Monday, 20 April 2026

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਦੇ ਸਾਰੇ ਹਵਾਈ ਅੱਡਿਆਂ ਤੋਂ ਉਡਾਣਾਂ ਹੋਈਆਂ ਸ਼ੁਰੂ

ਚੰਡੀਗੜ੍ਹ/ਬਿਊਰੋ ਨਿਊਜ਼ 

ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਅੱਜ ਸੋਮਵਾਰ ਨੂੰ 9 ਸੂਬਿਆਂ ਦੇ 32 ਹਵਾਈ ਅੱਡੇ ਖੋਲ੍ਹ ਦਿੱਤੇ ਗਏ ਹਨ। ਏਅਰ ਲਾਈਨਜ਼ ਕੰਪਨੀਆਂ ਵਲੋਂ ਯਾਤਰੀਆਂ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਧਿਆਨ ਰਹੇ ਕਿ ਲੰਘੀ 9 ਮਈ ਤੋਂ ਇਨ੍ਹਾਂ ਹਵਾਈ ਅੱਡਿਆਂ ਤੋਂ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਏਅਰ ਪੋਰਟ ਅਥਾਰਿਟੀ ਆਫ ਇੰਡੀਆ ਨੇ ਪ੍ਰੈਸ ਰਿਲੀਜ਼ ਦੇ ਜਰੀਏ ਹਵਾਈ ਅੱਡੇ ਖੋਲ੍ਹਣ ਸਬੰਧੀ ਜਾਣਕਾਰੀ ਦਿੱਤੀ ਹੈ। ਯਾਤਰੀਆਂ ਨੂੰ ਫਲਾਈਟਾਂ ਦੀ ਜਾਣਕਾਰੀ ਦੇ ਲਈ ਏਅਰ ਲਾਈਨਜ਼ ਕੰਪਨੀਆਂ ਦੀਆਂ ਵੈਬਸਾਈਟਾਂ ਦੇਖਣ ਲਈ ਕਿਹਾ ਗਿਆ ਹੈ। ਇਸਦੇ ਚੱਲਦਿਆਂ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਵੀ ਸਾਰੇ ਹਵਾਈ ਅੱਡੇ ਖੋਲ੍ਹ ਦਿੱਤੇ ਗਏ ਹਨ। ਧਿਆਨ ਰਹੇ ਕਿ ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ 7 ਮਈ ਨੂੰ ਪਾਕਿਸਤਾਨ ’ਤੇ ਏਅਰ ਸਟਰਾਈਕ ਕੀਤੀ ਸੀ ਅਤੇ ਪਾਕਿਸਤਾਨ ਨੇ ਵੀ ਭਾਰਤ ਦੇ ਸਰਹੱਦੀ ਇਲਾਕਿਆਂ ’ਚ ਮਿਜ਼ਾਈਲਾਂ ਸੁੱਟੀਆਂ ਸਨ। ਇਸਦੇ ਚੱਲਦਿਆਂ ਸਿਵਲ ਏਵੀਏਸ਼ਨ ਮੰਤਰਾਲੇ ਨੇ 10 ਮਈ ਨੂੰ 9 ਸੂਬਿਆਂ ਦੇ 32 ਹਵਾਈ ਅੱਡਿਆਂ ਨੂੰ ਬੰਦ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤਾ ਸੀ। ਹੁਣ ਜੰਗਬੰਦੀ ਹੋਣ ਤੋਂ ਬਾਅਦ ਇਨ੍ਹਾਂ ਸਾਰੇ ਹਵਾਈ ਅੱਡਿਆਂ ਤੋਂ ਉਡਾਣਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। 

