Monday, 20 April 2026

ਮਹਾਂਕੁੰਭ ਵਿਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ ਹੋਈ 45 ਕਰੋੜ ਤੋਂ ਪਾਰ 

ਪ੍ਰਯਾਗਰਾਜ/ਬਿਊਰੋ ਨਿਊਜ਼  

ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਮਹਾਂਕੁੰਭ ’ਚ ਇਸ਼ਨਾਨ ਕਰਨ ਲਈ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸਦੇ ਚੱਲਦਿਆਂ ਵਾਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਆਵਾਜਾਈ ਦੀ ਵਿਵਸਥਾ ਵੀ ਗੜਬੜਾ ਗਈ ਹੈ ਅਤੇ ਪ੍ਰਯਾਗਰਾਜ ਵੱਲ ਆਉਣ ਵਾਲੇ ਹਰ ਰਸਤੇ ’ਤੇ ਲੰਮੇ ਲੰਮੇ ਜਾਮ ਲੱਗ ਰਹੇ ਹਨ। ਇਸਦੇ ਚੱਲਦਿਆਂ ਜ਼ਿਆਦਾ ਟਰੈਫਿਕ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਵਿਚ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਨਜ਼ਰ ਆ ਰਿਹਾ ਹੈ। ਪ੍ਰਯਾਗਰਾਜ ਵਿਚ ਕਮਰਸ਼ੀਅਲ ਵਾਹਨਾਂ ਦੀ ਐਂਟਰੀ ਨਹੀਂ ਹੋ ਰਹੀ ਅਤੇ ਇਸ ਕਰਕੇ ਦੁੱਧ, ਬਰੈਡ, ਸਬਜ਼ੀਆਂ ਅਤੇ ਲੋੜੀਂਦੇ ਘਰੇਲੂ ਵਰਤੋਂ ਦੇ ਸਮਾਨ ਦੀ ਵੀ ਕਮੀ ਮਹਿਸੂਸ ਹੋ ਰਹੀ ਹੈ। ਇਸੇ ਦੌਰਾਨ ਅੱਜ ਮੰਗਲਵਾਰ ਨੂੰ ਮਹਾਂਕੁੰਭ ਵਿਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ 45 ਕਰੋੜ ਨੂੰ ਪਾਰ ਕਰ ਗਈ। ਮਹਾਂਕੁੰਭ ਵਿਚ ਅਜੇ 15 ਦਿਨ ਅਤੇ ਦੋ ਮਹੱਤਵਪੂਰਨ ਇਸ਼ਨਾਨ ਉਤਸਵ ਬਾਕੀ ਹਨ ਅਤੇ ਉਮੀਦ ਹੈ ਕਿ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ 50-55 ਕਰੋੜ ਤੋਂ ਵੀ ਵੱਧ ਹੋ ਸਕਦੀ ਹੈ।

 

