Saturday, 06 June 2026

ਡੋਨਾਲਡ ਟਰੰਪ ਨੇ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤੀ ’ਤੇ ਦਿੱਤੀ ਵਧਾਈ
ਵਾਸ਼ਿੰਗਟਨ/ਬਿਊਰੋ ਨਿਊਜ਼  
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਜ਼ਰਬੇਕਾਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤ ਹੋਣ ’ਤੇ ਵਧਾਈ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸੰਧੂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਟਰੰਪ ਨੇ ਕਿਹਾ ਕਿ ਤਰਨਜੀਤ ਸੰਧੂ ਨੇ ਹਮੇਸ਼ਾ ਅਮਰੀਕਾ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਡੂੰਘੀ ਵਚਨਬੱਧਤਾ ਦਿਖਾਈ ਹੈ। ਇਸੇ ਦੌਰਾਨ ਸੰਧੂ ਨੇ  ਕਿਹਾ ਕਿ ਨਵੀਂ ਦਿੱਲੀ ਵਿੱਚ ‘ਫ੍ਰੀਡਮ 250’ ਜਸ਼ਨਾਂ ਦੀ ਸ਼ੁਰੂਆਤ ਮੌਕੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਮਿਲ ਕੇ ਖੁਸ਼ੀ ਹੋਈ। ਸੰਧੂ ਨੇ ਕਿਹਾ ਕਿ ਮੈਂ ਹੋਰ ਅਮਰੀਕੀ ਸਹਿਯੋਗ ਦੀ ਉਮੀਦ ਕਰਦਾ ਹਾਂ, ਜੋ ਸਾਡੀ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਿਵਾਸੀਆਂ ਲਈ ਠੋਸ ਲਾਭ ਲੈ ਕੇ ਆਵੇਗਾ। ਜ਼ਿਕਰਯੋਗ ਹੈ ਕਿ ਤਰਨਜੀਤ ਸੰਧੂ ਪ੍ਰਮੁੱਖ ਸਿੱਖ ਆਗੂ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ। ਲੰਘੀ 11 ਮਾਰਚ ਨੂੰ ਸੰਧੂ ਨੇ ਦਿੱਲੀ ਹਾਈਕੋਰਟ ਦੇ ਮੁੱਖ ਜੱਜ ਦੇਵੇਂਦਰ ਕੁਮਾਰ ਉਪਾਧਿਆਏ ਦੀ ਹਾਜ਼ਰੀ ਵਿੱਚ ਅਹੁਦੇ ਦੀ ਸਹੁੰ ਚੁੱਕੀ ਸੀ।

ਦੋਵਾਂ ਦੇਸ਼ਾਂ ਨੇ ਕਈ ਸਮਝੌਤਿਆਂ ’ਤੇ ਕੀਤੇ ਦਸਤਖਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ’ਚ ਆਸਟਰੀਆ ਦੇ ਚਾਂਸਲਰ ਡਾ. ਕ੍ਰਿਸ਼ਚੀਅਨ ਸਟਾਕਰ ਨਾਲ ਇਕ ਮਹੱਤਵਪੂਰਨ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮੁੱਖ ਉਦੇਸ਼ ਭਾਰਤ ਅਤੇ ਆਸਟਰੀਆ ਵਿਚਕਾਰ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਸੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਮੀਟਿੰਗ ਦੌਰਾਨ ਹਾਜ਼ਰ ਸਨ। ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਕਈ ਮਹੱਤਵਪੂਰਨ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟਰੀਆ ਦੇ ਚਾਂਸਲਰ ਕ੍ਰਿਸ਼ਚੀਅਨ ਸਟਾਕਰ ਨਾਲ ਇਕ ਸਾਂਝੇ ਪ੍ਰੈਸ ਬਿਆਨ ਵਿਚ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਂਸਲਰ ਦੀ ਫੇਰੀ ਵਪਾਰ ਅਤੇ ਨਿਵੇਸ਼ ਵਿਚ ਨਵੀਂ ਊਰਜਾ ਭਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਵਿਸ਼ਵ ਤਣਾਅ ਦੇ ਵਿਚਕਾਰ ਦੋਵੇਂ ਦੇਸ਼ ਇਸ ਗੱਲ ’ਤੇ ਸਹਿਮਤ ਹਨ ਕਿ ਜੰਗ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ। ਇਹ ਦੋਵੇਂ ਨੇਤਾ ਗਲੋਬਲ ਸੰਸਥਾਵਾਂ ਵਿਚ ਸੁਧਾਰ ਕਰਨ ਅਤੇ ਅੱਤਵਾਦ ਨੂੰ ਖਤਮ ਕਰਨ ’ਤੇ ਵੀ ਸਹਿਮਤ ਹੋਏ। ਜ਼ਿਕਰਯੋਗ ਹੈ ਕਿ ਚਾਂਸਲਰ ਸਟਾਕਰ ਭਾਰਤ ਦੇ ਚਾਰ ਦਿਨਾਂ ਦੌਰੇ ’ਤੇ ਹਨ ਅਤੇ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ।

ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਕਾਰਨ ਕਈ ਦੇਸ਼ ਹੋਏ ਹਨ ਪ੍ਰਭਾਵਿਤ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਜੇ ਦੌਰ ਦੀ ਗੱਲਬਾਤ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਨਾਕਾਬੰਦੀ ਕਰਕੇ ਤਣਾਅ ਵਧਣ ਨਾਲ ਇਰਾਨ ਨੇ ਖੇਤਰ ਵਿਚ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਉਥੇ ਹੀ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇਸਲਾਮਾਬਾਦ ਵਿਚ ਅਮਰੀਕਾ ਅਤੇ ਇਰਾਨ ਵਿਚਾਲੇ ਹੋਈ ਪਹਿਲੇ ਗੇੜ ਦੀ ਗੱਲਬਾਤ ਵਿਚ ਕੋਈ ਨਤੀਜਾ ਨਾ ਨਿਕਲਣ ਦਾ ਵੱਡਾ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਬੇਭਰੋਸਗੀ ਨੂੰ ਦੱਸਿਆ ਹੈ। ਅਮਰੀਕਾ ਦੀ ਸੈਂਟਰਲ ਕਮਾਂਡ ਨੇ ਐਲਾਨ ਕੀਤਾ ਕਿ ਇਰਾਨ ਦੀਆਂ ਬੰਦਰਗਾਹਾਂ ਦੀ ਪੂਰੀ ਨਾਕਾਬੰਦੀ ਸਫਲਤਾ ਪੂਰਵਕ ਲਾਗੂ ਕਰ ਦਿੱਤੀ ਗਈ ਹੈ, ਜਿਸ ਵਿਚ ਅਮਰੀਕੀ ਫੌਜਾਂ ਨੇ ਖੇਤਰੀ ਜਲ ਮਾਰਗਾਂ, ਖਾਸ ਕਰਕੇ ਹੋਰਮੁਜ਼ ਜਲਮਾਰਗ ਵਿਚ ਆਪਣਾ ਸਮੁੰਦਰੀ ਦਬਦਬਾ ਕਾਇਮ ਕਰ ਲਿਆ ਹੈ। ਦੱਸਣਯੋਗ ਹੈ ਕਿ ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਕਾਰਨ ਕਈ ਦੇਸ਼ ਪ੍ਰਭਾਵਿਤ ਹੋਏ ਹਨ।

ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਦਾ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ, ਅਮਰੀਕੀ ਫੌਜ ਨੇ ਵੱਡਾ ਐਲਾਨ ਕਰ ਦਿੱਤਾ ਹੈ। ਅਮਰੀਕਾ ਹੁਣ ਇਰਾਨ ਦੀਆਂ ਬੰਦਰਗਾਹਾਂ ਤੋਂ ਹੋਣ ਵਾਲੀ ਸਾਰੀ ਸਮੁੰਦਰੀ ਆਵਾਜਾਈ ’ਤੇ ਪੂਰੀ ਤਰ੍ਹਾਂ ਰੋਕ ਲਗਾ ਦੇਵੇਗਾ। ਇਹ ਇੱਕ ਤਰ੍ਹਾਂ ਦੀ ਆਰਥਿਕ ਨਾਕਾਬੰਦੀ ਹੋਵੇਗੀ, ਜਿਸ ਤਹਿਤ ਕੱਚੇ ਤੇਲ ਅਤੇ ਗੈਸ ਨਾਲ ਲੱਦੇ ਸਮੁੰਦਰੀ ਬੇੜਿਆਂ ਨੂੰ ਚੱਲਣ ਤੋਂ ਰੋਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਤੇਲ ਅਤੇ ਗੈਸ ਹੀ ਇਰਾਨ ਦੀ ਕਮਾਈ ਦਾ ਸਭ ਤੋਂ ਵੱਡਾ ਸਾਧਨ ਹਨ, ਜਿਨ੍ਹਾਂ ਨੂੰ ਰੋਕ ਕੇ ਅਮਰੀਕਾ ਇਰਾਨ ’ਤੇ ਆਰਥਿਕ ਦਬਾਅ ਬਣਾਉਣ ਜਾ ਰਿਹਾ ਹੈ। ਅਮਰੀਕੀ ਸੈਂਟਰਲ ਕਮਾਂਡ  ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਰਾਸ਼ਟਰਪਤੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਅਮਰੀਕੀ ਫੌਜੀ ਬਲ ਇਰਾਨ ਦੀਆਂ ਬੰਦਰਗਾਹਾਂ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੀ ਸਾਰੀ ਸਮੁੰਦਰੀ ਆਵਾਜਾਈ ਦੀ ਨਾਕਾਬੰਦੀ ਲਾਗੂ ਕਰਨਾ ਸ਼ੁਰੂ ਕਰ ਦੇਣਗੇ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.