Monday, 20 April 2026

ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣੀ ਹੈ ਰੇਖਾ ਗੁਪਤਾ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੇ ਵਿਧਾਨ ਸਭਾ ਹਲਕਾ ਸ਼ਾਲੀਮਾਰ ਬਾਗ ਤੋਂ ਭਾਜਪਾ ਦੀ ਵਿਧਾਇਕ ਰੇਖਾ ਗੁਪਤਾ ਨੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣੀ ਹੈ। ਇਸ ਤੋਂ ਪਹਿਲਾਂ ਭਾਜਪਾ ਦੀ ਸੁਸ਼ਮਾ ਸਵਰਾਜ, ਕਾਂਗਰਸ ਦੀ ਸ਼ੀਲਾ ਦੀਕਸ਼ਤ ਅਤੇ ਆਮ ਆਦਮੀ ਪਾਰਟੀ ਦੀ ਆਤਿਸ਼ੀ ਵੀ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੇ ਹਨ। ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਰੇਖਾ ਗੁਪਤਾ ਦੇ ਹੋਏ ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਭਾਜਪਾ ਸ਼ਾਸ਼ਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ। ਰੇਖਾ ਗੁਪਤਾ ਦੇ ਨਾਲ 6 ਮੰਤਰੀਆਂ ਨੇ ਵੀ ਅਹੁਦੇ ਦੀ ਸਹੁੰ ਚੁੱਕੀ ਹੈ, ਇਨ੍ਹਾਂ ਵਿਚ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਪ੍ਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਇੰਦਰਾਜ ਸਿੰਘ, ਕਪਿਲ ਮਿਸ਼ਰਾ ਅਤੇ ਪੰਕਜ ਕੁਮਾਰ ਸ਼ਾਮਲ ਹਨ। ਦਿੱਲੀ ਦੀ ਮੁੱਖ ਮੰਤਰੀ ਬਣੀ ਰੇਖਾ ਗੁਪਤਾ ਅਤੇ ਮੰਤਰੀਆਂ ਨੇ ਪੀਐਮ ਨਰਿੰਦਰ ਮੋਦੀ ਅਤੇ ਭਾਜਪਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪੂੁਰੀ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ। 

 

ਨਵੀਂ ਦਿੱਲੀ/ਬਿਊਰੋ ਨਿਊਜ਼

ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ ਨੇ ਕਿਹਾ ਹੈ ਕਿ ਭਾਰਤ ਨੂੰ ਚੀਨ ਨੂੰ ਆਪਣਾ ਦੁਸ਼ਮਣ ਮੰਨਣਾ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨ ਤੋਂ ਖਤਰੇ ਨੂੰ ਅਕਸਰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਉਧਰ ਦੂੁਜੇ ਪਾਸੇ ਕਾਂਗਰਸ ਪਾਰਟੀ ਨੇ ਸੈਮ ਪਿਤਰੋਦਾ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸੈਮ ਪਿਤਰੋਦਾ ਵਲੋਂ ਚੀਨ ਸਬੰਧੀ ਦਿੱਤੇ ਗਏ ਵਿਚਾਰ ਕਾਂਗਰਸ ਦੇ ਵਿਚਾਰ ਨਹੀਂ ਹਨ ਅਤੇ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ। 

ਦਿੱਲੀ ਵਿੱਚ ਦਲਿਤ ਵਿਧਾਇਕ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਦੀ ਉਠੀ ਮੰਗ

ਨਵੀਂ ਦਿੱਲੀ/ਬਿਊਰੋ ਨਿਊਜ਼

ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦਿੱਲੀ ਵਿਧਾਨ ਸਭਾ ’ਚ ਦਲਿਤ ਵਿਧਾਇਕ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਜਾਵੇ। ਆਪਣੇ ਪੱਤਰ ਵਿੱਚ ਮਾਲੀਵਾਲ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਦਿੱਲੀ ਚੋਣ ਨਤੀਜਿਆਂ ਤੋਂ ਬਾਅਦ ਕੇਜਰੀਵਾਲ ਚੰਗਾ ਕੰਮ ਕਰ ਰਹੇ ਹਨ ਅਤੇ ਆਪਣੀ ਸਿਹਤ ਅਤੇ ਮਨ ਦੀ ਸ਼ਾਂਤੀ ’ਤੇ ਧਿਆਨ ਦੇ ਰਹੇ ਹਨ। ਉਨ੍ਹਾਂ 2022 ਦੀਆਂ ਪੰਜਾਬ ਚੋਣਾਂ ਦੌਰਾਨ ਕੀਤੇ ਵਾਅਦੇ ਦੀ ਵੀ ਯਾਦ ਦਿਵਾਈ, ਜਿੱਥੇ ਕੇਜਰੀਵਾਲ ਨੇ ਚੋਣ ਜਿੱਤਣ ’ਤੇ ਦਲਿਤ ਉਪ ਮੁੱਖ ਮੰਤਰੀ ਨਿਯੁਕਤ ਕਰਨ ਦੀ ਸਹੁੰ ਖਾਧੀ ਸੀ। ਮਾਲੀਵਾਲ ਨੇ ਕੇਜਰੀਵਾਲ ਨੂੰ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ 2022 ਦੀਆਂ ਪੰਜਾਬ ਚੋਣਾਂ ਦੌਰਾਨ, ਤੁਸੀਂ ਵਾਅਦਾ ਕੀਤਾ ਸੀ ਕਿ ਜਿੱਤਣ ਤੋਂ ਬਾਅਦ ਅਸੀਂ ਇੱਕ ਦਲਿਤ ਉਪ ਮੁੱਖ ਮੰਤਰੀ ਨਿਯੁਕਤ ਕਰਾਂਗੇ। ਪਰ ਇਹ ਬਦਕਿਸਮਤੀ ਦੀ ਗੱਲ ਹੈ ਕਿ ਤਿੰਨ ਸਾਲ ਬਾਅਦ ਵੀ ਇਹ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਨਿਯੁਕਤੀ ਕੇਜਰੀਵਾਲ ਲਈ ਆਪਣੀ ਪਹਿਲੀ ਵਚਨਬੱਧਤਾ ਨੂੰ ਪੂਰਾ ਕਰਨ ਦਾ ਇੱਕ ਆਦਰਸ਼ ਮੌਕਾ ਹੋਵੇਗਾ।

