Thursday, 23 April 2026

ਕਿਹਾ : ਹੁਣ ਰਾਜਨੀਤੀ ਪਹਿਲਾਂ ਵਰਗੀ ਨਹੀਂ ਰਹੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਰਾਜਨੀਤੀ ਨੂੰ ਲੈ ਕੇ ਇੱਕ ਬਹੁਤ ਹੀ ਹੈਰਾਨੀਜਨਕ ਅਤੇ ਭਾਵੁਕ ਬਿਆਨ ਦਿੱਤਾ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕਸਬਾ ਖਮਾਣੋ ਸਥਿਤ ਸੰਤ ਰਾਮਪਾਲ ਦੇ ਆਸ਼ਰਮ ਵਿੱਚ ਇੱਕ ਸਮਾਗਮ ਦੌਰਾਨ ਪਹੁੰਚੀ ਡਾ. ਸਿੱਧੂ ਨੇ ਕਿਹਾ ਕਿ ਉਹ ਹੁਣ ਰਾਜਨੀਤੀ ਛੱਡ ਕੇ ਪੂਰੀ ਤਰ੍ਹਾਂ ਸੰਤਾਂ ਦੀ ਸੇਵਾ ਅਤੇ ਪ੍ਰਭੂ ਭਗਤੀ ਵਿੱਚ ਜੁੜਨ ਬਾਰੇ ਸੋਚ ਰਹੇ ਹਨ। ਡਾ. ਸਿੱਧੂ ਨੇ ਕਿਹਾ ਕਿ ਅੱਜ-ਕੱਲ੍ਹ ਦੀ ਰਾਜਨੀਤੀ ਪਹਿਲਾਂ ਵਰਗੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਰਾਜਨੀਤਿਕ ਲੋਕ ਆਪਣੀ ਅਸਲੀ ਪਛਾਣ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਭੁੱਲ ਚੁੱਕੇ ਹਨ। ਇਸ ਮੌਕੇ ਉਨ੍ਹਾਂ ਇੱਕ ਹੋਰ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੂਰਾ ਸਰੀਰ (ਅੰਗ) ਦਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਅੰਗ ਕਿਸੇ ਲੋੜਵੰਦ ਦੇ ਕੰਮ ਆ ਸਕਣ ਅਤੇ ਕਿਸੇ ਨੂੰ ਨਵੀਂ ਜ਼ਿੰਦਗੀ ਮਿਲ ਸਕੇ।

ਕਿਹਾ : ਪੰਜਾਬ ਨੂੰ ਪੁਲਿਸ ਸਟੇਟ ਬਣਾ ਰਹੀ ਹੈ ਸੂਬਾ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਆਗੂ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ’ਤੇ ਇਲਜ਼ਾਮ ਲਗਾਏ ਹਨ। ਪਰਗਟ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਨੂੰ ਪੁਲਿਸ ਸਟੇਟ ਬਣਾ ਰਹੀ ਹੈ। ਪਰਗਟ ਸਿੰਘ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਾਰੇ ਸੋਚਣ ਅਤੇ ਸਾਰੇ ਇਕਜੁੱਟ ਹੋ ਕੇ ਆਪਣੀ ਜ਼ਮੀਨ ’ਤੇ ਪੁਲਿਸ ਸਟੇਟ ਬਣਨ ਤੋਂ ਰੋਕਣ। ਉਨ੍ਹਾਂ ਇਲਜ਼ਾਮ ਲਗਾਇਆ ਕਿ ਅੱਜ ਆਰ.ਐਸ.ਐਸ. ਅਤੇ ਭਾਜਪਾ ਦੀ ਸੋਚ ਤਹਿਤ ਬੁਲਡੋਜ਼ਰ ਰਾਜ ਤੋਂ ਲੈ ਕੇ ਐਨਕਾਊਂਟਰ ਮਾਡਲ ਤੱਕ ਪੰਜਾਬ ਵਿਚ ਨਵੀਂ ਰੀਤ ਬਣਾਈ ਜਾ ਰਹੀ ਹੈ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ। ਪਰਗਟ ਸਿੰਘ ਨੇ ਆਪਣੀ ਇਕ ਪੁਰਾਣੀ ਵੀਡੀਓ ਕਲਿੱਪ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਪੰਜਾਬ ਵਿਧਾਨ ਸਭਾ ਅੰਦਰ ਪੁਲਿਸ ਸਟੇਟ ਦੇ ਵਿਰੋਧ ਵਿਚ ਬੋਲ ਰਹੇ ਹਨ ਅਤੇ ਸਰਕਾਰ ਵਲੋਂ ਕੀਤੇ ਜਾ ਰਹੇ ਅਜਿਹੇ ਕੰਮਾਂ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ।

ਚੰਡੀਗੜ੍ਹ : ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਜੰਗ ਕਾਰਨ ਮੱਧ ਪੂਰਬ ਵਿੱਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੇਂਦਰੀ ਵਿਦੇਸ਼ ਮੰਤਰੀ ਦੇ ਤੁਰੰਤ ਦਖਲ ਦੀ ਮੰਗ ਕੀਤੀ।

ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ, ਉਨ੍ਹਾਂ ਨੇ ਇਜ਼ਰਾਈਲ ਅਤੇ ਈਰਾਨ ਦਰਮਿਆਨ ਜੰਗ ਦੇ ਮੱਦੇਨਜ਼ਰ ਉੱਥੇ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਸਬੰਧ ਵਿੱਚ ਉਨ੍ਹਾਂ ਨਾਲ ਤੁਰੰਤ ਮੀਟਿੰਗ ਕਰਨ ਦੀ ਮੰਗ ਕੀਤੀ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੱਧ ਪੂਰਬ ਵਿੱਚ ਇਹ ਤਣਾਅ ਸਾਡੇ ਲੋਕਾਂ ਦੀ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਪੈਦਾ ਕਰਦਾ ਹੈ। ਸਥਿਤੀ ਦੀ ਨਾਜ਼ੁਕ ਪ੍ਰਕਿਰਤੀ ਨੂੰ ਦੇਖਦਿਆਂ, ਮੰਤਰੀ ਨੇ ਕਿਹਾ ਕਿ ਉੱਥੇ ਫਸੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਸੁਰੱਖਿਅਤ ਪ੍ਰਬੰਧ ਕਰਨ ਲਈ ਤੁਰੰਤ ਤਾਲਮੇਲ ਬੇਹੱਦ ਜ਼ਰੂਰੀ ਹੈ।

ਇਸ ਦੌਰਾਨ ਕੈਬਨਿਟ ਮੰਤਰੀ ਨੇ
ਚੱਲ ਰਹੀ ਜੰਗ ਕਾਰਨ ਯੂਏਈ ਦੇ ਵੱਖ-ਵੱਖ ਹਵਾਈ ਅੱਡਿਆਂ 'ਤੇ ਫਸੇ ਪੰਜਾਬ ਦੇ ਸੈਲਾਨੀਆਂ ਅਤੇ ਨਿਵਾਸੀਆਂ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ, ਉਨ੍ਹਾਂ ਨੇ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ, ਕੇਂਦਰ ਸਰਕਾਰ ਅਤੇ ਮੱਧ ਪੂਰਬ ਵਿੱਚ ਭਾਰਤੀ ਦੂਤਾਵਾਸਾਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਡਾ. ਰਵਜੋਤ ਸਿੰਘ ਨੇ ਫਸੇ ਹੋਏ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਪੰਜਾਬ ਵਾਪਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਵਕੀਲ ਨੇ ਪੇਸ਼ੀ ਤੋਂ ਛੋਟ ਲਈ ਦਿੱਤੀ ਅਰਜ਼ੀ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 8 ਸਾਲ ਪੁਰਾਣੇ ਮਾਮਲੇ ਵਿਚ ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ੀ ਸੀ, ਪਰ ਸੁਖਬੀਰ ਬਾਦਲ ਅਦਾਲਤ ਵਿਚ ਪੇਸ਼ ਨਹੀਂ ਹੋਏ। ਸੁਖਬੀਰ ਬਾਦਲ ਦੇ ਵਕੀਲ ਰਾਜੇਸ਼ ਰਾਏ ਨੇ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਾਇਰ ਕੀਤੀ ਸੀ ਅਤੇ ਸੁਖਬੀਰ ਬਾਦਲ ਦੇ ਵਿਅਕਤੀਗਤ ਰੂਪ ਵਿਚ ਪੇਸ਼ ਨਾ ਹੋਣ ਲਈ ਛੋਟ ਮੰਗੀ ਸੀ। ਵਕੀਲ ਨੇ ਅਰਜ਼ੀ ਵਿਚ ਕਿਹਾ ਸੀ ਕਿ ਸੁਖਬੀਰ ਬਾਦਲ ਜ਼ਰੂਰੀ ਕੰਮ ਕਰਕੇ ਅਦਾਲਤ ਵਿਚ ਪੇਸ਼ ਨਹੀਂ ਹੋ ਸਕਣਗੇ ਅਤੇ ਨਾਲ ਹੀ ਭਰੋਸਾ ਵੀ ਦਿੱਤਾ ਕਿ ਅਗਲੀ ਤਰੀਕ ’ਤੇ ਸੁਖਬੀਰ ਬਾਦਲ ਖੁਦ ਅਦਾਲਤ ਵਿਚ ਪੇਸ਼ ਹੋਣਗੇ। ਇਹ ਮਾਮਲਾ 2017 ਦਾ ਹੈ ਅਤੇ ਮੁਹਾਲੀ ਦੇ ਇਕ ਵਿਅਕਤੀ ਨੇ ਸੁਖਬੀਰ ਬਾਦਲ ਖਿਲਾਫ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਮਾਨਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ।

 

