Monday, 20 April 2026

ਮੋਦੀ ਨੇ ਕਿਹਾ : ਇਹ 140 ਕਰੋੜ ਭਾਰਤੀਆਂ ਦਾ ਸਨਮਾਨ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਈਪ੍ਰਸ ਦਾ ਸਰਵਉੱਚ ਸਨਮਾਨ ਦਿੱਤਾ ਗਿਆ ਹੈ। ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕਿ੍ਰਸਟੋ ਡੂਲਾਈਡਜ਼ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਈਪ੍ਰਸ ਦਾ ਸਰਵਉੱਚ ਸਨਮਾਨ, ਗ੍ਰੈਂਡ ਕਰਾਸ ਆਫ ਦ ਆਰਡਰ ਆਫ਼ ਮਕਾਰੀਓਸ ਪ੍ਰਦਾਨ ਕੀਤਾ। ਆਰਡਰ ਆਫ ਮਕਾਰੀਓਸ ਸਾਈਪ੍ਰਸ ਦੁਆਰਾ ਦਿੱਤਾ ਗਿਆ ਇਕ ਨਾਈਟਹੁੱਡ ਸਨਮਾਨ ਹੈ, ਜਿਸ ਦਾ ਨਾਮ ਸਾਈਪ੍ਰਸ ਦੇ ਪਹਿਲੇ ਰਾਸ਼ਟਰਪਤੀ ਆਰਚਬਿਸ਼ਪ ਮਕਾਰੀਓਸ ਦੇ ਨਾਮ ’ਤੇ ਰੱਖਿਆ ਗਿਆ ਸੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ਼੍ਰੀਮਾਨ ਰਾਸ਼ਟਰਪਤੀ, ਮੈਂ ਤੁਹਾਡਾ, ਸਾਈਪ੍ਰਸ ਸਰਕਾਰ ਅਤੇ ਸਾਈਪ੍ਰਸ ਦੇ ਲੋਕਾਂ ਦਾ ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮਕਾਰੀਓਸ ਸਨਮਾਨ ਲਈ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਨਰਿੰਦਰ ਮੋਦੀ ਲਈ ਹੀ ਨਹੀਂ, ਸਗੋਂ 140 ਕਰੋੜ ਭਾਰਤੀਆਂ ਲਈ ਹੈ।

 

ਹਾਦਸੇ ’ਚ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਣੀ ਦਾ ਵੀ ਦਿਹਾਂਤ 

ਨਵੀਂ ਦਿੱਲੀ/ਬਿਊਰੋ ਨਿਊਜ਼     

ਗੁਜਰਾਤ ਦੇ ਅਹਿਮਦਾਬਾਦ ਵਿਚ ਅੱਜ ਦੁਪਹਿਰੇ ਏਅਰ ਇੰਡੀਆ ਦਾ ਬੋਇੰਗ 787 ਡਰੀਮ ਲਾਈਨਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਦਾ ਵੀ ਦਿਹਾਂਤ ਹੋ ਗਿਆ ਹੈ। ਦੱਸਣਯੋਗ ਹੈ ਕਿ ਵਿਜੇ ਰੁਪਾਣੀ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਵੀ ਹਨ।  ਇਸ ਜਹਾਜ਼ ਵਿਚ 242 ਯਾਤਰੀ ਸਵਾਰ ਸਨ। ਇਨ੍ਹਾਂ ਵਿਚ 53 ਬਿ੍ਰਟਿਸ਼, 7 ਪੁਰਤਗਾਲੀ ਅਤੇ ਇਕ ਕੈਨੇਡਾ ਦਾ ਨਾਗਰਿਕ ਵੀ ਸ਼ਾਮਲ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿਚ ਸਾਰੇ 242 ਯਾਤਰੀਆਂ ਦੀ ਜਾਨ ਚਲੇ ਗਈ ਹੈ। ਇਹ ਜਹਾਜ਼ ਜਿਸ ਬਿਲਡਿੰਗ ਨਾਲ ਟਕਰਾਇਆ ਹੈ, ਉਥੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਦੇ ਡਾਕਟਰ ਰਹਿੰਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ 15 ਡਾਕਟਰ ਵੀ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਹਨ। ਏਅਰ ਇੰਡੀਆ ਦੀ ਇਸ ਫਲਾਈਟ ਨੇ ਦੁਪਹਿਰੇ 1 ਵੱਜ ਕੇ 38 ਮਿੰਟ ’ਤੇ ਉਡਾਨ ਭਰੀ ਸੀ ਅਤੇ ਦੋ ਮਿੰਟ ਬਾਅਦ ਹੀ 1 ਵੱਜ ਕੇ 40 ਮਿੰਟ ’ਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਤੋਂ ਤੁਰੰਤ ਬਾਅਦ ਪੂਰੇ ਇਲਾਕੇ ਵਿਚ ਧੂੰਆਂ ਫੈਲ ਗਿਆ ਸੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਂਝੀ ਕੀਤੀ ਜਾਣਕਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼  

