Monday, 20 April 2026

ਬਰਫਬਾਰੀ ਕਾਰਨ ਸੜਕਾਂ ’ਤੇ ਗੱਡੀਆਂ ਦੀਆਂ ਲੱਗੀਆਂ ਲਾਈਨਾਂ

ਚੰਡੀਗੜ੍ਹ/ਬਿਊਰੋ ਨਿਊਜ਼ 

ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਕਸ਼ਮੀਰ ਵਿਚ ਬਰਫਬਾਰੀ ਹੋ ਰਹੀ ਹੈ। ਇਸਦੇ ਚੱਲਦਿਆਂ ਹਿਮਾਚਲ ਦਾ ਲਾਹੌਲ ਤੇ ਸਪਿਤੀ ਦਾ ਕੁਕੁਮਸੇਰੀ ਸਭ ਤੋਂ ਠੰਡਾ ਰਿਹਾ। ਇੱਥੇ ਰਾਤ ਦਾ ਤਾਪਮਾਨ ਮਾਈਨਸ 7 ਡਿਗਰੀ ਤੱਕ ਚਲਾ ਗਿਆ ਹੈ। ਹਿਮਾਚਲ ਵਿਚ ਬਰਫਬਾਰੀ ਦੇ ਚੱਲਦਿਆਂ ਤਿੰਨ ਨੈਸ਼ਨਲ ਹਾਈਵੇ ਸਣੇ 200 ਤੋਂ ਜ਼ਿਆਦਾ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸ਼ਿਮਲਾ ਵਿਚ ਸਭ ਤੋਂ ਜ਼ਿਆਦਾ 145 ਸੜਕਾਂ ਬੰਦ ਕੀਤੀਆਂ ਗਈਆਂ, ਜਦੋਂ ਕਿ ਕੁੱਲੂ ਵਿਚ 25 ਅਤੇ ਮੰਡੀ ਜ਼ਿਲ੍ਹੇ ਵਿਚ 20 ਸੜਕਾਂ ਬਰਫਬਾਰੀ ਕਰਕੇ ਬੰਦ ਕੀਤੀਆਂ ਗਈਆਂ ਹਨ। ਬਰਫਬਾਰੀ ਕਾਰਨ ਸੜਕਾਂ ’ਤੇ ਗੱਡੀਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ, ਜਿਸ ਕਰਕੇ ਸੈਲਾਨੀਆਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਦਿੱਲੀ ਐਨ.ਸੀ.ਆਰ., ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਵੀ ਤਾਪਮਾਨ ਹੋਰ ਘੱਟ ਹੋ ਸਕਦਾ ਹੈ। ਇਸਦੇ ਚੱਲਦਿਆਂ ਕਈ ਸੂਬਿਆਂ ਵਿਚ ਕੋਹਰੇ ਦਾ ਵੀ ਅਲਰਟ ਕੀਤਾ ਗਿਆ ਹੈ। ਦਿੱਲੀ ਏਅਰਪੋਰਟ ਨੇ ਐਡਵਾਈਜਰੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਕੁਝ ਫਲਾਈਟਾਂ ਕੋਹਰੇ ਦੀ ਵਜ੍ਹਾ ਕਰਕੇ ਪ੍ਰਭਾਵਿਤ ਵੀ ਹੋ ਸਕਦੀਆਂ ਹਨ।

 

ਕਿਹਾ : ਕਿਸਾਨਾਂ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ

ਨਵੀਂ ਦਿੱਲੀ/ਬਿਊੁਰੋ ਨਿਊਜ਼ 

ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸਾਨਾਂ ਦੇ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਉਹ ਆਪਣੇ ਸੁਝਾਅ ਜਾਂ ਮੰਗਾਂ ਲੈ ਕੇ ਸਿੱਧੇ ਸਾਡੇ ਕੋਲ ਆ ਸਕਦੇ ਹਨ ਜਾਂ ਆਪਣਾ ਪ੍ਰਤੀਨਿਧੀ ਭੇਜ ਸਕਦੇ ਹਨ। ਸੁਪਰੀਮ ਕੋਰਟ ਨੇ ਖਨੌਰੀ ਬਾਰਡਰ ’ਤੇ 23 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਬੰਧੀ ਵੀ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਨੂੰ ਬਚਾਉਣ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਜੋ ਵੀ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ, ਸੂਬਾ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਇਸ ਮਾਮਲੇ ਦੀ ਸੁਣਵਾਈ ਭਲਕੇ ਵੀਰਵਾਰ ਨੂੰ ਫਿਰ ਹੋਵੇਗੀ। 