ਨਵੀਂ ਦਿੱਲੀ  : ਆਮ ਆਦਮੀ ਪਾਰਟੀ (ਆਪ) ਦੀ ਜੰਤਰ-ਮੰਤਰ ਵਿਖੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ ਵਿਸ਼ਾਲ ਜਨਤਕ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਅਦਾਲਤ ਦਾ ਹਾਲੀਆ ਫੈਸਲਾ ਭਾਰਤੀ ਰਾਜਨੀਤੀ ਵਿੱਚ ਸੱਚਾਈ ਦੀ ਇਤਿਹਾਸਕ ਜਿੱਤ ਹੈ ਅਤੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ 'ਆਪ' ਪਾਰਟੀ ਇੱਕ ਕੌਮੀ ਤਾਕਤ ਵਜੋਂ ਮਜ਼ਬੂਤੀ ਨਾਲ ਉਭਰ ਕੇ ਸਾਹਣਣੇ ਆਈ ਹੈ। ਸਿੱਧੀ ਰਾਜਨੀਤਿਕ ਚੁਣੌਤੀ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਇਸ ਤਾਨਾਸ਼ਾਹੀ ਸ਼ਾਸਨ ਨੂੰ ਮਾਤ ਦੇਣ ਲਈ 2027 ਵਿੱਚ ‘ਆਪ’ ਦੀ ਝੋਲੀ ਘੱਟੋ-ਘੱਟ 100 ਸੀਟਾਂ ਪਾਏਗਾ। ਉਨ੍ਹਾਂ ਕਿਹਾ ਕਿ ਇਸ ਤਾਨਾਸ਼ਾਹੀ ਵਿਰੁੱਧ ਜਿੱਤ ਦਾ ਆਗਾਜ਼ ਪੰਜਾਬ ਤੋਂ ਹੋਵਗਾ। ਇਹ ਆਖਦਿਆਂ ਕਿ ਸਾਲ 2027 ਦੇਸ਼ ਭਰ ਵਿੱਚ ਬਦਲਾਅ ਦਾ ਮੁੱਢ ਬੰਨ੍ਹੇਗਾ, ਉਨ੍ਹਾਂ ਕਿਹਾ ਕਿ ਜਿਸ ਦਿਸ਼ਾ ਵੱਲ ਪੰਜਾਬ ਮਾਰਚ ਕਰਦਾ ਹੈ, ਪੂਰਾ ਦੇਸ਼ ਵੀ ਉਸ ਪਾਸੇ ਵੱਲ ਹੋ ਜਾਂਦਾ ਹੈ ਕਿਉਂ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਕਿਸੇ ਵੀ ਤਾਨਾਸ਼ਾਹੀ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦਾ ਹੈ।  
ਜੀ.ਐਸ.ਟੀ. ਦਾ ਬਕਾਇਆ ਰੋਕਣ ਅਤੇ ਪੰਜਾਬ ਲਈ ਐਲਾਨੀ ਗਈ 1,600 ਕਰੋੜ ਰੁਪਏ ਦੀ ਹੜ੍ਹ ਰਾਹਤ ਰਾਸ਼ੀ ਜਾਰੀ ਨਾ ਕਰਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬੇਇਨਸਾਫ਼ੀ ਦਾ ਜਵਾਬ ਲੋਕ ਆਪਣੇ ਫਤਵੇ ਨਾਲ ਦੇਣਗੇ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਵਾਲੀ ਰਾਜਨੀਤੀ ਪੰਜਾਬ ਨੂੰ ਦਬਾ ਨਹੀਂ ਸਕਦੀ ਅਤੇ ਕਿਹਾ ਕਿ ਦੇਸ਼ ਭਰ ਵਿੱਚ ਜਿੱਤ ਦੀ ਸ਼ੁਰੂਆਤ ਪੰਜਾਬ ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਵਿਅਕਤੀ ਦੀ ਲੜਾਈ ਨਹੀਂ, ਸਗੋਂ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇੱਕ ਵੱਡੀ ਲੋਕ ਲਹਿਰ ਹੈ।
ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਆਗੂਆਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲ ਹੀ ਵਿੱਚ ਆਏ ਅਦਾਲਤੀ ਫੈਸਲੇ ਤੋਂ ਬਾਅਦ ਭਾਰਤੀ ਰਾਜਨੀਤੀ ਵਿੱਚ ਸੱਚਾਈ ਦੀ ਇਤਿਹਾਸਕ ਜਿੱਤ 'ਤੇ 'ਆਪ' ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਕਿਹਾ ਕਿ ਕੱਲ੍ਹ ਦਾ ਦਿਨ ਭਾਰਤੀ ਰਾਜਨੀਤੀ ਵਿੱਚ ਇੱਕ ਇਤਿਹਾਸਕ ਪਲ ਵਜੋਂ ਯਾਦ ਰੱਖਿਆ ਜਾਵੇਗਾ, ਇੱਕ ਅਜਿਹਾ ਦਿਨ ਜਦੋਂ ਸੱਚਾਈ ਦੀ ਜਿੱਤ ਹੋਈ। ਮੈਂ ਪੂਰੀ 'ਆਪ' ਟੀਮ, ਗੁਪਤ ਰੂਪ ਵਿੱਚ ਸਮਰਥਨ ਦੇਣ ਵਾਲਿਆਂ ਅਤੇ ਮੋਹਰਲੀ ਕਤਾਰ ‘ਚ ਰਹਿ ਕੇ ਕੰਮ ਕਰਨ ਵਾਲੇ ਹਰ ਇੱਕ ਸਾਥੀ ਨੂੰ ਅਦਾਲਤ ਤੋਂ ਮਿਲੀ ਇਸ ਵੱਡੀ ਜਿੱਤ 'ਤੇ ਵਧਾਈ ਦਿੰਦਾ ਹਾਂ।
ਪੰਜਾਬ ਦੇ ਮੁੱਖ ਮੰਤਰੀ ਨੇ ਪਾਰਟੀ ਦੇ ਹੁਣ ਤੱਕ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਵੀ 'ਆਪ' 'ਤੇ ਕੋਈ ਸੰਕਟ ਆਉਂਦਾ ਹੈ ਤਾਂ ਪਾਰਟੀ ਦੋ ਜਾਂ ਚਾਰ ਗੁਣਾ ਹੋਰ ਮਜ਼ਬੂਤ ਹੋ ਕੇ ਉੱਭਰਦੀ ਹੈ। ਮੈਨੂੰ ਨਹੀਂ ਪਤਾ ਕਿਉਂ, ਪਰ ਕਿਸਮਤ ਜਾਂ ਪਰਮਾਤਮਾ ਸਾਨੂੰ ਹਮੇਸ਼ਾ ਉਸੇ ਮੰਚ (ਜੰਤਰ-ਮੰਤਰ) 'ਤੇ ਲਿਆ ਖੜ੍ਹਾ ਕਰਦਾ ਹੈ, ਜਿੱਥੋਂ ਸਾਡੀ 'ਆਪ' ਪਾਰਟੀ ਜਨਮੀ ਸੀ । ਅੱਜ ਦਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ, ਪਰ ਸਾਨੂੰ ਨਹੀਂ ਪਤਾ ਸੀ ਕਿ ਜੱਜ ਵੱਲੋਂ ਅਜਿਹਾ ਫੈਸਲਾ ਆਵੇਗਾ। ਅੱਜ ਸਾਡੇ ਕੋਲ ਪੂਰੇ ਦੇਸ਼ ਨੂੰ ਇਹ ਦੱਸਣ ਦਾ ਮੌਕਾ ਹੈ ਕਿ ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ। ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਨੂੰ ਇਸਨੂੰ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ। ਤੁਸੀਂ ਜਿੱਥੇ ਵੀ ਬੋਲਦੇ ਹੋ, ਉਹੀ ਸੱਚ ਬੋਲਦੇ ਹੋ। ਝੂਠ ਬੋਲਣ ਵਾਲਿਆਂ ਨੂੰ ਯਾਦ ਰੱਖਣਾ ਪੈਂਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਕੀ ਕਿਹਾ ਸੀ।    
ਨੀਤੀਗਤ ਤਬਦੀਲੀਆਂ 'ਤੇ ਨਿਸ਼ਾਨਾ ਸਾਧਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਅਜਿਹੇ ਕਈ ਮੌਕੇ ਆਏ ਜਿੱਥੇ ਜੀਐਸਟੀ ਦਾ ਵਿਰੋਧ ਕੀਤਾ ਗਿਆ ਅਤੇ ਬਾਅਦ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਗਿਆ। ਪਹਿਲਾਂ ਕਈ ਫੈਸਲਿਆਂ ਦਾ ਵਿਰੋਧ ਹੋਇਆ ਅਤੇ ਬਾਅਦ ਵਿੱਚ ਇਸ ਦਾ ਉਲਟ ਹੋਇਆ। ਪਹਿਲਾਂ ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਬਿਆਨ ਦਿੱਤੇ ਗਏ, ਜਦਕਿ ਹੁਣ ਕੀਮਤਾਂ ਹੋਰ ਕਿਤੇ ਜ਼ਿਆਦਾ ਵੱਧ ਹਨ। ਇਸ ਸਭ ਦੇ ਬਾਵਜੂਦ ਵੀ ਇਸਨੂੰ ਮਾਸਟਰਸਟ੍ਰੋਕ ਕਿਹਾ ਜਾ ਰਿਹਾ ਹੈ। ਸੱਚ ਅਤੇ ਝੂਠ ਵਿੱਚ ਇਹੀ ਫ਼ਰਕ ਹੈ।
ਪਾਰਟੀ ਦੇ ਸਥਾਪਨਾ ਦੇ ਸਿਧਾਂਤਾਂ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਇਸੇ ਨਿੰਮ ਦੇ ਰੁੱਖ ਹੇਠ, ਜਿੱਥੇ ਸਾਡੀ ਪਾਰਟੀ ਦੀ ਨੀਂਹ ਰੱਖੀ ਗਈ ਸੀ, ਅਸੀਂ ਇਸ ਦੇਸ਼ ਦੀ ਰਾਜਨੀਤੀ ‘ਚ ਬਦਲਾਅ ਲਿਆਉਣ ਅਤੇ ਇਸ ਵਿੱਚ ਇਮਾਨਦਾਰੀ ਭਰਨ ਦੇ ਆਪਣੇ ਵਾਅਦੇ ਨੂੰ ਨਵਿਆਉਂਦੇ ਹਾਂ। ਪਹਿਲਾਂ ਪਾਰਟੀਆਂ ਦੇ ਮੈਨੀਫੈਸਟੋ ਸਿਰਫ਼ ਨਫ਼ਰਤ ਅਤੇ ਧਰਮ ਸਬੰਧੀ ਬਿਆਨਾਂ ਨਾਲ ਭਰੇ ਹੁੰਦੇ ਸਨ। ਅਰਵਿੰਦ ਕੇਜਰੀਵਾਲ ਨੇ ਦੂਜੀਆਂ ਪਾਰਟੀਆਂ ਨੂੰ ਆਪਣੇ ਮੈਨੀਫੈਸਟੋ ਵਿੱਚ ਸਕੂਲ, ਹਸਪਤਾਲ, ਬਿਜਲੀ, ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ਬਾਰੇ ਲਿਖਣ ਲਈ ਮਜਬੂਰ ਕੀਤਾ, ਕਿਉਂ ਕਿ ਇਸ ਤੋਂ ਪਹਿਲਾਂ ਤਾਂ ਉਹ ਸਿਰਫ਼ ਧਰਮ ਅਤੇ ਜਾਤ ਬਾਰੇ ਹੀ ਬਿਆਨ ਦਿੰਦੇ ਰਹਿੰਦੇ ਸਨ।
ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਾਡੇ ਨੇਤਾ ਹਨ। ਉਨ੍ਹਾਂ ਨੇ ਦਿਖਾਇਆ ਹੈ ਕਿ ਜੇਕਰ ਇਸ ਦੇਸ਼ ਦੇ 140 ਕਰੋੜ ਨਾਗਰਿਕ ਕੁਝ ਕਰਨ ਦਾ ਫੈਸਲਾ ਕਰਦੇ ਹਨ ਤਾਂ ਇਹ ਜ਼ਮੀਨੀ ਪੱਧਰ ‘ਤੇ ਸਪੱਸ਼ਟ ਦਿਸਦਾ ਹੈ। ਜੋ ਸੱਚ ਲਈ ਖੜ੍ਹੇ ਹਨ, ਪਰਮਾਤਮਾ ਵੀ ਉਨ੍ਹਾਂ ਦੇ ਨਾਲ ਖੜ੍ਹਾ ਹੈ ।
ਆਪ ਵਰਕਰਾਂ ਨੂੰ ਇਹ ਸੰਦੇਸ਼ ਫੈਲਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦੇਸ਼ ਭਰ ਵਿੱਚ ਜਾ ਕੇ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣਕਾਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਸੱਚ ਦੀ ਜਿੱਤ ਹੈ। ਸਾਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿਵੇਂ ਸਾਜ਼ਿਸ਼ਾਂ ਰਚੀਆਂ ਗਈਆਂ ਸਨ। ਜਦੋਂ ਸਰਕਾਰੀ ਹਸਪਤਾਲਾਂ ਵਿੱਚ ਸੁਧਾਰ ਹੋਇਆ ਤਾਂ ਨਿੱਜੀ ਸੈਕਟਰਾਂ ਤੋਂ ਦਬਾਅ ਆਇਆ। ਜਦੋਂ ਸਰਕਾਰੀ ਸਕੂਲਾਂ ਵਿੱਚ ਸੁਧਾਰ ਹੋਇਆ ਅਤੇ ਬੱਚੇ ਨਿੱਜੀ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਜਾਣ ਲੱਗੇ ਤਾਂ ਡੋਨੇਸ਼ਨਾਂ ਲੈਣ ਵਾਲਿਆਂ ਨੂੰ ਖ਼ਤਰਾ ਮਹਿਸੂਸ ਹੋਣ ਲੱਗਾ। ਜਦੋਂ ਬਿਜਲੀ ਮੁਫ਼ਤ ਕੀਤੀ ਗਈ, ਦਵਾਈਆਂ ਮੁਫ਼ਤ ਕੀਤੀਆਂ ਗਈਆਂ, ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਗਿ  ਅਤੇ ਬਜਟ 300 ਕਰੋੜ ਤੋਂ ਵਧ ਕੇ 60,000 ਕਰੋੜ ਰੁਪਏ ਹੋ ਗਿਆ ਤਾਂ ਵਿਰੋਧੀਆਂ ਲਈ ਚੋਣਾਂ ‘ਚ ਸਾਹ ਲੈਣਾ ਕਰਨਾ ਮੁਸ਼ਕਲ ਹੋ ਗਿਆ। ਇਸ ਲਈ ਉਨ੍ਹਾਂ ਨੇ ਜਾਣਬੁੱਝ ਕੇ ਕੋਈ ਘੁਟਾਲਾ ਦਿਖਾਉਣ ਅਤੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਜੇਲ੍ਹ ਭੇਜਣ ਦਾ ਫੈਸਲਾ ਕੀਤਾ, ਜਿਸ ਦੇ ਚਲਦਿਆਂ ਉਨ੍ਹਾਂ ਨੇ ਸਮੁੱਚੀ ਉੱਚ-ਪੱਧਰ ਲੀਡਰਸ਼ਿਪ ਨੂੰ ਜੇਲ੍ਹ ਵਿੱਚ ਡੱਕ ਦਿੱਤਾ।
ਵਾਰ-ਵਾਰ ਅਦਾਲਤੀ ਸੁਣਵਾਈਆਂ ਨਾਲ ਹੁੰਦੀ ਪਰੇਸ਼ਾਨੀ ਬਾਰੇ ਗੱਲ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਦੇਸ਼ ਵਿੱਚ, ਸ਼ਾਇਦ ਸਜ਼ਾ ਓਨੀ ਸਖ਼ਤ ਨਹੀਂ ਹੁੰਦੀ ਜਿੰਨੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਵਾਰ-ਵਾਰ ਅਦਾਲਤ ਦੀਆਂ ਤਾਰੀਖਾਂ ਨਾਲ ਹੁੰਦੀਆਂ ਹਨ। ਤਾਰੀਖ ਤੋਂ ਬਾਅਦ ਇੱਕ ਹੋਰ ਤਾਰੀਖ ਮਿਲਣਾ ਹੀ ਆਪਣੇ ਆਪ ਵਿੱਚ ਇੱਕ ਸਜ਼ਾ ਹੈ।
ਉਨ੍ਹਾਂ ਨੇ ਉਸ ਚੁਣੌਤੀਪੂਰਨ ਦੌਰ ਨੂੰ ਯਾਦ ਕੀਤਾ ਜਦੋਂ ਸੀਨੀਅਰ ਆਗੂ ਜਲੰਧਰ ਜ਼ਿਮਨੀ ਚੋਣ ਸਮੇਂ ਜੇਲ੍ਹ ਵਿੱਚ ਸਨ। ਉਸ ਸਮੇਂ, ਪਾਰਟੀ ਦੀ ਸਮੁੱਚੀ ਉੱਚ-ਪੱਧਰੀ ਅਤੇ ਫੈਸਲੇ ਲੈਣ ਵਾਲੀ ਲੀਡਰਸ਼ਿਪ ਜੇਲ੍ਹ ਦੇ ਅੰਦਰ ਸੀ ਅਤੇ ਫਿਰ ਵੀ, ਸਾਡੀ ਬੈਕਅੱਪ ਟੀਮ ਦੇ ਨਾਲ, ਅਸੀਂ ਆਪਣੀ ਮਿਹਨਤ ਜਾਰੀ ਰੱਖੀ। ਮੁਲਾਕਾਤਾਂ ਦੌਰਾਨ ਅਰਵਿੰਦ ਕੇਜਰੀਵਾਲ ਹਮੇਸ਼ਾ ਪੰਜਾਬ ਬਾਰੇ ਪੁੱਛਦੇ ਸਨ। ਉਹ ਪੁੱਛਦੇ ਸਨ ਕਿ ਕੀ ਮੁਫ਼ਤ ਬਿਜਲੀ ਲੋਕਾਂ ਤੱਕ ਪਹੁੰਚ ਰਹੀ ਹੈ, ਕੀ ਸਿੰਚਾਈ ਦਾ ਕੰਮ ਅੱਗੇ ਵਧ ਰਿਹਾ ਹੈ ਅਤੇ ਨਿਰਦੇਸ਼ ਦਿੰਦੇ ਸਨ ਕਿ ਜੇ ਕੋਈ ਵੀ ਭ੍ਰਿਸ਼ਟ ਪਾਇਆ ਜਾਂਦਾ ਹੈ ਤਾਂ ਉਸਨੂੰ ਜੇਲ੍ਹ ਵਿੱਚ ਡੱਕਿਆ ਜਾਵੇ। ਅਜਿਹੇ ਹਾਲਾਤਾਂ ਦੇ ਬਾਵਜੂਦ ਅਸੀਂ ਜਲੰਧਰ ਜ਼ਿਮਨੀ ਚੋਣ ਅਤੇ ਇੱਕ ਹੋਰ ਐਮ.ਪੀ. ਸੀਟ ਵੱਡੇ ਫਰਕ ਨਾਲ ਜਿੱਤੀ, ਜਿਸ ਨਾਲ ਸਾਨੂੰ ਹੋਰ ਵੀ ਮਜ਼ਬੂਤੀ ਮਿਲੀ।
ਆਜ਼ਾਦੀ ਸੰਘਰਸ਼ ਨਾਲ ਸੰਤੁਲਨ ਬਿਠਾਉਂਦਿਆਂ ਉਨ੍ਹਾਂ ਕਿਹਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜਦੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਸਵੈ-ਇੱਛਾ ਨਾਲ ਗ੍ਰਿਫ਼ਤਾਰੀ ਦਿੱਤੀ ਅਤੇ ਕੋਰਟ ਰੂਮ ਵਿੱਚ ਮੀਡੀਆ ਦੇ ਸਾਹਮਣੇ ਅੰਗਰੇਜ਼ੀ ਵਿੱਚ ਆਪਣੀਆਂ ਦਲੀਲਾਂ ਰੱਖੀਆਂ ਤਾਂ ਲਹਿਰ ਨੂੰ ਹੋਰ ਬਲ ਮਿਲਿਆ। ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਵੀ ਸਾਨੂੰ ਜੇਲ੍ਹ ਤੋਂ ਕਦੇ ਨਾ ਝੁਕਣ ਦੇ ਸੁਨੇਹੇ ਭੇਜੇ। ਉਨ੍ਹਾਂ ਕਿਹਾ ਕਿ ਭਗਵੰਤ, ਕਿਸੇ ਵੀ ਹਾਲਤ ਵਿੱਚ ਨਹੀਂ ਝੁਕਣਾ। ਜਿੱਥੇ ਲੋੜ ਹੋਵੇ ਕਾਰਵਾਈ ਕਰੋ, ਪਰ ਕਿਸੇ ਵੀ ਕੀਮਤ ‘ਤੇ ਝੁਕਣਾ ਨਹੀਂ। ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੇਗੀ ਅਤੇ ਉਸੇ ਤਰ੍ਹਾਂ ਹੋਇਆ ਪਾਰਟੀ ਇੱਕ ਕੌਮੀ ਤਾਕਤ ਵਜੋਂ ਉਭਰ ਕੇ ਸਾਹਮਣੇ ਆਈ ਹੈ।
ਕੇਂਦਰੀ ਲੀਡਰਸ਼ਿਪ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੰਘਾਸਨ 'ਤੇ ਬੈਠੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਕਿਰਾਏਦਾਰ ਹਨ, ਮਾਲਕ ਨਹੀਂ। ਇਸ ਦੇਸ਼ ਦੀ ਮਿੱਟੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਅਤੇ ਅਸ਼ਫਾਕਉੱਲਾ ਖਾਨ ਦਾ ਖੂਨ ਹੈ। ਇਹ ਦੇਸ਼ ਕਿਸੇ ਦੇ ਬਾਪ ਦੀ ਨਿੱਜੀ ਜਾਗੀਰ ਨਹੀਂ।
ਉਨ੍ਹਾਂ ਨੇ ਪੰਜਾਬ ਦੇ ਰਾਹ ਵਿੱਚ ਵਿੱਤੀ ਮੁਸ਼ਕਲਾਂ ਖ਼ੜ੍ਹੀਆਂ ਕਰਨ ਦੇ ਹੱਥਕੰਡਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ 8,000 ਕਰੋੜ ਰੁਪਏ ਦੇ ਆਰਡੀਐਫ ਫੰਡ ਕੇਂਦਰ ਨੇ ਰੋਕ ਰੱਖੇ ਹਨ। ਜੀਐਸਟੀ ਦਾ ਬਕਾਇਆ ਜਾਰੀ ਨਹੀਂ ਕੀਤਾ ਗਿਆ। ਜਦੋਂ ਪੰਜਾਬ ਨੂੰ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਵਿੱਚੋਂ ਇੱਕ ਦਾ ਸਾਹਮਣਾ ਕਰਨਾ ਪਿਆ ਤਾਂ ਸਿਰਫ਼ 1,600 ਕਰੋੜ ਰੁਪਏ ਦੀ ਟੋਕਨ ਰਾਸ਼ੀ ਐਲਾਨੀ ਗਈ ਅਤੇ ਹੁਣ ਤੱਕ ਉਸ ਵਿੱਚੋਂ 16 ਪੈਸੇ ਵੀ ਨਹੀਂ ਦਿੱਤੇ ਗਏ। ਇਸ ਸਭ ਦੇ ਬਾਵਜੂਦ ਵੀ ਉਹ ਪੰਜਾਬ ਵਿੱਚ ਚੋਣਾਂ ਲੜਨਾ ਚਾਹੁੰਦੇ ਹਨ।
ਦੇਸ਼ ਲਈ ਪੰਜਾਬ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ ਤਾਂ ਪੰਜਾਬੀਆਂ ਨੇ ਦਿਨ-ਰਾਤ ਮਿਹਨਤ ਕਰਕੇ ਹਰੀ ਕ੍ਰਾਂਤੀ ਲਿਆਂਦੀ ਅਤੇ ਦੇਸ਼ ਦੇ ਅੰਨ ਭੰਡਾਰ ਭਰ ਦਿੱਤੇ। ਜਦੋਂ ਦੇਸ਼ ਨੂੰ ਆਜ਼ਾਦੀ ਦੀ ਲੋੜ ਸੀ ਤਾਂ 90 ਫੀਸਦ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਜਦੋਂ ਵੀ ਸਰਹੱਦ 'ਤੇ ਪਹਿਲੀ ਗੋਲੀ ਚਲਦੀ ਹੈ ਤਾਂ ਪੰਜਾਬੀ ਨੌਜਵਾਨ ਸੈਨਿਕ ਹਿੱਕ ਤਾਣ ਕੇ ਸਭ ਤੋਂ ਅੱਗੇ ਖੜ੍ਹਦੇ ਹਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹੇਗਾ। ਅਸੀਂ ਪੰਜਾਬ ‘ਚ ਸਰਕਾਰ ਚਲਾ ਰਹੇ ਹਾਂ ਅਤੇ 2027 ਵਿੱਚ ਵੀ ਅਸੀਂ ਤੁਹਾਨੂੰ ਭਾਰੀ ਬਹੁਮਤ ਨਾਲ ਜਿੱਤ ਦੀਆਂ ਸੀਟਾਂ ਦਾ ਸੈਂਕੜਾ ਲਗਾ ਕੇ ਵੱਡਾ ਤੋਹਫ਼ਾ ਦੇਵੇਗਾਂ। ਜਿਸ ਪਾਸੇ ਪੰਜਾਬ ਮਾਰਚ ਕਰਦਾ ਹੈ, ਦੇਸ਼ ਵੀ ਉਸੇ ਰਾਹ ‘ਤੇ ਚਲਦਾ ਹੈ।

ਸੱਚ ‘ਤੇ ਇੱਕ ਕਾਵਿਕ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਝੂਠ ਦੇ ਆਲਮ ਵਿੱਚ ਰਹਿਣ ਵਾਲੇ ਦੂਜਿਆਂ ਨੂੰ ਸੱਚ ਬੋਲਣ ਲਈ ਕਹਿੰਦੇ ਹਨ, ਜਦੋਂ ਕਿ ਉਨ੍ਹਾਂ ਦੇ ਘਰ ਝੂਠ ਦੇ ਮਕਾਨ ਬਣ ਚੁੱਕੇ ਹਨ। ਸੱਚ ਨੂੰ ਕੀਮਤ ਚੁਕਾਉਣੀ ਪੈ ਸਕਦੀ ਹੈ, ਪਰ ਸੱਚ ਦਾ ਸੂਰਜ ਹਮੇਸ਼ਾ ਬੱਦਲਾਂ ਪਿੱਛੇ ਨਹੀਂ ਰਹਿੰਦਾ, ਇਹ ਚੜ੍ਹਦਾ ਹੈ ਅਤੇ ਚਮਕਦਾ ਹੈ ਅਤੇ ਫਿਰ ਕਿਤੇ ਵੀ ਹਨੇਰਾ ਨਹੀਂ ਰਹਿੰਦਾ।
ਆਪਣੇ ਭਾਸ਼ਣ ਦੀ ਸਮਾਪਤੀ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਤੋਂ ਅਸੀਂ ਤੁਹਾਨੂੰ ਚੱਟਾਨ ਵਰਗਾ ਸਾਥ ਦੇਣ ਲਈ ਇੱਥੇ ਆਏ ਹਾਂ। ਅੱਗੇ ਵਧੋ, ਅਸੀਂ ਤੁਹਾਡੇ ਨਾਲ ਹਾਂ। ਜਦੋਂ ਵੀ ਕੌਮ ਕਿਸੇ ਵੀ ਸੰਕਟ ਦਾ ਸਾਹਮਣਾ ਕਰਦੀ ਹੈ ਤਾਂ ਪੰਜਾਬੀ ਹਮੇਸ਼ਾ ਅੱਗੇ ਵਧਦੇ ਹਨ। ਭਾਵੇਂ ਤੁਰਕੀ ਵਿੱਚ ਭੂਚਾਲ, ਸ੍ਰੀਲੰਕਾ ਵਿੱਚ ਸੁਨਾਮੀ ਜਾਂ ਨੇਪਾਲ ਵਿੱਚ ਹੜ੍ਹ ਦਾ ਮਾਮਲਾ ਹੋਵੇ, ਰਾਹਤ ਏਜੰਸੀਆਂ ਦੇ ਆਉਣ ਤੋਂ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੰਗਰ ਸ਼ੁਰੂ ਹੋ ਜਾਂਦਾ ਹੈ। ਅਸੀਂ ਸਾਰਿਆਂ ਦੀ ਭਲਾਈ ਲਈ ਖੜ੍ਹੇ ਹਾਂ। ਅਸੀਂ ਕੁਰਬਾਨੀ ਦੇ ਪੁੰਜ ਹਾਂ। ਦਿੱਲੀ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਭਾਵਨਾ ਨਾਲ ਮਨਾਉਣ ਦੇ ਉਪਰਾਲਿਆਂ ਨੂੰ ਅਸੀਂ ਸਲਾਮ ਕਰਦੇ ਹਾਂ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂ ਧਰਮ ਅਤੇ ਕਸ਼ਮੀਰੀ ਪੰਡਤਾਂ ਦੇ ਸਨਮਾਨ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਅਸੀਂ ਹਮੇਸ਼ਾ ਸੱਚਾਈ ਦੇ ਨਾਲ ਖੜ੍ਹੇ ਹਾਂ।

