Monday, 20 April 2026

 

ਰਾਜਨੀਤੀ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ ਨਵਜੋਤ ਸਿੱਧੂ

ਚੰਡੀਗੜ੍ਹ/ਬਿਊਰੋ ਨਿਊਜ਼  

ਨਵਜੋਤ ਸਿੰਘ ਸਿੱਧੂ ‘ਦ ਗਰੇਟ ਇੰਡੀਅਨ ਕਪਿਲ ਸ਼ੋਅ’ ਦੇ ਤੀਜੇ ਸੀਜ਼ਨ ਵਿਚ ਐਂਟਰੀ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਨੇ ਰਾਜਨੀਤੀ ਤੋਂ ਦੂਰੀ ਵੀ ਬਣਾ ਲਈ ਹੈ। ਇਸਦੇ ਚੱਲਦਿਆਂ ਹਾਸਿਆਂ ਦੀ ਰਾਣੀ ਕਹੀ ਜਾਂਦੀ ਅਰਚਨਾ ਪੂਰਨ ਸਿੰਘ ਨੂੰ ਆਪਣੀ ਕੁਰਸੀ ਦੀ ਚਿੰਤਾ ਹੋਣ ਲੱਗੀ ਹੈ। ਹਾਲ ਹੀ ਵਿਚ ਨੈਟਫਲਿਕਸ ਵਲੋਂ ਜਾਰੀ ਕੀਤੇ ਗਏ ਪ੍ਰੀਮੀਅਰ ਵਿਚ ‘ਸਿੱਧੂ ਵਾਪਸ ਆ ਗਏ ਓਏ’ ਦੀ ਤਸਵੀਰ ਸਾਂਝੀ ਕੀਤੀ ਹੈ। ਸਟ੍ਰੀਮਿੰਗ ਪਲੇਟਫਾਰਮ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਕ ਵੀਡੀਓ ਦੇ ਨਾਲ ਇਹ ਐਲਾਨ ਸਾਂਝਾ ਕੀਤਾ। ਨੈਟਫਲਿੱਕਸ ਦੇ ਇਸ ਸ਼ੋਅ ਵਿਚ ਸਿੱਧੂ ਜੱਜ ਵਜੋਂ ਪਹਿਲੀ ਵਾਰ ਆ ਰਹੇ ਹਨ। ਇਸ ਤੋਂ ਪਹਿਲਾਂ ਸਿੱਧੂ 2013 ਤੋਂ 2016 ਦੇ ਵਿਚਕਾਰ ‘ਕਾਮੇਡੀ ਨਾਈਟਸ ਵਿੱਦ ਕਪਿਲ’ ਵਿਚ ਸਥਾਈ ਮਹਿਮਾਨ ਸਨ। ਇਸੇ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਸ਼ੋਅ ਵਿਚ ਵਾਪਸੀ ਘਰ ਵਾਪਸ ਆਉਣ ਵਰਗਾ ਮਹਿਸੂਸ ਹੋ ਰਿਹਾ ਹੈ ਅਤੇ ਇਸ ਸ਼ੋਅ ਦਾ ਹਿੱਸਾ ਬਣਨ ’ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।  ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦਾ ਤੀਜਾ ਸੀਜ਼ਨ 21 ਜੂਨ ਨੂੰ ਨੈਟਫਲਿਕਸ ’ਤੇ ਆ ਰਿਹਾ ਹੈ। 

 

25 ਮਈ ਨੂੰ ਖੋਲ੍ਹੇ ਗਏ ਸਨ ਗੁਰਦੁਆਰਾ ਸਾਹਿਬ ਦੇ ਕਿਵਾੜ

ਅੰਮਿ੍ਰਤਸਰ/ਬਿਊਰੋ ਨਿਊਜ਼ 

ਉੱਤਰਾਖੰਡ ਵਿੱਚ ਕਰੀਬ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਲਗਾਤਾਰ ਬਰਫਬਾਰੀ ਦੇ ਬਾਵਜੂਦ ਸੰਗਤਾਂ ਵਿੱਚ ਸਲਾਨਾ ਯਾਤਰਾ ਪ੍ਰਤੀ ਭਾਰੀ ਉਤਸ਼ਾਹ ਹੈ। ਪਿਛਲੇ 8 ਦਿਨਾਂ ਦੌਰਾਨ 30 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਹਨ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਪਿਛਲੇ 3-4 ਦਿਨਾਂ ਤੋਂ ਰੁਕ ਰੁਕ ਕੇ ਬਰਫਾਰੀ ਜਾਰੀ ਹੈ, ਜਿਸ ਕਾਰਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਚਿੱਟੀ ਚਾਦਰ ਵਿਛ ਗਈ ਹੈ । ਉਨ੍ਹਾਂ ਕਿਹਾ ਕਿ ਮੌਸਮ ਭਾਵੇਂ ਖਰਾਬ ਹੈ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਸੰਗਤਾ ਦਰਸ਼ਨਾਂ ਲਈ ਪੁੱਜ ਰਹੀਆਂ ਹਨ। ਧਿਆਨ ਰਹੇ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ 25 ਮਈ ਨੂੰ ਖੋਲੇ੍ਹ ਗਏ ਸਨ।

