Saturday, 06 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ-ਇਰਾਨ ਵਿਚਾਲੇ ਦੋ ਹਫਤਿਆਂ ਲਈ ਹੋਈ ਜੰਗਬੰਦੀ ਦੇ ਐਲਾਨ ਤੋਂ ਬਾਅਦ ਕੱਚਾ ਤੇਲ 15 ਫੀਸਦੀ ਸਸਤਾ ਹੋਇਆ ਹੈ। ਅੱਜ ਬੁੱਧਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਕਰੀਬ 15 ਡਾਲਰ ਡਿਗ ਕੇ 94.27 ਡਾਲਰ ਪ੍ਰਤੀ ਬੈਰਲ ’ਤੇ ਆ ਗਈਆਂ ਹਨ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਕਰੀਬ 6 ਸਾਲਾਂ ਵਿਚ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਕ ਦਿਨ ਪਹਿਲਾਂ ਕੱਚੇ ਤੇਲ ਦੀ ਕੀਮਤ 109.27 <:109.27਼ ਡਾਲਰ ਪ੍ਰਤੀ ਬੈਰਲ ਸੀ। ਧਿਆਨ ਰਹੇ ਕਿ ਲੰਘੀ 28 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕੱਚਾ ਤੇਲ 73 ਡਾਲਰ ਪ੍ਰਤੀ ਬੈਰਲ ਸੀ। ਜੰਗ ਦੇ ਦੌਰਾਨ ਇਹ ਕੀਮਤਾਂ ਵਧ ਕੇ 120 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈਆਂ ਸਨ।  

ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਕੁਝ ਸਮੇਂ ਲਈ ਬੰਦ ਹੋ ਗਈ ਹੈ। ਇਸ ਦੌਰਾਨ ਇਰਾਨ ਦੇ ਸੁਪਰੀਮ ਲੀਡਰ ਮੋਜਤਬਾ ਖਮੇਨੀ ਨੇ ਦੇਸ਼ ਦੀਆਂ ਸਾਰੀਆਂ ਫੌਜੀ ਇਕਾਈਆਂ ਨੂੰ ਤੁਰੰਤ ਗੋਲੀਬਾਰੀ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਖਮੇਨੀ ਨੇ ਕਿਹਾ ਕਿ ਇਹ ਯੁੱਧ ਦਾ ਅੰਤ ਨਹੀਂ ਹੈ, ਪਰ ਸਾਰੀਆਂ ਫੌਜੀ ਸ਼ਾਖਾਵਾਂ ਨੂੰ ਸੁਪਰੀਮ ਲੀਡਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਗੋਲੀਬਾਰੀ ਬੰਦ ਕਰਨੀ ਚਾਹੀਦੀ ਹੈ। ਇਸ ਜੰਗਬੰਦੀ ਦੇ ਬਾਵਜੂਦ ਇਰਾਨ ਨੇ ਸਖਤ ਚਿਤਾਵਨੀ ਵੀ ਜਾਰੀ ਕੀਤੀ ਹੈ। ਇਰਾਨ ਦੀ ਸੁਪਰੀਮ ਨੈਸ਼ਨਲ ਸੁਰੱਖਿਆ ਕੌਂਸਲ ਨੇ ਕਿਹਾ ਕਿ ਇਹ ਕਦਮ ਯੁੱਧ ਦੇ ਅੰਤ ਦਾ ਸੰਕੇਤ ਨਹੀਂ ਦਿੰਦਾ ਹੈ ਅਤੇ ਅਮਰੀਕਾ ਜਾਂ ਇਜ਼ਰਾਈਲ ਦੀ ਕਿਸੇ ਵੀ ਛੋਟੀ ਜਿਹੀ ਗਲਤੀ ਦਾ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀਆਂ ਉਂਗਲਾਂ ਟਰਿੱਗਰ ’ਤੇ ਹਨ ਅਤੇ ਦੁਸ਼ਮਣ ਦੀ ਕਿਸੇ ਵੀ ਗਲਤੀ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।

