Wednesday, 22 April 2026

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੀਪੁਰ ਵਿੱਚ ਅਸਥਿਰ ਹਾਲਾਤ ਦੇ ਮੱਦੇਨਜ਼ਰ ਚੋਣਾਂ ਵਾਲੇ ਸੂਬੇ ਮਹਾਰਾਸ਼ਟਰ ਵਿੱਚ ਆਪਣੀਆਂ ਰੈਲੀਆਂ ਰੱਦ ਕਰ ਦਿੱਤੀਆਂ ਹਨ। ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਇਸ ਉੱਤਰ-ਪੂਰਬੀ ਸੂਬੇ ਵਿੱਚ ਸਥਿਤੀ ਦੀ ਸਮੀਖਿਆ ਲਈ ਇਕ ਮੀਟਿੰਗ ਕਰ ਸਕਦੇ ਹਨ। ਮਨੀਪੁਰ ਵਿੱਚ ਭੜਕੀ ਭੀੜ ਨੇ ਇੰਫਾਲ ਵਾਦੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੰਘੇ ਸ਼ਨਿਚਰਵਾਰ ਰਾਤ ਨੂੰ ਭਾਜਪਾ ਦੇ ਤਿੰਨ ਵਿਧਾਇਕਾਂ ਅਤੇ ਕਾਂਗਰਸ ਦੇ ਇਕ ਵਿਧਾਇਕ ਦੇ ਘਰ ਵਿੱਚ ਅੱਗ ਲਗਾ ਦਿੱਤੀ ਸੀ। ਨਾਲ ਹੀ, ਸੁਰੱਖਿਆ ਬਲਾਂ ਨੇ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਦੇ ਜੱਦੀ ਘਰ ਵਿੱਚ ਦਾਖ਼ਲ ਹੋਣ ਦੀ ਪ੍ਰਦਰਸ਼ਨਕਾਰੀਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਧਿਆਨ ਰਹੇ ਕਿ ਅਮਿਤ ਸ਼ਾਹ ਨੇ ਮਹਾਰਾਸ਼ਟਰ ਵਿੱਚ ਭਾਜਪਾ ਦੀ ਪ੍ਰਚਾਰ ਮੁਹਿੰਮ ਤਹਿਤ ਕੁਝ ਚੋਣ ਰੈਲੀਆਂ ਵਿੱਚ ਹਿੱਸਾ ਲੈਣਾ ਸੀ ਪਰ ਉਨ੍ਹਾਂ ਨੇ ਰੈਲੀਆਂ ਰੱਦ ਕਰ ਦਿੱਤੀਆਂ ਹਨ। 

ਆਰ.ਐਸ.ਐਸ. ਚੀਫ ਬੋਲੇ - ਤੀਜੇ ਵਿਸ਼ਵਯੁੱਧ ਦੀ ਸੰਭਾਵਨਾ ਬਣੀ

ਨਵੀਂ ਦਿੱਲੀ/ਬਿਊਰੋ ਨਿਊਜ਼

ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਦੁਨੀਆ ਵਿਚ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਵਕਤ ਦੁਨੀਆ ਸ਼ਾਂਤੀ ਦੇ ਲਈ ਭਾਰਤ ਵੱਲ ਦੇਖ ਰਹੀ ਹੈ, ਪਰ ਕੁਝ ਲੋਕ ਅੜਿੱਕਾ ਬਣ ਰਹੇ ਹਨ। ਸੰਘ ਮੁਖੀ ਨੇ ਇਕ ਵਾਰ ਫਿਰ ਕਿਹਾ ਹੈ ਕਿ ਭਾਰਤ ਵਿਸ਼ਵ ਗੁਰੂ ਬਣਨ ਵੱਲ ਵਧ ਰਿਹਾ ਹੈ। ਮੋਹਨ ਭਾਗਵਤ, ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਸੰਘ ਦੀ ਆਗੂ ਡਾਕਟਰ ਉਰਮਿਲਾ ਜਾਮਦਾਰ ਦੀ ਯਾਦ ਵਿਚ ਹੋਏ ਸਮਾਗਮ ’ਚ ਬੋਲ ਰਹੇ ਸਨ। ਭਾਗਵਤ ਨੇ ਕਿਹਾ ਕਿ ਯੂਕਰੇਨ-ਰੂਸ ਅਤੇ ਇਜਰਾਈਲ-ਹਮਾਸ ਯੁੱਧ ਦੇ ਚੱਲਦਿਆਂ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਇਸਦੇ ਫਾਇਦੇ  ਅਜੇ ਤੱਕ ਗਰੀਬਾਂ ਤੱਕ ਨਹੀਂ ਪਹੁੰਚ ਰਹੇ ਹਨ। ਸੰਘ ਮੁਖੀ ਨੇ ਵਾਤਾਵਰਣ ’ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਵਾਤਾਵਰਣ ਅਜਿਹੀ ਸਥਿਤੀ ਵਿਚ ਪਹੁੰਚ ਗਿਆ ਹੈ, ਜੋ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ।   