ਹੁਣ 13 ਅਗਸਤ ਨੂੰ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੁਪਰੀਮ ਕੋਰਟ ਨੇ ਅੱਜ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ ਨੂੰ ਹੱਲ ਕਰਨ ਲਈ ਕੇਂਦਰ ਨਾਲ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ ਹੈ। ਮਾਨਯੋਗ ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਅਗਸਟੀਨ ਜਾਰਜ ਮਸੀਹ ਦੇ ਬੈਂਚ ਨੂੰ ਕੇਂਦਰ ਨੇ ਸੂਚਿਤ ਕੀਤਾ ਕਿ ਇਸ ਮੁੱਦੇ ਨੂੰ ਸੁਚਾਰੂ ਢੰਗ ਨਾਲ ਹੱਲ ਕਰਨ ਲਈ ਉਸ ਨੇ ਪਹਿਲਾਂ ਹੀ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ। ਬੈਂਚ ਨੇ ਕਿਹਾ ਕਿ ਅਸੀਂ ਦੋਵਾਂ ਸੂਬਿਆਂ ਨੂੰ ਇਕ ਸੁਚਾਰੂ ਹੱਲ ’ਤੇ ਪਹੁੰਚਣ ਲਈ ਕੇਂਦਰ ਨਾਲ ਸਹਿਯੋਗ ਕਰਨ ਦਾ ਨਿਰਦੇਸ਼ ਦਿੰਦੇ ਹਾਂ। ਬੈਂਚ ਨੇ ਕਿਹਾ ਕਿ ਜੇਕਰ ਉਦੋਂ ਤੱਕ ਇਸਦਾ ਹੱਲ ਨਹੀਂ ਹੁੰਦਾ ਤਾਂ ਉਹ 13 ਅਗਸਤ ਨੂੰ ਮਾਮਲੇ ਦੀ ਸੁਣਵਾਈ ਕਰੇਗਾ।

 

ਭਾਰਤ ਤੇ ਪਾਕਿ ਵਿਚਾਲੇ ਚੱਲ ਰਹੇ ਟਕਰਾਅ ਦੌਰਾਨ ਲਿਆ ਗਿਆ ਫੈਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਤੇ ਪਾਕਿਸਤਾਨ ਵਿਚ ਜਾਰੀ ਫੌਜੀ ਟਕਰਾਅ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਐਡੀਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਦਿੱੱਤਾ ਗਿਆ ਹੈ। ਬੀਸੀਸੀਆਈ ਅਧਿਕਾਰੀ ਨੇ ਹਾਈ ਪ੍ਰੋਫਾਈਲ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੇਸ਼ ਵਿਚ ਜੰਗ ਲੱਗੀ ਹੋਣ ਦੇ ਬਾਵਜੂਦ ਕਿ੍ਰਕਟ ਚੱਲਦਾ ਰਹੇ, ਇਹ ਚੰਗਾ ਨਹੀਂ ਲੱਗਦਾ। ਉਂਝ ਇਹ ਲੀਗ ਅਧਿਕਾਰਤ ਤੌਰ ’ਤੇ 25 ਮਈ ਨੂੰ ਕੋਲਕਾਤਾ ਵਿੱਚ ਖਤਮ ਹੋਣੀ ਸੀ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਧਰਮਸ਼ਾਲਾ ਵਿਖੇ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਦੇ ਖਿਡਾਰੀਆਂ ਵਿਚਾਲੇ ਖੇਡਿਆ ਜਾ ਰਿਹਾ ਕ੍ਰਿਕਟ ਮੈਚ ਵੀ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ। ਆਈਪੀਐਲ ਦੇ ਮੈਚਾਂ ਦੀ ਮੁਅੱਤਲੀ ਦੇ ਸਮੇਂ 12 ਲੀਗ ਮੈਚ ਅਤੇ ਚਾਰ ਨਾਕਆਊਟ ਮੈਚ ਖੇਡੇ ਜਾਣੇ ਬਾਕੀ ਸਨ, ਜਿਨ੍ਹਾਂ ਵਿੱਚ ਕੋਲਕਾਤਾ ਵਿੱਚ ਖੇਡਿਆ ਜਾਣ ਵਾਲਾ ਫਾਈਨਲ ਵੀ ਸ਼ਾਮਲ ਸੀ।  

