Monday, 20 April 2026

ਡੋਨਾਲਡ ਟਰੰਪ ਨੇ ਜਵਾਬੀ ਟੈਕਸ 2 ਅਪਰੈਲ ਤੋਂ ਲਾਗੂ ਕਰਨ ਦੀ ਗੱਲ ਦੁਹਰਾਈ

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਬਹੁਤ ਜ਼ਿਆਦਾ ਟੈਕਸ ਵਸੂਲਣ ਵਾਲਾ ਮੁਲਕ ਹੈ। ਟਰੰਪ ਨੇ ਮੁੜ ਕਿਹਾ ਕਿ ਅਮਰੀਕੀ ਵਸਤਾਂ ’ਤੇ ਟੈਕਸ ਲਗਾਉਣ ਵਾਲੇ ਮੁਲਕਾਂ ਉੱਤੇ ਜਵਾਬੀ ਟੈਕਸ 2 ਅਪਰੈਲ ਤੋਂ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ 2 ਅਪਰੈਲ ਨੂੰ ਹੋਵੇਗੀ ਜਦੋਂ ਜਵਾਬੀ ਟੈਕਸ ਲਾਗੂ ਹੋਣਗੇ, ਫਿਰ ਚਾਹੇ ਉਹ ਭਾਰਤ ਹੋਵੇ ਜਾਂ ਚੀਨ ਜਾਂ ਫਿਰ ਕੋਈ ਹੋਰ ਮੁਲਕ। ਉਨ੍ਹਾਂ ਕਿਹਾ ਕਿ ਭਾਰਤ ਬਹੁਤ ਜ਼ਿਆਦਾ ਟੈਕਸ ਲਗਾਉਣ ਵਾਲਾ ਮੁਲਕ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਦੇ ਹਰ ਮੁਲਕ ਨੇ ਸਾਨੂੰ ਲੁੱਟਿਆ ਹੈ। ਉਹ ਸਾਡੇ ਕੋਲੋਂ 150-200 ਫੀਸਦ ਟੈਕਸ ਵਸੂਲਦੇ ਹਨ ਤੇ ਅਸੀਂ ਉਨ੍ਹਾਂ ਕੋੋਲੋਂ ਕੁਝ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਉਹ ਸਾਡੇ ਕੋਲੋਂ ਜਿਹੜਾ ਟੈਕਸ ਵਸੂਲਣਗੇ, ਅਸੀਂ ਵੀ ਓਨਾ ਹੀ ਟੈਕਸ ਵਸੂਲਾਂਗੇ ਤੇ ਇਸ ਤੋਂ ਕੋਈ ਬਚ ਨਹੀਂ ਸਕਦਾ। 

 

ਮਹਾਂਕੁੰਭ ’ਚ 66 ਕਰੋੜ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਕੀਤਾ ਇਸ਼ਨਾਨ