ਐਕਸ 'ਤੇ ਰੈਲੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਜੰਤਰ-ਮੰਤਰ 'ਤੇ ਹੋਇਆ ਵਿਸ਼ਾਲ ਇਕੱਠ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਨਾ ਸਿਰਫ਼ ਦਿੱਲੀ, ਸਗੋਂ ਪੂਰਾ ਦੇਸ਼ ਆਪਣੇ ਲੋਕ ਨੇਤਾ ਅਰਵਿੰਦ ਕੇਜਰੀਵਾਲ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਭਾਜਪਾ ਨੇ ਆਪਣੀਆਂ ਏਜੰਸੀਆਂ ਦੀ ਵਰਤੋਂ ਕਰਕੇ 'ਆਪ' ਨੂੰ ਖਤਮ ਕਰਨ ਦੀ ਜਿਸ ਸਾਜ਼ਿਸ਼ ਰਾਹੀਂ ਕੋਸ਼ਿਸ਼ ਕੀਤੀ, ਉਹ ਹੁਣ ਦੇਸ਼ ਦੇ ਸਾਹਮਣੇ ਬੇਨਕਾਬ ਹੋ ਗਈ ਹੈ। ਲੋਕਤੰਤਰ ਨੂੰ ਦਬਾਅ ਅਤੇ ਡਰ ਨਾਲ ਕੁਚਲਿਆ ਨਹੀਂ ਜਾ ਸਕਦਾ। ਪੰਜਾਬ ਦੀ ਧਰਤੀ ਤੋਂ ਮੈਂ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜਿੱਥੇ ਵੀ ਬੇਇਨਸਾਫ਼ੀ ਹੋਵੇਗੀ, ਅਸੀਂ ਉੱਥੇ ਮਜ਼ਬੂਤੀ ਅਤੇ ਦ੍ਰਿੜਤਾ ਨਾਲ ਖੜ੍ਹਾਂਗੇ। ਇਹ ਕਿਸੇ ਇੱਕ ਵਿਅਕਤੀ ਦੀ ਲੜਾਈ ਨਹੀਂ; ਇਹ ਭਾਰਤ ਦੇ ਸੰਵਿਧਾਨ ਅਤੇ ਦੇਸ਼ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਦੀ ਲੜਾਈ ਹੈ, ਜਿਸ ਲਈ ਸੰਘਰਸ਼ ਜਾਰੀ ਰਹੇਗਾ। ਇਨਕਲਾਬ ਜ਼ਿੰਦਾਬਾਦ।"