ਯੁੱਧ ਦੇ ਦੌਰਾਨ ਬਚਾਅ ਦੇ ਦੱਸੇ ਜਾਣਗੇ ਤਰੀਕੇ

ਚੰਡੀਗੜ੍ਹ/ਬਿਊਰੋ ਨਿਊਜ਼       

ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਚੱਲਦਿਆਂ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਪ੍ਰਭਾਵਸ਼ਾਲੀ ਨਾਗਰਿਕ ਰੱਖਿਆ ਦਾ ਮੁਲਾਂਕਣ ਕਰਨ ਲਈ ਭਲਕੇ 7 ਮਈ ਨੂੰ ਦੇਸ਼ ਭਰ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕਰਨ ਦੇ ਆਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਨੇ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਓਡੀਸ਼ਾ ਅਤੇ ਪੱਛਮੀ ਬੰਗਾਲ ਸਣੇ 244 ਜ਼ਿਲ੍ਹਿਆਂ ਵਿਚ ਭਲਕੇ ਬੁੱਧਵਾਰ ਨੂੰ ਇਕ ਦੇਸ਼ ਵਿਆਪੀ ਨਾਗਰਿਕ ਰੱਖਿਆ ਮੌਕ ਡਰਿੱਲ ਦਾ ਐਲਾਨ ਕੀਤਾ। ਚੰਡੀਗੜ੍ਹ ਅਤੇ ਸ਼ਿਮਲਾ ਵੀ ਇਸ ਡਰਿੱਲ ਦਾ ਹਿੱਸਾ ਹੋਣਗੇ। ਇਸ ਮੌਕ ਡਰਿੱਲ ਦੌਰਾਨ ਯੁੱਧ ਦੇ ਮੌਕੇ ’ਤੇ ਬਚਾਅ ਦੇ ਤਰੀਕੇ ਦੱਸੇ ਜਾਣਗੇ। ਜ਼ਿਕਰਯੋਗ ਹੈ ਕਿ 22 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਵਿੱਚ 26 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਇਸ ਤੋਂ ਬਾਅਦ ਦੇਸ਼ ਭਰ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਪਹਿਲਗਾਮ ’ਚ ਹੋਏ ਹਮਲੇ ਤੋਂ ਤਿੰਨ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਟੈਲੀਜੈਂਸ ਦਾ ਇਨਪੁਟ ਸੀ। ਇਸ ਲਈ ਉਨ੍ਹਾਂ ਨੇ ਆਪਣਾ ਕਸ਼ਮੀਰ ਦੌਰਾ ਰੱਦ ਕਰ ਦਿੱਤਾ, ਪਰ ਆਮ ਲੋਕਾਂ ਦੀ ਸੁਰੱਖਿਆ ਲਈ ਵਿਵਸਥਾ ਨਹੀਂ ਕੀਤੀ।

 

ਜੰਮੂ/ਬਿਊਰੋ ਨਿਊਜ਼

ਬੀਐੱਸਐੱਫ ਨੇ ਜੰਮੂ ਖੇਤਰ ਦੇ ਸਾਂਬਾ ਸੈਕਟਰ ਵਿਚ ਕੌਮਾਂਤਰੀ ਸਰਹੱਦ ਦੇ ਨਾਲ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਮ ਕਰਦੇ ਹੋਏ 7 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਬੀਐੱਸਐੱਫ ਦੇ ਬੁਲਾਰੇ ਨੇ ਕਿਹਾ ਕਿ ਸਾਂਬਾ ਸੈਕਟਰ ਵਿੱਚ ਲੰਘੀ ਰਾਤ ਨੂੰ ਦਹਿਸ਼ਤਗਰਦਾਂ ਦੇ ਇੱਕ ਵੱਡੇ ਸਮੂਹ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਅਤੇ ਜਿਸਦਾ ਪਤਾ ਨਿਗਰਾਨੀ ਗਰਿੱਡ ਵੱਲੋਂ ਲਗਾਇਆ ਗਿਆ। ਦੱਸਿਆ ਗਿਆ ਕਿ ਘੁਸਪੈਠ ਦੀ ਇਸ ਕੋਸ਼ਿਸ਼ ਨੂੰ ਸਫਲ ਬਣਾਉਣ ਲਈ ਪਾਕਿ ਰੇਂਜਰਾਂ ਨੇ  ਚੌਕੀ ਤੋਂ ਗੋਲੀਬਾਰੀ ਵੀ ਕੀਤੀ।  ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਜਵਾਨਾਂ ਨੇ ਘੁਸਪੈਠ ਦੀ ਕੋਸਿਸ਼ ਨੂੰ ਅਸਫਲ ਕਰ ਦਿੱਤਾ ਅਤੇ 7 ਦਹਿਸ਼ਤਗਰਦਾਂ ਨੂੰ ਢੇਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਖੇਤਰ ਵਿੱਚ ਪਹਿਲਾਂ ਵੀ ਘੁਸਪੈਠ ਦੇ ਨਾਲ-ਨਾਲ ਗੋਲੀਬੰਦੀ ਦੀ ਉਲੰਘਣਾ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ।