 

ਨਵੀਂ ਦਿੱਲੀ/ਬਿਊਰੋ ਨਿਊਜ਼

ਨਵੀਂ ਦਿੱਲੀ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਅਨਿਲ ਝਾਅ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਅਨਿਲ ਝਾਅ ਨੇ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ’ਚ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਭਾਜਪਾ ਦਾ ਸਾਬਕਾ ਵਿਧਾਇਕ ‘ਆਪ’ ਵਿਚ ਸ਼ਾਮਲ ਹੋ ਗਿਆ ਹੈ। ਅਨਿਲ ਝਾਅ ਦਾ ਪਾਰਟੀ ਛੱਡਣਾ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਅਨਿਲ ਝਾਅ ਭਾਜਪਾ ਵਲੋਂ ਕਿਰਾੜੀ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਅਨਿਲ ਝਾਅ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ’ਤੇ ਅਰਵਿੰਦ ਕੇਜਰੀਵਾਲ ਨੇ ਸਵਾਗਤ ਕੀਤਾ ਅਤੇ ਕਿਹਾ ਕਿ ਅਨਿਲ ਝਾਅ ਨੂੰ ‘ਆਪ’ ਵਿਚ ਬਣਦਾ ਸਨਮਾਨ ਦਿੱਤਾ ਜਾਵੇਗਾ।  

 

 

 

  

ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ

ਲਖਨਊ/ਬਿਊਰੋ ਨਿਊਜ਼ 

ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ ਵੱਡਾ ਮਤਾ ਸਾਹਮਣੇ ਆਇਆ ਹੈ। ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਹੁਣ ਮਰਦ ਦਰਜੀ ਕੱਪੜੇ ਸਿਉਂਣ ਲਈ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ। ਫੈਸਲੇ ਅਨੁਸਾਰ ਹਰ ਬੁਟੀਕ ਵਿਚ ਔਰਤਾਂ ਦਾ ਮਾਪ ਇਕ ਔਰਤ ਹੀ ਲੈ ਸਕੇਗੀ। ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇਹ ਮਤਾ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਮਹਿਲਾ ਕਮਿਸ਼ਨ ਨੇ ਕਿਹਾ ਹੈ ਕਿ ਔਰਤਾਂ ਦੇ ਜਿਮ ਵਿਚ ਔਰਤਾਂ ਹੀ ਟਰੇਨਰ ਹੋਣਗੀਆਂ। ਇਸ ਤੋਂ ਇਲਾਵਾ ਪੈਨਲ ਨੇ ਸੁਝਾਅ ਦਿੱਤਾ ਹੈ ਕਿ ਜਿੰਮ ਅਤੇ ਯੋਗਾ ਸੈਂਟਰ ਵਿਚ ਡੀ.ਵੀ.ਆਰ. ਸਮੇਤ ਸੀਸੀ ਟੀਵੀ ਕੈਮਰੇ ਲਾਏ ਜਾਣੇ ਜ਼ਰੂਰੀ ਹਨ। ਮਹਿਲਾ ਸੰਗਠਨ ਦੀ ਇੱਕ ਮੈਂਬਰ ਹਿਮਾਨੀ ਅਗਰਵਾਲ ਨੇ ਅੱਜ ਸ਼ੁੱਕਰਵਾਰ ਨੂੰ ਮੀਡੀਆ ਨੂੰ ਦੱਸਿਆ ਲੰਘੀ 28 ਅਕਤੂਬਰ ਨੂੰ ਮਹਿਲਾ ਕਮਿਸ਼ਨ ਦੀ ਮੀਟਿੰਗ ਵਿੱਚ ਇੱਕ ਮਤਾ ਪੇਸ਼ ਕੀਤਾ ਗਿਆ ਸੀ ਕਿ ਸਿਰਫ ਮਹਿਲਾ ਟੇਲਰਜ਼ ਹੀ ਔਰਤਾਂ ਦੁਆਰਾ ਪਹਿਨੇ ਜਾਣ ਵਾਲੇ ਸਿਲਾਈ ਕੱਪੜਿਆਂ ਦਾ ਮਾਪ ਲੈਣ ਅਤੇ ਇਨ੍ਹਾਂ ਖੇਤਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਮਤਾ ਸੂਬਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਬੀਤਾ ਚੌਹਾਨ ਵੱਲੋਂ ਪੇਸ਼ ਕੀਤਾ ਗਿਆ ਸੀ ਅਤੇ ਮੀਟਿੰਗ ਵਿੱਚ ਮੌਜੂਦ ਮੈਂਬਰਾਂ ਵੱਲੋਂ ਇਸ ਦਾ ਸਮਰਥਨ ਵੀ ਕੀਤਾ ਗਿਆ ਸੀ। 

