ਤੇਲ-ਗੈਸ ਸਪਲਾਈ ਰੁਕੀ, ਫੈਕਟਰੀਆਂ ਠੱਪ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਵਿਚ ਲੰਘੀ 28 ਫਰਵਰੀ ਤੋਂ ਸ਼ੁਰੂ ਹੋਇਆ ਯੁੱਧ ਏਸ਼ੀਆ-ਪ੍ਰਸ਼ਾਂਤ ਇਲਾਕੇ ’ਤੇ ਉਮੀਦ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਅਸਰ ਪਾ ਰਿਹਾ ਹੈ। ਇਸਦੇ ਚੱਲਦਿਆਂ ਸ਼ੁਰੂਆਤ ਵਿਚ ਲੱਗਿਆ ਸੀ ਕਿ ਤੇਲ ਅਤੇ ਗੈਸ ਦੀ ਕਮੀ ਦਾ ਅਸਰ ਹੌਲੀ-ਹੌਲੀ ਦਿਸੇਗਾ, ਪਰ ਹਕੀਕਤ ਵਿਚ ਕਈ ਦੇਸ਼ਾਂ ਦੀ ਅਰਥ ਵਿਵਸਥਾ ਅਤੇ ਆਮ ਜ਼ਿੰਦਗੀ ’ਤੇ ਅਚਾਨਕ ਵੱਡਾ ਝਟਕਾ ਲੱਗਾ ਹੈ। ਕਈ ਮਾਹਿਰ ਇਸਦੀ ਤੁਲਣਾ ਕੋਵਿਡ ਜਿਹੇ ਵੱਡੇ ਸੰਕਟ ਨਾਲ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭਾਵੇਂ ਜਲਦ ਹੀ ਸਮਝੌਤਾ ਹੋ ਜਾਵੇ, ਪਰ ਇਸ ਪੂਰੇ ਖੇਤਰ ’ਤੇ ਇਸਦਾ ਅਸਰ ਲੰਬੇ ਸਮੇਂ ਤੱਕ ਰਹਿਣ ਵਾਲਾ ਹੈ। ਆਉਣ ਵਾਲੇ ਮਹੀਨਿਆਂ ਵਿਚ ਉਡਾਣਾਂ ਰੱਦ ਹੋਣ, ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ, ਫੈਕਟਰੀਆਂ ਠੱਪ, ਸਮਾਨ ਦੀ ਸਪਲਾਈ ਵਿਚ ਦੇਰੀ ਅਤੇ ਬਜ਼ਾਰਾਂ ਵਿਚ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਮਿਡਲ ਈਸਟ ਦੇ ਰਸਤਿਆਂ ਤੋਂ ਵਪਾਰ ਕੁਝ ਹੋਰ ਹਫਤਿਆਂ ਤੱਕ ਪ੍ਰਭਾਵਿਤ ਰਿਹਾ ਤਾਂ ਕਈ ਦੇਸ਼ਾਂ ਦੇ ਆਰਥਿਕ ਹਾਲਾਤ ਵਿਗੜ ਸਕਦੇ ਹਨ।