ਚਨਾਬ ਦਰਿਆ ’ਤੇ ਬਣਿਆ ਹੈ ਇਹ ਰੇਲਵੇ ਪੁਲ

ਜੰਮੂ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੀ ਆਪਣੀ ਫੇਰੀ ਦੌਰਾਨ ਵਿਸ਼ਵ ਦੇ ਸਭ ਤੋਂ ਉਚੇ ਰੇਲਵੇ ਆਰਚ ਪੁਲ ‘ਚਨਾਬ ਪੁਲ’ ਦਾ ਉਦਘਾਟਨ ਕੀਤਾ ਗਿਆ। ਚਨਾਬ ਦਰਿਆ ’ਤੇ 359 ਮੀਟਰ ਦੀ ਉਚਾਈ ’ਤੇ ਬਣਿਆ ਇਹ ਪੁਲ ਪੈਰਿਸ ਦੇ ਆਈਫਲ ਟਾਵਰ ਤੋਂ 35 ਮੀਟਰ ਉਚਾ ਹੈ। ਇਹ ਪੁਲ ਬਣਨ ’ਤੇ 35 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਪੁਲ ਰਾਹੀਂ ਪਹਿਲੀ ਯਾਤਰੀ ਰੇਲਗੱਡੀ ਦਿੱਲੀ ਤੋਂ ਚੱਲੇਗੀ ਅਤੇ ਕੱਟੜਾ ਰਾਹੀਂ ਸ੍ਰੀਨਗਰ ਪਹੁੰਚੇਗੀ। ਪਹਿਲਗਾਮ ਦਹਿਸ਼ਤੀ ਹਮਲੇ ਤੇ ਅਪਰੇਸ਼ਨ ਸਿੰਦੂਰ ਤਹਿਤ ਭਾਰਤੀ ਫੌਜ ਦੀ ਜਵਾਬੀ ਕਾਰਵਾਈ ਮਗਰੋਂ ਪ੍ਰਧਾਨ ਮੰਤਰੀ ਦਾ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦਾ ਇਹ ਪਹਿਲਾ ਦੌਰਾ ਹੈ। ਇਸ ਮੌਕੇ ਮੋਦੀ ਨੇ ਪਹਿਲੀ ਦਿੱਲੀ-ਸ੍ਰੀਨਗਰ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਵੀ ਦਿਖਾਈ। ਇਹ ਪਹਿਲੀ ਰੇਲਗੱਡੀ ਹੈ ਜੋ ਵਾਦੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਕਟੜਾ ਵਿਚ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। 

ਕਿਰਨ ਰਿਜੀਜੂ ਨੇ ਕਿਹਾ : ਸਰਕਾਰ ਨਿਯਮਾਂ ਤਹਿਤ ਚਰਚਾ ਲਈ ਤਿਆਰ

ਨਵੀਂ ਦਿੱਲੀ/ਬਿਊਰੋ ਨਿਊਜ਼  

ਭਾਰਤੀ ਸੰਸਦ ਦਾ ਮਾਨਸੂਨ ਇਜਲਾਸ 21 ਜੁਲਾਈ ਤੋਂ ਸ਼ੁਰੂ ਹੋ ਕੇ 12 ਅਗਸਤ ਤੱਕ ਚਲੇਗਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਅੱਜ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਤੀਜੀ ਟਰਮ ਦਾ ਇਹ ਪਹਿਲਾ ਸੰਸਦੀ ਇਜਲਾਸ ਹੋਵੇਗਾ। ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਨਿਯਮਾਂ ਦੇ ਤਹਿਤ ਇਜਲਾਸ ਵਿਚ ਕਿਸੇ ਵੀ ਵਿਸ਼ੇ ’ਤੇ ਚਰਚਾ ਲਈ ਤਿਆਰ ਹੈ। ਨਾਲ ਹੀ ਦੱਸਿਆ ਗਿਆ ਕਿ ਇਜਲਾਸ ਦੌਰਾਨ ਜਸਟਿਸ ਵਰਮਾ ਦੇ ਖਿਲਾਫ ਮਹਾਂਦੋਸ਼ ਦਾ ਮਤਾ ਵੀ ਪੇਸ਼ ਹੋ ਸਕਦਾ ਹੈ। ਅਗਾਮੀ ਮਾਨਸੂਨ ਇਜਲਾਸ ਅਪਰੇਸ਼ਨ ਸਿੰਧੂਰ ਤੋਂ ਬਾਅਦ ਪਹਿਲਾ ਸੰਸਦੀ ਇਜਲਾਸ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਫੌਜ ਵਲੋਂ ਅਪਰੇਸ਼ਨ ਸਿੰਦੂਰ 7 ਮਈ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਦੇ ਜਵਾਬ ਵਿਚ ਸ਼ੁਰੂ ਕੀਤਾ ਗਿਆ ਸੀ। 