ਕੇਜਰੀਵਾਲ ਨੇ ਚੋਣ ਸਰਵੇਖਣਾਂ ਨੂੰ ਦੱਸਿਆ ਫਰਜ਼ੀ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਵਿਚ ਲੰਘੀ 5 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪਈਆਂ ਸਨ ਅਤੇ ਇਨ੍ਹਾਂ ਵੋਟਾਂ ਦੇ ਨਤੀਜੇ ਭਲਕੇ 8 ਫਰਵਰੀ ਨੂੰ ਆ ਜਾਣਗੇ। ਇਨ੍ਹਾਂ ਚੋਣਾਂ ਸਬੰਧੀ ਵੱਖ ਵੱਖ ਏਜੰਸੀਆਂ ਦੇ ਆਏ 11 ਚੋਣ ਸਰਵੇਖਣਾਂ ਵਿਚੋਂ 9 ਨੇ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਇਆ ਸੀ ਅਤੇ ਸਿਰਫ ਦੋ ਚੋਣ ਸਰਵੇਖਣਾਂ ਵਿਚ ਆਮ ਆਦਮੀ ਪਾਰਟੀ ਜਿੱਤਦੀ ਦਿਖਾਈ ਗਈ ਸੀ। ਇਸੇ ਤਰ੍ਹਾਂ ਤਿੰਨ ਹੋਰ ਏਜੰਸੀਆਂ ਦੇ ਚੋਣ ਸਰਵੇਖਣ ਸਾਹਮਣੇ ਆਏ ਹਨ ਅਤੇ ਇਨ੍ਹਾਂ ਤਿੰਨਾਂ ਚੋਣ ਸਰਵੇਖਣਾਂ ਨੇ ਵੀ ਦਿੱਲੀ ਵਿਚ ਭਾਜਪਾ ਦੀ ਜਿੱਤ ਦਾ ਕਿਆਸ ਲਗਾਇਆ ਹੈ। ਇਸੇ ਤਰ੍ਹਾਂ ਹੁਣ ਤੱਕ ਆਏ 14 ਚੋਣ ਸਰਵੇਖਣਾਂ ਵਿਚੋਂ 12 ਨੇ ਭਾਜਪਾ ਨੂੰ ਅਤੇ ਸਿਰਫ 2 ਚੋਣ ਸਰਵੇਖਣਾਂ ਨੇ ਦਿੱਲੀ ਵਿਚ ਮੁੜ ‘ਆਪ’ ਦੀ ਸਰਕਾਰ ਬਣਨ ਦੀ ਗੱਲ ਕਹੀ ਹੈ। ਇਸਦੇ ਚੱਲਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣ ਸਰਵੇਖਣਾਂ ਨੂੰ ਫਰਜ਼ੀ ਦੱਸਿਆ ਹੈ। ਇਸੇ ਦੌਰਾਨ ਕੇਜਰੀਵਾਲ ਨੇ ਭਾਜਪਾ ’ਤੇ ਆਰੋਪ ਲਗਾਇਆ ਕਿ ਭਾਜਪਾ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਫੋਨ ਕਰ ਰਹੇ ਹਨ ਅਤੇ ਕਰੋੜਾਂ ਰੁਪਏ ਦੇਣ ਦੇ ਆਫਰ ਕਰ ਰਹੇ ਹਨ। 

ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ’ਚ ਹੋਇਆ ਖੁਲਾਸਾ

ਨਵੀਂ ਦਿੱਲੀ/ਬਿਊਰੋ ਨਿਊਜ਼

ਪੰਜਾਬ ਵਿਚ ਟਰੈਵਲ ਏਜੰਟਾਂ ਨੂੰ ਲੈ ਕੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਇਕ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਸੂਬੇ ਵਿਚ ਸਿਰਫ 212 ਹੀ ਅਜਿਹੇ ਟਰੈਵਲ ਏਜੰਟ ਹਨ, ਜਿਨ੍ਹਾਂ ਕੋਲ ਮਾਨਤਾ ਪ੍ਰਾਪਤ ਲਾਇਸੈਂਸ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ 92 ਪ੍ਰਤੀਸ਼ਤ ਟਰੈਵਲ ਏਜੰਟ ਗੈਰਕਾਨੂੰਨੀ ਰੂਪ ਵਿਚ ਕੰਮ ਕਰ ਰਹੇ ਹਨ ਅਤੇ 8 ਪ੍ਰਤੀਸ਼ਤ ਹਨ, ਜਿਹੜੇ ਕਿ ਕੇਂਦਰੀ ਗਾਈਡ ਲਾਈਨ ਦੇ ਅੰਡਰ ਆਉਂਦੇ ਹਨ। ਇਨ੍ਹਾਂ ਵੀ ਦੱਸਿਆ ਗਿਆ ਕਿ 212 ਵਿਚੋਂ ਵੀ ਕਰੀਬ 65 ਲਾਇਸੈਂਸਾਂ ਦੀ ਮਿਆਦ ਰੱਦ ਹੋ ਚੁੱਕੀ ਹੈ ਅਤੇ ਜਿਨ੍ਹਾਂ ਨੂੰ ਕੇਂਦਰ ਸਰਕਾਰ ਆਪਣੇ ਪੱਧਰ ’ਤੇ ਰੱਦ ਕਰ ਚੁੱਕੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ 8 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਵਿਚ ਇਕ ਵੀ ਟਰੈਵਲ ਏਜੰਟ ਰਜਿਸਟਰਡ ਨਹੀਂ ਹੈ, ਪਰ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਗੈਰਕਾਨੂੰਨੀ ਰੂਪ ਵਿਚ ਟਰੈਵਲ ਏਜੰਟਾਂ ਦਾ ਕੰਮ ਚੱਲ ਰਿਹਾ ਹੈ। ਉਧਰ ਦੂਜੇ ਪਾਸੇ ਕੇਂਦਰ ਸਰਕਾਰ ਗੁਜਰਾਤ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲੰਧਰ ਵਿਚ ਸਭ ਤੋਂ ਜ਼ਿਆਦਾ ਫਰਜ਼ੀ ਟਰੈਵਲ ਏਜੰਟ ਕੰਮ ਕਰ ਰਹੇ ਹਨ।   