 

 

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪਾਰਟੀ ਵੀ ਛੱਡ ਦਿੱਤੀ ਹੈ। ਕੈਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਅਸਤੀਫਾ ਦਿੱਤਾ ਹੈ। ਗਹਿਲੋਤ ਨੇ ਚਿੱਠੀ ਵਿਚ ਯਮੁਨਾ ਨਦੀ ਦੀ ਸਫਾਈ ਨੂੰ ਲੈ ਕੇ ‘ਆਪ’ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਆਪਣਾ ਜ਼ਿਆਦਾਤਰ ਸਮਾਂ ਕੇਂਦਰ ਨਾਲ ਸਿਆਸੀ ਲੜਾਈ ਲੜਨ ਵਿਚ ਗੁਜ਼ਾਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਲਾਸ਼ ਗਹਿਲੋਤ ਹੁਣ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਸਕਦੇ ਹਨ। 

 

 

 

  

ਰਾਹੁਲ ਨੇ ਕਮਲਾ ਹੈਰਿਸ ਨੂੰ ਵੀ ਹੌਸਲੇ ਦਾ ਭੇਜਿਆ ਪੱਤਰ

ਨਵੀਂ ਦਿੱਲੀ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿੱਠੀ ਲਿਖ ਕੇ ਜਿੱਤ ਦੀ ਵਧਾਈ ਦਿੱਤੀ ਹੈ ਅਤੇ ਭਰੋਸਾ ਜਤਾਇਆ ਹੈ ਕਿ ਉਨ੍ਹਾਂ ਦੀ ਅਗਵਾਈ ’ਚ ਦੋਵੇਂ ਦੇਸ਼ ਆਪਸੀ ਹਿੱਤਾਂ ਦੇ ਖੇਤਰਾਂ ’ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ। ਰਾਹੁਲ ਨੇ ਕਿਹਾ ਕਿ ਮੈਂ ਤੁਹਾਨੂੰ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁਣੇ ਜਾਣ ’ਤੇ ਵਧਾਈ ਦੇਣਾ ਚਾਹਾਂਗਾ ਅਤੇ ਅਮਰੀਕਾ ਦੇ ਲੋਕਾਂ ਨੇ ਭਵਿੱਖ ਲਈ ਤੁਹਾਡੇ ਵਿਜ਼ਨ ’ਤੇ ਭਰੋਸਾ ਕੀਤਾ ਹੈ। ਉਧਰ ਦੂਜੇ ਪਾਸੇ ਰਾਹੁਲ ਗਾਂਧੀ ਨੇ ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਪੱਤਰ ਲਿਖਿਆ ਹੈ। ਰਾਹੁਲ ਨੇ ਹੈਰਿਸ ਨੂੰ ਉਹਨਾਂ ਦੀ ਉਤਸ਼ਾਹੀ ਰਾਸ਼ਟਰਪਤੀ ਮੁਹਿੰਮ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਇਕਜੁੱਟਤਾ ਦਾ ਸੰਦੇਸ਼ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਧਿਆਨ ਰਹੇ ਕਿ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਤੋਂ ਹਾਰ ਗਏ ਹਨ। 