 

ਸੀਐਮ ਪੁਸ਼ਕਰ ਸਿੰਘ ਧਾਮੀ ਨੇ ਕਿਹਾ : ਸ਼ਰਧਾਲੂਆਂ ਲਈ ਕੀਤੇ ਗਏ ਹਨ ਢੁਕਵੇਂ ਪ੍ਰਬੰਧ

ਨਵੀਂ ਦਿੱਲੀ/ਬਿਊਰੋ ਨਿਊਜ਼

ਚਾਰ ਧਾਮ ਯਾਤਰਾ ਸ਼ੁਰੂ ਹੋਣ ਤੋਂ ਦੋ ਦਿਨ ਬਾਅਦ ਸ਼ਰਧਾਲੂਆਂ ਲਈ ਸ੍ਰੀ ਕੇਦਾਰਨਾਥ ਧਾਮ ਦੇ ਦਰਵਾਜ਼ੇ ਵੀ ਅੱਜ ਸ਼ੁੱਕਰਵਾਰ ਸਵੇਰੇ ਖੋਲ੍ਹ ਦਿੱਤੇ ਗਏ ਹਨ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਇਸ ਮੌਕੇ ’ਤੇ ਮੌਜੂਦ ਸਨ ਅਤੇ ਉਨ੍ਹਾਂ ਸ਼ਰਧਾਲੂਆਂ ਦਾ ਸਵਾਗਤ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਚਾਰ ਧਾਮ ਯਾਤਰਾ 30 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਅਤੇ ਹੁਣ ਭਗਵਾਨ ਬਦਰੀਨਾਥ ਧਾਮ ਦੇ ਦਰਵਾਜ਼ੇ ਵੀ ਸ਼ਰਧਾਲੂਆਂ ਲਈ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਉਤਰਾਖੰਡ ਸਰਕਾਰ ਨੇ ਸ਼ਰਧਾਲੂਆਂ ਲਈ ਸੁਰੱਖਿਅਤ ਯਾਤਰਾ ਯਕੀਨੀ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਢੁਕਵੇਂ ਪ੍ਰਬੰਧ ਕੀਤੇ ਹਨ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ। ਸ੍ਰੀ ਕੇਦਾਰਨਾਥ ਧਾਮ ਵਿਖੇ ਪੂਜਾ ਕਰਨ ਪਹੁੰਚੇ ਸ਼ਰਧਾਲੂਆਂ ’ਤੇ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਇਕ ਭਾਰਤੀ ਫੌਜ ਦੇ ਬੈਂਡ ਨੇ ਸ਼ਰਧਾਲੂਆਂ ਲਈ ਭਗਤੀ ਦੀਆਂ ਧੁਨਾਂ ਵਜਾਈਆਂ। 

ਦਿੱਲੀ ’ਚ ਕਈ ਉਡਾਣਾਂ ਕੀਤੀਆਂ ਗਈਆਂ ਰੱਦ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ-ਪਾਕਿਸਤਾਨ ਤਣਾਅ ਦੇ ਚੱਲਦਿਆਂ 8 ਸੂਬਿਆਂ ਦੇ 29 ਹਵਾਈ ਅੱਡਿਆਂ ਨੂੰ ਭਲਕੇ 10 ਮਈ ਤੱਕ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਸੂਬਿਆਂ ਵਿਚ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਸ਼ਾਮਲ ਹਨ। ਇਸਦੇ ਚੱਲਦਿਆਂ ਦਿੱਲੀ ਦੇ ਹਵਾਈ ਅੱਡੇ ਤੋਂ ਵੀ ਕਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਸ ਨੂੰ ਲੈ ਕੇ ਸਿਵਲ ਐਵੀਏਸ਼ਨ ਵਿਭਾਗ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਹੁਣ ਯਾਤਰੀਆਂ ਨੂੰ ਡਬਲ ਸੁਰੱਖਿਆ ਜਾਂਚ ਵਿਚੋਂ ਗੁਜਰਨਾ ਹੋਵੇਗਾ। ਇਸ ਨੂੰ ਲੈ ਕੇ ਏਅਰ ਇੰਡੀਆ, ਅਕਾਸਾ, ਸਪਾਈਸ ਜੈਟ ਅਤੇ ਇੰਡੀਗੋ ਏਅਰਲਾਈਨ ਨੇ ਯਾਤਰੀਆਂ ਨੂੰ 3 ਘੰਟੇ ਪਹਿਲਾਂ ਏਅਰਪੋਰਟ ’ਤੇ ਪਹੁੰਚਣ ਲਈ ਕਿਹਾ ਹੈ।  