ਨਵੀਂ ਦਿੱਲੀ/ਬਿਊਰੋ ਨਿਊਜ਼

ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ 45 ਦਿਨ ਤੱਕ ਚੱਲੇ ਮਹਾਂਕੁੰਭ ਦਾ ਲੰਘੇ ਕੱਲ੍ਹ 26 ਫਰਵਰੀ ਨੂੰ  ਸੰਪੰਨ ਹੋ ਗਿਆ। ਹਾਲਾਂਕਿ ਅੱਜ ਵੀ ਮੇਲੇ ਵਿਚ ਸ਼ਰਧਾਲੂਆਂ ਦੀ ਭੀੜ ਰਹੀ ਅਤੇ ਸ਼ਰਧਾਲੂ ਅਜੇ ਵੀ ਇਸ਼ਨਾਨ ਕਰਨ ਲਈ ਪਹੁੰਚ ਰਹੇ ਹਨ। ਲੰਘੇ ਕੱਲ੍ਹ ਮਹਾਂ ਸ਼ਿਵਰਾਤਰੀ ਦੇ ਦਿਨ ਇਸ ਮਹਾਂਕੁੰਭ ਦਾ ਅਖਰੀਲਾ ਦਿਨ ਸੀ ਅਤੇ ਇਸ ਦਿਨ ਡੇਢ ਕਰੋੜ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਪੂਰੇ 45 ਦਿਨ ਚੱਲੇ ਮਹਾਂਕੁੰਭ ਦੇ ਆਯੋਜਨ ਦੌਰਾਨ ਰਿਕਾਰਡ 66 ਕਰੋੜ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਮਹਾਂਕੁੰਭ ’ਚ ਪਹੁੰਚ ਕੇ ਇਸ਼ਨਾਨ ਕੀਤਾ ਹੈ। ਇਹ ਅੰਕੜਾ ਅਮਰੀਕਾ ਦੀ ਅਬਾਦੀ, ਕਰੀਬ 34 ਕਰੋੜ ਤੋਂ ਦੁੱਗਣਾ ਹੈ। ਸੰਗਮ ਵਿਚ ਡੁਬਕੀ ਲਗਾਉਣ ਵਾਲਿਆਂ ਦੀ ਇਹ ਗਿਣਤੀ 193 ਦੇਸ਼ਾਂ ਦੀ ਜਨਸੰਖਿਆ ਤੋਂ ਜ਼ਿਆਦਾ ਹੈ। ਇਸੇ ਦੌਰਾਨ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਤਿਆਨਾਥ ਨੇ ਦਾਅਵਾ ਕੀਤਾ ਕਿ ਦੁਨੀਆ ਵਿਚ ਹਿੰਦੂੁਆਂ ਦੀ ਅੱਧੀ ਅਬਾਦੀ ਦੇ ਬਰਾਬਰ ਲੋਕ ਮਹਾਂਕੁੰਭ ਵਿਚ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਕੁੰਭ ਦੇ ਵਿਸ਼ਾਲ ਇਕੱਠ ਦੀ ਤੁਲਣਾ ਗੁਲਾਮੀ ਦੀ ਮਾਨਸਿਕਤਾ ਦੀਆਂ ਜੰਜੀਰਾਂ ਤੋੜ ਕੇ ਆਜ਼ਾਦ ਸਾਹ ਲੈਣ ਵਾਲੇ ਰਾਸ਼ਟਰ ਦੀ ਨਵੀਂ ਜਾਗਦੀ ਚੇਤਨਾ ਨਾਲ ਕੀਤੀ ਹੈ। ਉਨ੍ਹਾਂ ਮਹਾਂਕੁੰਭ ਨੂੰ ਏਕਤਾ ਦਾ ਮਹਾਯੱਗ ਦੱਸਿਆ ਹੈ।

 

ਮਨਜਿੰਦਰ ਸਿਰਸਾ ਨੇ ਕਿਹਾ : ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਲਈ ਇਹ ਇਤਿਹਾਸਕ ਪ੍ਰਾਪਤੀ 

ਚੰਡੀਗੜ੍ਹ/ਬਿਊਰੋ ਨਿਊਜ਼ 

ਮਹਾਰਾਸ਼ਟਰ ਸਰਕਾਰ ਨੇ ਸੂਬੇ ਵਿਚ ਸਿੱਖ ਵਿਆਹਾਂ ਦੀ ਰਜਿਸਟਰੇਸ਼ਨ ਵਾਸਤੇ ਆਨੰਦ ਮੈਰਿਜ ਐਕਟ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਸੂਬੇ ਵਿਚ ਸਿੱਖ ਜੋੜੇ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਆਨੰਦ ਮੈਰਿਜ ਐਕਟ ਤਹਿਤ ਕਰਵਾ ਸਕਣਗੇ। ਇਸ ਦੌਰਾਨ ਭਾਜਪਾ ਦੇ ਕੌਮੀ ਸਕੱਤਰ ਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਮਹਾਰਾਸ਼ਟਰ ’ਚ ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਬੇ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਦਾ ਧੰਨਵਾਦ ਕੀਤਾ ਹੈ। ਸਿਰਸਾ ਨੇ ਕਿਹਾ ਹੈ ਕਿ ਇਹ ਮਹੱਤਵਪੂਰਨ ਕਦਮ ਸਿੱਖ ਪਰੰਪਰਾਵਾਂ ਦਾ ਸਨਮਾਨ ਕਰਦਾ ਹੈ ਅਤੇ ਸਾਡੀ ਸਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਮਾਣ ਵਾਲਾ ਹੈ। ਸਿਰਸਾ ਨੇ ਕਿਹਾ ਕਿ ਇਹ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਲਈ ਇਕ ਇਤਿਹਾਸਕ ਪ੍ਰਾਪਤੀ ਵੀ ਹੈ।