 

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਚ ਲਗਾਤਾਰ ਅੱਜ 5ਵੇਂ ਦਿਨ ਵੀ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼ੇ੍ਰਣੀ ਵਿਚ ਦਰਜ ਕੀਤਾ ਗਿਆ। ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਦੇ ਮੁਤਾਬਕ ਅੱਜ ਐਤਵਾਰ ਸਵੇਰੇ 7 ਵਜੇ ਦਿੱਲੀ ਦੀਆਂ 14 ਲੋਕੇਸ਼ਨਾਂ ’ਤੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 400 ਤੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਵਿਚ 37 ਫੀਸਦੀ ਪ੍ਰਦੂਸ਼ਣ ਦਿੱਲੀ ਅਤੇ ਨਾਲ ਲੱਗਦੇ ਸੂਬਿਆਂ ਵਿਚ ਪਰਾਲੀ ਸਾੜਨ ਨਾਲ ਹੋਇਆ ਹੈ। ਇਸੇ ਤਰ੍ਹਾਂ 12 ਫੀਸਦੀ ਪਲਿਊਸ਼ਨ ਦਾ ਕਾਰਨ ਗੱਡੀਆਂ ਵਿਚੋਂ ਨਿਕਲਣ ਵਾਲੇ ਕਾਰਬਨ ਕਰਕੇ ਹੈ। ਦਿੱਲੀ ਤੋਂ ਇਲਾਵਾ ਹਰਿਆਣਾ ਦੇ ਵੀ ਕਈ ਸ਼ਹਿਰਾਂ ਵਿਚ ਏਕਿਊਆਈ 400 ਦੇ ਕਰੀਬ ਪਹੁੰਚ ਗਿਆ ਹੈ। ਖਤਰਨਾਕ ਪ੍ਰਦੂਸ਼ਣ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਵਿਚ 5ਵੀਂ ਤੱਕ ਦੇ ਬੱਚਿਆਂ ਲਈ ਔਨਲਾਈਨ ਕਲਾਸਾਂ ਲਗਾਉਣ ਦਾ ਫੈਸਲਾ ਕੀਤਾ ਹੈ।

 

 

 

  