 

ਭੂਚਾਲ ਦਾ ਕੇਂਦਰ ਨਵੀਂ ਦਿੱਲੀ ਦੱਸਿਆ ਗਿਆ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ-ਐਨਸੀਆਰ ਵਿਚ ਅੱਜ ਸੋਮਵਾਰ ਸਵੇਰੇ ਕਰੀਬ ਸਾਢੇ 5 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਢਾਈ ਘੰਟੇ ਬਾਅਦ ਸਵੇਰੇ 8 ਵਜੇ ਬਿਹਾਰ ਦੇ ਸਿਵਾਨ ਵਿਚ ਵੀ ਭੂਚਾਲ ਦੇ ਝਟਕੇ ਲੱਗੇ। ਇਨ੍ਹਾਂ ਦੋਵੇਂ ਸਥਾਨਾਂ ’ਤੇ ਭੂਚਾਲ ਦੇ ਝਟਕਿਆਂ ਦੀ ਗਤੀ 4 ਮਾਪੀ ਗਈ। ਇਸ ਭੂਚਾਲ ਦਾ ਕੇਂਦਰ ਨਵੀਂ ਦਿੱਲੀ ਸੀ ਅਤੇ ਇਸਦੀ ਡੂੰਘਾਈ ਪੰਜ ਕਿਲੋਮੀਟਰ ਦੱਸੀ ਗਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਸਦੀ ਜਾਣਕਾਰੀ ਦਿੱਤੀ ਹੈ। ਇਸ ਭੂਚਾਲ ਦੇ ਝਟਕਿਆਂ ਕਾਰਨ ਦਿੱਲੀ, ਨੋਇਡਾ, ਗਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿਚ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਨਿਕਲ ਆਏ ਸਨ, ਹਾਲਾਂਕਿ ਇਸ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

ਹਰੀਯਾਵਲ ਸੰਸਥਾ ਨੇ ਹਰਿਤ ਮਹਾਸ਼ਿਵਰਾਤਰੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ

ਚੰਡੀਗੜ੍ਹ : ਪ੍ਰਯਾਗਰਾਜ ਮਹਾਕੁੰਭ ਵਿੱਚ ‘ਇੱਕ ਥਾਲੀ, ਇੱਕ ਥੈਲੀ’ ਅਭਿਆਨ ਦੀ ਸਫਲਤਾ ਦੇ ਬਾਅਦ ਹੁਣ ਹਰੀਯਾਵਲ ਪੰਜਾਬ ਸੰਸਥਾ ਨੇ ਹਰਿਤ ਮਹਾਸ਼ਿਵਰਾਤਰੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਹੈ। ਇਸ ਸਬੰਧੀ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਸੰਸਥਾ ਦੇ ਪ੍ਰਾਂਤ ਸੰਯੋਜਕ ਪ੍ਰਵੀਣ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਜਾਗਰੂਕਤਾ ਅਭਿਆਨ ਦਾ ਮੁੱਖ ਉਦੇਸ਼ ਦੇਸ਼ ਨੂੰ ਪਲਾਸਟਿਕ ਮੁਕਤ ਅਤੇ ਕੈਂਸਰ ਮੁਕਤ ਬਣਾਉਣਾ ਹੈ। ਸਾਫ ਅਤੇ ਸਿਹਤਮੰਦ ਵਾਤਾਵਰਨ ਲਈ ਸਥਾਨਕ ਜਨਤਾ ਅਤੇ ਸੰਤ ਸਮਾਜ ਦੇ ਮਾਰਗਦਰਸ਼ਨ ਵਿੱਚ ਵੱਖ-ਵੱਖ ਸਮਾਜਿਕ, ਸਵੈਸੇਵੀ ਅਤੇ ਧਾਰਮਿਕ ਸੰਸਥਾਵਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਮਹਾਸ਼ਿਵਰਾਤਰੀ ਮਹੋਤਸਵ ਦੌਰਾਨ ਲੰਗਰਾਂ ਵਿੱਚ ਡਿਸਪੋਜ਼ੇਬਲ ਚੀਜ਼ਾਂ ਦੀ ਵਰਤੋਂ ਨਾ ਕਰਨ ਅਤੇ ਪ੍ਰਸਾਦ ਨੂੰ ਸਟੀਲ ਦੀ ਥਾਲੀ ਵਿੱਚ ਹੀ ਵੰਡਣ। ਇਸ ਦੀ ਪ੍ਰਤਿਕਿ੍ਰਆ ਕਾਫੀ ਉਤਸ਼ਾਹਜਨਕ ਮਿਲ ਰਹੀ ਹੈ। ਇਸ ਮੌਕੇ ’ਤੇ ਉਨ੍ਹਾਂ ਨਾਲ ਪ੍ਰਾਂਤ ਧਾਰਮਿਕ ਸੰਸਥਾ ਦੇ ਮੁੱਖ ਸੰਚਾਲਕ ਸੰਦੀਪ ਕਸ਼ਯਪ, ਗੋ ਸੇਵਾ ਮੁੱਖ ਵਿਨੋਦ ਕੁਮਾਰ, ਸਿੱਖਿਆ ਸੰਸਥਾ ਦੇ ਮੁੱਖ ਡਾ. ਪ੍ਰਦੀਪ, ਐਨਵਾਇਰਮੈਂਟ ਨੋਡਲ ਅਫ਼ਸਰ ਡਾ. ਸੁਮਨ ਮੋਰ ਅਤੇ ਪੰਚਨਦ ਰਿਸਰਚ ਇੰਸਟੀਚਿਊਟ ਦੀ ਸਟੀਅਰਿੰਗ ਕਮੇਟੀ ਦੇ ਮੁਖੀ ਰਾਕੇਸ਼ ਸ਼ਰਮਾ ਮੌਜੂਦ ਸਨ। ਪ੍ਰਵੀਣ ਕੁਮਾਰ ਨੇ ਕਿਹਾ ਕਿ ਭਗਵਾਨ ਸ਼ਿਵ ਵਾਤਾਵਰਨ ਦੇ ਰੂਪ ਹਨ। ਇਹ ਸਾਰਾ ਵਿਸ਼ਵ ਭਗਵਾਨ ਵਿਸ਼ਵਨਾਥ ਦੀ ਰਚਨਾ ਹੈ। ਅੱਠ ਪ੍ਰਤੱਖ ਰੂਪਾਂ ਜਿਵੇਂ ਜਲ, ਅੱਗ, ਧਰਤੀ, ਹਵਾ, ਆਕਾਸ਼, ਚੰੰਦਰਮਾ, ਸੂਰਜ ਅਤੇ ਯਜਮਾਨ-ਆਤਮਾ ਵਿੱਚ ਭਗਵਾਨ ਸ਼ਿਵ ਸਭ ਨੂੰ ਦਿਖਾਈ ਦਿੰਦੇ ਹਨ। ਭਾਰਤੀ ਦਰਸ਼ਨ ਦੇ ਅਨੁਸਾਰ, ਵਿਸ਼ਵਮੂਰਤੀ ਸਾਰੀਆਂ ਜੀਵ ਜਾਤਾਂ ਅਤੇ ਇਸ ਦਾ ਪੋਸ਼ਣ ਕਰਨ ਵਾਲੇ ਕੁਦਰਤੀ ਤੱਤ ਸ਼ਿਵ ਦਾ ਪ੍ਰਤੱਖ ਸਰੀਰ ਹਨ। ਇਸ ਤਰ੍ਹਾਂ ਸਾਰਿਆਂ ਚੇਤਨ-ਅਚੇਤਨ ਪ੍ਰਾਣੀਆਂ ਦੇ ਸ਼ਿਵ ਪਿਤਾ ਹਨ। ਜਿਵੇਂ ਪਿਤਾ ਬੱਚਿਆਂ ਦੇ ਭਲੇ ਤੋਂ ਖੁਸ਼ ਹੁੰਦੇ ਹਨ, ਓਸੇ ਤਰ੍ਹਾਂ ਵਾਤਾਵਰਨ ਦੇ ਉਪਰੋਕਤ ਘਟਕਾਂ ਨੂੰ ਨੁਕਸਾਨ ਤੋਂ ਬਚਾਉਣ ਵਾਲੇ, ਪ੍ਰਦੂਸ਼ਣ ਮੁਕਤ ਅਤੇ ਪੋਸ਼ਣ ਦੇਣ ਵਾਲੇ ਭਗਵਾਨ ਸ਼ੰਕਰ ਨੂੰ ਖੁਸ਼ ਕਰਦੇ ਹਨ। ਜੇਕਰ ਕੋਈ ਮਨੁੱਖ ਇਨ੍ਹਾਂ ਅੱਠ ਮੂਰਤੀਆਂ ਵਿੱਚੋਂ ਕਿਸੇ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਹ ਦਰਅਸਲ ਭਗਵਾਨ ਸ਼ੰਕਰ ਦਾ ਹੀ ਨੁਕਸਾਨ ਕਰ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਪਲਾਸਟਿਕ ਕਚਰੇ ਨਾਲ ਪੰਜ ਤੱਤਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਖੁਲੇ ਵਿੱਚ ਫੈਂਕਿਆ ਗਿਆ ਪਲਾਸਟਿਕ ਮੀਂਹ ਦੇ ਪਾਣੀ ਨਾਲ ਬਹਿ ਕੇ ਨਦੀਆਂ ਅਤੇ ਝੀਲਾਂ ਵਿੱਚ ਚਲਾ ਜਾਂਦਾ ਹੈ, ਜਿਸ ਨਾਲ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਪਲਾਸਟਿਕ ਕਚਰਾ ਸੀਵਰੇਜ ਨਿਕਾਸੀ ਵਿੱਚ ਰੁਕਾਵਟ ਪੈਦਾ ਕਰਦਾ ਹੈ। ਧਰਤੀ ਉੱਤੇ ਫੈਲਿਆ ਮਾਈਕ੍ਰੋ ਪਲਾਸਟਿਕ ਮੀਂਹ ਦੇ ਪਾਣੀ ਦੇ ਧਰਤੀ ਵਿੱਚ ਰਿਸਾਵ ਵਿੱਚ ਰੁਕਾਵਟ ਪੈਦਾ ਕਰਦਾ ਹੈ। ਜਿਸ ਕਾਰਨ ਪਾਣੀ ਦੀ ਸਤਰ ਘਟ ਰਹੀ ਹੈ। ਖੇਤਾਂ ਵਿੱਚ ਪਲਾਸਟਿਕ ਕਚਰੇ ਦੇ ਵੱਧਣ ਨਾਲ ਮਿੱਟੀ ਦੀ ਉਰਵਰਤਾ ਘਟਦੀ ਹੈ ਅਤੇ ਫਸਲਾਂ ਦੀ ਗੁਣਵੱਤਾ ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਕੁਤਬ ਮੀਨਾਰ ਵਰਗੇ ਕਚਰੇ ਦੇ ਢੇਰ ਦਾ ਮੁਲ਼ ਘਟਕ ਪਲਾਸਟਿਕ ਹੀ ਹੈ। ਕਚਰੇ ਦੇ ਢੇਰ ਆਪਣੇ ਸ਼ਹਿਰਾਂ ਅਤੇ ਦੇਸ਼ ਦੀ ਸ਼ੋਭਾ ਵੀ ਘਟਾਉਂਦੇ ਹਨ। ਪਲਾਸਟਿਕ ਰੂਪੀ ਰਾਖਸ਼ ਸੈਂਕੜੇ ਸਾਲਾਂ ਤੱਕ ਗਲਦਾ ਨਹੀਂ ਅਤੇ ਇਸ ਨੂੰ ਜਲਾਉਣ ’ਤੇ ਪ੍ਰਦੂਸ਼ਿਤ ਹੁੰਦਾ ਹੈ। ਸਾਡੀ ਜ਼ਿੰਦਗੀ ਦੇ ਅੰਦਾਜ਼ ਵਿੱਚ ਕਚਰਾ ਪ੍ਰਬੰਧਨ ਨਹੀਂ ਹੈ। ਅਕਸਰ ਪਲਾਸਟਿਕ ਕਚਰੇ ਨੂੰ ਜਲਾਇਆ ਜਾਂਦਾ ਹੈ, ਜਿਸ ਨਾਲ ਹਵਾਈ ਵਿੱਚ ਜ਼ਹਿਰੀਲੇ ਪਦਾਰਥ ਮਿਲ ਜਾਂਦੇ ਹਨ। ਹਰ ਸਾਲ ਲੱਖਾਂ ਲੋਕ ਖਰਾਬ ਹਵਾ ਗੁਣਵੱਤਾ ਕਾਰਨ ਆਪਣੀ ਜ਼ਿੰਦਗੀ ਗਵਾ ਦਿੰਦੇ ਹਨ ਅਤੇ ਲੱਖਾਂ ਲੋਕ ਲੰਬੇ ਸਮੇਂ ਤੱਕ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਪੀੜਤ ਰਹਿੰਦੇ ਹਨ। ਦੁਨੀਆਂ ਵਿੱਚ 90 ਫੀਸਦੀ ਤੋਂ ਵੱਧ ਲੋਕ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਂਦੇ ਹਨ। ਸਮੁੰਦਰਾਂ ਵਿੱਚ ਬਹਿ ਕੇ ਪਲਾਸਟਿਕ ਕਚਰਾ ਸਮੁੰਦਰੀ ਜੀਵਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ। ਹਜ਼ਾਰਾਂ ਮੱਛੀਆਂ, ਕਚਊਏ, ਗਾਈਆਂ ਅਤੇ ਪੰਛੀ ਪਲਾਸਟਿਕ ਨੂੰ ਖਾਣਾ ਸਮਝ ਕੇ ਗਲਤੀ ਨਾਲ ਨਿਗਲ ਲੈਂਦੇ ਹਨ, ਜਿਸ ਨਾਲ ਉਹ ਮਰ ਜਾਂਦੇ ਹਨ। ਪਲਾਸਟਿਕ ਵਿੱਚ ਮੌਜੂਦ ਹਾਨੀਕਾਰਕ ਰਸਾਇਣ ਪਾਣੀ ਅਤੇ ਖਾਣੇ ਵਿੱਚ ਮਿਲ ਕੇ ਕੈਂਸਰ, ਹਾਰਮੋਨਲ ਅਸੰਤੁਲਣ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ। ਜਿਵੇਂ ਹੀ ਪਲਾਸਟਿਕ ਦੀਆਂ ਥਾਲੀਆਂ, ਕਟੋਰੀਆਂ, ਗਲਾਸਾਂ ਵਿੱਚ ਗਰਮ ਚੀਜ਼ ਪਾਈ ਜਾਂਦੀ ਹੈ, ਉਹ ਕੈਂਸਰਕਾਰਕ ਬਣ ਜਾਂਦੀਆਂ ਹਨ। ਡਿਸਪੋਜ਼ੇਬਲ ਬਰਤਨ ਵਿੱਚ ਖਾਣਾ ਦੇਣਾ ਅਤੇ ਲੈਣਾ ਦੋਨੋ ਪਾਪ ਹਨ। ਉਹਨਾਂ ਨੇ ਦੱਸਿਆ ਕਿ ਪ੍ਰਯਾਗਰਾਜ ਮਹਾਕੁੰਭ 2025 ਨੂੰ ਹਰਿਤ, ਪਵਿੱਤਰ ਅਤੇ ਸਾਫ ਮਹਾਕੁੰਭ ਬਣਾਉਣ ਲਈ ਇੱਕ ਥੈਲਾ ਇੱਕ ਥਾਲੀ ਅਭਿਆਨ ਦੀ ਯੋਜਨਾ ਅਤੇ ਕਿ੍ਰਯਾਨਵਯਨ ਪਰਿਆਵਰਣ ਸੁਰੱਖਿਆ ਗਤੀਵਿਧੀ ਦੁਆਰਾ ਕੀਤਾ ਗਿਆ ਜੋ ਪੂਰੀ ਤਰ੍ਹਾਂ ਸਫਲ ਹੋਇਆ। ਦੇਸ਼ ਭਰ ਤੋਂ ਲੋਕਾਂ ਤੋਂ ਕਪੜੇ ਦੇ ਥੈਲਿਆਂ ਅਤੇ ਥਾਲੀਆਂ ਇਕੱਠੀਆਂ ਕਰ ਕੇ ਪ੍ਰਯਾਗਰਾਜ ਮਹਾਕੁੰਭ ਵਿੱਚ ਭੇਜੀਆਂ ਗਈਆਂ, ਤਾਂ ਜੋ ਉਥੇ ਪਲਾਸਟਿਕ ਦਾ ਕਚਰਾ ਘਟ ਸਕੇ। ਇੱਕ ਅਨੁਮਾਨ ਲਾਇਆ ਗਿਆ ਕਿ ਜੇ ਹਰ ਵਿਅਕਤੀ ਹਰ ਰੋਜ਼ 120 ਗ੍ਰਾਮ ਪਲਾਸਟਿਕ ਕਚਰਾ ਪੈਦਾ ਕਰਦਾ ਹੈ ਤਾਂ ਇੱਕ ਕਰੋੜ ਸ਼ਰਧਾਲੂ 1200 ਟਨ ਕਚਰਾ ਇੱਕ ਦਿਨ ਵਿੱਚ ਪੈਦਾ ਕਰ ਲੈਂਦੇ ਹਨ। ਪ੍ਰਯਾਗਰਾਜ ਮਹਾਕੁੰਭ ਦੇ ਭੰਡਾਰਾਂ ਵਿੱਚ 10.25 ਲੱਖ ਸਟੀਲ ਦੀਆਂ ਥਾਲੀਆਂ, 13 ਲੱਖ ਕਪੜੇ ਦੇ ਥੈਲੇ, 2.5 ਲੱਖ ਸਟੀਲ ਦੇ ਗਲਾਸ ਮੁਫਤ ਵਿੱਚ ਵੰਡੇ ਗਏ। ਇਸ ਨਾਲ ਪਰਿਆਵਰਣ ਸਵੱਛਤਾ ਦਾ ਸੰਦੇਸ਼ ਹਰ ਘਰ ਤੱਕ ਪਹੁੰਚਿਆ। ਦੇਸ਼ਵਿਆਪੀ ਅਭਿਆਨ ਵਿੱਚ ਲੱਖਾਂ ਪਰਿਵਾਰਾਂ ਦੀ ਭਾਗੀਦਾਰੀ ਨਾਲ ਹਰਿਤ ਕੁੰਭ ਅਭਿਆਨ ਸਫਲ ਹੋਇਆ। 

