Monday, 20 April 2026

ਕਿਹਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ

ਨਵੀਂ ਦਿੱਲੀ/ਬਿਊਰੋ ਨਿਊਜ਼

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਰਾਹੁਲ ਗਾਂਧੀ ਬਜਟ ਇਜਲਾਸ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਬਹਿਸ ਵਿਚ ਸ਼ਾਮਲ ਹੋਏ। ਇਸ ਮੌਕੇ ਰਾਹੁਲ ਨੇ ਕਿਹਾ ਕਿ ਯੂਪੀਏ ਅਤੇ ਐਨਡੀਏ ਦੋਵੇਂ ਗਠਜੋੜ ਬੇਰੁਜ਼ਗਾਰੀ ਨਾਲ ਸਿੱਝਣ ਵਿਚ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿਚ ਕੁਝ ਵੀ ਨਵਾਂ ਨਹੀਂ ਸੀ ਅਤੇ ਇਸ ਭਾਸ਼ਣ ਵਿਚ ਉਹੀ ਪੁਰਾਣੀਆਂ ਗੱਲਾਂ ਸਨ। ਉਨ੍ਹਾਂ ਕਿਹਾ ਕਿ ਅਸੀਂ ਬੇਰੁਜ਼ਗਾਰੀ ਨਾਲ ਸਿੱਝਣ ਵਿਚ ਨਾਕਾਮ ਰਹੇ ਹਾਂ। ਰਾਹੁਲ ਨੇ ਕਿਹਾ ਕਿ ਨਾ ਯੂਪੀਏ ਅਤੇ ਨਾ ਹੀ ਐਨਡੀਏ ਨੇ ਦੇਸ਼ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਬਾਰੇ ਕੋਈ ਸਪੱਸ਼ਟ ਜਵਾਬ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਸ਼ਿਸ਼ ਕੀਤੀ, ਪਰ ਇਹ ਸਪੱਸ਼ਟ ਹੈ ਕਿ ਉਹ ਵੀ ਅਸਫਲ ਰਹੇ ਹਨ। 

ਸੀਐਮ ਪੁਸ਼ਕਰ ਸਿੰਘ ਧਾਮੀ ਨੇ ਵੈਬ ਪੋਰਟਲ ਕੀਤਾ ਲਾਂਚ 

ਦੇਹਰਾਦੂਨ/ਬਿਊਰੋ ਨਿਊਜ਼

ਉਤਰਾਖੰਡ ’ਚ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਅੱਜ ਸੋਮਵਾਰ ਤੋਂ ਲਾਗੂ ਹੋ ਗਿਆ ਹੈ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਸਬੰਧੀ ਵੈਬ ਪੋਰਟਲ ਲਾਂਚ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਭਾਵੁਕ ਪਲ ਹਨ। ਉਨ੍ਹਾਂ ਕਿਹਾ ਕਿ ਅਸੀਂ ਤਿੰਨ ਸਾਲ ਪਹਿਲਾਂ ਸੂਬੇ ਦੀ ਜਨਤਾ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕੀਤਾ ਹੈ। ਪੁਸ਼ਕਰ ਸਿੰਘ ਧਾਮੀ ਨੇ ਇਹ ਵੀ ਕਿਹਾ ਕਿ ਯੂਸੀਸੀ ਕਿਸੇ ਵੀ ਧਰਮ ਜਾਂ ਵਰਗ ਦੇ ਖਿਲਾਫ ਨਹੀਂ ਹੈ ਅਤੇ ਨਾ ਹੀ ਇਸਦਾ ਉਦੇਸ਼ ਕਿਸੇ ਨੂੰ ਟਾਰਗਿਟ ਕਰਨਾ ਹੈ। ਉਨ੍ਹਾਂ ਕਿਹਾ ਕਿ ਯੂਸੀਸੀ ਸਾਰਿਆਂ ਨੂੰ ਸਮਾਨ ਅਧਿਕਾਰ ਦਿੰਦਾ ਹੈ। ਧਿਆਨ ਰਹੇ ਕਿ ਉਤਰਾਖੰਡ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ। ਸੀਐਮ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਸੀ ਕਿ ਉਤਰਾਖੰਡ ਸੁਤੰਤਰ ਭਾਰਤ ਦਾ ਪਹਿਲਾ ਸੂਬਾ ਬਣ ਚੁੱਕਾ ਹੈ, ਜਿੱਥੇ ਇਹ ਕਾਨੂੰਨ ਲਾਗੂ ਹੋ ਗਿਆ ਹੈ। 