ਰਾਹੁਲ ਨੇ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ’ਤੇ ਚੁੱਕੇ ਸਵਾਲ

ਨਵੀਂ ਦਿੱਲੀ/ਬਿਊੁਰੋ ਨਿਊਜ਼

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ  ਸਬਜ਼ੀਆਂ ਦੇ ਭਾਅ ਜਾਣਨ ਲਈ ਨਵੀਂ ਦਿੱਲੀ ਦੀ ਇਕ ਸਬਜ਼ੀ ਮੰਡੀ ਵਿਚ ਪਹੁੰਚ ਗਏ। ਰਾਹੁਲ ਨੇ ਮਹਿੰਗਾਈ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਸਵਾਲ ਚੁੱਕੇ ਹਨ। ਰਾਹੁਲ ਨੇ ਸਬਜ਼ੀ ਮੰਡੀ ਦੇ ਦੌਰੇ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ ਕਿ ਲਸਣ ਦੀ ਕੀਮਤ ਕਦੇ 40 ਰੁਪਏ ਸੀ, ਅੱਜ 400 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਨੇ ਆਮ ਆਦਮੀ ਦਾ ਰਸੋਈ ਬਜਟ ਵਿਗਾੜ ਦਿੱਤਾ ਹੈ ਅਤੇ ਸਰਕਾਰ ਕੁੰਭਕਰਨ ਵਾਂਗ ਸੌਂ ਰਹੀ ਹੈ।  ਇਸ ਮੌਕੇ ਰਾਹੁਲ ਨੇ ਸਬਜ਼ੀਆਂ ਵੇਚਣ ਵਾਲੇ ਦੁਕਾਨਦਾਰਾਂ ਅਤੇ ਸਬਜ਼ੀ ਖਰੀਦਣ ਲਈ ਪਹੁੰਚੇ ਗ੍ਰਾਹਕਾਂ ਨਾਲ ਗੱਲਬਾਤ ਵੀ ਕੀਤੀ। ਰਾਹੁਲ ਨੇ ਦਿਨੋਂ ਦਿਨ ਵਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਮੋਦੀ ਸਰਕਾਰ ਅਮੀਰਾਂ ਨੂੰ ਫਾਇਦਾ ਪਹੁੰਚਾ ਰਹੀ ਹੈ।  

 