ਪੰਚਕੂਲਾ/ਬਿਊਰੋ ਨਿਊਜ਼ 

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕੈਂਸਰ ਜਾਗਰੂਕਤਾ ਮੁਹਿੰਮ ‘ਉਮੀਦ ਕੇ ਸਿਤਾਰੇ’ ਵਿੱਚ ਹਿੱਸਾ ਲੈ ਕੇ ਮਰੀਜ਼ਾਂ ਅਤੇ ਡਾਕਟਰਾਂ ਦੀ ਹੌਸਲਾ ਅਫਜ਼ਾਈ ਕੀਤੀ। ਪਾਰਸ ਹੈਲਥ, ਪੰਚਕੂਲਾ ਵੱਲੋਂ ਮਹੀਨਾ ਭਰ ਚੱਲਣ ਵਾਲੀ ਇਸ ਕੈਂਸਰ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਇੱਕ ਵਿਸ਼ੇਸ਼ ਕੈਂਸਰ ਸਕਰੀਨਿੰਗ ਕੈਂਪ ਲਗਾਇਆ ਗਿਆ, ਜਿਸ ਵਿੱਚ 150 ਤੋਂ ਵੱਧ ਵਿਅਕਤੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਕਈ ਉੱਘੇ ਮੈਡੀਕਲ ਮਾਹਿਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਕੈਂਸਰ ਦੀ ਜਲਦੀ ਪਛਾਣ ਅਤੇ ਰੋਕਥਾਮ ਦੀ ਮਹੱਤਤਾ ਬਾਰੇ ਚਰਚਾ ਕੀਤੀ। 

ਬੱਬੂ ਮਾਨ ਨੇ ਕੈਂਸਰ ਪੀੜਤਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਤੋਂ ਵੱਡਾ ਕੋਈ ਤੋਹਫਾ ਨਹੀਂ ਹੈ। ਕੈਂਸਰ ਤੋਂ ਡਰਨ ਦੀ ਲੋੜ ਨਹੀਂ ਹੈ, ਪਰ ਜਾਗਰੂਕਤਾ ਅਤੇ ਸਮੇਂ ਸਿਰ ਇਲਾਜ ਰਾਹੀਂ ਇਸ ਨੂੰ ਹਰਾਇਆ ਜਾ ਸਕਦਾ ਹੈ। ਪਾਰਸ ਹੈਲਥ ਵਰਗੀਆਂ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਅਜਿਹੀਆਂ ਮੁਹਿੰਮਾਂ, ਜੋ ਲੋਕਾਂ ਨੂੰ ਸਮੇਂ ਸਿਰ ਚੈਕਅੱਪ ਕਰਵਾਉਣ ਲਈ ਪ੍ਰੇਰਿਤ ਕਰਦੀਆਂ ਹਨ, ਬਹੁਤ ਹੀ ਸ਼ਲਾਘਾਯੋਗ ਹਨ। 

