Tuesday, 16 June 2026

ਮੁੱਖ ਮੰਤਰੀ ਭਗਵੰਤ ਮਾਨ ਨੇ ਵਾਇਰਲ ਵੀਡੀਓ ਨੂੰ ਸਿਰੇ ਤੋਂ ਨਕਾਰਿਆ

ਕਿਹਾ : ਵਾਇਰਲ ਵੀਡੀਓ ਨਾਲ ਮੇਰਾ ਕੋਈ ਲੈਣ ਦੇਣ ਨਹੀਂ
ਅੰਮਿ੍ਰਤਸਰ/ਬਿਊਰੋ ਨਿਊਜ਼
ਮੁੱਖ ਮੰਤਰੀ ਭਗਵੰਤ ਮਾਨ ਨੇ ‘ਵਾਇਰਲ ਵੀਡੀਓ’ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਲਈ ਅਜਿਹੇ ਹਥਕੰਡੇ ਅਪਣਾਏ ਜਾ ਰਹੇ ਹਨ। ਮੇਰੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਅਤੇ ਮੈਂ ਸੁਪਨੇ ’ਚ ਵੀ ਅਜਿਹਾ ਨਹੀਂ ਸੋਚ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਬਾਰੇ ਕੋਈ ਵੀ ਸੋਚ ਨਹੀਂ ਸਕਦਾ। ਸੀਐਮ ਮਾਨ ਕਿਹਾ ਕਿ ਮੈਂ ਪੰਜਾਬ ਲਈ ਦਿਨ-ਰਾਤ ਕੰਮ ਕਰ ਰਿਹਾ ਹਾਂ ਅਤੇ ਅੱਗੇ ਵੀ ਪੰਜਾਬ ਦੇ ਹਿੱਤ ’ਚ ਫੈਸਲੇ ਲੈਂਦਾ ਰਹਾਂਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕਹਿੰਦੇ ਸੀ ਕਿ ਬੇਅਦਬੀ ਖਿਲਾਫ ਕਾਨੂੰਨ ਕਿਉਂ ਨਹੀਂ ਬਣਾਉਂਦੇ ਤੇ ਜਦੋਂ ਕਾਨੂੰਨ ਬਣਾ ਦਿੱਤਾ ਤਾਂ ਹੁਣ ਇਸ ਦਾ ਵਿਰੋਧ ਕਰ ਰਹੇ ਹਨ ਤੇ ਮੇਰੇ ਖਿਲਾਫ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੈਠੇ ਰਾਜਨੀਤਕ ਕਾਰਵਾਈਆਂ ਕਰ ਰਹੇ ਹਨ ਅਤੇ ਰਾਜਨੀਤਕ ਆਕਾਵਾਂ ਦੇ ਕਹਿਣ ’ਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ’ਚ ਦਿੱਸ ਰਿਹਾ ਸ਼ਖ਼ਸ ਮੈਂ ਨਹੀਂ ਹਾਂ, ਮੇਰਾ ਕੱਦ ਕਾਠ ਉਸ ਨਾਲ ਮੇਲ ਨਹੀਂ ਖਾਂਦਾ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਨਿਰਦੇਸ਼ ਜਾਰੀ ਕੀਤਾ ਗਿਆ ਸੀ।  ਇਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਛਲੇ ਦਿਨੀਂ ਗੁਰੂ ਸਾਹਿਬਾਨ ਦੀਆਂ ਪ੍ਰਚੱਲਿਤ ਤਸਵੀਰਾਂ ਦੀ ਬੇਅਦਬੀ ਸਬੰਧੀ ਇਕ ਵੀਡੀਓ ਵਾਇਰਲ ਮਾਮਲੇ ਵਿਚ ‘ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ’ ਕਰਾਰ ਦਿੱਤਾ ਗਿਆ ਹੈ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.