 

ਨਵੀਂ ਦਿੱਲੀ/ਬਿਊਰੋ ਨਿਊਜ਼   

ਭਾਰਤ ਵਿਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸਿਹਤ ਵਿਭਾਗ ਦੇ ਮੁਤਾਬਕ ਪਿਛਲੇ 20 ਦਿਨਾਂ ਵਿਚ ਕਰੋਨਾ ਕੇਸਾਂ ਦੀ ਗਿਣਤੀ ਵਿਚ 58 ਗੁਣਾ ਵਾਧਾ ਹੋਇਆ ਹੈ। ਦੱਸਿਆ ਗਿਆ ਕਿ ਦੇਸ਼ ਭਰ ਵਿਚ 16 ਮਈ ਨੂੰ ਕੋਵਿਡ ਦੇ 93 ਐਕਟਿਵ ਮਾਮਲੇ ਸਨ, ਜਿਨ੍ਹਾਂ ਦੀ ਗਿਣਤੀ ਹੁਣ 5364 ਦਰਜ ਕੀਤੀ ਗਈ ਹੈ। ਫਿਕਰ ਵਾਲੀ ਗੱਲ ਇਹ ਹੈ ਕਿ ਕੋਵਿਡ ਹੁਣ ਦੇਸ਼ ਦੇ ਸਾਰੇ ਸੂਬਿਆਂ ’ਚ ਫੈਲ ਗਿਆ ਹੈ। ਲੰਘੇ 24 ਘੰਟਿਆਂ ਵਿਚ 500 ਦੇ ਕਰੀਬ ਮਾਮਲੇ ਆਏ ਹਨ ਅਤੇ ਕੇਰਲ ਵਿਚ ਸਭ ਤੋਂ ਜ਼ਿਆਦਾ 1679 ਮਾਮਲੇ ਹਨ। ਇਸ ਤੋਂ ਬਾਅਦ ਗੁਜਰਾਤ ’ਚ 615, ਪੱਛਮੀ ਬੰਗਾਲ ਵਿਚ 596, ਦਿੱਲੀ ਵਿਚ 592 ਅਤੇ ਮਹਾਰਾਸ਼ਟਰ ਵਿਚ 548 ਮਾਮਲੇ ਦਰਜ ਕੀਤੇ ਗਏ। ਇਹ ਵੀ ਦੱਸਿਆ ਕਿ ਕਰੋਨਾ ਨਾਲ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ 55 ਮੌਤਾਂ ਹੋ ਚੁੱਕੀਆਂ ਹਨ।  

 