ਕਿਹਾ : ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਕੂੜੇ ਦੇ ਢੇਰ ਅਤੇ ਜ਼ਹਿਰੀਲਾ ਪਾਣੀ ਦਿੱਤਾ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਚ ਵਿਧਾਨ ਸਭਾ ਚੋਣਾਂ ਦੇ ਮੌਸਮ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਇਕ ਦੂਜੇ ਖਿਲਾਫ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਇਸਦੇ ਚੱਲਦਿਆਂ ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਦੀਆਂ ਡਬਲ ਇੰਜਣ ਸਰਕਾਰਾਂ ਵਾਲੇ ਰਾਜਾਂ ਨੇ ਪਿਛਲੇ ਦਸ ਸਾਲ ਵਿਚ ਬਹੁਤ ਤਰੱਕੀ ਕੀਤੀ ਹੈ, ਪਰ ਦਿੱਲੀ ਪਿੱਛੇ ਰਹਿ ਗਿਆ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਬਹਾਨੇ ਘੜਦੀ ਤੇ ਕੇਂਦਰ ਸਰਕਾਰ ਨਾਲ ਲੜਦੀ ਰਹੀ ਹੈ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ‘ਆਪ’ ਆਗੂ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਨੂੰ ‘ਬੜੇ ਮੀਆਂ ਤੇ ਛੋਟੇ ਮੀਆਂ’ ਦੱਸਿਆ। ਉਨ੍ਹਾਂ ਦੋਵਾਂ ’ਤੇ ਦਿੱਲੀ ਨੂੰ ਲੁੱਟਣ ਦਾ ਆਰੋਪ ਵੀ ਲਾਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਝੂਠ ਬੋਲਿਆ ਤੇ ਉਨ੍ਹਾਂ ਨੂੰ ਸਿਰਫ ਕੂੜੇ ਦੇ ਢੇਰ, ਜ਼ਹਿਰੀਲਾ ਪਾਣੀ ਤੇ ਭਿ੍ਰਸ਼ਟਾਚਾਰ ਹੀ ਦਿੱਤਾ।

ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਇਸ ਮੰਗ ਦਾ ਕੀਤਾ ਸਮਰਥਨ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪਰਵਾਸੀ ਭਾਰਤੀਆਂ ਦੀ ਵਧ ਰਹੀ ਗਿਣਤੀ ਅਤੇ ਇਨ੍ਹਾਂ ਦੇ ਵੱਖ-ਵੱਖ ਮੁੱਦਿਆਂ ਦੇ ਮੱਦੇਨਜ਼ਰ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੀ ਮੀਟਿੰਗ ਦੌਰਾਨ ਐੱਨ.ਆਰ.ਆਈਜ਼. ਨੂੰ ਸੰਸਦ ਵਿੱਚ ਨੁਮਾਇੰਦਗੀ ਦੇਣ ਬਾਰੇ ਸੁਝਾਅ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਇਸ ਮੰਗ ਦੇ ਸਮਰਥਨ ਵਿੱਚ ਇਟਲੀ ਵਰਗੇ ਕੁਝ ਦੇਸ਼ਾਂ ਦਾ ਹਵਾਲਾ ਦਿੱਤਾ, ਜਿੱਥੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਨਾਗਰਿਕਾਂ ਲਈ ਵਿਧਾਨ ਸਭਾ ਵਿੱਚ ਰਾਖਵਾਂਕਰਨ ਹੈ। ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਸਥਾਈ ਕਮੇਟੀ ਨੇ ਪਰਵਾਸੀ ਭਾਰਤੀਆਂ ਨਾਲ ਸਬੰਧਤ ਕਈ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ। ਮੀਟਿੰਗ ਵਿੱਚ ਕੇਰਲ, ਪੰਜਾਬ, ਦਿੱਲੀ ਅਤੇ ਗੁਜਰਾਤ ਦੀਆਂ ਸੰਸਥਾਵਾਂ ਨੇ ਹਿੱਸਾ ਲਿਆ ਅਤੇ ਕੁਝ ਚੰਗੇ ਸੁਝਾਅ ਵੀ ਦਿੱਤੇ। ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਲੱਖਾਂ ਪਰਵਾਸੀ ਭਾਰਤੀ ਵਿਦੇਸ਼ਾਂ ਵਿੱਚ ਰਹਿੰਦੇ ਹਨ, ਇਸ ਲਈ ਉਹ ਸੰਸਦ ਵਿੱਚ ਨੁਮਾਇੰਦਗੀ ਕਰਨ ਦੇ ਹੱਕਦਾਰ ਹਨ।

