Monday, 20 April 2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੋਪ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ

ਵੈਟੀਕਨ ਸਿਟੀ/ਬਿਊਰੋ ਨਿਊਜ਼ 

ਕੈਥੋਲਿਕ ਇਸਾਈ ਧਰਮਗੁਰੂ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿਚ ਵੈਟੀਕਨ ’ਚ ਦਿਹਾਂਤ ਹੋ ਗਿਆ ਹੈ। ਵੈਟੀਕਨ ਦੇ ਮੁਤਾਬਕ ਸਥਾਨਕ ਸਮੇਂ ਅਨੁਸਾਰ ਅੱਜ ਸਵੇਰੇ 7 ਵੱਜ ਕੇ 35 ਮਿੰਟ ’ਤੇ ਪੋਪ ਨੇ ਆਖਰੀ ਸਾਹ ਲਿਆ। ਪੋਪ ਫਰਾਂਸਿਸ ਇਤਿਹਾਸ ਦੇ ਪਹਿਲੇ ਲੈਟਿਨ ਅਮਰੀਕੀ ਪੋਪ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੋਪ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪੋਪ ਪਿਛਲੇ ਕਈ ਮਹੀਨਿਆਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਇਲਾਜ ਲਈ 14 ਫਰਵਰੀ ਨੂੰ ਰੋਮ ਦੇ ਜੇਮੇਲੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੋਪ ਫਰਾਂਸਿਸ 1300 ਸਾਲ ਵਿਚ ਪਹਿਲੇ ਗੈਰ-ਯੂਰਪੀ ਸਨ, ਜਿਨ੍ਹਾਂ ਨੂੰ ਪੋਪ ਚੁਣਿਆ ਗਿਆ ਸੀ।    

 

 

ਲੰਘੇ ਕੱਲ੍ਹ ਹੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਸੀ ਭਾਰਤ

ਨਵੀਂ ਦਿੱਲੀ/ਬਿਊਰੋ ਨਿਊਜ਼

ਕੌਮੀ ਜਾਂਚ ਏਜੰਸੀ ਨੇ 26/11 ਮੁੰਬਈ ਦਹਿਸ਼ਤੀ ਹਮਲਿਆਂ ਦੇ ਸਾਜਿਸ਼ਘਾੜੇ ਤਹੱਵੁਰ ਹੁਸੈਨ ਰਾਣਾ ਨੂੰ 18 ਦਿਨਾਂ ਦੇ ਰਿਮਾਂਡ ਉਤੇ ਲੈ ਲਿਆ ਹੈ। ਐਨ.ਆਈ.ਏ. ਰਾਣਾ ਕੋਲੋਂ ਇਨ੍ਹਾਂ ਹਮਲਿਆਂ ਬਾਰੇ ਮੁਕੰਮਲ ਸਾਜਿਸ਼ ਦਾ ਪਤਾ ਲਾਉਣ ਲਈ ਪੁੱਛਗਿੱਛ ਕਰ ਰਹੀ ਹੈ। ਐਨ.ਆਈ.ਏ. ਨੇ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਮਗਰੋਂ ਲੰਘੀ ਦੇਰ ਰਾਤ ਪਟਿਆਲਾ ਹਾਊਸ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਵਿਚ ਪੇਸ਼ ਕੀਤਾ ਸੀ। ਇਸਦੇ ਚੱਲਦਿਆਂ ਐਨ.ਆਈ.ਏ. ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਜਾਰੀ ਬਿਆਨ ਵਿਚ ਕਿਹਾ ਕਿ ਤਹੱਵੁਰ ਰਾਣਾ ਅਗਲੇ 18 ਦਿਨ ਐਨ.ਆਈ.ਏ. ਦੀ ਹਿਰਾਸਤ ਵਿਚ ਰਹੇਗਾ ਤੇ ਇਸ ਦੌਰਾਨ ਏਜੰਸੀ 2008 ਦੇ ਮੁੰਬਈ ਹਮਲਿਆਂ ਸਬੰਧੀ ਉਸ ਕੋਲੋਂ ਸਵਾਲ ਪੁੱਛੇਗੀ। ਇਨ੍ਹਾਂ ਹਮਲਿਆਂ ਵਿਚ 166 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ। ਜ਼ਿਕਰਯੋਗ ਹੈ ਕਿ ਐਨ.ਆਈ.ਏ. ਨੇ ਕਈ ਸਾਲਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਤੋਂ ਬਾਅਦ ਤਹੱਵੁਰ ਰਾਣਾ ਦੀ ਅਮਰੀਕਾ ਤੋਂ ਹਵਾਲਗੀ ਹਾਸਲ ਕੀਤੀ ਹੈ।