ਹੋਂਦ ਚਿੱਲੜ ’ਚ ਸ਼ਹੀਦ ਹੋਏ 32 ਸਿੱਖ ਪਰਿਵਾਰਾਂ ਦੀ ਯਾਦਗਾਰ ਬਣਾਈ ਜਾਵੇਗੀ : ਸੰਤ ਸੀਚੇਵਾਲ

ਜਲੰਧਰ/ਬਿਊਰੋ ਨਿਊਜ਼  

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਦਾ ਦੌਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ 2 ਨਵੰਬਰ 1984 ਵਿੱਚ ਹੋਏ ਕਤਲੇਆਮ ਦੌਰਾਨ ਇੱਥੇ ਸ਼ਹੀਦ ਹੋਏ 32 ਸਿੱਖ ਪਰਿਵਾਰਾਂ ਦੀ ਯਾਦਗਾਰ ਬਣਾਈ ਜਾਵੇਗੀ। ਇਸ ਪਿੰਡ ਵਿੱਚ 2 ਨਵੰਬਰ 1984 ਨੂੰ 32 ਸਿੱਖਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ ਸੀ। ਇਸ ਕਤਲੇਆਮ ਵਿੱਚ ਆਪਣੇ ਪਰਿਵਾਰ ਦੇ 12 ਮੈਂਬਰ ਗੁਆ ਚੁੱਕੀ ਬਿਰਧ ਅੱਜ ਵੀ ਆਪਣਿਆਂ ਦੇ ਸਦੀਵੀ ਵਿਛੋੜੇ ਦਾ ਦੁੱਖ ਆਪਣੇ ਦਿਲ ਵਿੱਚ ਦੱਬੀ ਬੈਠੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਕੇ ’ਤੇ ਹੀ ਰੇਵਾੜੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਮੀਨਾ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ ਅਤੇ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਉਣ ਦੀ ਹਦਾਇਤ ਕੀਤੀ। ਸੰਤ ਸੀਚੇਵਾਲ ਨੇ ਦੱਸਿਆ ਕਿ 2 ਨਵੰਬਰ 1984 ਨੂੰ ਸਿੱਖ ਪਰਿਵਾਰਾਂ ’ਤੇ ਹੋਏ ਹਮਲੇ ਦੌਰਾਨ ਗੁਰਦੁਆਰਾ ਸਾਹਿਬ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ। ਇਸਦਾ ਤਿੰਨ ਲੱਖ ਦੇ ਕਰੀਬ ਮੁਆਵਜ਼ਾ ਵੀ ਮਨਜ਼ੂਰ ਹੋਇਆ ਸੀ ਪਰ ਉਹ ਕਿਸੇ ਕਾਰਨ ਮਿਲ ਨਹੀਂ ਸਕਿਆ। ਇਸ ਮੌਕੇ ਉਨ੍ਹਾਂ ਤੇ ਪੀੜਤ ਪਰਿਵਾਰਾਂ ਨੇ ਇਸ ਦੁਖਾਂਤ ਵਿੱਚ ਆਪਣੀ ਜਾਨ ਗੁਆਉਣ ਵਾਲੇ ਸਿੱਖਾਂ ਦੀ ਯਾਦ ਵਿੱਚ ਬੂਟੇ ਵੀ ਲਾਏ। 

 

ਦਿੱਲੀ ’ਚ ਸ਼ਰਾਬ ਨੀਤੀ ਘੁਟਾਲੇ ਨਾਲ ਜੁੜਿਆ ਹੈ ਮਾਮਲਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਹਾਈਕੋਰਟ ਨੇ ਅੱਜ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੋਲੋਂ ਜਵਾਬ ਮੰਗਿਆ ਹੈ। ਕੇਜਰੀਵਾਲ ਨੇ ਕਥਿਤ ਆਬਕਾਰੀ ਨੀਤੀ ਘੁਟਾਲਾ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਏਜੰਸੀ ਦੀ ਸ਼ਿਕਾਇਤ ’ਤੇ ਉਨ੍ਹਾਂ ਨੂੰ ਜਾਰੀ ਕੀਤੇ ਗਏ ਸੰਮਨਾਂ ਨੂੰ ਚੁਣੌਤੀ ਦਿੱਤੀ ਹੈ। ਮਾਨਯੋਗ ਜਸਟਿਸ ਮਨੋਜ ਕੁਮਾਰ ਓਹਰੀ ਨੇ ਅਪਰਾਧਿਕ ਮਾਮਲੇ ਵਿਚ ਸੁਣਵਾਈ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਟਰਾਇਲ ਕੋਰਟ ਦਾ ਆਦੇਸ਼, ਜਿਸ ਨੂੰ ਕੇਜਰੀਵਾਲ ਨੇ ਚੁਣੌਤੀ ਦਿੱਤੀ ਹੈ, ਦੋ ਮਹੀਨੇ ਪੁਰਾਣਾ ਹੈ। ਉਨ੍ਹਾਂ ਕਿਹਾ ਕਿ ਇਹ ਨਵਾਂ ਆਦੇਸ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਹੁਦੇ ’ਤੇ ਸਨ ਤਾਂ ਉਨ੍ਹਾਂ ਖਿਲਾਫ ਭਿ੍ਰਸ਼ਟਾਚਾਰ ਦੇ ਆਰੋਪ ਲੱਗੇ ਸਨ। ਇਨ੍ਹਾਂ ਆਰੋਪਾਂ ਦੇ ਚੱਲਦਿਆਂ ਉਹ ਜੇਲ੍ਹ ਵਿਚ ਵੀ ਰਹੇ ਹਨ ਅਤੇ ਬਾਅਦ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 

 

 