4300 ਤੋਂ ਵੱਧ ਐਕਟਿਵ ਮਾਮਲੇ ਅਤੇ ਹੁਣ ਤੱਕ 40 ਤੋਂ ਵੱਧ ਮੌਤਾਂ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਭਰ ਵਿਚ ਕਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ 4300 ਤੋਂ ਟੱਪ ਚੁੱਕੀ ਹੈ। ਇਹ ਮਾਮਲੇ 27 ਸੂਬਿਆਂ ਅਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ’ਚ ਸਾਹਮਣੇ ਆਏ ਹਨ। ਕਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ 1373 ਮਾਮਲੇ ਕੇਰਲ ਵਿਚ ਹਨ ਅਤੇ ਮਹਾਰਾਸ਼ਟਰ 510 ਮਾਮਲਿਆਂ ਨਾਲ ਦੂਜੇ ਨੰਬਰ ਹੈ। ਕਰੋਨਾ ਦੇ ਨਵੇਂ ਵੈਰੀਐਂਟ ਨਾਲ ਜਨਵਰੀ ਮਹੀਨੇ ਤੋਂ ਹੁਣ ਤੱਕ ਦੇਸ਼ ਵਿਚ 44 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿਚੋਂ 37 ਮਰੀਜ਼ਾਂ ਦੀ ਮੌਤ ਪਿਛਲੇ 5 ਦਿਨਾਂ ਦੌਰਾਨ ਹੋਈ ਹੈ। ਹਿਮਾਚਲ ਪ੍ਰਦੇਸ਼ ਵਿਚ ਵੀ ਕਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਸਦੇ ਚੱਲਦਿਆਂ ਹਿਮਾਚਲ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰਕੇ ਸਾਰੇ ਹਸਪਤਾਲਾਂ ਵਿਚ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ। ਇਸਦੇ ਚੱਲਦਿਆਂ ਕੇਰਲ ਸਰਕਾਰ ਨੇ ਨਵੀਆਂ ਗਾਈਡ ਲਾਈਨਜ਼ ਦੇ ਤਹਿਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਮੌਕ ਡਰਿੱਲ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਪੰਜਾਬ ਵਿਚ ਵੀ ਹੁਣ ਤੱਕ ਕਰੋਨਾ ਦੇ ਨਵੇਂ ਵੈਰੀਐਂਟ ਦੇ 12 ਮਾਮਲੇ ਆ ਚੁੱਕੇ ਹਨ। 

 

 

ਮੁੰਬਈ/ਬਿਊਰੋ ਨਿਊਜ਼ 

ਮਹਿੰਗਾਈ ਦਰ ਵਿਚ ਨਰਮੀ ਦਰਮਿਆਨ ਭਾਰਤੀ ਰਿਜ਼ਰਵ ਬੈਂਕ ਨੇ ਅੱਜ ਸ਼ੁੱਕਰਵਾਰ ਨੂੰ ਘਰੇਲੂ ਅਰਥਚਾਰੇ ਨੂੰ ਰਫਤਾਰ ਦੇਣ ਦੇ ਇਰਾਦੇ ਨਾਲ ਪ੍ਰਮੁੱਖ ਨੀਤੀਗਤ ਵਿਆਜ ਦਰ ਰੈਪੋ ਨੂੰ 0.5 ਫੀਸਦ ਘਟਾ ਕੇ 5.5 ਫੀਸਦ ਕਰ ਦਿੱਤਾ ਹੈ। ਆਲਮੀ ਪੱਧਰ ’ਤੇ ਜਾਰੀ ਬੇਯਕੀਨੀ ਦਰਮਿਆਨ ਕੇਂਦਰੀ ਬੈਂਕ ਨੇ ਇਹ ਕਦਮ ਚੁੱਕਿਆ ਹੈ। ਇਸ ਨਾਲ ਹਾਊਸਿੰਗ ਤੇ ਹੋਰ ਕਰਜ਼ੇ ਸਸਤੇ ਹੋਣਗੇ। ਆਰ.ਬੀ.ਆਈ. ਗਵਰਨਰ ਸੰਜੈ ਮਲਹੋਤਰਾ ਨੇ ਮੁਦਰਾ ਨੀਤੀ ਦੀ ਸਮੀਖਿਆ ਲਈ ਦੋ ਮਹੀਨਿਆਂ ਵਿਚ ਇਕ ਵਾਰ ਹੋਣ ਵਾਲੀ ਮੀਟਿੰਗ ਉਪਰੰਤ ਕਿਹਾ ਕਿ ਮੁਦਰਾ ਨੀਤੀ ਕਮੇਟੀ ਦੀ 6 ਮੈਂਬਰੀ ਕਮੇਟੀ ਨੇ ਰੈਪੋ ਦਰ ਵਿਚ ਕਟੌਤੀ ਦਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਰੈਪੋ ਉਹ ਵਿਆਜ ਦਰ ਹੈ, ਜਿਸ ਉੱਤੇ ਵਾਪਰਕ ਬੈਂਕ ਆਪਣੀਆਂ ਤੱਤਕਾਲੀ ਲੋੜਾਂ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈਂਦੇ ਹਨ। ਰੈਪੋ ਦਰ ਵਿਚ ਕਟੌਤੀ ਦਾ ਮਤਲਬ ਹੈ ਕਿ ਮਕਾਨ ਸਮੇਤ ਵੱਖ-ਵੱਖ ਕਰਜ਼ਿਆਂ ’ਤੇ ਮਾਸਿਕ ਕਿਸ਼ਤ ਵਿਚ ਕਮੀ ਆ ਸਕਦੀ ਹੈ। 

 