ਹੈਮੇਟੋ-ਆਨਕੋਲੋਜੀ ਅਤੇ ਬੋਨ ਮੈਰੋ ਟਰਾਂਸਪਲਾਂਟ ਯੂਨਿਟ ਦੇ ਡਾ. (ਬਿ੍ਰਗੇਡੀਅਰ) ਅਜੇ ਸ਼ਰਮਾ ਨੇ ਕਿਹਾ ਕਿ ਕੈਂਸਰ ਦਾ ਜਲਦੀ ਪਤਾ ਲਗਾਉਣ ਨਾਲ ਇਲਾਜ ਦੀ ਸਫਲਤਾ ਦੀ ਸੰਭਾਵਨਾ ਵੱਧ ਜਾਂਦੀ ਹੈ। ਡਾ. (ਬਿ੍ਰਗੇਡੀਅਰ) ਰਾਜੇਸ਼ਵਰ ਸਿੰਘ (ਡਾਇਰੈਕਟਰ, ਮੈਡੀਕਲ ਆਨਕੋਲੋਜੀ) ਨੇ ਕਿਹਾ ਕਿ ਕੈਂਸਰ ਹੁਣ ਲਾਇਲਾਜ ਨਹੀਂ ਰਿਹਾ, ਪਰ ਨਿਯਮਤ ਚੈਕਅੱਪ ਅਤੇ ਜਾਗਰੂਕਤਾ ਇਸ ਤੋਂ ਬਚਣ ਦਾ ਸਭ ਤੋਂ ਕਾਰਗਰ ਤਰੀਕਾ ਹੈ। ਪ੍ਰੋਗਰਾਮ ਵਿੱਚ ਮੁਫਤ ਸਿਹਤ ਜਾਂਚ ਅਤੇ ਘੱਟ ਲਾਗਤ ਵਾਲੇ  ਟੈਸਟ ਅਤੇ ਹੋਰ ਲੈਬ ਟੈਸਟ ਦਿੱਤੇ ਗਏ। ਰੇਡੀਏਸ਼ਨ ਆਨਕੋਲੋਜੀ ਵਿਭਾਗ ਦੇ ਡਾਇਰੈਕਟਰ ਡਾ: ਨਵੀਨ ਕਾਂਡਾ ਨੇ ਕਿਹਾ ਕਿ ਤੰਬਾਕੂ ਤੋਂ ਪਰਹੇਜ਼, ਸਿਹਤਮੰਦ ਖੁਰਾਕ ਅਤੇ ਨਿਯਮਤ ਚੈਕਅੱਪ ਕੈਂਸਰ ਤੋਂ ਬਚਣ ਦੇ ਸਭ ਤੋਂ ਆਸਾਨ ਤਰੀਕੇ ਹਨ। ਭਾਰਤ ਵਿੱਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਹ 2030 ਤੱਕ 1.7 ਮਿਲੀਅਨ ਸਾਲਾਨਾ ਤੱਕ ਪਹੁੰਚ ਸਕਦੇ ਹਨ, ਜਿਸ ਨਾਲ ਇਸਦੀ ਰੋਕਥਾਮ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਇਸ ਪ੍ਰੋਗਰਾਮ ਵਿੱਚ ਕੈਂਸਰ ਸਰਵਾਈਵਰਜ਼ ਨੇ ਵੀ ਆਪਣੀਆਂ ਪ੍ਰੇਰਨਾਦਾਇਕ ਕਹਾਣੀਆਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੇ ਹੋਰ ਮਰੀਜ਼ਾਂ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ।

 

 

 

 

  

ਡੇਢ ਲੱਖ ਰੁਪਏ ਤੱਕ ਦਾ ਖਰਚਾ ਚੁੱਕੇਗੀ ਕੇਂਦਰ ਸਰਕਾਰ : ਨਿਤਿਨ ਗਡਕਰੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੜਕ ਹਾਦਸਿਆਂ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਸੇ ਮਾਰਚ ਮਹੀਨੇ ਤੋਂ ਡੇਢ ਲੱਖ ਰੁਪਏ ਦਾ ਫ੍ਰੀ ਇਲਾਜ ਮਿਲੇਗਾ। ਇਹ ਨਿਯਮ ਪ੍ਰਾਈਵੇਟ ਹਸਪਤਾਲਾਂ ਦੇ ਲਈ ਵੀ ਮੰਨਣਯੋਗ ਹੋਵੇਗਾ। ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵਲੋਂ ਦੱਸਿਆ ਗਿਆ ਕਿ ਭਾਰਤ ਭਰ ਵਿਚ ਇਸ ਵਿਵਸਥਾ ਨੂੰ ਲਾਗੂ ਕੀਤਾ ਜਾਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਇਸਦੇ ਲਈ ਨੋਡਲ ਏਜੰਸੀ ਦਾ ਕੰਮ ਕਰੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਯੋਜਨਾ ਲਈ ਮੋਟਰ ਵਾਹਨ ਅਧਿਨਿਯਮ 1988 ਦੀ ਧਾਰਾ 162 ਵਿਚ ਪਹਿਲਾਂ ਹੀ ਸੋਧ ਹੋ ਚੁੱਕੀ ਹੈ। ਦੱਸਿਆ ਗਿਆ ਕਿ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਤੋਂ ਪਹਿਲਾਂ ਲੰਘੇ 5 ਮਹੀਨਿਆਂ ਵਿਚ ਪੁਡੂਚੇਰੀ, ਅਸਮ, ਹਰਿਆਣਾ ਅਤੇ ਪੰਜਾਬ ਸਣੇ 6 ਸੂਬਿਆਂ ਵਿਚ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਸੀ, ਜੋ ਸਫਲ ਰਿਹਾ ਹੈ।

 