ਭਾਰਤ ਵਿਚ ਜਾਤੀ ਜਨਗਣਨਾ ਕਰਵਾਉਣ ਲਈ ਅਧਿਕਾਰਤ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਗਿਆ ਹੈ। ਇਹ ਜਨਗਣਨਾ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ। ਇਸ ਲਈ ਮੋਬਾਈਲ ਐਪਸ ਤਿਆਰ ਕੀਤੇ ਜਾਣਗੇ ਅਤੇ ਇਸ ਵਿਚ ਜਨਗਣਨਾ ਨਾਲ ਸੰਬੰਧਿਤ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਹ ਐਪਸ 16 ਭਾਸ਼ਾਵਾਂ ਵਿਚ ਉਪਲਬਧ ਹੋਣਗੇ। ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸਾਂਝੀ ਕੀਤੀ ਗਈ। ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਦੀ ਆਬਾਦੀ ਦੀ ਜਨਗਣਨਾ ਸਾਲ 2027 ਦੌਰਾਨ ਕੀਤੀ ਜਾਵੇਗੀ। ਇਸ ਲਈ ਇਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ, ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਰਫ਼ ਨਾਲ ਢਕੇ ਗੈਰ-ਸਮਕਾਲੀ ਖੇਤਰਾਂ ਵਿਚ ਜਨਗਣਨਾ 1 ਅਕਤੂਬਰ, 2026 ਤੋਂ ਸ਼ੁਰੂ ਹੋਵੇਗੀ। ਦੇਸ਼ ਦੇ ਬਾਕੀ ਹਿੱਸਿਆਂ ਵਿਚ ਇਹ ਪ੍ਰਕਿਰਿਆ 1 ਮਾਰਚ, 2027 ਤੋਂ ਸ਼ੁਰੂ ਹੋਣੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਪੋਸਟ ਸਾਂਝੀ ਕਰਕੇ ਕਿਹਾ ਸੀ ਕਿ 16ਵੀਂ ਜਨਗਣਨਾ ਵਿਚ ਪਹਿਲੀ ਵਾਰ ਜਾਤੀ ਗਣਨਾ ਸ਼ਾਮਿਲ ਹੋਵੇਗੀ।

  

 