ਪਹਿਲਾਂ ਵੀ ਇਸ ਤਰ੍ਹਾਂ ਦੀਆਂ ਆ ਚੁੱਕੀਆਂ ਹਨ ਧਮਕੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਇਕ ਵਾਰ ਫਿਰ ਪੰਜ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਨ੍ਹਾਂ ਸਕੂਲਾਂ ਵਿਚ ਸੈਕਟਰ-38 ਸਥਿਤ ਵਿਵੇਕ ਹਾਈ ਸਕੂਲ, ਕਾਰਮਲ ਕਾਨਵੈਂਟ ਸਕੂਲ ਅਤੇ ਸੇਂਟ ਜੋਨਸ ਹਾਈ ਸਕੂਲ, ਭਵਨ ਵਿੱਦਿਆਲਿਆ ਸੈਕਟਰ 27 ਅਤੇ ਸੌਂਪਿਨਜ਼ ਸੈਕਟਰ 32 ਸਕੂਲ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਸਕੂਲਾਂ ਨੂੰ ਈਮੇਲ ਰਾਹੀਂ ਧਮਕੀ ਭਰਿਆ ਸੰਦੇਸ਼ ਭੇਜਿਆ ਗਿਆ ਹੈ। ਧਮਕੀ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੁਰੰਤ ਹਰਕਤ ਵਿਚ ਆ ਗਿਆ ਅਤੇ ਖੁਫੀਆ ਏਜੰਸੀਆਂ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਇਸੇ ਦੌਰਾਨ ਅੰਮਿ੍ਰਤਸਰ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਰੇਲ ਗੱਡੀ ਨੂੰ ਵੀ ਧਮਕੀ ਮਿਲੀ ਹੈ ਅਤੇ ਰੇਲਵੇ ਪੁਲਿਸ ਵਲੋਂ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਕੂਲਾਂ ਅਤੇ ਅਦਾਲਤ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।

ਚੰਡੀਗੜ੍ਹ :  ਨਾਗਰਿਕ-ਕੇਂਦ੍ਰਿਤ ਸੁਧਾਰਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਪਾਰਦਰਸ਼ਤਾ, ਕੁਸ਼ਲਤਾ ਅਤੇ ਜਨਤਕ ਸੇਵਾਵਾਂ ਦੀ ਨਿਰਵਿਘਨ ਡਿਲੀਵਰੀ ਨੂੰ ਯਕੀਨੀ ਬਣਾਉਣ ਵਿੱਚ ਤਕਨਾਲੋਜੀ ਦੀ ਵਰਤੋਂ ਵਿੱਚ ਮੋਹਰੀ ਪਹਿਲਕਦਮੀਆਂ ਕਰਨ ਲਈ ਤਕਨਾਲੋਜੀ ਸਭਾ 2026 ਦੌਰਾਨ ਵੱਕਾਰੀ “ਡਿਜੀਟਲ ਐਕਸੀਲੈਂਸ” ਐਵਾਰਡ ਮਿਲਿਆ ਹੈ।

ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਵਿਭਾਗ ਦੇ ਡਾਇਰੈਕਟਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਸੂਬਾ ਸਰਕਾਰ ਤਰਫੋਂ ਇਹ ਪੁਰਸਕਾਰ ਹੈਦਰਾਬਾਦ ਵਿਖੇ ਇੰਡੀਅਨ ਐਕਸਪ੍ਰੈਸ ਗਰੁੱਪ ਵੱਲੋਂ ਕਰਵਈ ਗਈ ਤਕਨਾਲੋਜੀ ਸਭਾ 2026 ਦੌਰਾਨ ਹਾਸਲ ਕੀਤਾ। ਇਸ ਸਮਾਰੋਹ ਵਿੱਚ ਦੇਸ਼ ਭਰ ਦੇ ਚੋਟੀ ਦੇ ਤਕਨਾਲੋਜੀ ਦਿੱਗਜਾਂ ਅਤੇ ਨੀਤੀ ਘਾੜਿਆਂ ਨੇ ਸ਼ਿਰਕਤ ਕੀਤੀ।

ਇਹ ਪੁਰਸਕਾਰ ਸੂਬੇ ਦੇ ਨਾਗਰਿਕਾਂ ਅਤੇ ਵਿਭਾਗ ਦੀ ਟੀਮ ਨੂੰ ਸਮਰਪਿਤ ਕਰਦਿਆਂ, ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਮਾਨਤਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਪਾਰਦਰਸ਼ੀ, ਕਾਗਜ਼ ਰਹਿਤ ਅਤੇ ਜਵਾਬਦੇਹੀ ਵਾਲਾ ਪ੍ਰਬੰਧਕੀ ਢਾਂਚਾ ਬਣਾਉਣ ਲਈ ਸੌਂਪੇ ਕਾਰਜਾਂ ਦਾ ਨਤੀਜਾ ਹੈ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਵੱਕਾਰੀ ਪੁਰਸਕਾਰ ਪੰਜਾਬ ਸਰਕਾਰ ਦੇ ਸੁਸ਼ਾਸਨ ਅਤੇ ਨਾਗਰਿਕ-ਕੇਂਦ੍ਰਿਤ ਸੁਧਾਰਾਂ ਨੂੰ ਯਕੀਨੀ ਬਣਾਉਣ ਦੇ ਯਤਨਾਂ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਨੇ ਇਸ ਸਨਮਾਨ ਦਾ ਸਿਹਰਾ ਸਰਕਾਰ ਵੱਲੋਂ 'ਵਿਚੋਲੇ ਸੱਭਿਆਚਾਰ' ਨੂੰ ਖਤਮ ਕਰਨ ਅਤੇ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ 'ਤੇ ਸਨਮਾਨਜਨਕ ਅਤੇ ਨਿਰਵਿਘਨ ਢੰਗ ਨਾਲ ਸੇਵਾਵਾਂ ਯਕੀਨੀ ਬਣਾਉਣ ਦੇ ਯਤਨਾਂ ਨੂੰ ਦਿੱਤਾ। ਇਹ ਡਿਜੀਟਲ ਪਰਿਵਰਤਨ ਸਿਰਫ਼ ਤਕਨਾਲੋਜੀ ਬਾਰੇ ਨਹੀਂ ਹੈ ਬਲਕਿ ਇਹ ਸਿਸਟਮ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਬਾਰੇ ਹੈ।

ਸ੍ਰੀ ਅਮਨ ਅਰੋੜਾ ਨੇ ਪੰਜਾਬ ਸਰਕਾਰ ਦੀਆਂ ਨਿਵੇਕਲੀਆਂ ਤੇ ਆਪਣੀ ਕਿਸਮ ਦੀਆਂ ਪਲੇਠੀਆਂ ਡਿਜੀਟਲ ਪਹਿਲਕਦਮੀਆਂ 'ਤੇ ਚਾਨਣਾ ਪਾਇਆ ਜੋ ਦੇਸ਼ ਭਰ ਵਿੱਚ ਨਾਗਰਿਕਾਂ ਦੀ ਸਹੂਲਤ ਵਿੱਚ ਨਵੇਂ ਮਾਪਦੰਡ ਸਥਾਪਤ ਕਰ ਰਹੀਆਂ ਹਨ।  ਉਨ੍ਹਾਂ ਕਿਹਾ ਕਿ "ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ" ਸੂਬਾ ਸਰਕਾਰ ਦੀ ਇੱਕ ਪ੍ਰਮੁੱਖ ਸਕੀਮ ਹੈ ਜਿਸ ਤਹਿਤ ਨਾਗਰਿਕ ਆਪਣੇ ਘਰ ਬੈਠੇ ਹੈਲਪਲਾਈਨ ਨੰਬਰ 1076 ਉਤੇ ਕਾਲ ਕਰਕੇ 430 ਤੋਂ ਵੱਧ ਸਰਕਾਰੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਨਾਗਰਿਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਜਾਣ ਦੀ ਲੋੜ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਪੰਚਾਂ, ਨੰਬਰਦਾਰਾਂ ਅਤੇ ਨਗਰ ਕੌਂਸਲਰਾਂ(ਐਮਸੀ) ਨੂੰ ਅਰਜ਼ੀਆਂ ਦੀ ਆਨਲਾਈਨ ਤਸਦੀਕ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ਨਾਲ ਜ਼ਰੂਰੀ ਸਰਟੀਫਿਕੇਟ ਜਾਰੀ ਕਰਨ ਵਿੱਚ ਕਾਫ਼ੀ ਤੇਜ਼ੀ ਆਈ ਹੈ ਅਤੇ ਤਕਨਾਲੋਜੀ ਨੂੰ ਜ਼ਮੀਨੀ ਪੱਧਰ ਦੀ ਲੀਡਰਸ਼ਿਪ ਨਾਲ ਜੋੜਿਆ ਗਿਆ ਹੈ।

ਪਟਵਾਰੀਆਂ ਅਤੇ ਫੀਲਡ ਸਟਾਫ ਦੀ ਸਫਲ ਆਨਬੋਰਡਿੰਗ ਦੇ ਨਾਲ, ਸੂਬਾ ਸਰਕਾਰ ਵੱਲੋਂ 12.5 ਲੱਖ ਤੋਂ ਵੱਧ ਅਰਜ਼ੀਆਂ ‘ਤੇ ਆਨਲਾਈਨ ਕਾਰਵਾਈ ਕੀਤੀ ਗਈ ਹੈ। ਇਸ ਡਿਜੀਟਲ ਏਕੀਕਰਨ ਨਾਲ ਲੰਬਿਤ ਮਾਮਲਿਆਂ ਦੀ ਦਰ ਮਹਿਜ਼ 0.33 ਫ਼ੀਸਦੀ ਰਹਿ ਗਈ ਹੈ, ਜੋ ਸਿਸਟਮ ਦੀ ਕੁਸ਼ਲਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਐਮ-ਸੇਵਾ ਅਤੇ ਕਨੈਕਟ ਪੰਜਾਬ ਇੱਕ ਏਕੀਕ੍ਰਿਤ ਮੋਬਾਈਲ ਪਲੇਟਫਾਰਮ ਅਤੇ ਮਜ਼ਬੂਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਪ੍ਰਦਾਨ ਕਰਦੀਆਂ ਹਨ ਜੋ ਨਾਗਰਿਕਾਂ ਨੂੰ ਆਪਣੀਆਂ ਅਰਜ਼ੀਆਂ ਨੂੰ ਟਰੈਕ ਕਰਨ ਅਤੇ ਅਸਲ-ਸਮੇਂ ਵਿੱਚ ਫੀਡਬੈਕ ਜਮ੍ਹਾਂ ਕਰਾਉਣ ਦੇ ਯੋਗ ਬਣਾਉਣ ਦੇ ਨਾਲ ਨਾਲ ਹਰ ਪੱਧਰ 'ਤੇ ਜਵਾਬਦੇਹੀ ਨੂੰ ਯਕੀਨੀ ਬਣਾਉਂਦੀ ਹੈ।