24 ਫਰਵਰੀ ਤੋਂ ਸ਼ੁਰੂ ਹੋਇਆ ਇਜਲਾਸ 27 ਫਰਵਰੀ ਨੂੰ ਹੋਣਾ ਸੀ ਸਮਾਪਤ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਧਾਨ ਸਭਾ ਦੇ ਇਜਲਾਸ ਨੂੰ 3 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 24 ਫਰਵਰੀ ਨੂੰ ਸ਼ੁਰੂ ਹੋਇਆ ਇਜਲਾਸ 27 ਫਰਵਰੀ ਨੂੰ ਸਮਾਪਤ ਹੋਣਾ ਸੀ। ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਅਸੀਂ ਸਦਨ ਵਿਚ ਜਿੰਨੀ ਸੰਭਵ ਹੋ ਸਕੇ, ਓਨੀ ਹੀ ਕੈਗ (ਕੰਪਟਰੋਲਰ ਐਂਡ ਔਡੀਟਰ ਜਨਰਲ) ਰਿਪੋਰਟ ਪੇਸ਼ ਕਰਾਂਗੇ। ਹੁਣ ਦਿੱਲੀ ਵਿਧਾਨ ਸਭਾ ਦਾ ਇਜਲਾਸ 4 ਦਿਨ ਲਈ ਵਧਾ ਦਿੱਤਾ ਗਿਆ ਹੈ। ਵਿਜੇਂਦਰ ਗੁਪਤਾ ਨੇ ਦੱਸਿਆ ਕਿ ਸਰਕਾਰ ਅਤੇ ਵਿਰੋਧੀ ਦਲਾਂ ਦੇ 12-14 ਮੈਂਬਰਾਂ ਵਾਲੀ ਇਕ ਪਬਲਿਕ ਅਕਾਊਂਟਸ ਕਮੇਟੀ ਬਣਾਈ ਜਾਵੇਗੀ। ਸਦਨ ਵਿਚ ਚਰਚਾ ਤੋਂ ਬਾਅਦ ਰਿਪੋਰਟ ਨੂੰ ਪੀ.ਏ.ਸੀ. ਦੇ ਕੋਲ ਭੇਜਿਆ ਜਾਵੇਗਾ ਅਤੇ ਕਮੇਟੀ ਦੀਆਂ ਫਾਈਡਿੰਗਜ਼ ਮਿਲਣ ਤੋਂ ਬਾਅਦ ਸਦਨ ਉਚਿਤ ਕਾਰਵਾਈ ਕਰੇਗਾ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਵਿਚ 25 ਫਰਵਰੀ ਨੂੰ ਨਵੀਂ ਸ਼ਰਾਬ ਨੀਤੀ ’ਤੇ ਕੈਗ ਦੀ ਰਿਪੋਰਟ ਪੇਸ਼ ਹੋਈ ਹੈ। ਕੈਗ ਦੀ ਰਿਪੋਰਟ ਮੁਤਾਬਕ ਦਿੱਲੀ ਦੀ ਸ਼ਰਾਬ ਨੀਤੀ ਬਦਲਣ ਨਾਲ 2,002 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਦੱਸਿਆ ਗਿਆ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 10 ਸਾਲਾਂ ਤੋਂ ਕੈਗ ਦੀ ਰਿਪੋਰਟ ਸਦਨ ਵਿਚ ਪੇਸ਼ ਨਹੀਂ ਕੀਤੀ ਸੀ। ਹੁਣ ਦਿੱਲੀ ਵਿਚ ਭਾਜਪਾ ਦੀ ਸਰਕਾਰ ਆਈ ਹੈ ਅਤੇ ਪਿਛਲੀ ‘ਆਪ’ ਸਰਕਾਰ ’ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।  