ਪੰਜ ਵਾਰ ਸੰਸਦ ਮੈਂਬਰ ਅਤੇ ਤਿੰਨ ਵਾਰ ਵਿਧਾਇਕ ਰਹੇ ਹਨ ਲਕਸ਼ਮਣ ਸਿੰਘ

ਨਵੀਂ ਦਿੱਲੀ/ਬਿਊਰੋ ਨਿਊਜ਼  

ਕਾਂਗਰਸ ਪਾਰਟੀ ਨੇ ਅੱਜ ਮੱਧ ਪ੍ਰਦੇਸ਼ ਦੇ ਸਾਬਕਾ ਵਿਧਾਇਕ ਲਕਸ਼ਮਣ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਛੇ ਸਾਲਾਂ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਹੈ। ਲਕਸ਼ਮਣ ਸਿੰਘ ਸੀਨੀਅਰ ਕਾਂਗਰਸ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਦੇ ਭਰਾ ਹਨ। ਕਾਂਗਰਸ ਪਾਰਟੀ ਦੀ ਅਨੁਸ਼ਾਸਨੀ ਕਾਰਵਾਈ ਕਮੇਟੀ ਦੇ ਮੈਂਬਰ ਸਕੱਤਰ ਤਾਰਿਕ ਅਨਵਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਮੱਧ ਪ੍ਰਦੇਸ਼ ਦੇ ਸਾਬਕਾ ਵਿਧਾਇਕ ਲਕਸ਼ਮਣ ਸਿੰਘ ਨੂੰ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਤੁਰੰਤ ਪ੍ਰਭਾਵ ਨਾਲ ਛੇ ਸਾਲਾਂ ਲਈ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਹੈ। ਧਿਆਨ ਰਹੇ ਕਿ ਲਕਸ਼ਮਣ ਸਿੰਘ ਮੱਧ ਪ੍ਰਦੇਸ਼ ਤੋਂ ਪੰਜ ਵਾਰ ਸੰਸਦ ਮੈਂਬਰ ਅਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ।

ਜਹਾਜ਼ ’ਚ ਬੰਬ ਹੋਣ ਦੀ ਮਿਲੀ ਸੀ ਸੂਚਨਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਥਾਈਲੈਂਡ ਦੇ ਫੁਕੇਟ ਇੰਟਰਨੈਸ਼ਨਲ ਏਅਰਪੋਰਟ ’ਤੇ ਏਅਰ ਇੰਡੀਆ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਜਹਾਜ਼ ਵਿਚ ਬੰਬ ਹੋਣ ਦੀ ਸੂਚਨਾ ਮਿਲੀ ਸੀ ਅਤੇ ਇਸ ਜਹਾਜ਼ ਵਿਚ 156 ਵਿਅਕਤੀ ਸਵਾਰ ਸਨ। ਇਹ ਉਡਾਨ ਫੁਕੇਟ ਤੋਂ ਦਿੱਲੀ ਆ ਰਹੀ ਸੀ। ਥਾਈਲੈਂਡ ਏਅਰਪੋਰਟ ਦੇ ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਲੈਂਡ ਕਰਨ ਮਗਰੋਂ ਸੁਰੱਖਿਆ ਪ੍ਰੋਟੋਕਾਲ ਮੁਤਾਬਕ ਯਾਤਰੀਆਂ ਨੂੰ ਫਲਾਈਟ ਵਿਚੋਂ ਬਾਹਰ ਕੱਢਿਆ ਗਿਆ ਹੈ।   

 

ਕਰੋਨਾ ਕੇਸਾਂ ’ਚ ਦਿਨੋ-ਦਿਨ ਹੋ ਰਿਹਾ ਵਾਧਾ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ ਵੀ ਵਧਣ ਲੱਗੀ ਹੈ। ਇਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਵਾਲੇ ਸਾਰੇ ਮੰਤਰੀਆਂ ਲਈ ਕਰੋਨਾ ਟੈਸਟ ਕਰਵਾਉਣ ਲਾਜ਼ਮੀ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਜਾਣਕਾਰੀ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ  ਸਾਹਮਣੇ ਆਈ ਹੈ। ਧਿਆਨ ਰਹੇ ਕਿ ਦੇਸ਼ ਭਰ ਵਿਚ ਕਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 7 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ਅਤੇ ਲੰਘੇ 24 ਘੰਟਿਆਂ ਦੌਰਾਨ 300 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਅਨੁਸਾਰ ਕਰੋਨਾ ਦੇ ਨਵੇਂ ਵੈਰੀਐਂਟ ਨਾਲ 74 ਮੌਤਾਂ ਵੀ ਹੋਈਆਂ ਹਨ। ਕਰੋਨਾ ਦੇ ਸਭ ਤੋਂ ਵੱਧ  2223 ਮਾਮਲੇ ਕੇਰਲ ’ਚ ਹਨ, ਜਦੋਂ ਕਿ ਗੁਜਰਾਤ ਵਿਚ ਇਹ ਗਿਣਤੀ 1223 ਹੈ। ਇਸੇ ਤਰ੍ਹਾਂ ਦਿੱਲੀ ਵਿਚ 757 ਵਿਅਕਤੀ ਕਰੋਨਾ ਵਾਇਰਸ ਨਾਲ ਪੀੜਤ ਹਨ।