 

 

 

  

ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਹਨ ਜੇਪੀ ਨੱਡਾ

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਪ੍ਰਕਿਰਿਆ ਮਾਰਚ ਮਹੀਨੇ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਵੇਗੀ। ਹੋਲੀ ਯਾਨੀ ਕਿ 14 ਮਾਰਚ ਤੋਂ ਪਹਿਲਾਂ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ। ਇਸ ਵਾਰ ਭਾਜਪਾ ਪ੍ਰਧਾਨ ਦੇ ਲਈ ਦੱਖਣੀ ਭਾਰਤ ਤੋਂ ਕਿਸੇ ਨੇਤਾ ਦੇ ਨਾਮ ’ਤੇ ਸਹਿਮਤੀ ਬਣ ਸਕਦੀ ਹੈ, ਕਿਉਂਕਿ ਭਾਜਪਾ ਦਾ ਫੋਕਸ ਹੁਣ ਦੱਖਣੀ ਸੂਬਿਆਂ ’ਤੇ ਹੋਵੇਗਾ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਦੇ ਆਖੀਰ ਤੱਕ 18 ਸੂਬਿਆਂ ਦੇ ਪ੍ਰਧਾਨਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਭਾਜਪਾ ਦੇ ਇਕ ਆਗੂ ਦੇ ਦੱਸਣ ਮੁਤਾਬਕ ਪਾਰਟੀ ਮੌਜੂੁਦਾ ਪ੍ਰਧਾਨ ਜੇਪੀ ਨੱਢਾ ਨੂੰ ਇਕ ਹੋਰ ਕਾਰਜਕਾਲ ਦੇਣ ਦੀ ਥਾਂ ਨਵਾਂ ਪਾਰਟੀ ਪ੍ਰਧਾਨ ਚੁਣੇਗੀ। ਹਾਲਾਂਕਿ ਭਾਜਪਾ ਦੇ ਸੰਵਿਧਾਨ ਮੁਤਾਬਕ ਰਾਸ਼ਟਰੀ ਪ੍ਰਧਾਨ ਅਹੁਦੇ ਲਈ ਕੋਈ ਵਿਅਕਤੀ ਲਗਾਤਾਰ ਦੋ ਟਰਮ ਦੇ ਲਈ ਚੁਣਿਆ ਜਾ ਸਕਦਾ ਹੈ।  

ਕਤਰ ਦੇ ਆਮੀਰ ਨੂੰ ਦਿੱਤਾ ਗਿਆ ਗਾਰਡ ਆਫ ਆਨਰ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਨਵੀਂ ਦਿੱਲੀ ਸਥਿਤ ਹੈਦਰਾਬਾਦ ਹਾਊਸ ਵਿਚ ਕਤਰ ਦੇ ਆਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਹ ਮਿਲਣੀ ਵਿਸ਼ੇਸ਼ ਦੁਵੱਲੀ ਭਾਈਵਾਲੀ ਲਈ ਇੱਕ ਨਵਾਂ ਮੀਲ ਪੱਥਰ ਹੈ। ਇਸ ਤੋਂ ਪਹਿਲਾਂ ਕਤਰ ਦੇ ਆਮੀਰ ਨੂੰ ਰਾਸ਼ਟਰਪਤੀ ਦਰੋਪਤੀ ਮੁਰਮੂ ਦੀ ਮੌਜੂਦਗੀ ਵਿਚ ਰਾਸ਼ਟਰਪਤੀ ਭਵਨ ’ਚ ਰਸਮੀ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਵੀ ਮੌਜੂਦ ਸਨ। ਵਿਦੇਸ਼ ਮੰਤਰਾਲਾ ਨੇ ਸ਼ੋਸ਼ਲ ਮੀਡੀਆ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ ਵਿਖੇ ਕਤਰ ਦੇ ਆਮੀਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕਿਹਾ ਗਿਆ ਕਿ ਕਤਰ ਦੇ ਆਮੀਰ ਦੀ ਭਾਰਤ ਫੇਰੀ ਸਾਡੀ ਵਧਦੀ ਬਹੁਪੱਖੀ ਭਾਈਵਾਲੀ ਨੂੰ ਹੋਰ ਗਤੀ ਪ੍ਰਦਾਨ ਕਰੇਗੀ।  

 