 

ਆਮ ਆਦਮੀ ਪਾਰਟੀ ਤੋਂ ਖੁੱਸ ਸਕਦੀ ਹੈ ਦਿੱਲੀ ਦੀ ਸੱਤਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਲੰਘੇ ਕੱਲ੍ਹ ਬੁੱਧਵਾਰ ਨੂੰ ਪੈ ਚੁੱਕੀਆਂ ਹਨ ਅਤੇ 60 ਫੀਸਦੀ ਤੋਂ ਜ਼ਿਆਦਾ ਵੋਟਿੰਗ ਦਰਜ ਕੀਤੀ ਗਈ ਹੈ। ਵੋਟਿੰਗ ਤੋਂ ਬਾਅਦ ਆਏ ਚੋਣ ਸਰਵੇਖਣਾਂ ਵਿਚ ਭਾਜਪਾ ਜਿੱਤਦੀ ਦਿਖਾਈ ਗਈ ਹੈ ਅਤੇ ਆਮ ਆਦਮੀ ਪਾਰਟੀ ਕੋਲੋਂ ਸੱਤਾ ਖੁੱਸਣ ਦੀ ਭਵਿੱਖਬਾਣੀ ਕੀਤੀ ਗਈ ਹੈ। ਕੁੱਝ ਸਰਵੇਖਣਾਂ ਅਨੁਸਾਰ ਐਤਕੀਂ ਫਿਰ ਕਾਂਗਰਸ ਦਾ ਖਾਤਾ ਖੁੱਲ੍ਹਣਾ ਮੁਸ਼ਕਲ ਹੈ। ਦੋ ਸਰਵੇਖਣਾਂ ਅਨੁਸਾਰ ‘ਆਪ’ ਜਿੱਤ ਸਕਦੀ ਹੈ ਅਤੇ ਦੋ ਅਨੁਸਾਰ ਭਾਜਪਾ ਤੇ ‘ਆਪ’ ਵਿਚਾਲੇ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਚੋਣ ਕਮਿਸ਼ਨ ਆਉਂਦੀ 8 ਫਰਵਰੀ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਅਧਿਕਾਰਤ ਨਤੀਜਿਆਂ ਦਾ ਐਲਾਨ ਕਰੇਗਾ। ਜ਼ਿਕਰਯੋਗ ਹੈ ਕਿ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 62 ਅਤੇ ਭਾਜਪਾ ਨੂੰ 8 ਸੀਟਾਂ ਮਿਲੀਆਂ ਸਨ। ਇਸਦੇ ਚੱਲਦਿਆਂ ਕਾਂਗਰਸ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ। ਦਿੱਲੀ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ ਹਨ ਅਤੇ ਬਹੁਮਤ ਲਈ 36 ਸੀਟਾਂ ਦੀ ਲੋੜ ਹੁੰਦੀ ਹੈ। 

ਯੂਪੀ ਦੀ ਰਾਜਪਾਲ ਅਤੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਦਾ ਕੀਤਾ ਸਵਾਗਤ