ਦਿੱਲੀ ਦੀ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਾਂਗੇ : ਸੀਐਮ ਰੇਖਾ ਗੁਪਤਾ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਧਾਨ ਸਭਾ ਦਾ ਬਜਟ ਇਜਲਾਸ 24 ਤੋਂ 26 ਮਾਰਚ ਦੇ ਵਿਚਾਲੇ ਸ਼ੁਰੂ ਹੋ ਜਾਵੇਗਾ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨਾਲ 6 ਮੰਤਰੀ ਵੀ ਹਾਜ਼ਰ ਸਨ। ਰੇਖਾ ਗੁਪਤਾ ਨੇ ਬਜਟ ਦੇ ਲਈ ਦਿੱਲੀ ਦੇ ਲੋਕਾਂ ਕੋਲੋਂ ਸੁਝਾਅ ਵੀ ਮੰਗੇ ਹਨ। ਰੇਖਾ ਗੁਪਤਾ ਨੇ ਦੱਸਿਆ ਕਿ ਅਸੀਂ ਦਿੱਲੀ ਦੀ ਜਨਤਾ ਦਾ ਬਜਟ ਲਿਆਉਣਾ ਚਾਹੁੰਦੇ ਹਾਂ। ਇਸਦੇ ਲਈ ਅਸੀਂ ਦਿੱਲੀ ਦੇ ਲੋਕਾਂ ਕੋਲੋਂ ਸੁਝਾਅ ਵੀ ਮੰਗੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਵੀ ਦਿੱਲੀ ਦੀ ਜਨਤਾ ਨੂੰ ਮਿਲਣਗੇ ਅਤੇ ਦਿੱਲੀ ਦੀ ਬਿਹਤਰੀ ਲਈ ਲੋਕਾਂ ਤੋਂ ਜ਼ਰੂਰੀ ਸੁਝਾਅ ਲੈਣਗੇ। ਸੀਐਮ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਛੁੱਟੀਆਂ ਵਿਚ ਵੀ ਕੰਮ ਕਰ ਰਹੀ ਹੈ ਅਤੇ ਅਸੀਂ ਵੋਟਾਂ ਮੌਕੇ ਕੀਤੇ ਸਾਰੇ ਵਾਅਦੇ ਪੂਰੇ ਕਰਾਂਗੇ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ ਹਰਾ ਕੇ ਭਾਜਪਾ ਨੇ ਬਹੁਮਤ ਨਾਲ ਸਰਕਾਰ ਬਣਾਈ ਹੈ।

 

ਸਾਬਕਾ ਮੁੱਖ ਮੰਤਰੀ ਆਤਿਸ਼ੀ ਤੇ ਮੰਤਰੀਆਂ ਦੇ ਨਿੱਜੀ ਸਟਾਫ ਦੀਆਂ ਸੇਵਾਵਾਂ ਕੀਤੀਆਂ ਸਮਾਪਤ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੀ ਭਾਜਪਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਨਵੀਂ ਬਣੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਅਤੇ ਸਾਬਕਾ ਮੰਤਰੀਆਂ ਦੇ ਨਿੱਜੀ ਸਟਾਫ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਇੰਨਾ ਹੀ ਨਹੀਂ ਪਿਛਲੀਆਂ ਸਰਕਾਰਾਂ ਵੱਲੋਂ ਹੋਰ ਥਾਵਾਂ ’ਤੇ ਨਿਯੁਕਤ ਕੀਤੇ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੁਣ ਤੁਰੰਤ ਆਪਣੇ ਅਸਲ ਵਿਭਾਗਾਂ ਵਿੱਚ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਰੇਖਾ ਗੁਪਤਾ ਨੇ ਲੰਘੇ ਕੱਲ੍ਹ ਵੀਰਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਉਨ੍ਹਾਂ ਦੇ ਨਾਲ 6 ਮੰਤਰੀਆਂ ਨੂੰ ਵੀ ਅਹੁਦੇ ਦੀ ਸਹੁੰ ਚੁਕਾਈ ਗਈ ਸੀ। ਰੇਖਾ ਗੁਪਤਾ ਨੇ ਸੀਐਮ ਅਹੁਦੇ ਦੀ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਸਨ। 

 