ਭਿ੍ਰਸ਼ਟਾਚਾਰ ਵਿਰੋਧੀ ਬਿਊਰੋ ਨੇ ਜੈਨ ਨੂੰ 6 ਜੂਨ ਤੇ ਸਿਸੋਦੀਆ ਨੂੰ 9 ਜੂਨ ਨੂੰ ਬੁਲਾਇਆ

ਨਵੀਂ ਦਿੱਲੀ/ਬਿਊਰੋ ਨਿਊਜ਼  

ਦਿੱਲੀ ਦੇ ਸਾਬਕਾ ਮੰਤਰੀਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਭਿ੍ਰਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਨੇ ਸੰਮਨ ਜਾਰੀ ਕੀਤਾ ਹੈ। ਜੈਨ ਅਤੇ ਸਿਸੋਦੀਆ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਕਲਾਸਰੂਮਾਂ ਦੀ ਉਸਾਰੀ ਵਿਚ ਕਥਿਤ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਸੰਮਨ ਜਾਰੀ ਹੋਏ ਹਨ। ਇਸਦੇ ਚੱਲਦਿਆਂ ਸਤੇਂਦਰ ਜੈਨ ਨੂੰ 6 ਜੂਨ ਅਤੇ ਮਨੀਸ਼ ਸਿਸੋਦੀਆ ਨੂੰ 9 ਜੂਨ ਨੂੰ ਏ.ਸੀ.ਬੀ. ਦਫਤਰ ਬੁਲਾਇਆ ਗਿਆ ਹੈ। ਇਹ ਮਾਮਲਾ 12,748 ਕਲਾਸਰੂਮਾਂ ਅਤੇ ਇਮਾਰਤਾਂ ਦੀ ਉਸਾਰੀ ਵਿਚ 2000 ਕਰੋੜ ਰੁਪਏ ਦੇ ਕਥਿਤ ਘੁਟਾਲੇ ਨਾਲ ਸੰਬੰਧਿਤ ਹੈ। ਭਿ੍ਰਸ਼ਟਾਚਾਰ ਵਿਰੋਧੀ ਸ਼ਾਖਾ ਵਲੋਂ ਕਿਹਾ ਗਿਆ ਹੈ ਕਿ ਦਿੱਲੀ ਵਿਚ ‘ਆਪ’ ਸਰਕਾਰ ਦੇ ਰਾਜ ਦੌਰਾਨ 12,748 ਕਲਾਸਰੂਮਾਂ ਅਤੇ ਇਮਾਰਤਾਂ ਦੀ ਉਸਾਰੀ ਵਿਚ 2,000 ਕਰੋੜ ਰੁਪਏ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਇਹ ਪ੍ਰੋਜੈਕਟ ਕਥਿਤ ਤੌਰ ’ਤੇ ਆਮ ਆਦਮੀ ਪਾਰਟੀ ਨਾਲ ਜੁੜੇ ਕੁਝ ਠੇਕੇਦਾਰਾਂ ਨੂੰ ਦਿੱਤਾ ਗਿਆ ਸੀ ਅਤੇ ਜਿਸ ’ਚ ਵੱਡੀ ਪੱਧਰ ’ਤੇ ਵਿੱਤੀ ਬੇਨਿਯਮੀਆਂ ਕੀਤੀਆਂ ਗਈਆਂ ਹਨ।

 