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਸਰਕਾਰ ਜਾਤੀ ਜਨਗਣਨਾ ਕਰਵਾਏਗੀ। ਇਹ ਫੈਸਲਾ ਅੱਜ ਬੁੱਧਵਾਰ ਨੂੰ ਨਵੀਂ ਦਿੱਲੀ ’ਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਲਿਆ ਗਿਆ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਜਾਤੀ ਜਨਗਣਨਾ, ਮੂਲ ਜਨਗਣਨਾ ਵਿਚ ਹੀ ਸ਼ਾਮਲ ਹੋਵੇਗੀ। ਦੱਸਿਆ ਗਿਆ ਕਿ ਜਨਗਣਨਾ ਇਸੇ ਸਾਲ ਸਤੰਬਰ ਮਹੀਨੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ ਪੂਰਾ ਹੋਣ ਵਿਚ ਤਕਰੀਬਨ ਦੋ ਸਾਲ ਲੱਗਣਗੇ। ਇਸਦੇ ਚੱਲਦਿਆਂ ਜੇਕਰ ਸਤੰਬਰ ਮਹੀਨੇ ਤੋਂ ਜਨਗਣਨਾ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਅੰਤਿਮ ਅੰਕੜੇ 2026 ਦੇ ਅਖੀਰ ਜਾਂ 2027 ਦੀ ਸ਼ੁਰੂਆਤ ਵਿਚ ਆਉਣਗੇ।   

  

ਪ੍ਰਧਾਨ ਮੰਤਰੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨਾਲ ਵੀ ਕੀਤੀ ਮੀਟਿੰਗ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਹੈ। ਪੀਐਮ ਨੇ ਉਨ੍ਹਾਂ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ ’ਤੇ ਭਾਰਤੀ ਹਥਿਆਰਬੰਦ ਬਲਾਂ ਦੇ ਸਟੀਕ ਹਮਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਰੇਸ਼ਨ ਸਿੰਦੂਰ ਤੋਂ ਬਾਅਦ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਤੇ ਫਿਰ ਕੇਂਦਰੀ ਕੈਬਨਿਟ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਕੈਬਨਿਟ ਮੀਟਿੰਗ ਵਿਚ ਅਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਮੋਦੀ ਨੇ ਭਾਰਤੀ ਹਥਿਆਰਬੰਦ ਬਲਾਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੌਮੀ ਫੌਜੀ ਪ੍ਰਤੀਕਿਰਿਆ ਦੇ ਟੀਚਿਆਂ, ਢੰਗ ਅਤੇ ਸਮਾਂ ਤੈਅ ਕਰਨ ਲਈ ਹਥਿਆਰਬੰਦ ਬਲਾਂ ਨੂੰ ਪਹਿਲਾਂ ਹੀ ਪੂਰੀ ਖੁੱਲ੍ਹ ਦੇ ਦਿੱਤੀ ਸੀ।    

 

5 ਲੱਖ ਵਾਲਾ ਕਲਾਸ ਰੂਮ 25 ਲੱਖ ’ਚ ਬਣਾਉਣ ਦੇ ਲੱਗੇ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼  