ਬਿੱਲ ਦੇ ਹੱਕ ਵਿਚ 269 ਅਤੇ ਵਿਰੋਧ ’ਚ 198 ਵੋਟਾਂ ਪਈਆਂ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਮੰਗਲਵਾਰ ਨੂੰ 17ਵਾਂ ਦਿਨ ਸੀ। ਇਸੇ ਦੌਰਾਨ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੇ ਲੋਕ ਸਭਾ ਵਿਚ ‘ਇਕ ਦੇਸ਼, ਇਕ ਚੋਣ’ ਦੇ ਲਈ 129ਵਾਂ ਸੰਵਿਧਾਨਕ ਸੋਧ ਬਿੱਲ ਪੇਸ਼ ਕੀਤਾ। ਬਿੱਲ ਪੇਸ਼ ਹੋਣ ਤੋਂ ਬਾਅਦ ਕਈ ਸੰਸਦ ਮੈਂਬਰਾਂ ਨੂੰ ਇਸ ’ਤੇ ਬੋਲਣ ਦਾ ਸਮਾਂ ਦਿੱਤਾ ਗਿਆ। ਕਈ ਸਿਆਸੀ ਪਾਰਟੀਆਂ ਦੀ ਨਰਾਜ਼ਗੀ ਤੋਂ ਬਾਅਦ ਬਿੱਲ ਨੂੰ ਦੁਬਾਰਾ ਪੇਸ਼ ਕਰਨ ਨੂੰ ਲੈ ਕੇ ਇਲੈਕਟ੍ਰਾਨਿਕ ਵੋਟਿੰਗ ਹੋਈ। ਇਸਦੇ ਪੱਖ ਵਿਚ 269 ਅਤੇ ਵਿਰੋਧ ਵਿਚ 198 ਵੋਟਾਂ ਪਈਆਂ। ਬਿੱਲ ਪੇਸ਼ ਹੋਣ ਤੋਂ ਪਹਿਲਾਂ ਕੇਂਦਰੀ ਕਾਨੂੰਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਚੋਣ ਕਮਿਸ਼ਨ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ 400 ਤੋਂ ਜ਼ਿਆਦਾ ਚੋਣਾਂ ਕਰਵਾ ਚੁੱਕਾ ਹੈ। ਹੁਣ ਅਸੀਂ ‘ਇਕ ਦੇਸ਼, ਇਕ ਚੋਣ’ ਦਾ ਫਾਰਮੂਲਾ ਲਿਆ ਰਹੇ ਹਾਂ। ਕਾਨੂੰਨ ਮੰਤਰੀ ਨੇ ਦੱਸਿਆ ਕਿ ‘ਇਕ ਦੇਸ਼ ਇਕ ਚੋਣ’ ਨਾਲ ਚੋਣਾਂ ਸਬੰਧੀ ਖਰਚੇ ਵਿਚ ਕਮੀ ਆਏਗੀ ਅਤੇ ਸਮੇਂ ਦੀ ਬੱਚਤ ਵੀ ਹੋਵੇਗੀ।  ਉਧਰ ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਨੇ ਇਸ ਬਿੱਲ ਦੀ ਆਲੋਚਨਾ ਕੀਤੀ ਹੈ। ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ‘ਇਕ ਦੇਸ਼ ਇਕ ਚੋਣ’ ਸੰਵਿਧਾਨ ਦੇ ਮੂਲ ਢਾਂਚੇ ਦੇ ਖਿਲਾਫ ਹੈ। 

ਸ਼ਿਮਲਾ ’ਚ ਸੜਕਾਂ ’ਤੇ ਜੰਮੀ 3-3 ਇੰਚ ਬਰਫ

ਚੰਡੀਗੜ੍ਹ/ਬਿਊਰੋ ਨਿਊਜ਼  

ਭਾਰਤ ਦੇ 3 ਸੂਬਿਆਂ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਕਸ਼ਮੀਰ ਵਿਚ ਬਰਫਬਾਰੀ ਦਾ ਦੌਰ ਜਾਰੀ ਹੈ। ਬਰਫਬਾਰੀ ਦੇ ਚੱਲਦਿਆਂ ਹਿਮਾਚਲ ਵਿਚ ਦੋ ਨੈਸ਼ਨਲ ਹਾਈਵੇ ਸਣੇ 30 ਸੜਕਾਂ ਬੰਦ ਹੋ ਗਈਆਂ ਹਨ। ਸ਼ਿਮਲਾ ’ਚ ਸੀਜਨ ਦੀ ਦੂਜੀ ਬਰਫਬਾਰੀ ਹੋਈ ਹੈ, ਜਿਸ ਨਾਲ ਸੜਕਾਂ ’ਤੇ 3-3 ਇੰਚ ਬਰਫ ਦੀ ਪਰਤ ਜੰਮ ਗਈ। ਇਸ ਕਰਕੇ ਕਈ ਗੱਡੀਆਂ ਬਰਫ ਵਿਚ ਫਸ ਗਈਆਂ ਅਤੇ ਪੁਲਿਸ ਨੇ ਗੱਡੀਆਂ ਨੂੰ ਬਰਫ ਵਿਚੋਂ ਕੱਢਣ ਲਈ ਰੈਸਕਿਊ ਅਪਰੇਸ਼ਨ ਵੀ ਚਲਾਇਆ। ਉਤਰਾਖੰਡ ਵਿਚ ਵੀ ਤਾਜ਼ਾ ਬਰਫਬਾਰੀ ਹੋਈ ਹੈ, ਜਿਸ ਨਾਲ ਪੂਰੇ ਇਲਾਕੇ ਵਿਚ ਠੰਡ ਵਧ ਗਈ ਹੈ। ਇਸਦੇ ਚੱਲਦਿਆਂ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਹਲਕਾ ਮੀਂਹ ਵੀ ਪਿਆ ਹੈ।

ਦਿੱਲੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ਤੋਂ ਉਮੀਦਵਾਰ ਐਲਾਨੇ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੀ ਚੌਥੀ ਅਤੇ ਆਖਰੀ ਲਿਸਟ ਵੀ ਆ ਗਈ ਹੈ। ਇਸ ਲਿਸਟ ਵਿਚ 38 ਉਮੀਦਵਾਰਾਂ ਦੇ ਨਾਮ ਹਨ। ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਚੋਣ ਲੜਨਗੇ ਅਤੇ ਮੁੱਖ ਮੰਤਰੀ ਆਤਿਸ਼ੀ ਨੂੰ ਕਾਲਕਾਜੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸੌਰਭ ਭਾਰਦਵਾਜ ਗੇ੍ਰਟਰ ਕੈਲਾਸ਼ ਅਤੇ ਸਤੇਂਦਰ ਜੈਨ ਸ਼ਕੂਰ ਬਸਤੀ ਤੋਂ ਚੋਣ ਲੜਨਗੇ। ‘ਆਪ’ ਨੇ 21 ਨਵੰਬਰ ਤੋਂ 15 ਦਸੰਬਰ ਦੇ ਵਿਚਕਾਰ ਯਾਨੀ ਕਿ 25 ਦਿਨਾਂ ਵਿਚ 4 ਲਿਸਟਾਂ ’ਚ ਸਾਰੇ 70 ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਵਾਰ 26 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਹੈ ਅਤੇ 4 ਵਿਧਾਇਕਾਂ ਦੇ ਹਲਕੇ ਬਦਲੇ ਗਏ ਹਨ। ਇਸੇ ਦੌਰਾਨ ਮਨੀਸ਼ ਸਿਸੋਦੀਆ ਦੀ ਸੀਟ ਪਟਪੜਗੰਜ ਤੋਂ ਜੰਗਪੁਰਾ, ਰਾਖੀ ਬਿਡਲਾਣ ਦੀ ਮੰਗੋਲਪੁਰੀ ਤੋਂ ਮਾਦੀਪੁਰ, ਪ੍ਰਵੀਨ ਕੁਮਾਰ ਦੀ ਜੰਗਪੁਰਾ ਤੋਂ ਜਨਕਪੁਰੀ ਅਤੇ ਦੁਰਗੇਸ਼ ਪਾਠਕ ਦੀ ਕਰਾਵਲ ਨਗਰ ਤੋਂ ਰਾਜੇਂਦਰ ਨਗਰ ਸੀਟ ਬਦਲੀ ਗਈ ਹੈ। ਜ਼ਿਕਰਯੋਗ ਹੈ ਕਿ 2020 ਵਿਚ ਰਾਘਵ ਚੱਢਾ ਰਾਜੇਂਦਰ ਨਗਰ ਤੋਂ ਵਿਧਾਇਕ ਬਣੇ ਸਨ ਅਤੇ 2022 ਵਿਚ ਉਨ੍ਹਾਂ ਦੇ ਰਾਜ ਸਭਾ ਵਿਚ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। 