ਚਾਂਦੀ ਵੀ 93,177 ਰੁਪਏ ਪ੍ਰਤੀ ਕਿੱਲੋ ਹੋਈ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਲਕੇ 1 ਫਰਵਰੀ ਨੂੰ ਆਮ ਬਜਟ ਪੇਸ਼ ਹੋਣ ਤੋਂ ਇਕ ਦਿਨ ਪਹਿਲਾਂ ਯਾਨੀ ਅੱਜ 31 ਜਨਵਰੀ ਸ਼ੁੱਕਰਵਾਰ ਨੂੰ ਸੋਨਾ ਪਹਿਲੀ ਵਾਰੀ 82 ਹਜ਼ਾਰ ਰੁਪਏ ਪ੍ਰਤੀ ਤੋਲਾ ਤੋਂ ਵੀ ਟੱਪ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ 10 ਗਰਾਮ, 24 ਕੈਰੇਟ ਸੋਨੇ ਦਾ ਭਾਅ ਅੱਜ 862 ਰੁਪਏ ਵਧ ਕੇ 82,165 ਰੁਪਏ ਹੋ ਗਿਆ ਹੈ। ਲੰਘੇ ਕੱਲ੍ਹ ਇਹ ਕੀਮਤ 81,303 ਰੁਪਏ ਸੀ। ਉਧਰ ਦੂਜੇ ਪਾਸੇ ਚਾਂਦੀ ਦੀ ਕੀਮਤ ਵੀ ਅੱਜ 993 ਰੁਪਏ ਵਧ ਕੇ 93,177 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 92,184 ਰੁਪਏ ਪ੍ਰਤੀ ਕਿੱਲੋ ਸੀ। ਹੁਣ ਭਲਕੇ ਪੇਸ਼ ਹੋਣ ਵਾਲੇ ਬਜਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿਚ ਕੁਝ ਗਿਰਾਵਟ ਆਉਂਦੀ ਹੈ ਜਾਂ ਨਹੀਂ। 

ਦੇਸ਼ ਦੀਆਂ ਨੀਤੀਆਂ ਦਾ ਆਮ ਲੋਕਾਂ ਨੂੰ ਨੁਕਸਾਨ : ਰਾਹੁਲ ਗਾਂਧੀ

ਚੰਡੀਗੜ੍ਹ/ਬਿਊਰੋ ਨਿਊਜ਼  

ਕਾਂਗਰਸੀ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਆਰਥਿਕ ਨੀਤੀਆਂ ’ਤੇ ਸਿਆਸੀ ਹਮਲਾ ਕੀਤਾ ਹੈ। ਰਾਹੁਲ ਨੇ ਭਾਰਤ ’ਚ ਅਰਥਵਿਵਸਥਾ ਦੀਆਂ ਕਮੀਆਂ ਦਰਸਾਉਂਦੇ ਹੋਏ ਸਵਾਲ ਚੁੱਕਿਆ ਕਿ ਕੀ ਦੇਸ਼ ਦੇ ਮਿਹਨਤੀ ਨਾਗਰਿਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਯੋਗ ਹਿੱਸਾ ਮਿਲ ਰਿਹਾ ਹੈ? ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਦੇਸ਼ ਦੀਆਂ ਨੀਤੀਆਂ ਆਮ ਲੋਕਾਂ ਨੂੰ ਨੁਕਸਾਨ ਅਤੇ ਕਾਰਪੋਰੇਟਾਂ ਨੂੰ ਲਾਭ ਪਹੁੰਚਾ ਰਹੀਆਂ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂਫੈਕਚਰਿੰਗ ਖੇਤਰ ਦੀ ਅਰਥਵਿਵਸਥਾ ਵਿੱਚ ਹਿੱਸੇਦਾਰੀ 60 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਇਸ ਕਾਰਨ ਰੁਜ਼ਗਾਰ ਦੇ ਮੌਕੇ ਤੇਜ਼ੀ ਨਾਲ ਘਟ ਰਹੇ ਹਨ ਅਤੇ ਨੌਜਵਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਇਸਦੇ ਨਾਲ ਹੀ ਕਿਸਾਨੀ ਖੇਤਰ ਵਿੱਚ ਬਦਹਾਲੀ ਬਾਰੇ ਮੁੱਦਾ ਉਠਾਉਂਦਿਆਂ ਰਾਹੁਲ ਨੇ ਕਿਹਾ ਕਿ ਕਿਸਾਨ ਅਤੇ ਖੇਤ ਮਜ਼ਦੂਰ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ।