ਭਿ੍ਰਸ਼ਟਾਚਾਰ ਵਿਰੋਧੀ ਸ਼ਾਖਾ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 12,748 ਕਲਾਸਰੂਮਾਂ ਦੀ ਉਸਾਰੀ ਵਿਚ ਕਥਿਤ ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ‘ਆਪ’ ਆਗੂਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਸਾਂਝੀ ਕੀਤੀ। ਭਿ੍ਰਸ਼ਟਾਚਾਰ ਵਿਰੋਧੀ ਸ਼ਾਖਾ ਦਾ ਕਹਿਣਾ ਹੈ ਕਿ ਇਹ ਘੁਟਾਲਾ ਕਰੀਬ 2,000 ਕਰੋੜ ਰੁਪਏ ਦਾ ਹੈ ਅਤੇ ਜਿਸ ਵਿਚ ਬਹੁਤ ਜ਼ਿਆਦਾ ਦਰਾਂ ’ਤੇ ਠੇਕੇ ਦੇਣਾ ਸ਼ਾਮਲ ਹੈ। ਇਸ ਵਿਚ ਕਥਿਤ ਤੌਰ ’ਤੇ 24 ਲੱਖ 86 ਹਜ਼ਾਰ ਰੁਪਏ ਪ੍ਰਤੀ ਕਲਾਸਰੂਮ ਬਣਾਏ ਗਏ ਸਨ, ਜੋ ਕਿ ਆਮ ਲਾਗਤ ਤੋਂ ਕਰੀਬ ਪੰਜ ਗੁਣਾ ਜ਼ਿਆਦਾ ਸੀ। ਇਹ ਪ੍ਰੋਜੈਕਟ ਆਮ ਆਦਮੀ ਪਾਰਟੀ ਨਾਲ ਜੁੜੇ ਠੇਕੇਦਾਰਾਂ ਨੂੰ ਦਿੱਤੇ ਜਾਣ ਦੇ ਆਰੋਪ ਲੱਗੇ ਹਨ।

 

ਪਾਕਿਸਤਾਨ ’ਤੇ ਭਾਰਤ ਨੇ ਦਾਗੀਆਂ 24 ਮਿਜ਼ਾਈਲਾਂ

ਚੰਡੀਗੜ੍ਹ/ਬਿਊਰੋ ਨਿਊਜ਼  

ਭਾਰਤ ਨੇ ਪਾਕਿਸਤਾਨ ਦੇ ਦਹਿਸ਼ਤੀ ਸੰਗਠਨਾਂ ਖਿਲਾਫ ਜਵਾਬੀ ਕਾਰਵਾਈ ਕਰ ਦਿੱਤੀ ਹੈ। ਇੰਡੀਅਨ ਏਅਰਫੋਰਸ ਨੇ ਮੰਗਲਵਾਰ ਦੀ ਅੱਧੀ ਰਾਤ 1 ਵਜੇ ਪਾਕਿਸਤਾਨ ਅਤੇ ਪੀ.ਓ.ਕੇ., ਯਾਨੀ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਹਵਾਈ ਹਮਲਾ ਕੀਤਾ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਨੇ ਪਾਕਿ ’ਤੇ 24 ਮਿਜ਼ਾਈਲਾਂ ਦਾਗੀਆਂ ਹਨ। ਇਸ ਹਮਲੇ ਵਿਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਹਮਲਿਆਂ ਵਿਚ 100 ਤੋਂ ਜ਼ਿਆਦਾ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਭਾਰਤ ਵਲੋਂ ਇਹ ਜਵਾਬੀ ਕਾਰਵਾਈ ਪਹਿਲਗਾਮ ਹਮਲੇ ਤੋਂ 15 ਦਿਨ ਬਾਅਦ ਕੀਤੀ ਗਈ ਹੈ ਅਤੇ ਇਸ ਹਮਲੇ ਨੂੰ ‘ਅਪਰੇਸ਼ਨ ਸਿੰਦੂਰ’ ਦਾ ਨਾਮ ਦਿੱਤਾ ਗਿਆ ਹੈ। ਇਹ ਨਾਮ ਉਨ੍ਹਾਂ ਮਹਿਲਾਵਾਂ ਨੂੰ ਸਮਰਪਿਤ ਹੈ, ਜਿਨ੍ਹਾਂ ਦੇ ਪਤੀਆਂ ਦੀ ਪਹਿਲਗਾਮ ਵਿਚ ਲੰਘੀ 12 ਅਪ੍ਰੈਲ ਨੂੰ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ। ਇਸ ਦੇ ਚੱਲਦਿਆਂ ਭਾਰਤ ਨੇ 7 ਸੂਬਿਆਂ ਦੇ 11 ਹਵਾਈ ਅੱਡਿਆਂ ’ਤੇ ਉਡਾਨਾਂ ਨੂੰ ਰੱਦ ਕਰ ਦਿੱਤਾ ਹੈ। ਸ੍ਰੀਨਗਰ, ਜੰਮੂ, ਲੇਹ, ਚੰਡੀਗੜ੍ਹ, ਬੀਕਾਨੇਰ, ਜੋਧਪੁਰ, ਰਾਜਕੋਟ, ਧਰਮਸ਼ਾਲਾ, ਅੰਮਿ੍ਰਤਸਰ, ਭੁਜ ਅਤੇ ਜਾਮਨਗਰ ਵਿਚ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ। ਇਸਦੇ ਚੱਲਦਿਆਂ ਪੰਜਾਬ ਦੇ ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਅੰਮਿ੍ਰਤਸਰ ਅਤੇ ਗੁਰਦਾਸਪੁਰ ਦੇ ਸਾਰੇ ਸਕੂਲ ਅੱਜ ਬੰਦ ਰਹੇ ਅਤੇ ਪਠਾਨਕੋਟ ਦੇ ਸਾਰੇ ਸਕੂਲ ਅਗਲੇ 72 ਘੰਟਿਆਂ ਤੱਕ ਬੰਦ ਰੱਖਣ ਲਈ ਕਿਹਾ ਗਿਆ ਹੈ। 