ਕਿਹਾ : ਮੈਂ ਦੇਸ਼ ਦੇ ਸਾਰੇ ਕਿਸਾਨਾਂ ਨੂੰ ਵੀ ਕਰਦਾ ਹਾਂ ਸਲਾਮ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਭਾਰਤ ਦੀਆਂ 45 ਥਾਵਾਂ ’ਤੇ ਆਯੋਜਿਤ ਰੋਜ਼ਗਾਰ ਮੇਲੇ ਵਿਚ 71 ਹਜ਼ਾਰ ਨੌਜਵਾਨਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਨਿਯੁਕਤੀ ਪੱਤਰ ਵੰਡੇ। ਧਿਆਨ ਰਹੇ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪੀਐਮ ਮੋਦੀ ਦੇ ਤੀਜੇ ਕਾਰਜਕਾਲ ਦਾ ਇਹ ਦੂਜਾ ਰੋਜ਼ਗਾਰ ਮੇਲਾ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਅਤੇ ਸੰਸਥਾਵਾਂ ਵਿਚ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਲਈ ਇਕ ਮੁਹਿੰਮ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੁਆਰਾ ਕਰੀਬ 10 ਲੱਖ ਨੌਜਵਾਨਾਂ ਨੂੰ ਪੱਕੀ ਨੌਕਰੀ ਦਿੱਤੀ ਗਈ ਹੈ। ਇਸੇ ਦੌਰਾਨ ਉਨ੍ਹਾਂ ਅੱਗੇ ਕਿਹਾ ਕਿ ਅੱਜ ਚੌਧਰੀ ਚਰਨ ਸਿੰਘ ਜੀ ਦਾ ਜਨਮ ਦਿਨ ਵੀ ਹੈ। ਮੈਂ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਦਿਨ ਨੂੰ ਕਿਸਾਨ ਦਿਵਸ ਵਜੋਂ ਮਨਾਉਂਦੇ ਹਾਂ। ਇਸ ਮੌਕੇ ਮੈਂ ਦੇਸ਼ ਦੇ ਸਾਰੇ ਕਿਸਾਨਾਂ ਨੂੰ ਸਲਾਮ ਕਰਦਾ ਹਾਂ।

ਦਿੱਲੀ ਚੋਣਾਂ ਲਈ ‘ਆਪ’ ਤੇ ਕਾਂਗਰਸ ਦਾ ਨਹੀਂ ਹੋਵੇਗਾ ਗਠਜੋੜ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਚ ਆਉਂਦੇ ਫਰਵਰੀ ਮਹੀਨੇ ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਆਪਣੇ ਦਮ ’ਤੇ ਲੜੇਗੀ ਅਤੇ ਕਿਸੇ ਵੀ ਹੋਰ ਸਿਆਸੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕਰ ਦਿੱਤਾ ਹੈ। ਕੇਜਰੀਵਾਲ ਨੇ ਆਪਣੇ ਐਕਸ ਅਕਾਊਂਟ ’ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਖਿਆ ਕਿ ਉਹ ਦਿੱਲੀ ਵਿਚ ਆਪਣੇ ਦਮ ’ਤੇ ਇਕੱਲਿਆਂ ਹੀ ਵਿਧਾਨ ਸਭਾ ਚੋਣਾਂ ਲੜਨਗੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਚੋਣਾਂ ਲੜ ਸਕਦੇ ਹਨ। ਗਠਜੋੜ ਨੂੰ ਲੈ ਕੇ ‘ਇੰਡੀਆ’ ਗਠਜੋੜ ਅਤੇ ‘ਆਪ’ ਆਗੂਆਂ ਵਿਚਾਲੇ ਮੀਟਿੰਗ ਵੀ ਹੋਈ ਸੀ, ਇਸ ਤੋਂ ਬਾਅਦ ਹੀ ਕੇਜਰੀਵਾਲ ਨੇ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਹੈ। 

ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਸਨ ਚੌਟਾਲਾ

ਚੰਡੀਗੜ੍ਹ/ਬਿਊਰੋ ਨਿਊਜ਼

ਇਨੈਲੋ ਦੇ ਮੁਖੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 89 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਏ। ਧਿਆਨ ਰਹੇ ਕਿ ਓਮ ਪ੍ਰਕਾਸ਼ ਚੌਟਾਲਾ 7 ਵਾਰ ਵਿਧਾਇਕ ਰਹੇ ਤੇ 1989 ਵਿਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਅਤੇ 5 ਵਾਰ ਉਨ੍ਹਾਂ ਹਰਿਆਣਾ ਸੂਬੇ ਦੀ ਵਾਗਡੋਰ ਸੰਭਾਲੀ। ਓਮ ਪ੍ਰਕਾਸ਼ ਚੌਟਾਲਾ ਦੇ ਦਿਹਾਂਤ ’ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ ਨੇ ਹਮੇਸ਼ਾ ਹੀ ਕਿਸਾਨਾਂ ਅਤੇ ਗਰੀਬਾਂ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ ਦੇ ਜਾਣ ਨਾਲ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।  

ਬਰਫਬਾਰੀ ਕਾਰਨ ਕਈ ਸੜਕਾਂ ਆਵਾਜਾਈ ਲਈ ਬੰਦ

ਸ਼ਿਮਲਾ/ਬਿਊਰੋ ਨਿਊਜ਼

ਸ਼ਿਮਲਾ ਸਣੇ ਹਿਮਾਚਲ ਪ੍ਰਦੇਸ਼ ’ਚ ਕਈ ਥਾਈਂ ਬਰਫਬਾਰੀ ਹੋਈ ਹੈ, ਜਿਸ ਕਰਕੇ ਸੂਬੇ ਭਰ ਵਿਚ ਕਈ ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਸ਼ਿਮਲਾ ਜ਼ਿਲ੍ਹੇ ਵਿੱਚ ਰੋਹੜੂ, ਜੁਬਲ ਅਤੇ ਕੋਟਖਾਈ ਦੀਆਂ ਸਬ-ਡਿਵੀਜ਼ਨਾਂ ਵਿੱਚ 58 ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਬਰਫਬਾਰੀ ਕਾਰਨ ਕਿਨੌਰ ਵਿੱਚ ਵੀ ਕਈ ਸੜਕਾਂ ਪ੍ਰਭਾਵਿਤ ਹੋਈਆਂ ਹਨ। ਧਿਆਨ ਰਹੇ ਕਿ ਰੋਹਤਾਂਗ ਨੇੜੇ ਨੈਸ਼ਨਲ ਹਾਈਵੇ ਨੂੰ ਬਰਫ ਹੋਣ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 1990 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਸ਼ਿਮਲਾ ਵਿੱਚ ਦਸੰਬਰ ਦੇ ਸ਼ੁਰੂ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਦੇ ਅਨੁਸਾਰ ਲਾਹੌਲ ਸਪਿਤੀ, ਕੁੱਲੂ ਅਤੇ ਕਿਨੌਰ ਜ਼ਿਲ੍ਹਿਆਂ ਵਿੱਚ ਵੀ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