 

ਟੈਕਨਾਲੋਜੀ ਫੀਲਡ ’ਚ ਪਾਰਟਨਰਸ਼ਿਪ ਨੂੰ ਲੈ ਕੇ ਹੋਈ ਚਰਚਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੇਸਲਾ ਦੇ ਮਾਲਕ ਇਲੌਨ ਮਸਕ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਪੀਐਮ ਨੇ ‘ਐਕਸ’ ਉਤੇ ਇਸਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਗੱਲਬਾਤ ਉਨ੍ਹਾਂ ਵਿਸ਼ਿਆਂ ਦਾ ਵਿਸਥਾਰ ਸੀ, ਜਿਨ੍ਹਾਂ ’ਤੇ ਇਸ ਸਾਲ ਦੇ ਸ਼ੁਰੂਆਤ ’ਚ ਵਾਸ਼ਿੰਗਟਨ ਡੀ.ਸੀ. ਵਿਚ ਮਸਕ ਨਾਲ ਮੁਲਾਕਾਤ ਦੌਰਾਨ ਚਰਚਾ ਹੋਈ ਸੀ। ਪੀਐਮ ਮੋਦੀ ਨੇ ਦੱਸਿਆ ਕਿ ਮਸਕ ਦੇ ਨਾਲ ਟੈਕਨਾਲੋਜੀ ਅਤੇ ਇਨੋਵੇਸ਼ਨ ਫੀਲਡ ਵਿਚ ਪਾਰਟਨਰਸ਼ਿਪ ਨੂੰ ਲੈ ਕੇ ਗੱਲਬਾਤ ਕੀਤੀ ਗਈ। ਭਾਰਤ ਟੈਕਨਾਲੋਜੀ ਫੀਲਡ ਵਿਚ ਅਮਰੀਕਾ ਦੇ ਨਾਲ ਆਪਣੀ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਧਿਆਨ ਰਹੇ ਕਿ ਪੀ.ਐਮ. ਮੋਦੀ 12 ਤੇ 13 ਫਰਵਰੀ ਨੂੰ ਅਮਰੀਕਾ ਦੌਰੇ ’ਤੇ ਗਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਇਲੌਨ ਮਸਕ ਨਾਲ ਮੁਲਾਕਾਤ ਕੀਤੀ ਸੀ।    

 

 

 

  