ਪ੍ਰਯਾਗਰਾਜ/ਬਿਊਰੋ ਨਿਊਜ਼

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸੋਮਵਾਰ ਨੂੰ ਮਹਾਂਕੁੰਭ ਮੇਲੇ ਦੌਰਾਨ ਤਿ੍ਰਵੇਣੀ ਦੇ ਸੰਗਮ ਉੱਤੇ ਆਸਥਾ ਦੀ ਡੁਬਕੀ ਲਾਈ। ਇਸ ਦੌਰਾਨ ਘਾਟ ’ਤੇ ਸਖ਼ਤ ਸੁਰੱਖਿਆ  ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਪਹਿਲਾਂ ਪ੍ਰਯਾਗਰਾਜ ਹਵਾਈ ਅੱਡੇ ਉੱਤੇ ਪੁੱਜੀ ਰਾਸ਼ਟਰਪਤੀ ਮੁਰਮੂ ਦਾ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਸਵਾਗਤ ਕੀਤਾ। ਮੁਰਮੂ ਨੇ ਤਿ੍ਰਵੇਣੀ ਦੇ ਸੰਗਮ ’ਤੇ ਪਰਵਾਸੀ ਪੰਛੀਆਂ ਨੂੰ ਚੋਗਾ ਵੀ ਪਾਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਆਪਣੇ ਪਰਿਵਾਰ ਨਾਲ ਸੰਗਮ ਦੇ ਘਾਟ ’ਤੇ ਇਸ਼ਨਾਨ ਕੀਤਾ।  ਦੱਸਣਯੋਗ ਹੈ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਵੀ ਮਹਾਂਕੁੰਭ ਦੌਰਾਨ ਇਸ਼ਨਾਨ ਕੀਤਾ ਸੀ।

ਪ੍ਰਧਾਨ ਮੰਤਰੀ ਮੋਦੀ ਅੱਜ ਬੁੱਧਵਾਰ ਤੜਕੇ ਮਹਾਂ ਕੁੰਭ ਮੇਲੇ ਵਿੱਚ ਪਹੁੰਚੇ

ਚੰਡੀਗੜ੍ਹ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਨੂੰ ਮਹਾਂ ਕੁੰਭ ਦੌਰਾਨ ਪ੍ਰਯਾਗਰਾਜ ਦੇ ਤਿ੍ਰਵੇਣੀ ਸੰਗਮ ਵਿੱਚ ਤੜਕੇ ਪਹੁੰਚ ਕੇ ਪਵਿੱਤਰ ਇਸ਼ਨਾਨ ਕੀਤਾ। ਮੋਦੀ ਨੇ ਇਸ਼ਨਾਨ ਕਰਨ ਤੋਂ ਬਾਅਦ ਸੂਰਜ ਨੂੰ ਅਰਘ ਵੀ ਦਿੱਤਾ। ਉਨ੍ਹਾਂ ਨੇ ਪੰਜ ਮਿੰਟ ਤੱਕ ਮੰਤਰ ਦਾ ਜਾਪ ਕਰਦੇ ਹੋਏ ਸੂਰਜ ਦੀ ਪੂਜਾ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਸਨ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਅਨੁਸਾਰ 12 ਸਾਲਾਂ ਬਾਅਦ ਆਯੋਜਿਤ ਕੀਤੇ ਜਾ ਰਹੇ ਮਹਾਂ ਕੁੰਭ ਵਿੱਚ ਹੁਣ ਤੱਕ ਭਾਰਤ ਅਤੇ ਦੁਨੀਆ ਭਰ ਤੋਂ 38 ਕਰੋੜ ਤੋਂ ਵੱਧ ਸ਼ਰਧਾਲੂ ਪਹੁੰਚ ਚੁੱਕੇ ਹਨ। ਧਿਆਨ ਰਹੇ ਕਿ ਲੰਘੀ 13 ਜਨਵਰੀ ਨੂੰ ਸ਼ੁਰੂ ਹੋਇਆ ਕੁੰਭ ਮੇਲਾ 26 ਫਰਵਰੀ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਵੱਖ-ਵੱਖ ਕੇਂਦਰੀ ਮੰਤਰੀ ਵੀ ਕੁੰਭ ਵਿਚ ਪਵਿੱਤਰ ਇਸ਼ਨਾਨ ਕਰ ਚੁੱਕੇ ਹਨ।  