ਹਵਾ ’ਚ ਉਡ ਰਹੇ ਕਈ ਪੰਛੀਆਂ ਦੀ ਵੀ ਗਈ ਜਾਨ

ਜੈਪੁਰ/ਬਿਊਰੋ ਨਿਊਜ਼  

ਜੈਪੁਰ ਦੇ ਇਕ ਪਬਲਿਕ ਸਕੂਲ ਦੇ ਸਾਹਮਣੇ ਐਲ.ਪੀ.ਜੀ. ਗੈਸ ਨਾਲ ਭਰੇ ਟੈਂਕਰ ਵਿਚ ਅਚਾਨਕ ਧਮਾਕਾ ਹੋ ਗਿਆ। ਇਸ ਦੌਰਾਨ ਲੱਗੀ ਅੱਗ ਵਿਚ 9 ਵਿਅਕਤੀ ਜ਼ਿੰਦਾ ਸੜ ਗਏ। ਅੱਜ ਸ਼ੁੱਕਰਵਾਰ ਸਵੇਰੇ 6 ਵਜੇ ਦੇ ਕਰੀਬ ਵਾਪਰੇ ਇਸ ਭਿਆਨਕ ਹਾਦਸੇ ਵਿਚ 40 ਗੱਡੀਆਂ ਨੂੰ ਵੀ ਅੱਗ ਲੱਗ ਗਈ। ਗੱਡੀਆਂ ਵਿਚ ਸਫਰ ਕਰ ਰਹੇ 30 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਐਲ.ਪੀ.ਜੀ. ਗੈਸ ਨਾਲ ਭਰੇ ਟੈਂਕਰ ਦੇ ਪਿੱਛੇ ਚੱਲ ਰਹੀ ਇਕ ਸਲੀਪਰ ਬੱਸ ਵੀ ਅੱਗ ਦੀ ਲਪੇਟ ਵਿਚ ਆ ਗਈ। ਇਸ ਦੌਰਾਨ ਹਵਾ ਵਿਚ ਉਡ ਰਹੇ ਕਈ ਪੰਛੀਆਂ ਦੀ ਵੀ ਜਾਨ ਚਲੇ ਗਈ। ਇਸਦੇ ਚੱਲਦਿਆਂ ਹਾਈਵੇਅ ਦੇ ਕਿਨਾਰੇ ਸਥਿਤ ਇਕ ਪਾਈਪ ਫੈਕਟਰੀ ਵੀ ਇਸ ਅੱਗ ਵਿਚ ਘਿਰ ਗਈ। ਸਾਰੇ ਜ਼ਖਮੀ ਵਿਅਕਤੀਆਂ ਨੂੰ ਜੈਪੁਰ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸਾਂ ਅਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਸਨ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਹਸਪਤਾਲ ਪਹੁੰਚ ਗਏ ਅਤੇ ਉਨ੍ਹਾਂ ਨੇ ਡਾਕਟਰਾਂ ਤੋਂ ਜ਼ਖ਼ਮੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। 

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ

ਨਵੀਂ ਦਿੱਲੀ/ਬਿਊਰੋ ਨਿਊਜ਼

ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਚਾਰ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਹਰਿਆਣਾ ਨਾਲ ਸਬੰਧਤ ਪਹਿਲਵਾਨ ਪੂਨੀਆ ਨੇ 10 ਮਾਰਚ ਨੂੰ ਰਾਸ਼ਟਰੀ ਟੀਮ ਦੇ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਆਪਣਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਸ ਵਿਰੁੱਧ ਕਾਰਵਾਈ ਕੀਤੀ ਗਈ। ਟੋਕੀਓ ਉਲੰਪਿਕ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪੂਨੀਆ ਨੂੰ ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਸ਼ਵ ਕੁਸ਼ਤੀ ਸੰਗਠਨ ਨੇ ਵੀ ਉਸਦੇ ਖਿਲਾਫ ਕਾਰਵਾਈ ਕੀਤੀ। ਪੂਨੀਆ ਨੇ ਇਸ ਮੁਅੱਤਲੀ ਵਿਰੁੱਧ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਸ ਨੂੰ 31 ਮਈ ਤੱਕ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਨਾਡਾ ਨੇ ਪੂਨੀਆ ਨੂੰ 23 ਜੂਨ ਨੂੰ ਨੋਟਿਸ ਜਾਰੀ ਕੀਤਾ ਸੀ। ਪੂਨੀਆ ਨੇ ਇਸ ਫੈਸਲੇ ਨੂੰ 11 ਜੁਲਾਈ ਨੂੰ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ 20 ਸਤੰਬਰ ਅਤੇ 4 ਅਕਤੂਬਰ ਨੂੰ ਸੁਣਵਾਈ ਹੋਈ। ਹੁਣ ਆਪਣੇ ਨਿਰਦੇਸ਼ ਵਿਚ ਨਾਡਾ ਡੋਪਿੰਗ ਪੈਨਲ ਨੇ ਪਹਿਲਵਾਨ ਬਜਰੰਗ ਪੂਨੀਆ ਦੀ ਚਾਰ ਸਾਲ ਦੀ ਮੁਅੱਤਲੀ ਜਾਰੀ ਰੱਖੀ ਹੈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.