ਚੰਡੀਗੜ੍ਹ : 5 ਜੂਨ 2025 ਨੂੰ, ਵਾਤਾਵਰਣ ਸੁਰੱਖਿਅਤ ਗਤੀਵਿਧੀ (ਪੀਐਸਜੀ-ਪੰਜਾਬ) ਦੀ ਅਧਿਕਾਰਤ ਵੈੱਬਸਾਈਟ ਸਟੇਟ ਕਨਵੀਨਰ ਸ੍ਰੀ ਪ੍ਰਵੀਨ ਕੁਮਾਰ ਵਲੋਂ ਲਾਂਚ ਕੀਤੀ ਗਈ। ਇਸ ਮੌਕੇ ’ਤੇ ਹਿਮਾਚਲ ਪ੍ਰਦੇਸ਼, ਪੰਜਾਬ, ਪੰਜਾਬ ਯੂਨੀਵਰਸਿਟੀ ਅਤੇ ਹਰਿਆਣਾ ਦੇ ਉੱਘੇ ਵਾਤਾਵਰਣ ਮਾਹਿਰਾਂ ਦੇ ਨਾਲ ਪੀਐਸਜੀ ਟੀਮ ਦੇ ਮੈਂਬਰ ਵੀ ਹਾਜ਼ਰ ਸਨ। ਇਹ ਵੈੱਬਸਾਈਟ ਵਾਤਾਵਰਣ ਸੰਭਾਲ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਪਾਣੀ ਸੰਭਾਲ, ਜੰਗਲੀ ਜੀਵ ਸੰਭਾਲ, ਜੈਵ ਵਿਭਿੰਨਤਾ, ਜੰਗਲ ਸੰਭਾਲ, ਊਰਜਾ ਸੰਭਾਲ ਅਤੇ ਰਹਿੰਦ-ਖੂੰਹਦ ਪ੍ਰਬੰਧਨ ਨੂੰ ਸਮਰਪਿਤ ਹੈ। ਇਸਦਾ ਉਦੇਸ਼ ਆਮ ਨਾਗਰਿਕਾਂ, ਵਿਦਿਆਰਥੀਆਂ, ਗੈਰ-ਸਰਕਾਰੀ ਸੰਗਠਨਾਂ ਅਤੇ ਸੰਸਥਾਵਾਂ ਨੂੰ ਵਾਤਾਵਰਣ ਜਾਗਰੂਕਤਾ ਅਤੇ ਟਿਕਾਊ ਵਿਕਾਸ ਵੱਲ ਪ੍ਰੇਰਿਤ ਕਰਨਾ ਹੈ। ਇਹ ਇੱਕ ਅਜਿਹਾ ਪਲੇਟਫਾਰਮ ਹੈ ਜੋ ਨਾ ਸਿਰਫ਼ ਗਿਆਨ ਪ੍ਰਦਾਨ ਕਰਦਾ ਹੈ ਬਲਕਿ ਸਮਾਜ ਨੂੰ ਹਰੇ ਅਤੇ ਸੁਰੱਖਿਅਤ ਭਵਿੱਖ ਵੱਲ ਲੈ ਜਾਣ ਦਾ ਰਸਤਾ ਵੀ ਦਿਖਾਉਂਦਾ ਹੈ। 

ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ’ਤੇ, ਪੀਐਸਜੀ-ਪੰਜਾਬ ਨੇ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਰੁੱਖ ਲਗਾਉਣ ਦੀਆਂ ਮੁਹਿੰਮਾਂ ਦਾ ਆਯੋਜਨ ਕੀਤਾ। ਡੇਰਾਬੱਸੀ ਦੇ ਜੀਬੀਪੀ ਰਿਵਰਸਾਈਡ ਵਿਊ ਵਿਖੇ, ਭਾਰਤ ਵਿਕਾਸ ਪ੍ਰੀਸ਼ਦ - ਵਿਵੇਕਾਨੰਦ ਟਰੱਸਟ ਅਧੀਨ ਪ੍ਰੋਜੈਕਟ ਚੇਅਰਮੈਨ ਸ੍ਰੀ ਉਪੇਸ਼ ਬਾਂਸਲ ਅਤੇ ਸ੍ਰੀ ਹਰਭਜਨ ਸਿੰਘ ਦੀ ਅਗਵਾਈ ਹੇਠ ਸਥਾਨਕ ਵਲੰਟੀਅਰਾਂ ਵਲੋਂ ਸੈਂਕੜੇ ਪੌਦੇ ਲਗਾਏ ਗਏ। ਚੰਡੀਗੜ੍ਹ ਦੇ ਸੈਕਟਰ 43ਏ ਵਿੱਚ, ਸਥਾਨਕ ਨਿਵਾਸੀਆਂ ਨੇ ਪਾਰਕ ਖੇਤਰ ਵਿੱਚ ਰੁੱਖ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੇਵਾ ਭਾਰਤੀ ਅਤੇ ਪੀਐਸਜੀ-ਪੰਜਾਬ ਨੇ ਬੱਚਿਆਂ ਨੂੰ ਪੌਦੇ ਵੰਡੇ ਤਾਂ ਜੋ ਉਨ੍ਹਾਂ ਵਿੱਚ ਵੀ ਕੁਦਰਤ ਪ੍ਰਤੀ ਪਿਆਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋ ਸਕੇ।