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਵਿਚ ਜਹਾਜ਼ ਹਾਦਸੇ ਵਾਲੀ ਜਗ੍ਹਾ ’ਤੇ ਪਹੁੰਚੇ। ਇਸ ਤੋਂ ਬਾਅਦ ਪੀਐਮ ਮੋਦੀ ਹਸਪਤਾਲ ਵੀ ਗਏ ਅਤੇ ਉਨ੍ਹਾਂ ਨੇ ਹਾਦਸੇ ਵਿਚ ਇਕੋ-ਇਕ ਜਿੰਦਾ ਬਚੇ ਭਾਰਤੀ ਮੂਲ ਦੇ ਬਿ੍ਰਟਿਸ਼ ਨਾਗਰਿਕ ਰਮੇਸ਼ ਵਿਸ਼ਵਾਸ ਕੁਮਾਰ ਅਤੇ ਹੋਰ ਜ਼ਖ਼ਮੀ ਵਿਅਕਤੀਆਂ ਨਾਲ ਵੀ ਗੱਲਬਾਤ ਕੀਤੀ ਹੈ। ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਅਹਿਮਦਾਬਾਦ ਵਿਚ ਹੋਏ ਹਵਾਈ ਹਾਦਸੇ ਤੋਂ ਦੁਖੀ ਹਾਂ। ਦਿਲ ਦਹਿਲਾ ਦੇਣ ਵਾਲੇ ਢੰਗ ਨਾਲ ਇੰਨੀਆਂ ਜਾਨਾਂ ਦਾ ਨੁਕਸਾਨ ਸ਼ਬਦਾਂ ਤੋਂ ਪਰ੍ਹੇ ਹੈ। ਉਨ੍ਹਾਂ ਸਾਰੇ ਦੁਖੀ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ। ਪੀਐਮ ਨੇ ਕਿਹਾ ਕਿ ਅਸੀਂ ਪੀੜਤ ਪਰਿਵਾਰਾਂ ਦੇ ਦਰਦ ਨੂੰ ਸਮਝਦੇ ਹਾਂ ਅਤੇ ਇਹ ਵੀ ਜਾਣਦੇ ਹਾਂ ਕਿ ਪਿੱਛੇ ਛੱਡਿਆ ਗਿਆ ਖਲਾਅ ਆਉਣ ਵਾਲੇ ਸਾਲਾਂ ਤੱਕ ਮਹਿਸੂਸ ਕੀਤਾ ਜਾਵੇਗਾ। ਪੀਐਮ ਨੇ ਇਸ ਘਟਨਾ ਤੋਂ ਬਾਅਦ ਅਣਥੱਕ ਮਿਹਨਤ ਕਰ ਰਹੇ ਅਧਿਕਾਰੀਆਂ ਅਤੇ ਟੀਮਾਂ ਨਾਲ ਵੀ ਮੁਲਾਕਾਤ ਕੀਤੀ। ਪੀਐਮ ਨੇ ਕਿਹਾ ਕਿ ਸਾਡੀਆਂ ਭਾਵਨਾਵਾਂ ਉਨ੍ਹਾਂ ਲੋਕਾਂ ਨਾਲ ਹਨ, ਜਿਨ੍ਹਾਂ ਨੇ ਇਸ ਕਲਪਨਾਯੋਗ ਦੁਖਾਂਤ ਵਿਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।

 