 

ਚੋਣ ਕਮਿਸ਼ਨ ਨੇ ਕਿਹਾ : ਜਾਂਚ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਵੇਗੀ 

ਨਵੀਂ ਦਿੱਲੀ/ਬਿਊਰੋ ਨਿਊਜ਼

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਦੇ ਦਫਤਰ ਪਹੁੰਚੇ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਸਨ। ਮਿਲੀ ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਦਿੱਲੀ ’ਚ ਆਉਣ ਵਾਲੇ ਪਾਣੀ ਵਿਚ ਜ਼ਹਿਰ ਮਿਲਾਉਣ ਦੀ ਭਾਜਪਾ ਦੀ ਸਾਜਿਸ਼ ਦਾ ਪੂਰਾ ਘਟਨਾਕ੍ਰਮ ਦੱਸਿਆ ਹੈ। ਇਸ ਤੋਂ ਬਾਅਦ ਕਮਿਸ਼ਨ ਨੇ ਕਿਹਾ ਕਿ ਉਹ ਪੂਰੇ ਇਸ ਮਾਮਲੇ ਦੀ ਤੱਥਾਂ ਦੇ ਅਧਾਰ ’ਤੇ ਜਾਂਚ ਕਰੇਗਾ ਅਤੇ ਫਿਰ ਕੋਈ ਫੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਲੀ ਵਿਚ ਜ਼ਹਿਰੀਲਾ ਪਾਣੀ ਭੇਜ ਕੇ ਆਰਟੀਫੀਸ਼ੀਅਲ ਵਾਟਰ ਕ੍ਰਾਈਸਿਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ  ਅਤੇ ਇਹ ਇਕ ਜੁਰਮ ਹੈ। ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਦੇ ਸੀਐਮ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। 

ਰਾਹੁਲ ਗਾਂਧੀ ’ਤੇ ਅਮਿਤ ਸ਼ਾਹ ਨੂੰ ਹਤਿਆਰਾ ਕਹਿਣ ਦਾ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੁਪਰੀਮ ਕੋਰਟ ਨੇ ਅੱਜ ਸੋਮਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਖਿਲਾਫ ਚੱਲ ਰਹੇ ਮਾਣਹਾਨੀ ਮਾਮਲੇ ਵਿਚ ਟ੍ਰਾਇਲ ਕੋਰਟ ਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਨਵੀਨ ਝਾਅ ਨੇ ਰਾਹੁਲ ਗਾਂਧੀ ’ਤੇ ਅਮਿਤ ਸ਼ਾਹ ਨੂੰ ਹੱਤਿਆਰਾ ਕਹਿਣ ਦਾ ਆਰੋਪ ਲਗਾਇਆ ਸੀ ਅਤੇ ਇਸ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਰਾਹੁਲ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਗਿਆ ਸੀ। ਇਹ ਮਾਮਲਾ 2019 ਦਾ ਦੱਸਿਆ ਗਿਆ ਹੈ।  ਦੱਸਿਆ ਗਿਆ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਝਾਰਖੰਡ ਦੇ ਚਾਈਬਾਸਾ ਵਿਚ ਆਪਣੇ ਇਕ ਜਨਤਕ ਭਾਸ਼ਣ ਦੌਰਾਨ ਰਾਹੁਲ ਨੇ ਅਮਿਤ ਸ਼ਾਹ ਨੂੰ ਹੱਤਿਆਰਾ ਕਹਿ ਦਿੱਤਾ ਸੀ। ਇਸੇ ਦੌਰਾਨ ਮਾਨਯੋਗ ਜਸਟਿਸ ਬਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਝਾਰਖੰਡ ਸਰਕਾਰ ਅਤੇ ਭਾਜਪਾ ਆਗੂ ਨੂੰ ਨੋਟਿਸ ਜਾਰੀ ਕਰਕੇ ਰਾਹੁਲ ਗਾਂਧੀ ਦੀ ਅਪੀਲ ’ਤੇ ਜਵਾਬ ਮੰਗਿਆ ਹੈ। 