ਨੈਸ਼ਨਲ ਲਿਟਰੇਸੀ ਟਰੱਸਟ ਦੇ ਅਧਿਐਨ ’ਚ ਹੋਇਆ ਖੁਲਾਸਾ

ਜਲੰਧਰ/ਬਿਊਰੋ ਨਿਊਜ਼

ਸਮਾਰਟਫੋਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਪੜ੍ਹਨ ਦੀ ਆਦਤ ਤੋਂ ਦੂਰ ਕਰ ਦਿੱਤਾ ਹੈ। ਨੈਸ਼ਨਲ ਲਿਟਰੇਸੀ ਟਰੱਸਟ ਦੇ ਤਾਜ਼ਾ ਅਧਿਐਨ ਨੇ ਭਾਰਤ ਵਿੱਚ ਬੱਚਿਆਂ ’ਚ ਪੜ੍ਹਨ ਦੀਆਂ ਆਦਤਾਂ ਵਿੱਚ ਚਿੰਤਾਜਨਕ ਗਿਰਾਵਟ ਦਾ ਖੁਲਾਸਾ ਕੀਤਾ। ਸਰਵੇਖਣ ਅਨੁਸਾਰ 8 ਤੋਂ 18 ਸਾਲ ਦੀ ਉਮਰ ਦੇ ਸਿਰਫ 34.6 ਫੀਸਦੀ ਬੱਚੇ ਹੀ ਆਪਣੇ ਖਾਲੀ ਸਮੇਂ ਵਿੱਚ ਪੜ੍ਹਨ ਦਾ ਆਨੰਦ ਲੈਂਦੇ ਹਨ, ਜੋ ਪਿਛਲੇ ਸਾਲਾਂ ਨਾਲੋਂ ਬਹੁਤ ਘੱਟ ਹੈ। ਮਾਹਿਰ ਚਿਤਾਵਨੀ ਦਿੰਦੇ ਹਨ ਕਿ ਇਹ ਗਿਰਾਵਟ ਸਿਰਫ ਕਿਤਾਬਾਂ ਬਾਰੇ ਨਹੀਂ ਹੈ, ਇਹ ਨੌਜਵਾਨ ਪੀੜ੍ਹੀ ਵਿੱਚ ਸਮਾਜਿਕ ਰੁਝੇਵਿਆਂ ’ਚ ਇੱਕ ਵਿਆਪਕ ਤਬਦੀਲੀ ਨੂੰ ਦਰਸਾਉਂਦੀ ਹੈ। ਇਸ ਗਿਰਾਵਟ ਦਾ ਮੁਕਾਬਲਾ ਕਰਨ ਲਈ ਸਖਤ ਨਿਯਮਾਂ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ, ਇੱਥੋਂ ਤੱਕ ਕਿ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਲਈ ਸਮਾਰਟਫੋਨਾਂ ’ਤੇ ਪਾਬੰਦੀ ਦਾ ਵੀ ਸੁਝਾਅ ਦਿੱਤਾ ਗਿਆ। ਇਸ ਸਬੰਧੀ ਮਾਹਿਰਾਂ ਦਾ ਮੰਨਣਾ ਹੈ ਕਿ ਪੜ੍ਹਨ ਦੀਆਂ ਆਦਤਾਂ ਨੂੰ ਮੁੜ ਸੁਰਜੀਤ ਕਰਨ ਲਈ ਢਾਂਚਾਗਤ ਤਬਦੀਲੀਆਂ ਦੀ ਲੋੜ ਹੈ।

26 ਜਨਵਰੀ 2029 ਤੱਕ ਰਹੇਗਾ ਗਿਆਨੇਸ਼ ਕੁਮਾਰ ਦਾ ਕਾਰਜਕਾਲ

ਨਵੀਂ ਦਿੱਲੀ/ਬਿਊਰੋ ਨਿਊਜ਼  

ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਭਾਰਤ ਦਾ ਨਵਾਂ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਗਿਆਨੇਸ਼ ਕੁਮਾਰ 1988 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਅਤੇ ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਰਿਟਾਇਰ ਹੋਣ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਹੈ। ਗਿਆਨੇਸ਼ ਕੁਮਾਰ ਨਵੇਂ ਕਾਨੂੰਨ ਦੇ ਤਹਿਤ ਨਿਯੁਕਤ ਹੋਣ ਵਾਲੇ ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਹਨ। ਉਨ੍ਹਾਂ ਦਾ ਕਾਰਜਕਾਲ 26 ਜਨਵਰੀ 2029 ਤੱਕ ਰਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਬੈਠਕ ਦੌਰਾਨ ਗਿਆਨੇਸ਼ ਕੁਮਾਰ ਦੀ ਨਿਯੁਕਤੀ ਦਾ ਫੈਸਲਾ ਕੀਤਾ ਗਿਆ। ਬੈਠਕ ਦੌਰਾਨ ਵਿਵੇਕ ਜੋਸ਼ੀ ਨੂੰ ਚੋਣ ਕਮਿਸ਼ਨਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਅਤੇ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਵੀ ਆਪਣੇ ਅਹੁਦੇ ’ਤੇ ਬਣੇ ਰਹਿਣਗੇ।  

 

ਅਮਰੀਕੀ ਜਹਾਜ਼ ਦੇ ਇਸ ਹਫਤੇ ਭਾਰਤ ਪੁੱਜਣ ਦੀ ਉਮੀਦ

ਅੰਮਿ੍ਰਤਸਰ/ਬਿਊਰੋ ਨਿਊਜ਼

ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਗੈਰਕਾਨੂੰਨੀ ਪਰਵਾਸੀਆਂ ਦੇ ਦੂਜੇ ਬੈਚ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਖਿੱਚ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਫਤੇ ਦੌਰਾਨ ਅਮਰੀਕਾ ਤੋਂ 150 ਤੋਂ ਵੱਧ ਹੋਰ ਗੈਰਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਲੰਘੀ 5 ਫਰਵਰੀ ਨੂੰ ਅਮਰੀਕਾ ਦਾ ਫੌਜੀ ਮਾਲਵਾਹਕ ਜਹਾਜ਼ 104 ਗੈਰਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਅੰਮਿ੍ਰਤਸਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਿਆ ਸੀ। ਗੈਰਕਾਨੂੰਨੀ ਪਰਵਾਸੀ ਭਾਰਤੀਆਂ ਦੇ ਦੂਜੇ ਬੈਚ ਨੂੰ ਡਿਪੋਰਟ ਕਰਨ ਸਬੰਧੀ ਰਿਪੋਰਟਾਂ ਦੀ ਭਾਵੇਂ ਭਾਰਤੀ ਅਧਿਕਾਰੀਆਂ ਨੇ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ, ਪਰ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਪ੍ਰਸ਼ਾਸਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਗੈਰਕਾਨੂੰਨੀ ਪਰਵਾਸੀਆਂ ਦੀ ਵਤਨ ਵਾਪਸੀ ਇਸੇ ਹਫਤੇ ਹੋ ਸਕਦੀ ਹੈ। ਡਿਪੋਰਟ ਕੀਤੇ ਭਾਰਤੀ ਪਰਵਾਸੀਆਂ ਦੇ ਪਹਿਲੇ ਬੈਚ ਵਾਲਾ ਜਹਾਜ਼ ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਿਆ ਸੀ। ਹੁਣ ਦੂਜੇ ਬੈਚ ਵਾਲਾ ਜਹਾਜ਼ ਕਿੱਥੇ ਉਤਰੇਗਾ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।  