ਝੁੱਗੀ-ਝੌਂਪੜੀ ਵਾਲਿਆਂ ਨੂੰ ਮਿਲਣ ਪੁੱਜੀ ਸੀ ਆਤਿਸ਼ੀ

ਨਵੀਂ ਦਿੱਲੀ/ਬਿਊਰੋ ਨਿਊਜ਼   

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਅੱਜ ਡੀ.ਡੀ.ਏ. ਦੀ ਬੁਲਡੋਜ਼ਰ ਕਾਰਵਾਈ ਤੋਂ ਪਹਿਲਾਂ ਕਾਲਕਾਜੀ ਦੇ ਬੇਜ਼ਮੀਨੇ ਕੈਂਪ ਵਿਚ ਝੁੱਗੀ-ਝੌਂਪੜੀਆਂ ਵਾਲਿਆਂ ਨੂੰ ਮਿਲਣ ਪਹੁੰਚੀ। ਸਾਬਕਾ ਸੀਐਮ ਆਤਿਸ਼ੀ ਨੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਡੀ.ਡੀ.ਏ. ਦੀ ਕਾਰਵਾਈ ਦਾ ਵਿਰੋਧ ਕੀਤਾ। ਆਤਿਸ਼ੀ ਨੇ ਕਿਹਾ ਕਿ ਦੋ ਦਿਨ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਸੀ ਕਿ ਇਕ ਵੀ ਝੁੱਗੀ-ਝੌਂਪੜੀ ਨਹੀਂ ਢਾਈ ਜਾਵੇਗੀ ਅਤੇ ਅੱਜ ਦੇਖੋ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਹੈ ਅਤੇ ਕੱਲ੍ਹ ਨੂੰ ਇੱਥੇ ਬੁਲਡੋਜ਼ਰ ਚਲਾਏ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ ਝੁੱਗੀ-ਝੌਂਪੜੀਆਂ ਵਾਲਿਆਂ ਨਾਲ ਝੂਠੇ ਵਾਅਦੇ ਕਰਦੀ ਹੈ ਅਤੇ ਉਨ੍ਹਾਂ ਨੂੰ ਸੜਕ ’ਤੇ ਲਿਆਉਣਾ ਚਾਹੁੰਦੀ ਹੈ। ਇਸ ਤੋਂ ਬਾਅਦ, ਪੁਲਿਸ ਨੇ ਆਤਿਸ਼ੀ ਨੂੰ ਹਿਰਾਸਤ ਵਿਚ ਲੈ ਲਿਆ।

 

241 ਤੋਂ ਇਲਾਵਾ 24 ਹੋਰ ਵਿਅਕਤੀਆਂ ਦੀ ਵੀ ਗਈ ਹੈ ਜਾਨ

ਅਹਿਮਦਾਬਾਦ/ਬਿਊਰੋ ਨਿਊਜ਼  

ਏਅਰ ਇੰਡੀਆ ਨੇ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਉਡਾਣ ਵਿਚ ਸਵਾਰ 241 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਹਾਦਸੇ ਵਿਚ ਕਈ ਵਿਅਕਤੀ ਏਨੀ ਬੁਰੀ ਤਰ੍ਹਾਂ ਝੁਲਸ ਗਏ ਹਨ ਕਿ ਉਨ੍ਹਾਂ ਦੀ ਪਹਿਚਾਣ ਕਰਨੀ ਮੁਸ਼ਕਲ ਹੈ। ਧਿਆਨ ਰਹੇ ਕਿ ਏਅਰ ਇੰਡੀਆ ਦਾ ਜਹਾਜ਼ ਲੰਘੇ ਕੱਲ੍ਹ ਵੀਰਵਾਰ ਨੂੰ ਉਡਾਨ ਭਰਨ ਤੋਂ ਕੁਝ ਮਿੰਟਾਂ ਦੇ ਅੰਦਰ ਹੀ ਕਰੈਸ਼ ਹੋ ਗਿਆ ਸੀ। ਇਸ ਜਹਾਜ਼ ਵਿਚ 242 ਯਾਤਰੀ ਸਵਾਰ ਸਨ ਅਤੇ ਹਾਦਸੇ ਦੌਰਾਨ 241 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਸਿਰਫ ਇਕ ਵਿਅਕਤੀ ਹੀ ਜਿੰਦਾ ਬਚਿਆ ਹੈ। ਧਿਆਨ ਰਹੇ ਕਿ ਇਸ ਜਹਾਜ਼ ਵਿਚ 230 ਯਾਤਰੀ ਅਤੇ ਅਮਲੇ ਦੇ 12 ਮੈਂਬਰ ਸਵਾਰ ਸਨ। ਇਸ ਭਿਆਨਕ ਹਾਦਸੇ ਵਿਚ 241 ਯਾਤਰੀਆਂ ਤੋਂ ਇਲਾਵਾ 24 ਹੋਰ ਵਿਅਕਤੀਆਂ ਦੀ ਵੀ ਜਾਨ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਜਹਾਜ਼ ਕੈ੍ਰਸ਼ ਹੋਣ ਤੋਂ ਬਾਅਦ ਮੈਡੀਕਲ ਕਾਲਜ ਦੇ ਹੋਸਟਲ ’ਤੇ ਜਾ ਡਿੱਗਿਆ ਸੀ। ਉਸ ਵੇਲੇ ਵਿਦਿਆਰਥੀ ਹੋਸਟਲ ਵਿਚ ਖਾ ਰਹੇ ਸਨ। ਹਾਦਸੇ ਤੋਂ ਬਾਅਦ ਹੋਸਟਲ ਵਿਚ ਖਾਣੇ ਦੀਆਂ ਪਲੇਟਾਂ ਇੱਧਰ ਉਧਰ ਖਿੱਲਰੀਆਂ ਦੇਖੀਆਂ ਗਈਆਂ।  ਮੰਨਿਆ ਜਾ ਰਿਹਾ ਹੈ ਕਿ ਹੋਸਟਲ ਵਿਚ ਜਿਹੜੇ 24 ਵਿਅਕਤੀਆਂ ਦੀ ਜਾਨ ਗਈ ਹੈ, ਉਨ੍ਹਾਂ ਵਿਚ ਮੈਡੀਕਲ ਦੇ ਵਿਦਿਆਰਥੀ ਅਤੇ ਸਟਾਫ ਦੇ ਮੈਂਬਰ ਸ਼ਾਮਲ ਹੋ ਸਕਦੇ ਹਨ। 