ਕਿਹਾ : ਭਾਰਤ-ਅਮਰੀਕਾ ਸਹਿਯੋਗ ਦੀਆਂ ਕਾਮਯਾਬੀਆਂ ਨੂੰ ਅੱਗੇ ਵਧਾਉਣ ਦਾ ਮੌਕਾ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਅਮਰੀਕਾ ਦੇ ਦੌਰੇ ’ਤੇ ਚਲੇ ਗਏ ਹਨ। ਪੀਐਮ ਮੋਦੀ ਪਹਿਲਾਂ ਦੋ ਦਿਨ ਅੱਜ ਅਤੇ ਕੱਲ੍ਹ ਫਰਾਂਸ ਵਿਚ ਰਹਿਣਗੇ ਅਤੇ ਫਿਰ ਦੋ ਦਿਨ 13 ਅਤੇ 14 ਫਰਵਰੀ ਨੂੰ ਅਮਰੀਕਾ ਵਿਚ ਰਹਿਣਗੇ। ਫਰਾਂਸ ਅਤੇ ਅਮਰੀਕਾ ਦੀ ਆਪਣੀ ਫੇਰੀ ਲਈ ਰਵਾਨਾ ਹੋਣ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹਾ ਕਿ ਇਹ ਦੌਰਾ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਵਧਾਉਣ ਅਤੇ ਮਜ਼ਬੂਤ ਕਰਨ ਲਈ ਇੱਕ ਏਜੰਡਾ ਵਿਕਸਤ ਕਰਨ ਵਿੱਚ ਵੀ ਮਦਦ ਕਰੇਗਾ। ਪੀਐਮ ਨੇ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਦੌਰਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਦੋਵਾਂ ਮੁਲਕਾਂ ਵਿਚਕਾਰ ਸਹਿਯੋਗ ਵਿੱਚ ਮਿਲੀਆਂ ਸਫਲਤਾਵਾਂ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਟਰੰਪ ਦੇ ਦੂਜੇ ਕਾਰਜਕਾਲ ਲਈ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਵੇਗੀ।

ਪੰਜਾਬ ਦੇ ਕਈ ਹਿੱਸਿਆਂ ’ਚ ਵੀ ਪਿਆ ਹਲਕਾ ਮੀਂਹ

ਚੰਡੀਗੜ੍ਹ/ਬਿਊਰੋ ਨਿਊਜ਼

ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ, ਚੰਬਾ, ਸ਼ਿਮਲਾ ਅਤੇ ਕਿਨੌਰ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਰਫਬਾਰੀ ਹੋਈ ਹੈ, ਜਿਸ ਕਾਰਨ ਮੌਸਮ ਵੀ ਸੁਹਾਵਣਾ ਹੋ ਗਿਆ। ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ, ਖਾਰਾਪੱਥਰ ਅਤੇ ਕੁਫਰੀ ’ਚ ਵੀ ਕੁਝ ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਮੱਧ ਅਤੇ ਨੀਵੀਆਂ ਪਹਾੜੀਆਂ ’ਚ ਕਈ ਥਾਵਾਂ ’ਤੇ ਹਲਕਾ ਮੀਂਹ ਵੀ ਪਿਆ ਹੈ। ਮੌਸਮ ਵਿਭਾਗ ਨੇ ਚੰਬਾ, ਬਿਲਾਸਪੁਰ, ਸੋਲਣ, ਸ਼ਿਮਲਾ, ਸਿਰਮੌਰ, ਊਨਾ, ਹਮੀਰਪੁਰ, ਮੰਡੀ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਗਰਜ਼-ਤੂਫਾਨ ਦੇ ਨਾਲ-ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸਦੇ ਚੱਲਦਿਆਂ ਪੰਜਾਬ ਵਿਚ ਵੀ ਕਈ ਥਾਵਾਂ ’ਤੇ ਹਲਕਾ ਮੀਂਹ ਪਿਆ ਹੈ ਅਤੇ ਠੰਡ ਵੀ ਵਧੀ ਹੈ।