ਏਸ਼ੀਆ ਪੈਸੀਫਿਕ ਇੰਸਟੀਚਿਊਟ ਅਤੇ ਪੀਐਸਜੀ-ਪੰਜਾਬ ਦੇ ਸਾਂਝੇ ਯਤਨਾਂ ਨਾਲ ਪੀਟੀਯੂ ਕੈਂਪਸ, ਮੋਹਾਲੀ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਸਥਾਨਕ ਵਿਅਕਤੀਆਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ। ਸ੍ਰੀ ਤਰਸੇਮ ਗੋਇਲ ਦੀ ਅਗਵਾਈ ਹੇਠ ਵਿਕਾਸ ਨਗਰ ਇੰਡਸਟਰੀਅਲ ਏਰੀਆ, ਪੰਚਕੂਲਾ ਵਿਖੇ 100 ਪੌਦੇ ਲਗਾਏ ਗਏ। ਇਹ ਮੁਹਿੰਮ ਸ਼੍ਰੀਮਤੀ ਕਿਰਨ ਗੋਇਲ ਦੇ ਜਨਮਦਿਨ ਨੂੰ ਸਮਰਪਿਤ ਸੀ, ਜਿਸ ਨੇ ਇਸ ਸਮਾਗਮ ਨੂੰ ਇੱਕ ਨਿੱਜੀ ਅਤੇ ਭਾਵਨਾਤਮਕ ਪਹਿਲੂ ਦਿੱਤਾ। ਇਸ ਤੋਂ ਇਲਾਵਾ, ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਚਿਊਟਸ, ਡੇਰਾ ਬੱਸੀ ਅਤੇ ਕੋਰ ਮੈਟਲ ਕਰਾਫਟ ਲਿਮਟਿਡ ਵਿਖੇ ਕੂੜਾ ਪ੍ਰਬੰਧਨ ’ਤੇ ਵਿਸ਼ੇਸ਼ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਵਰਕਸ਼ਾਪਾਂ ਵਿੱਚ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਕੂੜੇ ਦੀਆਂ ਕਿਸਮਾਂ, ਇਸਦੀ ਮੁੜ ਵਰਤੋਂ ਅਤੇ ਇਸਨੂੰ ਰਚਨਾਤਮਕ ਉਤਪਾਦਾਂ ਵਿੱਚ ਬਦਲਣ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਵਾਤਾਵਰਣ ਦੀ ਜ਼ਿੰਮੇਵਾਰੀ ਨੂੰ ਜੀਵਨ ਦਾ ਹਿੱਸਾ ਬਣਾਉਣਾ ਸੀ। ਪੀਐਸਜੀ-ਪੰਜਾਬ ਨੇ ਸਾਰੇ ਨਾਗਰਿਕਾਂ ਨੂੰ ਆਪਣੇ ਜਨਮਦਿਨ, ਵਰ੍ਹੇਗੰਢ ਜਾਂ ਧਾਰਮਿਕ ਮੌਕਿਆਂ ’ਤੇ ਘੱਟੋ-ਘੱਟ ਇੱਕ ਰੁੱਖ ਲਗਾਉਣ ਅਤੇ ਇਸਦੀ ਨਿਯਮਿਤ ਤੌਰ ’ਤੇ ਦੇਖਭਾਲ ਕਰਨ ਦੀ ਅਪੀਲ ਕੀਤੀ ਹੈ। ਇਹ ਛੋਟਾ ਜਿਹਾ ਯਤਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਰਾ, ਸਾਫ਼ ਅਤੇ ਸੁਰੱਖਿਅਤ ਭਵਿੱਖ ਦੇਣ ਵੱਲ ਇੱਕ ਵੱਡਾ ਕਦਮ ਬਣ ਸਕਦਾ ਹੈ। ਪੀਐਸਜੀ ਦੀ ਇਹ ਨਿਰੰਤਰ ਮੁਹਿੰਮ ਨਾ ਸਿਰਫ਼ ਕੁਦਰਤ ਦੀ ਸੰਭਾਲ ਵੱਲ ਇੱਕ ਕਦਮ ਹੈ, ਸਗੋਂ ਸਕਾਰਾਤਮਕ ਚੇਤਨਾ ਦਾ ਪ੍ਰਤੀਕ ਵੀ ਹੈ ਜੋ ਸਮਾਜ ਨੂੰ ਇਕਜੁੱਟ ਕਰਦੀ ਹੈ।    

 

 

 

  