 

 

ਰਾਜਨੀਤੀ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ ਨਵਜੋਤ ਸਿੱਧੂ

ਚੰਡੀਗੜ੍ਹ/ਬਿਊਰੋ ਨਿਊਜ਼  

ਨਵਜੋਤ ਸਿੰਘ ਸਿੱਧੂ ‘ਦ ਗਰੇਟ ਇੰਡੀਅਨ ਕਪਿਲ ਸ਼ੋਅ’ ਦੇ ਤੀਜੇ ਸੀਜ਼ਨ ਵਿਚ ਐਂਟਰੀ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਨੇ ਰਾਜਨੀਤੀ ਤੋਂ ਦੂਰੀ ਵੀ ਬਣਾ ਲਈ ਹੈ। ਇਸਦੇ ਚੱਲਦਿਆਂ ਹਾਸਿਆਂ ਦੀ ਰਾਣੀ ਕਹੀ ਜਾਂਦੀ ਅਰਚਨਾ ਪੂਰਨ ਸਿੰਘ ਨੂੰ ਆਪਣੀ ਕੁਰਸੀ ਦੀ ਚਿੰਤਾ ਹੋਣ ਲੱਗੀ ਹੈ। ਹਾਲ ਹੀ ਵਿਚ ਨੈਟਫਲਿਕਸ ਵਲੋਂ ਜਾਰੀ ਕੀਤੇ ਗਏ ਪ੍ਰੀਮੀਅਰ ਵਿਚ ‘ਸਿੱਧੂ ਵਾਪਸ ਆ ਗਏ ਓਏ’ ਦੀ ਤਸਵੀਰ ਸਾਂਝੀ ਕੀਤੀ ਹੈ। ਸਟ੍ਰੀਮਿੰਗ ਪਲੇਟਫਾਰਮ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਕ ਵੀਡੀਓ ਦੇ ਨਾਲ ਇਹ ਐਲਾਨ ਸਾਂਝਾ ਕੀਤਾ। ਨੈਟਫਲਿੱਕਸ ਦੇ ਇਸ ਸ਼ੋਅ ਵਿਚ ਸਿੱਧੂ ਜੱਜ ਵਜੋਂ ਪਹਿਲੀ ਵਾਰ ਆ ਰਹੇ ਹਨ। ਇਸ ਤੋਂ ਪਹਿਲਾਂ ਸਿੱਧੂ 2013 ਤੋਂ 2016 ਦੇ ਵਿਚਕਾਰ ‘ਕਾਮੇਡੀ ਨਾਈਟਸ ਵਿੱਦ ਕਪਿਲ’ ਵਿਚ ਸਥਾਈ ਮਹਿਮਾਨ ਸਨ। ਇਸੇ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਸ਼ੋਅ ਵਿਚ ਵਾਪਸੀ ਘਰ ਵਾਪਸ ਆਉਣ ਵਰਗਾ ਮਹਿਸੂਸ ਹੋ ਰਿਹਾ ਹੈ ਅਤੇ ਇਸ ਸ਼ੋਅ ਦਾ ਹਿੱਸਾ ਬਣਨ ’ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।  ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦਾ ਤੀਜਾ ਸੀਜ਼ਨ 21 ਜੂਨ ਨੂੰ ਨੈਟਫਲਿਕਸ ’ਤੇ ਆ ਰਿਹਾ ਹੈ। 

 

ਅਹਿਮਦਾਬਾਦ ਏਅਰਪੋਰਟ ’ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਹਿਮਦਾਬਾਦ ’ਚ ਵਾਪਰੇ ਜਹਾਜ਼ ਹਾਦਸੇ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਤੇ ਫਿਲਮੀ ਹਸਤੀਆਂ  ਵਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਏਅਰ ਇੰਡੀਆ ਦੇ ਚੇਅਰਮੈਨ ਐਨ. ਚੰਦਰਸੇਖਰਨ ਨੇ ਵੀ ਜਹਾਜ਼ ਹਾਦਸੇ ’ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅਹਿਮਦਾਬਾਦ ਪਹੁੰਚ ਗਏ ਹਨ। ਇਸ ਦੇ ਚੱਲਦਿਆਂ ਅਹਿਮਦਾਬਾਦ ਏਅਰਪੋਰਟ ’ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਹਾਦਸੇ ਵਿਚ ਕਈ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਨ੍ਹਾਂ ਦੀ ਪਹਿਚਾਣ ਕਰਨੀ ਮੁਸ਼ਕਲ ਹੋ ਰਹੀ ਹੈ।     

 

ਚਨਾਬ ਦਰਿਆ ’ਤੇ ਬਣਿਆ ਹੈ ਇਹ ਰੇਲਵੇ ਪੁਲ

ਜੰਮੂ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੀ ਆਪਣੀ ਫੇਰੀ ਦੌਰਾਨ ਵਿਸ਼ਵ ਦੇ ਸਭ ਤੋਂ ਉਚੇ ਰੇਲਵੇ ਆਰਚ ਪੁਲ ‘ਚਨਾਬ ਪੁਲ’ ਦਾ ਉਦਘਾਟਨ ਕੀਤਾ ਗਿਆ। ਚਨਾਬ ਦਰਿਆ ’ਤੇ 359 ਮੀਟਰ ਦੀ ਉਚਾਈ ’ਤੇ ਬਣਿਆ ਇਹ ਪੁਲ ਪੈਰਿਸ ਦੇ ਆਈਫਲ ਟਾਵਰ ਤੋਂ 35 ਮੀਟਰ ਉਚਾ ਹੈ। ਇਹ ਪੁਲ ਬਣਨ ’ਤੇ 35 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਪੁਲ ਰਾਹੀਂ ਪਹਿਲੀ ਯਾਤਰੀ ਰੇਲਗੱਡੀ ਦਿੱਲੀ ਤੋਂ ਚੱਲੇਗੀ ਅਤੇ ਕੱਟੜਾ ਰਾਹੀਂ ਸ੍ਰੀਨਗਰ ਪਹੁੰਚੇਗੀ। ਪਹਿਲਗਾਮ ਦਹਿਸ਼ਤੀ ਹਮਲੇ ਤੇ ਅਪਰੇਸ਼ਨ ਸਿੰਦੂਰ ਤਹਿਤ ਭਾਰਤੀ ਫੌਜ ਦੀ ਜਵਾਬੀ ਕਾਰਵਾਈ ਮਗਰੋਂ ਪ੍ਰਧਾਨ ਮੰਤਰੀ ਦਾ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦਾ ਇਹ ਪਹਿਲਾ ਦੌਰਾ ਹੈ। ਇਸ ਮੌਕੇ ਮੋਦੀ ਨੇ ਪਹਿਲੀ ਦਿੱਲੀ-ਸ੍ਰੀਨਗਰ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਵੀ ਦਿਖਾਈ। ਇਹ ਪਹਿਲੀ ਰੇਲਗੱਡੀ ਹੈ ਜੋ ਵਾਦੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਕਟੜਾ ਵਿਚ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.