ਭਲਕੇ 1 ਫਰਵਰੀ ਨੂੰ ਬਜਟ ਕੀਤਾ ਜਾਵੇਗਾ ਪੇਸ਼

ਨਵੀਂ ਦਿੱਲੀ/ਬਿਊਰੋ ਨਿਊਜ਼ 

18ਵੀਂ ਲੋਕ ਸਭਾ ਦੇ ਬਜਟ ਇਜਲਾਸ ਦਾ ਅੱਜ ਪਹਿਲਾ ਦਿਨ ਸੀ। ਇਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਵੀਂ ਦਿੱਲੀ ’ਚ ਸੰਸਦ ਦੇ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਨੂੰ ਸਾਂਝੇ ਤੌਰ ’ਤੇ ਸੰਬੋਧਨ ਕੀਤਾ। ਰਾਸ਼ਟਰਪਤੀ ਮੁਰਮੂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਯੋਜਨਾਵਾਂ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਆਯੂਸ਼ਮਾਨ ਯੋਜਨਾ ਦਾ ਬਹੁਤ ਫਾਇਦਾ ਮਿਲਿਆ ਹੈ ਅਤੇ ਛੋਟੇ ਕਾਰੋਬਾਰੀਆਂ ਦੇ ਲਈ ਕਰਜ਼ੇ ਦੀ ਲਿਮਿਟ ਦੁੱਗਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ 3 ਕਰੋੜ ਨਵੇਂ ਘਰ ਬਣਾਉਣ ਦਾ ਟੀਚਾ ਵੀ ਪੂਰਾ ਹੋ ਜਾਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਤਿੰਨ ਗੁਣਾ ਤੇਜ਼ ਗਤੀ ਨਾਲ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਦਨ ਦੇ ਬਾਹਰ ਮੀਡੀਆ ਨੂੰ ਸੰਬੋਧਨ ਕੀਤਾ। ਪੀਐਮ ਨੇ ਕਿਹਾ ਕਿ ਇਸ ਬਜਟ ਇਜਲਾਸ ਵਿਚ ਕਈ ਇਤਿਹਾਸਕ ਬਿੱਲ ਪੇਸ਼ ਕੀਤੇ ਜਾਣਗੇ। ਧਿਆਨ ਰਹੇ ਕਿ ਭਲਕੇ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਕੇਂਦਰ ਸਰਕਾਰ ਦਾ ਬਜਟ ਪੇਸ਼ ਕੀਤਾ ਜਾਵੇਗਾ। 

ਘਟਨਾ ਦੇ 164 ਦਿਨਾਂ ਬਾਅਦ ਸੁਣਾਇਆ ਗਿਆ ਫੈਸਲਾ

ਕੋਲਕਾਤਾ/ਬਿਊਰੋ ਨਿਊਜ਼

ਕੋਲਕਾਤਾ ਦੇ ਆਰਜੀ ਕਰ ਮੈਡੀਕਲ ਤੇ ਹਸਪਤਾਲ ਵਿਚ ਟਰੇਨੀ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਦੋਸ਼ੀ ਸੰਜੇ ਰੌਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਿਆਲਦਾਹ ਅਦਾਲਤ ਦੇ ਜੱਜ ਅਨਿਬਰਨ ਦਾਸ ਨੇ ਇਸ ਮਾਮਲੇ ਵਿਚ ਪੱਛਮੀ ਬੰਗਾਲ ਦੀ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੀੜਤ ਪਰਿਵਾਰ ਨੂੰ 17 ਲੱਖ ਰੁਪਏ ਮੁਆਵਜ਼ਾ ਦੇਵੇ। ਹਾਲਾਂਕਿ ਪਰਿਵਾਰ ਨੇ ਇਹ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ 18 ਜਨਵਰੀ ਨੂੰ ਸੰਜੇ ਰੌਏ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਘਟਨਾ ਦੇ 164 ਦਿਨ ਬਾਅਦ ਇਸ ’ਤੇ ਫੈਸਲਾ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੀਬੀਆਈ ਅਤੇ ਪੀੜਤ ਪਰਿਵਾਰ ਨੇ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਉਧਰ ਦੂਜੇ ਪਾਸੇ ਦੋਸ਼ੀ ਸੰਜੇ ਰੌਏ ਦੇ ਪਰਿਵਾਰ ਨੇ ਕਿਹਾ ਕਿ ਉਹ ਇਸ ਫੈਸਲੇ ਦੇ ਖਿਲਾਫ ਅਪੀਲ ਨਹੀਂ ਕਰਨਗੇ।