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਕੀਤੀ ਸਾਂਝੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪਾਕਿਸਤਾਨ ਲਈ ਜਸੂਸੀ ਦੇ ਆਰੋਪ ਵਿਚ ਯੂਟਿਊਬਰ ਜਸਬੀਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਵਲੋਂ ਸਾਂਝੀ ਕੀਤੀ ਗਈ। ਜਾਣਕਾਰੀ ਅਨੁਸਾਰ ਜਸਬੀਰ ਸਿੰਘ ਜ਼ਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਯੂਟਿਊਬ ਚੈਨਲ ‘ਜਾਨ ਮਾਹਲ’ ਉਤੇ 10 ਲੱਖ ਤੋਂ ਵੱਧ ਸਬਸਕ੍ਰਾਇਬਰ ਹਨ। ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਜਸਬੀਰ ਸਿੰਘ ਏਜੰਟ ਹਸਨ ਅਲੀ ਦੇ ਸੰਪਰਕ ਵਿਚ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਹਰਿਆਣਾ ਤੋਂ ਗਿ੍ਰਫਤਾਰ ਯੂਟਿਊਬਰ ਜੋਤੀ ਮਲਹੋਤਰਾ ਅਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ ਦਾਨਿਸ਼ ਨਾਲ ਵੀ ਸੰਪਰਕ ਵਿਚ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜਸਬੀਰ ਨੇ ਦਾਨਿਸ਼ ਦੇ ਸੱਦੇ ’ਤੇ ਦਿੱਲੀ ਵਿਚ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਸਮਾਗਮ ਵਿਚ ਵੀ ਸ਼ਿਰਕਤ ਕੀਤੀ ਸੀ, ਜਿਥੇ ਉਹ ਪਾਕਿਸਤਾਨੀ ਸੈਨਾ ਦੇ ਅਧਿਕਾਰੀਆਂ ਤੇ ਬਲੌਗਰਾਂ ਨੂੰ ਮਿਲਿਆ ਸੀ। ਇਹ ਵੀ ਦੱਸਿਆ ਗਿਆ ਕਿ ਉਸ ਨੇ ਤਿੰਨ ਵਾਰ ਪਾਕਿਸਤਾਨ ਦੀ ਯਾਤਰਾ ਵੀ ਕੀਤੀ ਤੇ ਉਸ ਦੇ ਤਕਨੀਕੀ ਡਿਵਾਇਸਾਂ ਵਿਚ ਕਈ ਪਾਕਿਸਤਾਨ ਆਧਾਰਿਤ ਨੰਬਰ ਸਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ।

ਆਰ.ਸੀ.ਬੀ. ਦੀ ਟੀਮ ਨੇ ਜਿੱਤਿਆ ਸੀ ਆਈ.ਪੀ.ਐਲ. ਦਾ ਫਾਈਨਲ

ਨਵੀਂ ਦਿੱਲੀ/ਬਿਊਰੋ ਨਿਊਜ਼   

ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੀ ਕ੍ਰਿਕਟ ਟੀਮ ਨੇ ਲੰਘੇ ਕੱਲ੍ਹ ਆਈਪੀਐਲ ਟੂਰਨਾਮੈਂਟ ਵਿਚ ਪੰਜਾਬ ਕਿੰਗਜ਼ ਦੀ ਟੀਮ ਨੂੰ ਫਾਈਨਲ ਮੈਚ ਵਿਚ ਹਰਾ ਕੇ ਜਿੱਤ ਹਾਸਲ ਕੀਤੀ ਸੀ। ਇਸ ਦੇ ਚੱਲਦਿਆਂ ਅੱਜ ਬੈਂਗਲੁਰੂ ਵਿਚ ਟੀਮ ਦੀ ਵਿਕਟਰੀ ਪਰੇਡ ਦੌਰਾਨ ਭਗਦੜ ਮਚ ਗਈ ਅਤੇ ਇਸ ਭਗਦੜ ਵਿਚ 3 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੀਡੀਆ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਵਿਕਟਰੀ ਪਰੇਡ ਦੌਰਾਨ 50 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਇਕੱਠੇ ਹੋ ਗਏ ਸਨ। ਇਸ ਭਗਦੜ ਦੌਰਾਨ ਕਈ ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਹੋਈ ਹੈ। 

ਕੇਰਲਾ ਸੂਬਾ ਸਭ ਤੋਂ ਜ਼ਿਆਦਾ ਹੋਇਆ ਪ੍ਰਭਾਵਿਤ 

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਵਿੱਚ ਕਰੋਨਾ ਐਕਟਿਵ ਮਾਮਲਿਆਂ ਦੀ ਗਿਣਤੀ 4 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕਰੋਨਾ ਨਾਲ ਕੇਰਲਾ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਬਾਅਦ ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ ਹਨ। ਭਾਰਤ ਵਿੱਚ ਕਰੋਨਾ ਨਾਲ ਲੰਘੇ 24 ਘੰਟਿਆਂ ਵਿੱਚ 5 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ ਕਰੋਨਾ ਵਾਇਰਸ ਨਾਲ 37 ਮੌਤਾਂ ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਰੋਨਾ ਨੂੰ ਲੈ ਕੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਪਰ ਸਾਵਧਾਨੀਆਂ ਜ਼ਰੂਰ ਵਰਤੀਆਂ ਜਾਣ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.