ਡਰਾਈਵਿੰਗ ਲਾਇਸੈਂਸ ’ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਨੇ ਲਾਈਟ ਮੋਟਰ ਵਹੀਕਲ (ਐਲ.ਐਮ.ਵੀ.) ਲਾਇਸੈਂਸ ਧਾਰਕਾਂ ਨੂੰ 7500 ਕਿਲੋਗਰਾਮ ਤੱਕ ਵਜ਼ਨ ਵਾਲੀਆਂ ਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਅੱਜ ਬੁੱਧਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਅਜਿਹਾ ਕੋਈ ਡੈਟਾ ਨਹੀਂ ਹੈ, ਜੋ ਸਾਬਿਤ ਕਰਦਾ ਹੋਵੇ ਕਿ ਐਲ.ਐਲ.ਵੀ. ਡਰਾਈਵਿੰਗ ਲਾਇਸੈਂਸ ਧਾਰਕ ਦੇਸ਼ ਵਿਚ ਵਧਦੇ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਹਨ। ਮਾਨਯੋਗ ਜਸਟਿਸ ਰਿਸ਼ੀਕੇਸ਼ ਰਾਏ ਸਣੇ 5 ਜੱਜਾਂ ਦੀ ਬੈਂਚ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਹ ਮੁੱਦਾ ਐਲ.ਐਮ.ਵੀ. ਡਰਾਈਵਿੰਗ ਲਾਇਸੈਂਸ ਰੱਖਣ ਵਾਲੇ ਡਰਾਈਵਰਾਂ ਦੀ ਰੋਜ਼ੀ ਰੋਟੀ ਨਾਲ ਜੁੜਿਆ ਹੈ। ਅਦਾਲਤ ਨੇ ਕੇਂਦਰ ਸਰਕਾਰ ਨੂੰ ਕਾਨੂੰਨ ਵਿਚ ਸੋਧ ਪ੍ਰਕਿਰਿਆ ਜਲਦੀ ਪੂਰੀ ਕਰਨ ਨੂੰ ਵੀ ਕਿਹਾ ਹੈ। ਇਹ ਫੈਸਲਾ ਬੀਮਾ ਕੰਪਨੀਆਂ ਲਈ ਇਕ ਝਟਕਾ ਮੰਨਿਆ ਜਾ ਰਿਹਾ ਹੈ। ਧਿਆਨ ਰਹੇ ਕਿ 18 ਜੁਲਾਈ 2023 ਨੂੰ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਇਸ ਕਾਨੂੰਨੀ ਸਵਾਲ ਨਾਲ ਜੁੜੀਆਂ 76 ਪਟੀਸ਼ਨਾਂ ’ਤੇ ਸੁਣਵਾਈ ਸ਼ੁਰੂ ਕੀਤੀ ਸੀ। ਇਸ ਸਬੰਧੀ ਪ੍ਰਮੁੱਖ ਪਟੀਸ਼ਨ ਬਜਾਜ ਅਲਾਇੰਸ ਜਨਰਲ ਬੀਮਾ ਕੰਪਨੀ ਵਲੋਂ ਦਾਖਲ ਕੀਤੀ ਗਈ ਸੀ।

 

ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਦਾ ਰਹੇਗਾ ਕਾਰਜਕਾਲ 

ਨਵੀਂ ਦਿੱਲੀ/ਬਿਊਰੋ ਨਿਊਜ਼

ਜਸਟਿਸ ਸੰਜੀਵ ਖੰਨਾ ਨੇ ਅੱਜ ਸੋਮਵਾਰ ਨੂੰ ਭਾਰਤ ਦੇ 51ਵੇਂ ਚੀਫ ਜਸਟਿਸ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਜਸਟਿਸ ਖੰਨਾ ਨੂੰ ਅਹੁਦੇ ਦੀ ਸਹੁੰ ਚੁਕਾਈ। ਜਸਟਿਸ ਖੰਨਾ, ਜੋ ਛੇ ਮਹੀਨਿਆਂ ਤੋਂ ਘੱਟ ਸਮੇਂ ਲਈ ਸੀ.ਜੇ.ਆਈ. ਵਜੋਂ ਸੇਵਾ ਨਿਭਾਉਣਗੇ ਅਤੇ 13 ਮਈ 2025 ਨੂੰ ਅਹੁਦੇ ਤੋਂ ਰਿਟਾਇਰ ਹੋ ਜਾਣਗੇ। ਧਿਆਨ ਰਹੇ ਕਿ ਜਸਟਿਸ ਸੰਜੀਵ ਖੰਨਾ ਨੇ ਜਸਟਿਸ ਡੀ ਵਾਈ ਚੰਦਰਚੂੜ ਦੀ ਥਾਂ ਲਈ ਹੈ, ਜਿਨ੍ਹਾਂ ਨੇ ਲੰਘੇ ਕੱਲ੍ਹ ਐਤਵਾਰ ਨੂੰ 65 ਸਾਲ ਦੀ ਉਮਰ ਵਿੱਚ ਅਹੁਦਾ ਛੱਡ ਦਿੱਤਾ ਸੀ। ਚੀਫ ਜਸਟਿਸ ਸੰਜੀਵ ਖੰਨਾ ਈਵੀਐਮ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ, ਧਾਰਾ 370 ਨੂੰ ਰੱਦ ਕਰਨ, ਚੋਣ ਬਾਂਡ ਸਕੀਮ ਨੂੰ ਰੱਦ ਕਰਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਵਰਗੇ ਕਈ ਇਤਿਹਾਸਕ ਫੈਸਲਿਆਂ ਵਾਲੇ ਬੈਂਚ ਦਾ ਹਿੱਸਾ ਰਹੇ ਹਨ।  

