੀਂ ਦਿੱਲੀ ’ਚ ‘ਰਾਈਜਿੰਗ ਨੌਰਥ ਈਸਟ ਇਨਵੈਸਟਰਜ਼ ਸਮਿਟ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਬੇਮਿਸਾਲ ਤਰੱਕੀ ਦੇਖ ਰਿਹਾ ਹੈ ਅਤੇ ਸਰਕਾਰ ਆਪਣੀ ਵਿਕਾਸ ਕਹਾਣੀ ਨੂੰ ਤੇਜ਼ ਕਰਨ ਲਈ ਦਿ੍ਰੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉੱਤਰ-ਪੂਰਬ ਦੀ ਵਿਭਿੰਨਤਾ ਇਸਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਹ ਵਿਕਾਸ ਦੇ ਮੋਹਰੀ ਖੇਤਰ ਵਜੋਂ ਉੱਭਰ ਰਿਹਾ ਹੈ। ਪੀਐਮ ਮੋਦੀ ਵੱਲੋਂ ਉਦਘਾਟਨ ਕੀਤੇ ਗਏ ਇਸ ਦੋ-ਰੋਜ਼ਾ ਸਮਾਗਮ ਵਿਚ ਖੇਤਰ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਨੌਕਰਸ਼ਾਹ, ਡਿਪਲੋਮੈਟ ਅਤੇ ਹੋਰ ਵਿਅਕਤੀ ਸ਼ਾਮਲ ਹੋਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਪਹਿਲਾਂ ਬੰਬਾਂ, ਬੰਦੂਕਾਂ ਅਤੇ ਰਾਕੇਟਾਂ ਦਾ ਸਮਾਨਾਰਥੀ ਸੀ, ਜਿਸਨੇ ਉੱਥੋਂ ਦੇ ਨੌਜਵਾਨਾਂ ਤੋਂ ਬਹੁਤ ਸਾਰੇ ਮੌਕੇ ਖੋਹ ਲਏ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਜ਼ੀਰੋ ਟਾਲਰੈਂਸ ਨੀਤੀ ਦੀ ਪਾਲਣਾ ਕਰਦੀ ਹੈ, ਭਾਵੇਂ ਉਹ ਅੱਤਵਾਦ ਹੋਵੇ ਜਾਂ ਨਕਸਲਵਾਦ।

ਵਿਜੈ ਸ਼ਾਹ ਨੇ ਕਰਨਲ ਸੋਫੀਆ ਕੁਰੈਸ਼ੀ ਖਿਲਾਫ ਕੀਤੀ ਸੀ ਵਿਵਾਦਤ ਟਿੱਪਣੀ

ਭੋਪਾਲ/ਬਿਊਰੋ ਨਿਊਜ਼ 

ਮੱਧ ਪ੍ਰਦੇਸ਼ ਸਰਕਾਰ ਨੇ ਭਾਜਪਾ ਦੇ ਨੇਤਾ ਅਤੇ ਸੂਬਾਈ ਮੰਤਰੀ ਮੰਡਲ ਵਿੱਚ ਕਬਾਇਲੀ ਮਾਮਲਿਆਂ ਦੇ ਮੰਤਰੀ ਕੁੰਵਰ ਵਿਜੈ ਸ਼ਾਹ ਵੱਲੋਂ ਕੀਤੀਆਂ ਗਈਆਂ ਵਿਵਾਦਤ ਟਿੱਪਣੀਆਂ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਇਹ ਫੈਸਲਾ ਸੁਪਰੀਮ ਕੋਰਟ ਵੱਲੋਂ ਮੱਧ ਪ੍ਰਦੇਸ਼ ਸਰਕਾਰ ਨੂੰ ਸਿੱਟ ਬਣਾਉਣ ਦੇ ਨਿਰਦੇਸ਼ ਦੇਣ ਤੋਂ ਬਾਅਦ ਲਿਆ ਗਿਆ ਹੈ। ਇਸ ਜਾਂਚ ਟੀਮ ਵਿੱਚ ਇੱਕ ਮਹਿਲਾ ਅਧਿਕਾਰੀ ਸਣੇ ਤਿੰਨ ਆਈਪੀਐੱਸ ਅਧਿਕਾਰੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਵਿਜੈ ਸ਼ਾਹ ਨੇ ਕਰਨਲ ਸੋਫੀਆ ਕੁਰੈਸ਼ੀ ਖ਼ਿਲਾਫ ਵਿਵਾਦਤ ਟਿੱਪਣੀ ਕਰਦਿਆਂ ਉਨ੍ਹਾਂ ਨੂੰ ‘ਅਤਿਵਾਦੀਆਂ ਦੀ ਭੈਣ’ ਕਿਹਾ ਸੀ। ਸੁਪਰੀਮ ਕੋਰਟ ਨੇ ਪੁਲਿਸ ਡਾਇਰੈਕਟਰ ਜਨਰਲ ਨੂੰ 20 ਮਈ ਤੱਕ ਸਿੱਟ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਜ਼ਿਕਰਯੋਗ ਹੈ ਕਿ ਮੰਤਰੀ ਦੀਆਂ ਟਿੱਪਣੀਆਂ ਨੂੰ ‘ਘਟੀਆ ਅਤੇ ਸ਼ਰਮਨਾਕ’ ਕਰਾਰ ਦਿੰਦਿਆਂ ਅਦਾਲਤ ਨੇ ਸ਼ਾਹ ਦੀ ਜਨਤਕ ਮੁਆਫ਼ੀ ਨੂੰ ਵੀ ਰੱਦ ਕਰ ਦਿੱਤਾ ਸੀ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.