ਨਰਿੰਦਰ ਮੋਦੀ ਨੇ ਫੋਟੋਗਰਾਫੀ ਵੀ ਕੀਤੀ

ਅਹਿਮਾਦਾਬਾਦ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੇ ਗੁਜਰਾਤ ਦੌਰੇ ’ਤੇ ਹਨ। ਵਿਸ਼ਵ ਜੰਗਲੀ ਜੀਵ ਦਿਵਸ ਦੇ ਮੌਕੇ ’ਤੇ ਪੀਐਮ ਮੋਦੀ ਏਸ਼ੀਆਈ ਸ਼ੇਰਾਂ ਨੂੰ ਦੇਖਣ ਲਈ ਗਿਰ ਰਾਸ਼ਟਰੀ ਪਾਰਕ ਪਹੁੰਚੇ। ਜਦੋਂ ਪ੍ਰਧਾਨ ਮੰਤਰੀ ਮੋਦੀ ਗਿਰ ਰਾਸ਼ਟਰੀ ਪਾਰਕ ਪਹੁੰਚੇ ਅਤੇ ਉੱਥੇ ਮੋਦੀ-ਮੋਦੀ ਦੇ ਨਾਅਰੇ ਵੀ ਲੱਗੇ। ਇਸ ਮੌਕੇ ਮੋਦੀ ਨੇ ਫੋਟੋਗਰਾਫੀ ਵੀ ਕੀਤੀ। ਇਸ ਦੌਰਾਨ ਮੋਦੀ ਨੈਸ਼ਨਲ ਬੋਰਡ ਆਫ ਵਾਈਲਡਲਾਈਫ ਮੀਟਿੰਗ ਦੀ  ਪ੍ਰਧਾਨਗੀ ਵੀ ਕਰਨਗੇ। ਇਸ ਮੀਟਿੰਗ ਵਿਚ ਜੰਗਲੀ ਜੀਵਾਂ ਨਾਲ ਸੰਬੰਧਿਤ ਰਾਸ਼ਟਰੀ ਪੱਧਰ ਦੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਉਹ ਰਾਜਕੋਟ ਵਿਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਸੋਮਨਾਥ ਮੰਦਰ ਵਿਚ ਪੂਜਾ ਵੀ ਕੀਤੀ। 

ਸ਼ਿਮਲਾ, ਮਨਾਲੀ, ਲਾਹੌਲ ਸਪਿਤੀ ਅਤੇ ਡਲਹੌਜੀ ’ਚ ਜੰਮੀ ਬਰਫ

ਸ਼ਿਮਲਾ/ਬਿਊਰੋ ਨਿਊਜ਼

ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਬਰਫਬਾਰੀ ਹੋਈ ਹੈ। ਖਾਸ ਕਰਕੇ ਸ਼ਿਮਲਾ, ਮਨਾਲੀ, ਲਾਹੌਲ ਸਪਿਤੀ ਅਤੇ ਡਲਹੌਜੀ ਵਿਚ ਬਰਫ ਜੰਮ ਗਈ ਅਤੇ ਉਚੇ ਪਹਾੜ ਵੀ ਬਰਫ ਨਾਲ ਢੱਕੇ ਹੋਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਸੜਕਾਂ ਕਿਨਾਰੇ ਖੜੀਆਂ ਗੱਡੀਆਂ ਅਤੇ ਘਰਾਂ ’ਤੇ ਵੀ ਬਰਫ ਜੰਮ ਗਈ ਹੈ। ਇਹ ਵੀ ਦੱਸਿਆ ਗਿਆ ਕਿ ਕਈ ਸੜਕਾਂ ਵੀ ਪੂਰੀ ਤਰ੍ਹਾਂ ਬਰਫ ਨਾਲ ਢੱਕੀਆਂ ਪਈਆਂ ਹਨ। ਬਰਫਬਾਰੀ ਕਰਕੇ ਮਨਾਲੀ-ਲੇਹ ਹਾਈਵੇਅ ਬੰਦ ਹੋ ਗਿਆ ਹੈ ਅਤੇ ਆਮ ਲੋਕਾਂ ਤੇ ਯਾਤਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਹੌਲ-ਸਪਿਤੀ ਪੁਲਿਸ ਨੇ ਇਕ ਐਡਵਾਈਜ਼ਰੀ ਜਾਰੀ ਕਰਦਿਆਂ ਯਾਤਰੀਆਂ ਨੂੰ ਅਗਲੇ ਹੁਕਮਾਂ ਤੱਕ ਮਨਾਲੀ-ਲੇਹ ਰੂਟ ਵੱਲ ਨਾ ਜਾਣ ਅਤੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ। 

 