ਅਗਲੇਰੀ ਰੂਪ ਰੇਖਾ ‘ਤੇ ਚਾਨਣਾ ਪਾਉਂਦਿਆਂ, ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ, "ਅਸੀਂ ਇਸ ਪ੍ਰਾਪਤੀ ਤੱਕ ਹੀ ਸੀਮਿਤ ਨਹੀਂ ਰਹਾਂਗੇ। ਪੰਜਾਬ ਦੀ ਡਿਜੀਟਲ ਯਾਤਰਾ ਦੇ ਅਗਲੇ ਪੜਾਅ ਵਿੱਚ ਸੇਵਾ ਪ੍ਰਦਾਨ ਕਰਨ ਨੂੰ ਹੋਰ ਸੁਖਾਲਾ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਐਮਐਲ) ਨੂੰ ਏਕੀਕ੍ਰਿਤ ਕੀਤਾ ਜਾਵੇਗਾ। ਸਾਡਾ ਟੀਚਾ ਆਮਦਨ, ਰਿਹਾਇਸ਼ ਅਤੇ ਜਾਤੀ ਸਰਟੀਫਿਕੇਟ ਸਮੇਤ ਸਾਰੀਆਂ ਪ੍ਰਮੁੱਖ ਸੇਵਾਵਾਂ ਲਈ 100 ਫ਼ੀਸਦੀ ਕਾਗਜ਼ ਰਹਿਤ ਅਤੇ ਸੰਪਰਕ ਰਹਿਤ ਈਕੋਸਿਸਟਮ ਬਣਾਉਣਾ ਹੈ। ਇਹ ਪੁਰਸਕਾਰ ਲਾਲ-ਫੀਤਾਸ਼ਾਹੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਸਾਡੇ ਦ੍ਰਿੜ ਇਰਾਦੇ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਿਰਫ਼ ਇੱਕ ਕਲਿੱਕ 'ਤੇ ਆਮ ਲੋਕਾਂ ਲਈ ਹਰ ਸਰਕਾਰੀ ਸੇਵਾ ਯਕੀਨੀ ਬਣਾਈ ਜਾਵੇਗੀ ।"

ਚੰਡੀਗੜ੍ਹ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਸਾਲ 2016 ਤੋਂ ਹਰ ਸਾਲ ਇਕ ਖਾਸ ਥੀਮ ਦੇ ਅਧੀਨ ਵਿੱਤੀ ਸਾਖਰਤਾ ਹਫਤਾ ਮਨਾਉਂਦਾ ਆ ਰਿਹਾ ਹੈ, ਜਿਸਦਾ ਉਦੇਸ਼ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਵਿੱਤੀ ਜਾਗਰੂਕਤਾ ਫੈਲਾਉਣਾ ਹੈ। ‘ਵਿੱਤੀ ਸਾਖਰਤਾ ਹਫਤਾ 2026’  9 ਫਰਵਰੀ ਤੋਂ 13 ਫਰਵਰੀ ਤੱਕ ਮਨਾਇਆ ਗਿਆ, ਜੋ ਕਿ ਇਸ ਪਹਿਲ ਦਾ 11ਵਾਂ ਸੰਸਕਰਣ ਸੀ। ਵਿੱਤੀ ਸਾਖਰਤਾ ਹਫਤਾ ਮਨਾਉਣ ਦਾ ਮੁੱਖ ਮਕਸਦ ਕੇਂਦਰਿਤ ਅਧਿਆਨਾਂ ਰਾਹੀਂ ਲੋਕਾਂ ਨੂੰ ਮਹੱਤਵਪੂਰਨ ਵਿੱਤੀ ਵਿਸ਼ਿਆਂ ਬਾਰੇ ਜਾਗਰੂਕ ਕਰਨਾ ਹੈ।
ਚੰਡੀਗੜ੍ਹ ਵਿਚ ‘ਵਿੱਤੀ ਸਾਖਰਤਾ ਹਫਤਾ 2026’ ਦਾ ਉਦਘਾਟਨ ਸ੍ਰੀ ਵਿਵੇਕ ਸ੍ਰੀਵਾਸਤਵ, ਖੇਤੀ ਨਿਰਦੇਸ਼ਕ, ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਵਲੋਂ ਕੀਤਾ ਗਿਆ ਸੀ। ਇਸ ਸਾਲ ਦੀ ਥੀਮ ‘ਕੇ.ਵਾਈ.ਸੀ.-ਸੁਰੱਖਿਅਤ ਬੈਂਕਿੰਗ ਵੱਲ ਪਹਿਲਾ ਕਦਮ’ ਸੀ। ਇਸਦੇ ਅਧੀਨ ਉਪ-ਥੀਮਾਂ ਵਿਚ ਨੋ ਯੋਰ ਕਸਟਮਰ (ਕੇਵਾਈਸੀ) ਦੀਆਂ ਬੁਨਿਆਦੀ ਜਾਣਕਾਰੀਆਂ, ਸੈਂਟਰਲ ਕੇਵਾਈਸੀ ਰਜਿਸਟਰੀ ਅਤੇ ਖਾਤਾ ਤੇ ਅਨੁਸ਼ਾਸ਼ਨ ਸ਼ਾਮਲ ਸਨ। ਇਸ ਥੀਮ ਦਾ ਉਦੇਸ਼ ਸੁਰੱਖਿਅਤ ਅਤੇ ਭਰੋਸੇਮੰਦ ਬੈਂਕਿੰਗ ਦੀ ਨੀਂਹ ਵਜੋਂ ਕੇਵਾਈਸੀ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ।
ਕੇ.ਵਾਈ.ਸੀ. ਦੀ ਲੋੜ ਉਤੇ ਜ਼ੋਰ ਦਿੰਦੇ ਹੋਏ, ਸ੍ਰੀ ਵਿਵੇਕ ਸ੍ਰੀਵਾਸਤਵ ਨੇ ਇਸ ਨੂੰ ਮਹੱਤਵਪੂਰਨ ਨਿਯਮਾਤਮਕ ਅਤੇ ਸੁਰੱਖਿਆ ਉਪਾਅ ਕਰਾਰ ਦਿੱਤਾ। ਉਨ੍ਹਾਂ ਨੇ ਸੈਂਟਰਲ ਕੇ.ਵਾਈ.ਸੀ. ਰਿਕਾਰਡਜ਼ ਰਜਿਸਟਰੀ ਦੀ ਭੂਮਿਕਾ ਅਤੇ ਸਾਇਬਰ ਧੋਖਾਧੜੀ ਤੇ ਮਨੀ ਮਿਊਲ ਗਤੀਵਿਧੀਆਂ ਦੇ ਖਿਲਾਫ ਲਗਾਤਾਰ ਸਾਵਧਾਨੀ ਦੀ ਲੋੜ ਉਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਚੁਣੌਤੀਆਂ ਦੇ ਬਾਵਜੂਦ, ਸੀ.ਕੇ.ਵਾਈ.ਸੀ.ਆਰ. ਪ੍ਰਣਾਲੀ ਹੁਣ ਸਥਿਰ ਹੋ ਚੁੱਕੀ ਹੈ ਅਤੇ ਇਹ ਬੈਂਕਾਂ ਵਿਚਕਾਰ ਪ੍ਰਮਾਣਿਤ ਅਤੇ ਕਾਨੂੰਨੀ ਗ੍ਰਾਹਕ ਜਾਣਕਾਰੀ ਦੀ ਉਪਲਬਧਤਾ ਯਕੀਨੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਹਫਤੇ ਦੌਰਾਨ, ਭਾਰਤੀ ਰਿਜ਼ਰਵ ਬੈਂਕ, ਬੈਂਕਾਂ ਅਤੇ ਹੋਰ ਸਾਂਝੀਦਾਰਾਂ ਦੇ ਸਹਿਯੋਗ ਨਾਲ ਭਾਰਤ ਭਰ ਵਿਚ ਜਾਗਰੂਕਤਾ ਮੁਹਿੰਮ ਅਤੇ ਖੇਤਰੀ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਪਹੁੰਚ ਮੁਹਿੰਮਾਂ ਦੇ ਹਿੱਸੇ ਵਜੋਂ, ਚੰਡੀਗੜ੍ਹ  ਖੇਤਰੀ ਦਫਤਰ ਤੋਂ ਇਕ ਮੋਬਾਇਲ ਵੈਨ ਨੂੰ ਰਵਾਨਾ ਕੀਤਾ ਗਿਆ ਸੀ, ਜਿਸ ਵਿਚ ਵਿੱਤੀ ਸਾਖਰਤਾ ਨਾਲ ਸਬੰਧਿਤ ਮੁੱਖ ਸੁਨੇਹੇ ਦਰਸਾਏ ਗਏ ਸਨ। ਇਸ ਤੋਂ ਇਲਾਵਾ, ਸੁਰੱਖਿਅਤ ਅਤੇ ਜ਼ਿੰਮੇਵਾਰ ਬੈਂਕਿੰਗ ਅਭਿਆਸਾਂ ਬਾਰੇ ਜਨ-ਜਾਗਰੂਕਤਾ ਵਧਾਉਣ ਲਈ ਸ਼ਹਿਰ ਦੇ ਪ੍ਰਮੁੱਖ ਸਥਾਨਾਂ ’ਤੇ ਜਾਗਰੂਕਤਾ ਹੋਰਡਿੰਗ ਵੀ ਲਗਾਏ ਗਏ ਸਨ। ਇਸ ਤਰ੍ਹਾਂ ਦੀਆਂ ਮੁਹਿੰਮਾਂ ਸਾਲ ਭਰ ਜਾਰੀ ਰਹਿਣਗੀਆਂ, ਤਾਂ ਜੋ ਇਸਦਾ ਦੀਰਘਕਾਲੀ ਪ੍ਰਭਾਵ ਯਕੀਨੀ ਬਣਾਇਆ ਜਾ ਸਕੇ। 