ਟਰੰਪ ਨੇ ਕਿਹਾ : ਅੱਜ ਵਿਸ਼ਵ ਸ਼ਾਂਤੀ ਲਈ ਵੱਡਾ ਦਿਨ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ’ਤੇ ਵਿਨਾਸ਼ਕਾਰੀ ਹਮਲੇ ਕਰਨ ਦੀਆਂ ਆਪਣੀਆਂ ਧਮਕੀਆਂ ਵਾਪਸ ਲੈ ਲਈਆਂ ਹਨ। ਅਮਰੀਕਾ ਅਤੇ ਇਰਾਨ ਦੋ ਹਫਤਿਆਂ ਦੀ ਜੰਗਬੰਦੀ ਲਈ ਸਹਿਮਤ ਹੋਏ ਹਨ, ਜਿਸ ਵਿਚ ਹੋਰਮੁਜ਼ ਦੇ ਜਲਮਾਰਗ ਨੂੰ ਮੁੜ ਖੋਲ੍ਹਣਾ ਵੀ ਸ਼ਾਮਲ ਹੈ। ਟਰੰਪ ਨੇ ਤਹਿਰਾਨ ਨੂੰ ਦਿੱਤੀ ਗਈ ਸਮਾਂ ਸੀਮਾ ਖਤਮ ਹੋਣ ਤੋਂ ਦੋ ਘੰਟੇ ਪਹਿਲਾਂ ਜੰਗ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਇਰਾਨ ਦੀ ਸੁਪਰੀਮ ਨੈਸ਼ਨਲ ਸਕਿਉਰਿਟੀ ਕੌਂਸਲ ਨੇ ਜੰਗਬੰਦੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਆਉਂਦੇ ਸ਼ੁੱਕਰਵਾਰ ਤੋਂ ਪਾਕਿਸਤਾਨ ਵਿਚ ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰੇਗੀ। ਇਸੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਇਸ ਜੰਗਬੰਦੀ ਦਾ ਸਮਰਥਨ  ਕਰਦਾ ਹੈ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਕਿਹਾ ਕਿ ਵਿਸ਼ਵ ਸ਼ਾਂਤੀ ਲਈ ਅੱਜ ਇਕ ਵੱਡਾ ਦਿਨ ਹੈ। ਉਨ੍ਹਾਂ ਕਿਹਾ ਕਿ ਇਰਾਨ ਹੁਣ ਟਕਰਾਅ ਤੋਂ ਥੱਕ ਗਿਆ ਹੈ ਅਤੇ ਸ਼ਾਂਤੀ ਚਾਹੁੰਦਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਹੋਰ ਧਿਰਾਂ ਵੀ ਤਣਾਅ ਖਤਮ ਕਰਨ ਦੇ ਹੱਕ ਵਿਚ ਹਨ। ਟਰੰਪ ਨੇ ਦਾਅਵਾ ਕੀਤਾ ਕਿ ਭਵਿੱਖ ਵਿਚ ਕਈ ਸਕਾਰਾਤਮਕ ਕਦਮ ਚੁੱਕੇ ਜਾਣਗੇ, ਜਿਸ ਨਾਲ ਆਰਥਿਕ ਗਤੀਵਿਧੀਆਂ ਵਿਚ ਵਾਧਾ ਹੋਵੇਗਾ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਇਹ ਸਮਾਂ ਮੱਧ ਪੂਰਬ ਲਈ ‘ਸੁਨਹਿਰੀ ਯੁੱਗ’ ਦੀ ਸ਼ੁਰੂਆਤ ਸਾਬਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਾਲੇ ਪਿਛਲੇ 40 ਦਿਨਾਂ ਤੋਂ ਜੰਗ ਚੱਲ ਰਹੀ ਸੀ।

ਸ਼ੋ੍ਰਮਣੀ ਕਮੇਟੀ ਨੂੰ ਮਿਲੇ 1763 ਸ਼ਰਧਾਲੂਆਂ ਦੇ ਵੀਜ਼ੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਹਾਈ ਕਮਿਸ਼ਨ ਨੇ ਐਲਾਨ ਕੀਤਾ ਕਿ ਉਸਨੇ ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨ ਵਿੱਚ ਹੋਣ ਵਾਲੇ ਆਗਾਮੀ ਵਿਸਾਖੀ ਜਸ਼ਨਾਂ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਣ ਲਈ 2800 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ। ਇਹ ਸਾਲਾਨਾ ਤਿਉਹਾਰ 10 ਤੋਂ 19 ਅਪਰੈਲ ਤੱਕ ਮਨਾਇਆ ਜਾਣਾ ਹੈ, ਜਿਸ ਦੌਰਾਨ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਭਰ ਦੇ ਪ੍ਰਮੁੱਖ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦੀ ਉਮੀਦ ਹੈ। ਸਿੱਖ ਕੈਲੰਡਰ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਵਿਸਾਖੀ, ਖਾਲਸਾ ਦੀ ਸਾਜਨਾ ਦਾ ਪ੍ਰਤੀਕ ਹੈ ਅਤੇ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਖਾਸ ਕਰਕੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਗੁਰਦੁਆਰਿਆਂ ਵੱਲ ਖਿੱਚਦਾ ਹੈ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਵੀ ਸ਼ਾਮਲ ਹੈ। ਇਸੇ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ 1763 ਵੀਜ਼ੇ ਪ੍ਰਾਪਤ ਹੋਏ ਹਨ। ਇਸ ਗੱਲ ਦਾ ਪ੍ਰਗਟਾਵਾ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂ ਆਪਣੇ ਵੀਜ਼ਾ ਲੱਗੇ ਪਾਸਪੋਰਟ 9 ਅਪ੍ਰੈਲ ਨੂੰ ਸਵੇਰੇ ਸ਼ੋ੍ਰਮਣੀ ਕਮੇਟੀ ਦੇ ਮੁੱਖ ਦਫਤਰ ਸਥਿਤ ਯਾਤਰਾ ਵਿਭਾਗ ਤੋਂ ਪ੍ਰਾਪਤ ਕਰ ਸਕਦੇ ਹਨ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.