ਭੂਚਾਲ ਨਾਲ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਤੋਂ ਹੋਇਆ ਬਚਾਅ

ਚੰਡੀਗੜ੍ਹ/ਬਿਊਰੋ ਨਿਊਜ਼

ਅੱਜ ਸ਼ੁੱਕਰਵਾਰ ਸਵੇਰੇ ਭਾਰਤ ਸਣੇ ਚਾਰ ਦੇਸ਼ਾਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਭਾਰਤ, ਨਿਪਾਲ, ਪਾਕਿਸਤਾਨ ਅਤੇ ਤਿੱਬਤ ਵਿਚ 3 ਘੰਟਿਆਂ ਦੇ ਅੰਦਰ ਮਹਿਸੂਸ ਕੀਤੇ ਗਏ। ਭਾਰਤੀ ਭੂਚਾਲ ਏਜੰਸੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਅੱਜ ਸਵੇਰੇ ਕਰੀਬ ਸਵਾ ਪੰਜ ਵਜੇ ਪਾਕਿਸਤਾਨ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸਦੀ ਤੀਬਰਤਾ 4.5 ਸੀ। ਇਸ ਤੋਂ ਪਹਿਲਾਂ ਨਿਪਾਲ ਵਿਚ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਸਨ। ਪਹਿਲਾ ਭੂਚਾਲ ਸਵੇਰੇ ਢਾਈ ਵਜੇ ਅਤੇ ਦੂਜਾ 2 ਵੱਜ ਕੇ 50 ਮਿੰਟ ’ਤੇ ਆਇਆ। ਪਹਿਲੇ ਭੂਚਾਲ ਦਾ ਕੇਂਦਰ ਨਿਪਾਲ ਦਾ ਬਾਗਮਤੀ ਖੇਤਰ ਸੀ। ਰਿਕਟਰ ਪੈਮਾਨੇ ’ਤੇ ਇਸਦੀ ਤੀਬਰਤਾ 5.5 ਸੀ। ਦੂਜੇ ਭੁਚਾਲ ਦੀ ਤੀਬਰਤਾ 6.1 ਦੱਸੀ ਗਈ। ਇਸ ਦਾ ਕੇਂਦਰ ਕਾਠਮੰਡੂ ਤੋਂ 65 ਕਿਲੋਮੀਟਰ ਪੂਰਬ ਵੱਲ ਸਿੰਧੂਪਾਲਚੌਕ ਜ਼ਿਲ੍ਹੇ ਦੇ ਕੋਡਾਰੀ ਖੇਤਰ ਵਿਚ ਸੀ। ਦੋਵਾਂ ਭੂਚਾਲਾਂ ਦੇ ਝਟਕੇ ਤਿੱਬਤ ਤੋਂ ਬਿਹਾਰ ਦੇ ਪਟਨਾ ਤੱਕ ਵੀ ਮਹਿਸੂਸ ਕੀਤੇ ਗਏ। ਇਸ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਕੋਈ ਨੁਕਸਾਨ ਦੀ ਖਬਰ ਨਹੀਂ ਹੈ।  

 

ਰੇਖਾ ਗੁਪਤਾ ਨੇ ਆਮ ਆਦਮੀ ਪਾਰਟੀ ’ਤੇ ਵੀ ਚੁੱਕੇ ਸਵਾਲ 

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦਿੱਲੀ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗੀ। ਦਿੱਲੀ ਵਿਚ ਭਾਜਪਾ ਦੀ ਬਣੀ ਮੁੱਖ ਮੰਤਰੀ ਨੇ ਕਿਹਾ ਕਿ 8 ਮਾਰਚ ਤੋਂ ਪਹਿਲਾਂ ਦਿੱਲੀ ਦੀਆਂ ਮਹਿਲਾਵਾਂ ਦੇ ਬੈਂਕ ਖਾਤਿਆਂ ਵਿਚ ਇਹ ਰਾਸ਼ੀ ਪਹੁੰਚਣੀ ਸ਼ੁਰੂ ਹੋ ਜਾਵੇਗੀ। ਰੇਖਾ ਗੁਪਤਾ ਨੇ ਇਹ ਪ੍ਰਗਟਾਵੇ ਆਪਣੀ ਰਿਹਾਇਸ਼ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤੇ ਹਨ। ਗੁਪਤਾ ਨੇ ਦਿੱਲੀ ’ਚ ਪਿਛਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਲੰਮੇ ਹੱਥੀਂ ਲਿਆ।  ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨਿਆਂ ਨੂੰ ਪੂਰਾ ਕਰਨਾ ਭਾਜਪਾ ਦੇ ਸਾਰੇ 48 ਵਿਧਾਇਕਾਂ ਦੀ ਜ਼ਿੰਮੇਵਾਰੀ ਹੈ। ਰੇਖਾ ਗੁਪਤਾ ਨੇ ਕਿਹਾ ਕਿ ਅਸੀਂ ਮਹਿਲਾਵਾਂ ਨਾਲ ਕੀਤੇ ਸਾਰੇ ਪੂਰੇ ਵਾਅਦੇ ਕਰਾਂਗੇ। 

  

 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.