ਪਾਕਿਸਤਾਨ ਨੇ ਤਹੱਵੁਰ ਰਾਣਾ ਤੋਂ ਬਣਾਈ ਦੂਰੀ 

ਨਵੀਂ ਦਿੱਲੀ/ਬਿਊਰੋ ਨਿਊਜ਼ 

ਮੁੰਬਈ ਹਮਲਿਆਂ ਦੇ ਸਾਜਿਸ਼ ਘਾੜਿਆਂ ਵਿਚੋਂ ਇਕ ਤਹੱਵੁਰ ਰਾਣਾ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਅਮਰੀਕਾ ਤੋਂ ਦਿੱਲੀ ਲਿਆਂਦਾ ਗਿਆ ਹੈ। ਤਹੱਵੁਰ ਰਾਣਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੀ ਉਚ ਸੁਰੱਖਿਆ ਵਾਲੀ ਕੋਠੜੀ ਵਿਚ ਰੱਖੇ ਜਾਣ ਦੀ ਸੰਭਾਵਨਾ ਹੈ। ਯਾਦ ਰਹੇ ਕਿ 26 ਨਵੰਬਰ 2008 ਨੂੰ ਪਾਕਿਸਤਾਨੀ ਦਹਿਸ਼ਤਗਰਦਾਂ ਨੇ ਮੁੰਬਈ ਵਿਚ ਰੇਲਵੇ ਸਟੇਸ਼ਨ, ਦੋ ਲਗਜ਼ਰੀ ਹੋਟਲਾਂ ਤੇ ਯਹੂਦੀ ਸੈਂਟਰ ਨੂੰ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ਹਮਲਿਆਂ ਦੌਰਾਨ 166 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਉਧਰ ਦੂਜੇ ਪਾਸੇ ਪਾਕਿਸਤਾਨ ਨੇ ਮੁੰਬਈ ਦਹਿਸ਼ਤੀ ਹਮਲਿਆਂ ਦੇ ਸਾਜਿਸ਼ ਘੜਿਆਂ ਵਿਚੋਂ ਇਕ ਤਹੱਵੁਰ ਰਾਣਾ ਤੋਂ ਦੂਰੀ ਬਣਾ ਲਈ ਹੈ।    

 

ਗੁਰਦੁਆਰਾ ਸਾਹਿਬ ਦੁਆਲੇ ਬਰਫ ਹਟਾਉਣ ਤੇ ਰਸਤਾ ਬਣਾਉਣ ਦਾ ਕੰਮ ਸ਼ਨੀਵਾਰ ਤੋਂ ਹੋਵੇਗਾ ਸ਼ੁਰੂ 

ਅੰਮਿ੍ਰਤਸਰ/ਬਿਊਰੋ ਨਿਊਜ਼ 

ਉੱਤਰਾਖੰਡ ’ਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਜੰਮੀ ਬਰਫ ਹਟਾਉਣ ਅਤੇ ਰਸਤਾ ਬਣਾਉਣ ਵਾਸਤੇ ਭਾਰਤੀ ਫੌਜ ਦੇ ਜਵਾਨਾਂ ਦਾ ਇੱਕ ਦਲ ਅੱਜ ਗੁਰਦੁਆਰਾ ਗੋਬਿੰਦ ਘਾਟ ਪੁੱਜ ਗਿਆ ਹੈ, ਜੋ 19 ਅਪਰੈਲ ਤੋਂ ਇਹ ਸੇਵਾ ਆਰੰਭ ਕਰ ਦੇਵੇਗਾ। ਇਸ ਤੋਂ ਪਹਿਲਾਂ ਭਾਰਤੀ ਫੌਜ ਦੇ ਜਵਾਨਾਂ ਦੇ ਇੱਕ ਦਲ ਨੇ ਇਸ ਇਲਾਕੇ ਦਾ ਸਰਵੇਖਣ ਕੀਤਾ ਹੈ ਤਾਂ ਜੋ ਉਸ ਦੇ ਮੁਤਾਬਕ ਬਰਫ ਹਟਾਉਣ ਅਤੇ ਰਸਤੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 25 ਮਈ ਨੂੰ ਸੰਗਤ ਵਾਸਤੇ ਖੋਲ੍ਹੇ ਜਾਣਗੇ, ਜਦੋਂ ਕਿ ਇਹ ਸਾਲਾਨਾ ਯਾਤਰਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਆਰੰਭ ਹੋਵੇਗੀ। 

 

 

ਪੈਟਰੋਲ ਅਤੇ ਡੀਜ਼ਲ ਉਤੇ ਐਕਸਾਈਜ਼ ਡਿਊਟੀ ’ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ

ਨਵੀਂ ਦਿੱਲੀ/ਬਿਊਰੋ ਨਿਊਜ਼  

ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ ਯਾਨੀ ਸੋਮਵਾਰ 7 ਅਪ੍ਰੈਲ ਨੂੰ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸਦੀ ਜਾਣਕਾਰੀ ਦਿੱਤੀ। ਦਿੱਲੀ ਵਿਚ ਘਰੇਲੂ ਗੈਸ ਦਾ ਇਕ ਸਿਲੰਡਰ 803 ਰੁਪਏ ’ਚ ਮਿਲਦਾ ਸੀ, ਜਿਹੜਾ ਹੁਣ 853 ਵਿਚ ਮਿਲੇਗਾ। ਇਸੇ ਦੌਰਾਨ ਭਾਰਤ ਸਰਕਾਰ ਵੱਲੋਂ ਜਾਰੀ ਇਕ ਅਧਿਕਾਰਤ ਹੁਕਮ ਦੇ ਅਨੁਸਾਰ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਹੁਕਮਾਂ ਅਨੁਸਾਰ ਕਿਹਾ ਗਿਆ ਹੈ ਕਿ ਪੈਟਰੋਲ ’ਤੇ ਐਕਸਾਈਜ਼ ਡਿਊਟੀ 13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ’ਤੇ 10 ਰੁਪਏ ਕਰ ਦਿੱਤੀ ਗਈ ਹੈ। ਹਾਲਾਂਕਿ ਆਦੇਸ਼ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਸਦਾ ਪਰਚੂਨ ਕੀਮਤਾਂ ’ਤੇ ਕੀ ਪ੍ਰਭਾਵ ਪਵੇਗਾ। ਉਦਯੋਗ ਸੂਤਰਾਂ ਨੇ ਕਿਹਾ ਹੈ ਕਿ ਪ੍ਰਚੂਨ ਕੀਮਤਾਂ ਵਿੱਚ ਬਦਲਾਅ ਦੀ ਸੰਭਾਵਨਾ ਨਹੀਂ ਹੈ। ਵਧੀ ਹੋਈ ਐਕਸਾਈਜ਼ ਡਿਊਟੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦੇ ਵਿਰੁੱਧ ਐਡਜਸਟ ਕੀਤੇ ਜਾਣ ਦੀ ਸੰਭਾਵਨਾ ਹੈ, ਜੋ ਅੰਤਰਰਾਸ਼ਟਰੀ ਤੇਲ ਕੀਮਤਾਂ ਵਿਚ ਗਿਰਾਵਟ ਕਾਰਨ ਜ਼ਰੂਰੀ ਸੀ। 

 

ਵਾਡਰਾ ਖਿਲਾਫ ਮਨੀ ਲਾਂਡਰਿੰਗ ਮਾਮਲੇ ’ਚ ਹੋ ਰਹੀ ਹੈ ਜਾਂਚ

ਨਵੀਂ ਦਿੱਲੀ/ਬਿਊਰੋ ਨਿਊਜ਼   

ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਕਾਰੋਬਾਰੀ ਰੌਬਰਟ ਵਾਡਰਾ ਜ਼ਮੀਨ ਦੀ ਖਰੀਦ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਨੂੰ ਲੈ ਕੇ ਅੱਜ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਏ। ਵਾਡਰਾ ਕੋਲੋਂ ਪਿਛਲੇ ਦੋ ਦਿਨਾਂ ਦੌਰਾਨ ਵੀ ਪੁੱਛ ਪੜਤਾਲ ਹੋ ਚੁੱਕੀ ਹੈ। ਵਾਡਰਾ ਸਵੇਰੇ 11 ਵਜੇ ਦੇ ਕਰੀਬ ਨਵੀਂ ਦਿੱਲੀ ’ਚ ਈਡੀ ਦਫਤਰ ਪੁੱਜੇ ਤੇ ਇਸ ਮੌਕੇ ਉਨ੍ਹਾਂ ਦੀ ਪਤਨੀ ਪਿ੍ਰਯੰਕਾ ਵਾਡਰਾ ਵੀ ਉਨ੍ਹਾਂ ਨਾਲ ਸਨ। ਵਾਡਰਾ ਈਡੀ ਦੀ ਕਾਰਵਾਈ ਨੂੰ ਆਪਣੇ ਤੇ ਆਪਣੇ ਪਰਿਵਾਰ ਖਿਲਾਫ ‘ਸਿਆਸੀ ਬਦਲਾਖੋਰੀ’ ਕਰਾਰ ਦੇ ਚੁੱਕੇ ਹਨ। ਇਸ ਦੌਰਾਨ, ਵਾਡਰਾ ਨੇ ਈਡੀ ਵੱਲੋਂ ਜਾਰੀ ਸੰਮਨਾਂ ਨੂੰ ਭਾਜਪਾ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਦੱਸਿਆ ਹੈ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ

ਮੁੰਬਈ/ਬਿਊਰੋ ਨਿਊਜ਼

ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਅੱਜ ਸ਼ੁੱਕਰਵਾਰ ਨੂੰ ਵੱਡੇ ਤੜਕੇ ਮੁੰਬਈ ਦੇ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 87 ਸਾਲ ਸੀ। ਮਨੋਜ ਕੁਮਾਰ ਦੇਸ਼ ਭਗਤੀ ਵਾਲੀਆਂ ਫਿਲਮਾਂ ਕਰਕੇ ‘ਭਾਰਤ ਕੁਮਾਰ’ ਦੇ ਨਾਂ ਨਾਲ ਵੀ ਮਕਬੂਲ ਸੀ। ਅਦਾਕਾਰ ਨੇ 1960ਵਿਆਂ ਦੇ ਅਖੀਰ ਤੇ 1970 ਦੇ ਦਹਾਕੇ ਦੌਰਾਨ ਕਈ ਸ਼ਾਨਦਾਰ ਫਿਲਮਾਂ ਨਾਲ ਬਾਕਸ ਆਫਿਸ ’ਤੇ ਰਾਜ ਕੀਤਾ। ਅਦਾਕਾਰ ਮਨੋਜ ਕੁਮਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਤੇ ਵਡੇਰੀ ਉਮਰ ਨਾਲ ਜੁੜੇ ਸਿਹਤ ਵਿਗਾੜਾਂ ਨਾਲ ਜੂਝ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਅਦਾਕਾਰ ਤੇ ਫਿਲਮਸਾਜ਼ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ‘ਭਾਰਤੀ ਸਿਨੇਮਾ ਦਾ ਪ੍ਰਤੀਕ’ ਦੱਸਿਆ ਹੈ। ਇਸ ਦੌਰਾਨ ਫਿਲਮ ਜਗਤ ਦੀਆਂ ਹਸਤੀਆਂ ਨੇ ਵੀ ਮਨੋਜ ਕੁਮਾਰ ਦੇ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

 

14 ਮਈ ਤੋਂ ਸੰਭਾਲਣਗੇ ਸੁਪਰੀਮ ਕੋਰਟ ਦਾ ਕੰਮ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਦੇ ਮਾਨਯੋਗ ਚੀਫ ਜਸਟਿਸ ਸੰਜੀਵ ਖੰਨਾ ਨੇ ਆਪਣੇ ਉਤਰਾਧਿਕਾਰੀ ਦੇ ਰੂਪ ਵਿਚ ਮਾਨਯੋਗ ਜਸਟਿਸ ਬੀ.ਆਰ. ਗਵੱਈ ਦੇ ਨਾਮ ਦੀ ਅਧਿਕਾਰਤ ਸਿਫਾਰਸ਼ ਕੀਤੀ ਹੈ। ਜਸਟਿਸ ਬੀ.ਆਰ. ਗਵੱਈ ਦੇ ਨਾਮ ਨੂੰ ਮਨਜੂਰੀ ਦੇ ਲਈ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਹੈ। ਇਸਦੇ ਨਾਲ ਹੀ ਜਸਟਿਸ ਬੀ.ਆਰ. ਗਵੱਈ ਦੇ ਭਾਰਤ ਦਾ 52ਵਾਂ ਚੀਫ ਜਸਟਿਸ ਬਣਨਾ ਤੈਅ ਹੋ ਗਿਆ ਹੈ ਅਤੇ ਉਨ੍ਹਾਂ ਦਾ ਚੀਫ ਜਸਟਿਸ ਵਜੋਂ ਕਾਰਜਕਾਲ ਸਿਰਫ 7 ਮਹੀਨੇ ਹੀ ਹੋਵੇਗਾ। ਦੱਸਣਯੋਗ ਹੈ ਕਿ ਮੌਜੂਦਾ ਚੀਫ ਜਸਟਿਸ ਸੰਜੀਵ ਖੰਨਾ ਦਾ ਕਾਰਜਕਾਲ 13 ਮਈ ਨੂੰ ਸਮਾਪਤ ਹੋ ਰਿਹਾ ਹੈ।  