ਚੰਡੀਗੜ੍ਹ : ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਦੀ ਭਾਲ ਕਰਨ ਵਾਲੇ ਬਣਾਉਣ ਵਾਲੇ ਰਵਾਇਤੀ ਸਿੱਖਿਆ ਮਾਡਲਾਂ ਨੂੰ ਬਦਲ ਕੇ ਉਹਨਾਂ ਨੂੰ ਯੋਜਨਾਬੱਧ ਢੰਗ ਨਾਲ ਨੌਕਰੀਆਂ ਪੈਦਾ ਕਰਨ ਵਾਲਿਆਂ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਸਰਕਾਰੀ ਆਈ.ਟੀ.ਆਈ. ਅਤੇ ਸਰਕਾਰੀ ਪੌਲੀਟੈਕਨਿਕਾਂ ਤੋਂ ਚੁਣੇ ਗਏ 40 ਉੱਚ ਸੰਭਾਵਨਾ ਵਾਲੇ ਨੌਜਵਾਨ ਕਾਰੋਬਾਰੀਆਂ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਐਮਜੀਸੀਪਾ), ਚੰਡੀਗੜ੍ਹ ਵਿਖੇ ਪਹਿਲਾ ਦੋ-ਰੋਜ਼ਾ ਰੈਜੀਡੈਂਸ਼ੀਅਲ ਸਟੂਡੈਂਟ ਇੰਟਰਪ੍ਰਿਨੀਓਰਸ਼ਿਪ ਬੂਟਕੈਂਪ ਕਰਵਾਇਆ ਗਿਆ।

ਇਹ ਸਿਰਫ ਇਕ ਵਰਕਸ਼ਾਪ ਹੀ ਨਹੀਂ ਹੈ ਸਗੋਂ ਇਹ ਇੱਕ ਤਿਮਾਹੀ ਲੜੀ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ ਜਿਸਦਾ ਉਦੇਸ਼ ਨੌਜਵਾਨਾਂ ਦੀ ਅਗਵਾਈ ਵਾਲੇ ਉੱਦਮ ਸਿਰਜਣਾ ਹੈ ਅਤੇ ਇਹ ਯਕੀਨੀ ਬਣਾਉਣਾ ਕਿ ਪੰਜਾਬ ਵਿੱਚ ਤਕਨੀਕੀ ਸਿੱਖਿਆ ਸਿੱਧੇ ਤੌਰ 'ਤੇ ਕਾਰੋਬਾਰ ਵਿੱਚ ਵਾਧਾ, ਆਮਦਨ ਪੈਦਾ ਕਰਨ ਅਤੇ ਸਥਾਨਕ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾਉਂਦੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਨੇ 322 ਆਈ.ਟੀ.ਆਈ. ਅਤੇ 91 ਪੌਲੀਟੈਕਨਿਕਾਂ ਵਿੱਚ ਉੱਦਮਤਾ ਮਾਨਸਿਕਤਾ/ਕਾਰੋਬਾਰੀ ਪਾਠਕ੍ਰਮ ਪੇਸ਼ ਕੀਤਾ ਹੈ, ਜਿਸ ਵਿੱਚ 137 ਸਰਕਾਰੀ ਆਈ.ਟੀ.ਆਈ. ਅਤੇ 26 ਸਰਕਾਰੀ ਪੌਲੀਟੈਕਨਿਕ ਸ਼ਾਮਲ ਹਨ। ਇਸ ਦਾ ਉਦੇਸ਼ ਅਹਿਮ ਪਰਿਵਰਤਨ ਲਿਆਉਣਾ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਤਕਨੀਕੀ ਕੋਰਸ ਸਿਰਫ਼ ਇੱਕ ਸਰਟੀਫਿਕੇਟ ਹਾਸਲ ਕਰਨ ਲਈ ਹੀ ਨਹੀਂ ਪੂਰੇ ਕਰਨੇ ਚਾਹੀਦੇ, ਸਗੋਂ ਨਾਲ ਹੀ ਵਿਵਹਾਰਕ ਵਪਾਰਕ ਵਿਚਾਰਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ।
ਅੱਜ, ਪੰਜਾਬ ਭਰ ਵਿੱਚ 36,139 ਵਿਦਿਆਰਥੀ, ਜਿਨ੍ਹਾਂ ਵਿੱਚ 28,967 ਆਈ.ਟੀ.ਆਈ. ਤੋਂ ਅਤੇ 7,172 ਪੌਲੀਟੈਕਨਿਕਸ ਤੋਂ ਹਨ, ਸਿਰਫ਼ ਸਿਧਾਂਤਕ ਤੌਰ 'ਤੇ ਉੱਦਮਤਾ ਦੀ ਪੜ੍ਹਾਈ ਨਹੀਂ ਕਰ ਰਹੇ ਸਗੋਂ ਉਹ ਇੱਕ ਢਾਂਚਾਗਤ ਡਿਜੀਟਲ ਪਲੇਟਫਾਰਮ ਰਾਹੀਂ ਕਾਰੋਬਾਰੀ ਵਿਚਾਰਾਂ 'ਤੇ ਸਰਗਰਮੀ ਨਾਲ ਕੰਮ ਕਰ ਰਹੇ ਹਨ। ਸਿਰਫ਼ ਪ੍ਰੀਖਿਆਵਾਂ ਵਿੱਚ ਬੈਠਣ ਦੀ ਬਜਾਏ, ਉਹ ਅਸਲ ਗਾਹਕਾਂ ਦੀਆਂ ਸਮੱਸਿਆਵਾਂ ਦੀ ਪਛਾਣ ਕਰ ਰਹੇ ਹਨ, ਸੇਵਾਵਾਂ ਜਾਂ ਉਤਪਾਦਾਂ ਨੂੰ ਡਿਜ਼ਾਈਨ ਕਰ ਰਹੇ ਹਨ, ਵਿਚਾਰਾਂ ਦੀ ਜਾਂਚ ਕਰ ਰਹੇ ਹਨ, ਪ੍ਰੋਟੋਟਾਈਪ ਬਣਾ ਰਹੇ ਹਨ, ਗਾਹਕਾਂ ਤੱਕ ਪਹੁੰਚ ਰਹੇ ਹਨ ਅਤੇ ਮਾਲੀਆ ਪੈਦਾ ਕਰ ਰਹੇ ਹਨ।

ਪਹਿਲੇ ਬੂਟਕੈਂਪ ਲਈ, 40 ਅਸਲ ਉੱਦਮੀਆਂ ਲਈ ਉੱਦਮਾਂ ਦੀ ਪਛਾਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਉਹ ਪ੍ਰਚੂਨ, ਪੇਸ਼ੇਵਰ ਸੇਵਾਵਾਂ, ਈ-ਕਾਮਰਸ, ਡਿਜੀਟਲ ਪਲੇਟਫਾਰਮ, ਇੰਜੀਨੀਅਰਿੰਗ ਸੇਵਾਵਾਂ, ਨਿਰਮਾਣ ਅਤੇ ਉਤਪਾਦਾਂ ਦੇ ਨਿਰਮਾਣ ਵਰਗੇ ਖੇਤਰਾਂ ਵਿੱਚ ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚੋਂ ਚੁਣੇ ਗਏ ਹਨ।

ਬੂਟਕੈਂਪ ਲਈ ਚੁਣੇ ਗਏ 40 ਨੌਜਵਾਨ ਕਾਰੋਬਾਰੀ, ਜਿਨ੍ਹਾਂ ਵਿੱਚੋਂ 20 ਸਰਕਾਰੀ ਆਈ.ਟੀ.ਆਈ. ਤੋਂ ਅਤੇ 20 ਸਰਕਾਰੀ ਪੌਲੀਟੈਕਨਿਕ ਤੋਂ ਹਨ, ਨੂੰ ਕੋਰਸ ਪੂਰਾ ਹੋਣ, ਅਸਾਈਨਮੈਂਟਾਂ ਦੀ ਗੁਣਵੱਤਾ, ਕਾਰੋਬਾਰੀ ਵਿਚਾਰਾਂ ਦੀ ਸਪੱਸ਼ਟਤਾ, ਗਾਹਕ ਤੱਕ ਪਹੁੰਚ ਬਣਾਉਣ ਦੇ ਯਤਨਾਂ, ਪ੍ਰੋਟੋਟਾਈਪ ਸਿਰਜਣਾ, ਸੇਵਾ ਪ੍ਰਦਾਨ ਕਰਨ ਅਤੇ ਮਾਲੀਆ ਪੈਦਾ ਕਰਨ ਦੇ ਆਧਾਰ 'ਤੇ ਚੁਣਿਆ ਗਿਆ ਸੀ। ਉਹ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਫਿਰੋਜ਼ਪੁਰ ਤੋਂ ਫਾਜ਼ਿਲਕਾ ਤੱਕ; ਲੁਧਿਆਣਾ ਅਤੇ ਬਠਿੰਡਾ ਤੋਂ ਰੂਪਨਗਰ ਅਤੇ ਐਸ.ਏ.ਐਸ. ਨਗਰ ਤੱਕ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰ ਰਹੇ ਹਨ।

ਦੱਸਣਯੋਗ ਹੈ ਕਿ ਇਸ ਪਹਿਲਕਦਮੀ ਨਾਲ ਪਹਿਲਾਂ ਹੀ ਆਮਦਨ ਪ੍ਰਾਪਤ ਕੀਤੀ ਜਾ ਰਹੀ ਹੈ। ਜਦੋਂ ਕਿ ਕੁਝ ਉਦਮੀ ਵਿਚਾਰ ਜਾਂ ਟੈਸਟਿੰਗ ਪੜਾਅ ਅਧੀਨ ਹਨ ਅਤੇ ਕੁਝ ਉਦਮੀ ਪੇਸ਼ੇਵਰ ਸੇਵਾਵਾਂ, ਪ੍ਰਚੂਨ ਅਤੇ ਉਤਪਾਦ-ਅਧਾਰਤ ਉੱਦਮਾਂ ਤੋਂ ਪ੍ਰਤੀ ਮਹੀਨਾ 5,000 ਰੁਪਏ ਅਤੇ 12,000 ਰੁਪਏ ਦੇ ਵਿਚਕਾਰ ਕਮਾ ਰਹੇ ਹਨ। ਇਹ ਇੱਕ ਸਪੱਸ਼ਟ ਵਿਵਹਾਰਕ ਤਬਦੀਲੀ ਨੂੰ ਦਰਸਾਉਂਦਾ ਹੈ, ਜਿੱਥੇ ਨੌਜਵਾਨ ਐਂਟਰੀ-ਪੱਧਰ ਦੇ ਰੁਜ਼ਗਾਰ ਦੇ ਮੌਕਿਆਂ ਦੀ ਉਡੀਕ ਕਰਨ ਦੀ ਬਜਾਏ ਆਪਣੇ ਕੁਝ ਖੁਦ ਰੁਜ਼ਗਾਰ ਸਿਰਜ ਰਹੇ ਹਨ।  