ਅਭੈ ਚੌਟਾਲਾ ਨੇ ਕਿਹਾ : ਹਰਿਆਣਾ ਦਾ ਪਾਣੀ ਬੰਦ ਕੀਤਾ ਤਾਂ ਦਿੱਲੀ ਦਾ ਰਾਹ ਬੰਦ ਕਰ ਦਿਆਂਗੇ

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਭਾਖੜਾ ਨਹਿਰ ’ਚੋਂ ਹਰਿਆਣਾ ਨੂੰ ਮਿਲਣ ਵਾਲੇ ਪਾਣੀ ਵਿਚ ਕਟੌਤੀ ਕਰ ਦਿੱਤੀ ਹੈ। ਪੰਜਾਬ ਵਲੋਂ ਹਰਿਆਣਾ ਨੂੰ ਸਾਢੇ 8 ਹਜ਼ਾਰ ਕਿਊਸਿਕ ਦੀ ਜਗ੍ਹਾ ਹੁਣ ਸਿਰਫ 4 ਹਜ਼ਾਰ ਕਿਊਸਿਕ ਪਾਣੀ ਹੀ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਹੁਣ ਦੋਵਾਂ ਸੂਬਿਆਂ ਵਿਚਾਲੇ ਟਕਰਾਅ ਵਧਦਾ ਹੀ ਜਾ ਰਿਹਾ ਹੈ। ਇਸਦੇ ਚੱਲਦਿਆਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਧਾਨ ਅਭੈ ਚੌਟਾਲਾ ਨੇ ਪੰਜਾਬ ਨੂੰ ਚਿਤਾਵਨੀ ਦਿੱਤੀ ਹੈ। ਅਭੈ ਚੌਟਾਲਾ ਨੇ ਕਿਹਾ ਕਿ ਜੇਕਰ ਪੰਜਾਬ, ਹਰਿਆਣਾ ਨੂੰ ਉਸਦੇ ਹਿੱਸੇ ਦਾ ਪਾਣੀ ਨਹੀਂ ਦਿੰਦਾ ਤਾਂ ਅਸੀਂ ਮਜ਼ਬੂਰ ਹੋ ਕੇ ਪੰਜਾਬ ਤੋਂ ਹਰਿਆਣਾ ਰਾਹੀਂ ਦਿੱਲੀ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿਆਂਗੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਵਾਲ ਵੀ ਚੁੱਕੇ ਹਨ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.