ਪਾਕਿ ਦੇ ਘੁਸਪੈਠੀਆਂ ਦਾ ਮਕਸਦ ਭਾਰਤੀ ਪੋਸਟ ਨੂੰ ਨਿਸ਼ਾਨਾ ਬਣਾਉਣਾ ਸੀ

ਨਵੀਂ ਦਿੱਲੀ/ਬਿਊੁਰੋ ਨਿਊਜ਼

ਭਾਰਤੀ ਫੌਜ ਨੇ 7 ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿਚ 2 ਜਾਂ 3 ਪਾਕਿਸਤਾਨੀ ਫੌਜ ਦੇ ਜਵਾਨ ਵੀ ਦੱਸੇ ਜਾ ਰਹੇ ਹਨ। ਦੱਸਿਆ ਗਿਆ ਹੈ ਕਿ ਇਹ ਘਟਨਾ ਲੰਘੀ ਚਾਰ-ਪੰਜ ਫਰਵਰੀ ਦੀ ਰਾਤ ਦੀ ਹੈ, ਜਦੋਂ ਐਲ.ਓ.ਸੀ. ਦੇ ਨੇੜੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕ੍ਰਿਸ਼ਨਾ ਘਾਟੀ ਦੇ ਨੇੜੇ ਇਹ ਘਟਨਾ ਹੋਈ ਹੈ ਅਤੇ ਇਨ੍ਹਾਂ ਘੁਸਪੈਠੀਆਂ ਦਾ ਮਕਸਦ ਭਾਰਤੀ ਪੋਸਟ ਨੂੰ ਨਿਸ਼ਾਨਾ ਬਣਾਉਣਾ ਸੀ। 

‘ਆਪ’, ਭਾਜਪਾ ਅਤੇ ਕਾਂਗਰਸ ਵਿਚਾਲੇ ਹੋਵੇਗਾ ਚੋਣ ਮੁਕਾਬਲਾ

ਨਵੀਂ ਦਿੱਲੀ/ਬਿਊਰੋ ਨਿਊਜ਼    

ਨਵੀਂ ਦਿੱਲੀ ਵਿਚ ਭਲਕੇ 5 ਫਰਵਰੀ ਦਿਨ ਬੁੱਧਵਾਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਨ੍ਹਾਂ ਵੋਟਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਪਾਰਟੀ ਵਿਚਾਲੇ ਚੋਣ ਮੁਕਾਬਲਾ ਹੋਵੇਗਾ ਅਤੇ ਇਨ੍ਹਾਂ ਤਿੰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਆਪੋ-ਆਪਣੀ ਪਾਰਟੀ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਗਈਆਂ ਹਨ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਲਈ ਵੀ ਵੱਡੀ ਚੋਣ ਪ੍ਰੀਖਿਆ ਹੈ ਕਿਉਂਕਿ ਇਨ੍ਹਾਂ ਚੋਣਾਂ ਦੇ ਨਤੀਜੇ ਪੰਜਾਬ ਵਿਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਜ਼ਰੂਰ ਪ੍ਰਭਾਵਿਤ ਕਰਨਗੇ।

5 ਸਾਲਾਂ ਬਾਅਦ ਆਰਬੀਆਈ ਨੇ ਰੈਪੋ ਰੇਟ ਘਟਾਇਆ

ਨਵੀਂ ਦਿੱਲੀ/ਬਿਊਰੋ ਨਿਊਜ਼

ਖਪਤ ਨੂੰ ਵਧਾਉਣ ਲਈ ਭਾਰਤ ਸਰਕਾਰ ਵੱਲੋਂ ਨਿੱਜੀ ਆਮਦਨ ਕਰ ਵਿੱਚ ਕਟੌਤੀ ਕੀਤੇ ਜਾਣ ਤੋਂ ਮਹਿਜ਼ ਇੱਕ ਹਫ਼ਤੇ ਬਾਅਦ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ ਨੇ ਰੈਪੋ ਰੇਟ ਵਿੱਚ ਕਟੌਤੀ ਕੀਤੀ ਹੈ। ਜਿਸ ਦਰ ਉੱਤੇ ਆਰਬੀਆਈ  ਹੋਰ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ, ਉਸ ਵਿਚ 25 ਅਧਾਰ ਅੰਕਾਂ ਦੀ ਕਟੌਤੀ ਕਰਕੇ 6.25 ਫੀਸਦੀ ਕਰ ਦਿੱਤਾ ਗਿਆ ਹੈ। ਇਹ 2020 ਤੋਂ ਬਾਅਦ ਆਰਬੀਆਈ ਵੱਲੋਂ ਪਹਿਲੀ ਵਾਰ ਦਰਾਂ ਵਿੱਚ ਕਟੌਤੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਖਪਤ ਵਿੱਚ ਵਾਧਾ ਹੋਵੇਗਾ। ਫਿਲਹਾਲ ਰੈਪੋ ਰੇਟ 6.5 ਫੀਸਦੀ ਹੈ। ਮੁਦਰਾ ਨੀਤੀ ਕਮੇਟੀ ਨੇ ਪਿਛਲੀ ਵਾਰ ਮਈ 2020 ਵਿੱਚ ਰੈਪੋ ਦਰ ਘਟਾਈ ਸੀ ਅਤੇ ਪਿਛਲੀਆਂ 11 ਨੀਤੀਗਤ ਮੀਟਿੰਗਾਂ ਦੌਰਾਨ ਦਰ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਆਰਬੀਆਈ ਨੇ ਪੰਜ ਸਾਲਾਂ ਵਿਚ ਪਹਿਲੀ ਵਾਰ ਰੈਪੋ ਰੇਟ ਘਟਾਇਆ ਹੈ। ਦਸੰਬਰ 2024 ਵਿੱਚ ਰਾਜਪਾਲ ਸੰਜੇ ਮਲਹੋਤਰਾ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਸੀ।