ਕਤਲ ਦੇ ਮਾਮਲੇ ਵਿਚ ਦੋਸ਼ੀ ਹੈ ਕਾਂਗਰਸੀ ਆਗੂ ਸੱਜਣ ਕੁਮਾਰ

ਨਵੀਂ ਦਿੱਲੀ/ਬਿਊਰੋ ਨਿਊਜ਼  

ਦਿੱਲੀ ’ਚ 1984 ਦੇ ਸਿੱਖ ਕਤਲੇਆਮ ਦੌਰਾਨ ਹੋਏ ਦੋ ਕਤਲ ਦੇ ਮਾਮਲਿਆਂ ਵਿਚ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 21 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਅੱਜ ਮੰਗਲਵਾਰ ਨੂੰ ਬਹਿਸ ਤੋਂ ਬਾਅਦ 21 ਫਰਵਰੀ ਲਈ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਤੋਂ ਪਹਿਲਾਂ ਲੰਘੀ 12 ਫਰਵਰੀ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ 18 ਫਰਵਰੀ ਨੂੰ ਦੋਵਾਂ ਧਿਰਾਂ ਵਿਚਾਲੇ ਅੰਤਿਮ ਬਹਿਸ ਲਈ ਸਮਾਂ ਦਿੱਤਾ ਸੀ। ਇਸਦੇ ਚੱਲਦਿਆਂ ਅੱਜ ਬਹਿਸ ਤੋਂ ਬਾਅਦ ਅਦਾਲਤ ਨੇ 21 ਫਰਵਰੀ ਨੂੰ ਸਜ਼ਾ ਸੁਣਾਉਣ ਦਾ ਫੈਸਲਾ ਕੀਤਾ ਹੈ। ਧਿਆਨ ਰਹੇ ਕਿ ਇਹ ਮਾਮਲਾ 1 ਨਵੰਬਰ 1984 ਦਾ ਹੈ। ਜਿਸ ਦੌਰਾਨ ਦਿੱਲੀ ਦੇ ਸਰਸਵਤੀ ਵਿਹਾਰ ਵਿਚ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। 

 

ਮੁਫਤ ਦੀਆਂ ਯੋਜਨਾਵਾਂ ਨਾਲ ਲੋਕਾਂ ’ਚ ਕੰਮ ਦੀ ਇੱਛਾ ਨਹੀਂ ਰਹਿੰਦੀ: ਸੁਪਰੀਮ ਕੋਰਟ

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਨੇ ਅੱਜ ਬੁੱਧਵਾਰ ਨੂੰ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ, ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਦੁਆਰਾ ਦਿੱਤੇ ਗਏ ਮੁਫਤ ਤੋਹਫ਼ਿਆਂ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਭਾਰਤੀ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਨਾਲ ਲੋਕਾਂ ਦੀ ਕੰਮ ਕਰਨ ਦੀ ਇੱਛਾ ਨਹੀਂ ਹੋਵੇਗੀ, ਕਿਉਂਕਿ ਉਨ੍ਹਾਂ ਨੂੰ ਮੁਫਤ ਰਾਸ਼ਨ ਅਤੇ ਪੈਸੇ ਮਿਲਦੇ ਰਹਿਣਗੇ। ਮਾਨਯੋਗ ਜਸਟਿਸ ਬੀ.ਆਰ. ਗਵਈ ਅਤੇ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਸ਼ਹਿਰੀ ਖੇਤਰਾਂ ਵਿਚ ਬੇਘਰ ਲੋਕਾਂ ਨੂੰ ਆਸਰਾ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਬਦਕਿਸਮਤੀ ਨਾਲ, ਮੁਫ਼ਤ ਸਕੀਮਾਂ ਕਾਰਨ, ਲੋਕ ਕੰਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਬਿਨਾਂ ਕੋਈ ਕੰਮ ਕੀਤੇ ਪੈਸੇ ਮਿਲ ਰਹੇ ਹਨ। ਬੈਂਚ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਅਸੀਂ ਬੇਘਰ ਲੋਕਾਂ ਲਈ ਤੁਹਾਡੀ ਚਿੰਤਾ ਦੀ ਕਦਰ ਕਰਦੇ ਹਾਂ, ਪਰ ਕੀ ਇਹ ਬਿਹਤਰ ਨਹੀਂ ਹੋਵੇਗਾ ਜੇਕਰ ਇਨ੍ਹਾਂ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਦਾ ਮੌਕਾ ਵੀ ਮਿਲੇ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.