ਕੇਜਰੀਵਾਲ ਨੇ ਪਾਣੀ ਦੇ ਬਿੱਲ ਵੀ ਮੁਆਫ ਕਰਨ ਦੀ ਗੱਲ ਕਹੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਆਮ ਆਦਮੀ ਪਾਰਟੀ ਨੇ ਅੱਜ ਸੋਮਵਾਰ ਨੂੰ ਦਿੱਲੀ ਦੇ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲਈ ਪਾਰਟੀ ਦੀਆਂ 15 ਗਾਰੰਟੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਗਾਰੰਟੀਆਂ ਵਿਚ ਰੋਜ਼ਗਾਰ, ਮਹਿਲਾਵਾਂ ਦਾ ਸਨਮਾਨ, ਬਜ਼ੁਰਗਾਂ ਦਾ ਮੁਫਤ ਇਲਾਜ ਅਤੇ ਮੁਫਤ ਪਾਣੀ ਦੀ ਗਾਰੰਟੀ ਸ਼ਾਮਲ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਇਸ ਵਾਰ ਵੀ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਲੱਖਾਂ ਲੋਕਾਂ ਦੇ ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਜਾਣਗੇ। ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਦੇ ਸੰਕਲਪ ਪੱਤਰ ਨੂੰ ਫਰਜ਼ੀ ਦੱਸਿਆ ਹੈ। ਕੇਜਰੀਵਾਲ ਨੇ ਕਿਹਾ ਕਿ ਸਾਲ 2020 ਵਿਚ ਕੀਤੇ ਤਿੰਨ ਵਾਅਦੇ ਅਸੀਂ ਪੂਰੇ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਹੁਣ ਪੂਰਾ ਕੀਤਾ ਜਾਵੇਗਾ। ਇਨ੍ਹਾਂ ਵਿਚ ਯਮੁਨਾ ਨੂੰ ਸਾਫ ਕਰਨਾ, ਯੂਰਪ ਦੀ ਤਰ੍ਹਾਂ ਸੜਕਾਂ ਬਣਾਉਣੀਆਂ ਅਤੇ 24 ਘੰਟੇ ਪਾਣੀ ਦੇ ਲਈ ਕੰਮ ਕਰਨਾ ਸ਼ਾਮਲ ਹੈ। ਧਿਆਨ ਰਹੇ ਕਿ ਆਉਂਦੀ 5 ਫਰਵਰੀ ਨੂੰ ਦਿੱਲੀ ਵਿਚ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ।

ਜਰਮਨਜੀਤ ਸਿੰਘ ਅਤੇ ਸੁਖਜੀਤ ਸਿੰਘ ਨੂੰ ਮਿਲਿਆ ਅਰਜੁਨ ਪੁਰਸਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿਖੇ ਖੇਡ ਪੁਰਸਕਾਰ ਵੰਡੇ ਹਨ। ਇਸਦੇ ਚੱਲਦਿਆਂ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਦੋ ਓਲੰਪਿਕ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਤੇ ਸ਼ਤਰੰਜ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੂੰ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਪੈਰਾ ਉਲੰਪਿਕ ਸੋਨ ਤਗ਼ਮਾ ਜੇਤੂ ਉੱਚੀ ਛਾਲ ਦੇ ਖਿਡਾਰੀ ਪ੍ਰਵੀਨ ਕੁਮਾਰ ਨੂੰ ਵੀ ਦੇਸ਼ ਦਾ ਸਭ ਤੋਂ ਉੱਚਾ ਖੇਡ ਰਤਨ ਸਨਮਾਨ ਦਿੱਤਾ ਗਿਆ। ਇਸ ਵਾਰ 32 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਵੀ ਦਿੱਤੇ ਗਏ ਜਿਨ੍ਹਾਂ ’ਚੋਂ 17 ਪੈਰਾ ਅਥਲੀਟ ਹਨ। ਅਰਜੁਨ ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਪੁਰਸ਼ ਹਾਕੀ ਟੀਮ ਦੇ ਮੈਂਬਰ ਜਰਮਨਜੀਤ ਸਿੰਘ, ਸੁਖਜੀਤ ਸਿੰਘ, ਸੰਜੇ ਤੇ ਅਭਿਸ਼ੇਕ ਤੋਂ ਇਲਾਵਾ ਨਿਸ਼ਾਨੇਬਾਜ਼ ਸਰਬਜੋਤ ਸਿੰਘ, ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਤੇ ਪਹਿਲਵਾਨ ਅਮਨ ਸਹਿਰਾਵਤ ਸ਼ਾਮਲ ਹਨ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.