ਚੋਣ ਕਮਿਸ਼ਨ ਨੇ 5 ਫਰਵਰੀ ਨੂੰ ਸ਼ਾਮੀਂ 6:30 ਵਜੇ ਤੱਕ ਐਗਜ਼ਿਟ ਪੋਲ ’ਤੇ ਰੋਕ ਲਾਈ

ਨਵੀਂ ਦਿੱਲੀ/ਬਿਊਰੋ ਨਿਊਜ਼    

ਨਵੀਂ ਦਿੱਲੀ ਵਿਚ ਆਉਂਦੀ 5 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਸ ਨੂੰ ਲੈ ਕੇ ਅੱਜ ਸੋਮਵਾਰ ਸ਼ਾਮੀਂ ਨਵੀਂ ਦਿੱਲੀ ਵਿਚ ਚੋਣ ਪ੍ਰਚਾਰ ਵੀ ਸਮਾਪਤ ਹੋ ਗਿਆ। ਇਸ ਦੌਰਾਨ ਕੋਈ ਵੀ ਸਿਆਸੀ ਪਾਰਟੀ ਚੋਣ ਰੈਲੀ ਨਹੀਂ ਕਰ ਸਕੇਗੀ ਅਤੇ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਜ਼ਰੂਰ ਮੰਗ ਸਕਣਗੇ। ਇਨ੍ਹਾਂ ਵੋਟਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਉਧਰ ਦੂਜੇ ਪਾਸੇ ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਲਈ ਹੋਣ ਵਾਲੀਆਂ ਚੋਣਾਂ ਵਾਲੇ ਦਿਨ ਐਗਜ਼ਿਟ ਪੋਲ ਜਾਰੀ ਕਰਨ ’ਤੇ ਰੋਕ ਲਾ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਇਹ ਪਾਬੰਦੀ ਸਵੇਰੇ 7 ਵਜੇ ਤੋਂ ਸ਼ਾਮ 6:30 ਵਜੇ ਤੱਕ ਜਾਰੀ ਰਹੇਗੀ। ਚੋਣ ਕਮਿਸ਼ਨ ਨੇ ਕਿਹਾ ਕਿ 5 ਫਰਵਰੀ ਨੂੰ ਸਵੇਰੇ 7 ਵਜੇ ਤੋਂ ਸ਼ਾਮੀਂ 6:30 ਵਜੇ ਤੱਕ ਕਿਸੇ ਵੀ ਪਿ੍ਰੰਟ, ਇਲੈਕਟ੍ਰਾਨਿਕ ਜਾਂ ਹੋਰ ਕਿਸੇ ਤਰੀਕੇ ਨਾਲ ਐਗਜ਼ਿਟ ਪੋਲ ਦੇ ਸੰਚਾਲਣ, ਪ੍ਰਕਾਸ਼ਨ ਜਾਂ ਪ੍ਰਚਾਰ ਪਸਾਰ ਉੱਤੇ ਰੋਕ ਰਹੇਗੀ। ਦਿੱਲੀ ਵਿਚ ਮੁੱਖ ਚੋਣ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਾਲੇ ਹੋਵੇਗਾ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.