 

 

ਪੀਐਮ ਮੋਦੀ ਨੇ ਕਿਹਾ : ਇਹ ਕਾਨੂੰਨ ਗਰੀਬ ਮੁਸਲਮਾਨਾਂ ਦੇ ਅਧਿਕਾਰਾਂ ਦੀ ਕਰੇਗਾ ਰੱਖਿਆ 

ਨਵੀਂ ਦਿੱਲੀ/ਬਿਊਰੋ ਨਿਊਜ਼

ਵਕਫ ਸੋਧ ਬਿੱਲ ਲੰਬੀ ਚਰਚਾ ਤੋਂ ਬਾਅਦ ਰਾਜ ਸਭਾ ਵਿਚ ਵੀ ਪਾਸ ਹੋ ਗਿਆ। ਇਸ ਬਿੱਲ ਦੇ ਹੱਕ ਵਿਚ 128 ਅਤੇ ਵਿਰੋਧ ਵਿਚ 95 ਵੋਟਾਂ ਪਈਆਂ। ਇਸ ਤੋਂ ਪਹਿਲਾਂ ਇਹ ਬਿੱਲ ਲੋਕ ਸਭਾ ਵਿਚ ਵੀ 12 ਘੰਟੇ ਦੀ ਚਰਚਾ ਤੋਂ ਬਾਅਦ ਪਾਸ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਕਫ ਸੋਧ ਬਿੱਲ ਦੇ ਪਾਸ ਹੋਣ ਨੂੰ ਇਕ ਵੱਡਾ ਸੁਧਾਰ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਕਾਨੂੰਨ ਪਾਰਦਰਸ਼ਤਾ ਵਧਾਏਗਾ ਅਤੇ ਗਰੀਬ ਮੁਸਲਮਾਨਾਂ ਦੇ ਅਧਿਕਾਰਾਂ ਦੀ ਰੱਖਿਆ ਕਰੇਗਾ। ਪੀਐਮ ਨੇ ਕਿਹਾ ਕਿ ਵਕਫ ਜਾਇਦਾਦਾਂ ਪਿਛਲੇ ਸਮੇਂ ਤੋਂ ਬੇਨਿਯਮੀਆਂ ਦਾ ਸ਼ਿਕਾਰ ਰਹੀਆਂ ਹਨ, ਜਿਸ ਕਾਰਨ ਖਾਸ ਕਰਕੇ ਮੁਸਲਿਮ ਮਹਿਲਾਵਾਂ ਅਤੇ ਗਰੀਬਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਇਹ ਨਵਾਂ ਕਾਨੂੰਨ ਕਈ ਸਮੱਸਿਆਵਾਂ ਦਾ ਹੱਲ ਕਰੇਗਾ।

ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਡਾ. ਅੰਬੇਡਕਰ ਸਬੰਧੀ ਹੋਏ ਸਮਾਗਮ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੀ ਜੈਅੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੀ ਪ੍ਰੇਰਨਾ ਕਰਕੇ ਹੀ ਹੈ ਕਿ ਦੇਸ਼ ਅੱਜ ਸਮਾਜਿਕ ਨਿਆਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਡਾ. ਅੰਬੇਡਕਰ ਦੇ ਸਿਧਾਂਤ ਅਤੇ ਆਦਰਸ਼ ਇਕ ਸਵੈ-ਨਿਰਭਰ ਅਤੇ ਵਿਕਸਤ ਭਾਰਤ ਦੀ ਸਿਰਜਣਾ ਨੂੰ ਮਜ਼ਬੂਤ ਅਤੇ ਤੇਜ਼ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਵਾਸੀਆਂ ਵਲੋਂ, ਮੈਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੀ ਜੈਅੰਤੀ ’ਤੇ ਨਮਨ ਕਰਦਾ ਹਾਂ। ਇਸ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅੰਬੇਡਕਰ ਜੈਯੰਤੀ ਦੇ ਮੌਕੇ ’ਤੇ ਹਰਿਆਣਾ ਵਿਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਵੀ ਕੀਤੀ ਹੈ। ਇਸੇ ਦੌਰਾਨ ਪੰਜਾਬ ਵਿਚ ਵੀ ਵੱਖ-ਵੱਖ  ਥਾਈਂ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮੌਕੇ ਸਮਾਗਮ ਹੋਏ ਹਨ ਅਤੇ ਇਨ੍ਹਾਂ ਸਮਾਗਮਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀਆਂ ਤੇ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ ਹੈ।

 

ਅਖਿਲੇਸ਼ ਨੇ ਇਸ ਬਿੱਲ ਨੂੰ ਮੁਸਲਿਮ ਭਾਈਚਾਰੇ ਖਿਲਾਫ ਦੱਸੀ ਸਾਜਿਸ਼

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਅੱਜ ਵਕਫ ਸੋਧ ਬਿੱਲ 2024 ਲੋਕ ਸਭਾ ਵਿਚ ਪੇਸ਼ ਕੀਤਾ। ਇਸ ਬਿੱਲ ’ਤੇ ਅੱਜ ਲੰਬੀ ਚਰਚਾ ਵੀ ਹੋਈ ਹੈ। ਇਸ ਬਿੱਲ ਦੇ ਜ਼ਰੀਏ ਵਕਫ ਬੋਰਡ ਦੀਆਂ ਜਾਇਦਾਦਾਂ ਨੂੰ ਕਾਨੂੰਨੀ ਦਾਇਰੇ ਵਿਚ ਲਿਆਉਣ ਦੀ ਯੋਜਨਾ ਹੈ। ਬਿੱਲ ਨੂੰ ਕੇਂਦਰ ਦੀ  ਸਰਕਾਰ ਵਿਚ ਸ਼ਾਮਲ ਟੀ.ਡੀ.ਪੀ. ਅਤੇ ਜਨਤਾ ਦਲ (ਯੂ) ਨੇ ਸਮਰਥਨ ਵੀ ਦਿੱਤਾ ਹੈ। ਉਧਰ ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਇਸ ਬਿੱਲ ਦਾ ਵਿਰੋਧ ਕੀਤਾ ਅਤੇ ਇਸ ਨੂੰ ਮੁਸਲਿਮ ਭਾਈਚਾਰੇ ਕੋਲੋਂ ਉਨ੍ਹਾਂ ਦੇ ਘਰ ਅਤੇ ਦੁਕਾਨਾਂ ਖੋਹਣ ਦੀ ਸਾਜਿਸ਼ ਦੱਸਿਆ ਹੈ। ਇਸੇ ਦੌਰਾਨ ਕਿਰਨ ਰਿਜੀਜੂ ਨੇ ਕਿਹਾ ਕਿ ਇਸ ਬਿੱਲ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਹ ਸਿਰਫ ਜਾਇਦਾਦਾਂ ਨਾਲ ਸਬੰਧਤ ਹੈ। ਵਿਰੋਧੀ ਧਿਰ ਦੇ ਰੌਲੇ ਰੱਪੇ ਦੌਰਾਨ ਰਿਜੀਜੂ ਨੇ ਕਿਹਾ ਕਿ ਸਰਕਾਰ ਕਿਸੇ ਵੀ ਧਾਰਮਿਕ ਸੰਸਥਾ ਵਿਚ ਦਖਲ ਨਹੀਂ ਦੇਵੇਗੀ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.