 

ਹਵਾ ਦਾ ਰੁਖ ਬਦਲਿਆ ਤਾਂ ਦੋਵਾਂ ਸੂਬਿਆਂ ਨੂੰ ਹੋਵੇਗੀ ਮੁਸ਼ਕਲ

ਚੰਡੀਗੜ੍ਹ/ਬਿਊਰੋ ਨਿਊਜ਼ 

ਪਾਕਿਸਤਾਨ ’ਚ ਲਗਾਤਾਰ ਵਧ ਰਿਹਾ ਹਵਾ ਪ੍ਰਦੂਸ਼ਣ ਪੰਜਾਬ ਤੇ ਹਰਿਆਣਾ ਦੀ ਹਵਾ ਵੀ ਖਰਾਬ ਕਰੇਗਾ। ਅੱਜ ਮੰਗਲਵਾਰ ਸਵੇਰੇ ਲਾਹੌਰ ਦਾ ਏਅਰ ਕੁਆਲਟੀ ਇੰਡੈਕਸ 700 ਦੇ ਨੇੜੇ ਸੀ। ਇਸਦੇ ਚੱਲਦਿਆਂ ਜੇਕਰ ਹਵਾ ਦਾ ਰੁਖ ਬਦਲਦਾ ਹੈ ਤਾਂ ਭਾਰਤ ਦੇ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਦੀ ਮੁਸ਼ਕਲ ਵਧੇਗੀ। ਵਧਦੇ ਪ੍ਰਦੂਸ਼ਣ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਦੇ ਨਾਲ-ਨਾਲ ਅੱਖਾਂ ਵਿਚ ਜਲਣ ਦੀ ਸਮੱਸਿਆ ਵੀ ਹੋ ਰਹੀ ਹੈ। ਦੱਸਿਆ ਗਿਆ ਕਿ ਹਰਿਆਣਾ ਵਿਚ ਫਤੇਹਾਬਾਦ ਅਤੇ ਹਿਸਾਰ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਹੇ ਹਨ ਅਤੇ ਇੱਥੇ ਵੀ ਏਅਰ ਕੁਆਲਿਟੀ ਇੰਡੈਕਸ 500 ਤੱਕ ਪਹੁੰਚ ਗਿਆ ਹੈ। ਪੰਜਾਬ ਦੇ ਅੰਮਿ੍ਰਤਸਰ ਅਤੇ ਲੁਧਿਆਣਾ ਵਿਚ ਹਵਾ ਪ੍ਰਦੂਸ਼ਣ ਵਿਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਪਾਕਿਸਤਾਨੀ ਪੰਜਾਬ ਦੀ ਮਹਿਲਾ ਮੰਤਰੀ ਮਰੀਅਮ ਔਰੰਗਜੇਬ ਨੇ ਪਾਕਿਸਤਾਨੀ ਪੰਜਾਬ ਵਿਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਕਿਹਾ ਸੀ ਕਿ ਅੰਮਿ੍ਰਤਸਰ ਤੇ ਦਿੱਲੀ ਦੀਆਂ ਹਵਾਵਾਂ ਲਾਹੌਰ ਵਿਚ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.