ਸਰਕਾਰੀ ਆਈਟੀਆਈ ਮੁਕਤਸਰ ਦਾ ਇੱਕ ਨੌਜਵਾਨ ਉੱਦਮੀ ਇਕ ਪ੍ਰੇਰਨਾਦਾਇਕ ਉਦਾਹਰਣ ਬਣ ਗਿਆ ਹੈ ਜੋ ਸਥਾਨਕ ਖਪਤਕਾਰਾਂ, ਦੁਕਾਨਾਂ ਅਤੇ ਰੈਸਟੋਰੈਂਟਾਂ ਨੂੰ ਸਿੱਧੇ ਤੌਰ 'ਤੇ ਸਪਲਾਈ ਕਰਨ ਵਾਲਾ ਇੱਕ ਛੋਟੇ ਪੱਧਰ ਦਾ ਮਸ਼ਰੂਮ ਕਾਸ਼ਤ ਕਾਰੋਬਾਰ ਚਲਾ ਰਿਹਾ ਹੈ, ਜੋ ਮੰਗ ਨਾਲ ਜੁੜੇ ਖੇਤੀਬਾੜੀ-ਅਧਾਰਤ ਮਾਡਲ ਨੂੰ ਪੇਸ਼ ਕਰਦਾ ਹੈ। ਸਰਕਾਰੀ ਆਈਟੀਆਈ ਬਠਿੰਡਾ ਦੇ ਇੱਕ ਹੋਰ ਨੌਜਵਾਨ ਉੱਦਮੀ ਨੇ ਇੱਕ ਜੈਵਿਕ ਸਕਿਨਕੇਅਰ ਪਹਿਲਕਦਮੀ ਸ਼ੁਰੂ ਕੀਤੀ ਹੈ ਜੋ ਹੱਥ ਨਾਲ ਬਣੇ ਸਾਬਣ ਅਤੇ ਹਰਬਲ ਵਾਲਾਂ ਦਾ ਤੇਲ ਤਿਆਰ ਕਰਦਾ ਹੈ ਅਤੇ ਇੰਸਟਾਗ੍ਰਾਮ ਤੇ ਵਟਸਐਪ ਰਾਹੀਂ ਉਹਨਾਂ ਦੀ ਮਾਰਕੀਟਿੰਗ ਕਰਦਾ ਹੈ। ਸਰਕਾਰੀ ਆਈਟੀਆਈ (ਡਬਲਯੂ), ਐਸਏਐਸ ਨਗਰ (ਮੋਹਾਲੀ) ਦਾ ਇੱਕ ਕਾਸਮੈਟੋਲੋਜੀ ਵਿਦਿਆਰਥੀ ਇੱਕ ਨੇਲ ਸਟੂਡੀਓ ਚਲਾਉਂਦਾ ਹੈ ਜਿਸ ਦੀ ਮਾਰਕੀਟਿੰਗ ਡਿਜੀਟਲ ਪਲੇਟਫਾਰਮਾਂ ਰਾਹੀਂ ਕੀਤੀ ਜਾ ਰਹੀ ਹੈ। ਸਰਕਾਰੀ ਆਈਟੀਆਈ ਲੁਧਿਆਣਾ ਦਾ ਇੱਕ ਰੈਫ੍ਰਿਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ ਵਿਦਿਆਰਥੀ ਇੱਕ ਦੁਕਾਨ ਵਿੱਚ ਨਿਵੇਸ਼ ਕਰਨ ਦੀ ਬਜਾਏ ਜਸਟਡਾਇਲ ਅਤੇ ਦੁਕਾਨ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਕੇ ਇੱਕ ਏਅਰ ਕੰਡੀਸ਼ਨਰ ਮੁਰੰਮਤ ਅਤੇ ਰੱਖ-ਰਖਾਅ ਸੇਵਾ ਚਲਾ ਰਿਹਾ ਹੈ। ਹੋਰ ਉੱਦਮਾਂ ਵਿੱਚ ਆਨਲਾਈਨ ਟਿਊਸ਼ਨ ਸੇਵਾਵਾਂ, ਡਿਜੀਟਲ ਮਾਰਕੀਟਿੰਗ, ਆਨਲਾਈਨ ਪ੍ਰਚੂਨ, ਟੇਲਰਿੰਗ ਅਤੇ ਡਿਜੀਟਲ ਸਮੱਗਰੀ ਬਣਾਉਣਾ ਸ਼ਾਮਲ ਹੈ।

ਇਹ ਉਦਾਹਰਣਾਂ ਦਰਸਾਉਂਦੀਆਂ ਹਨ ਕਿ ਕਿਵੇਂ ਭਗਵੰਤ ਮਾਨ ਸਰਕਾਰ ਦੀ ਸੁਧਾਰ-ਅਧਾਰਤ ਪਹੁੰਚ ਅਧੀਨ ਪਲੰਬਿੰਗ, ਕਾਸਮੈਟੋਲੋਜੀ, ਰੈਫ੍ਰਿਜਰੇਸ਼ਨ, ਆਈਟੀ ਸਹਾਇਤਾ ਅਤੇ ਹੋਰ ਵਪਾਰਾਂ ਵਿੱਚ ਤਕਨੀਕੀ ਹੁਨਰਾਂ ਨੂੰ ਸਿੱਧੇ ਤੌਰ 'ਤੇ ਰੋਜ਼ੀ-ਰੋਟੀ ਦੇ ਮੌਕਿਆਂ ਵਿੱਚ ਬਦਲਿਆ ਜਾ ਰਿਹਾ ਹੈ।
ਦੋ ਰੋਜ਼ਾ ਰੈਜੀਡੈਂਸ਼ੀਅਲ ਬੂਟਕੈਂਪ ਇਨ੍ਹਾਂ ਉੱਦਮਾਂ ਨੂੰ ਹੋਰ ਮਜ਼ਬੂਤ ਕਰੇਗਾ। ਪਹਿਲਾ ਦਿਨ ਡਿਜ਼ਾਈਨ ਬਾਰੇ ਵਿਚਾਰ, ਅਸਲ ਸਮੱਸਿਆਵਾਂ ਦੀ ਪਛਾਣ ਕਰਨ ਅਤੇ ਮੁੱਲ ਪ੍ਰਸਤਾਵ, ਗਾਹਕ ਹਿੱਸਿਆਂ, ਮਾਲੀਏ ਸਬੰਧੀ ਧਾਰਾਵਾਂ ਅਤੇ ਲਾਗਤ ਢਾਂਚਿਆਂ ਲਈ ਬਿਜ਼ਨਸ ਮਾਡਲ ਕੈਨਵਸ ਰਾਹੀਂ ਕਾਰੋਬਾਰ ਸਿਰਜਣ 'ਤੇ ਕੇਂਦ੍ਰਤ ਹੈ। ਦੂਜਾ ਦਿਨ ਮਾਰਕੀਟ ਵਿੱਚ ਐਂਟਰੀ ਸਬੰਧੀ ਰਣਨੀਤੀ, ਗਾਹਕ ਹਾਸਲ ਕਰਨ, ਮਾਰਕੀਟਿੰਗ ਸਮੱਗਰੀ ਦੀ ਸਿਰਜਣਾ ਜਿਵੇਂ ਕਿ ਬਰੋਸ਼ਰ ਜਾਂ ਪਿੱਚ ਡੈੱਕ ਅਤੇ ਕੀਮਤ ਅਤੇ ਵਿੱਤੀ ਵਿਵਹਾਰਕਤਾ ਨੂੰ ਸਮਝਣ 'ਤੇ ਕੇਂਦ੍ਰਤ ਹੈ। ਇਹ ਪ੍ਰੋਗਰਾਮ ਵਿਦਿਆਰਥੀ ਉੱਦਮਾਂ ਦੀ ਪ੍ਰਦਰਸ਼ਨੀ ਨਾਲ ਸਮਾਪਤ ਹੋਇਆ ਜਿੱਥੇ ਇਹ ਨੌਜਵਾਨ ਕਾਰੋਬਾਰੀਆਂ ਨੇ ਆਪਣੇ ਉੱਦਮ ਪੇਸ਼ ਕੀਤੇ ਅਤੇ ਢਾਂਚਾਗਤ ਫੀਡਬੈਕ ਪ੍ਰਾਪਤ ਕੀਤੀ।

ਇਨੋਵੇਸ਼ਨ ਮਿਸ਼ਨ ਪੰਜਾਬ ਰਾਹੀਂ ਬੂਟਕੈਂਪ ਨੂੰ ਸਰਲ ਬਣਾਇਆ ਜਾ ਰਿਹਾ ਹੈ ਅਤੇ ਪ੍ਰੋਗਰਾਮ ਵਿੱਚ ਈਕੋਸਿਸਟਮ ਮੁਹਾਰਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਚਾਰ ਸਥਾਪਿਤ ਉੱਦਮੀ ਇਨ੍ਹਾਂ ਨੌਜਵਾਨ ਕਾਰੋਬਾਰੀਆਂ ਨਾਲ ਵਪਾਰ ਦੀ ਸ਼ੁਰੂਆਤ ਕਰਨ, ਕਾਇਮ ਰੱਖਣ ਅਤੇ ਸਕੇਲਿੰਗ ਉੱਦਮਾਂ ਬਾਰੇ ਵਿਹਾਰਕ ਜਾਣਕਾਰੀ ਸਾਂਝੀ ਕਰਨ ਲਈ ਗੱਲਬਾਤ ਕਰਨਗੇ। ਇਹਨਾਂ ਭਾਗੀਦਾਰਾਂ ਵਿੱਚ ਸੀਐਸ ਸਾਫਟ ਸਲਿਊਸ਼ਨਜ਼ ਇਨਫੋਟੈਕ ਤੋਂ ਸ਼੍ਰੀ ਛੋਟੂ ਸ਼ਰਮਾ, ਵਿਜ਼ਨ ਏਆਈ ਤੋਂ ਸ਼੍ਰੀ ਪੁਨੀਤ ਜਿੰਦਲ, ਡਿਜੀਵਾਹ ਤੋਂ ਸ਼੍ਰੀ ਬਿਪਨਜੀਤ ਸਿੰਘ ਅਤੇ ਨੈਚਕਿਨ ਤੋਂ ਸ਼੍ਰੀਮਤੀ ਮਨਪਿੰਦਰ ਕੌਰ ਸ਼ਾਮਲ ਹਨ।

ਸਰਕਾਰੀ ਆਈ.ਟੀ.ਆਈ. ਅਤੇ ਪੌਲੀਟੈਕਨਿਕਾਂ ਵਿੱਚ ਉੱਦਮਤਾ ਨੂੰ ਸ਼ਾਮਲ ਕਰਕੇ ਅਤੇ ਨੌਜਵਾਨਾਂ ਨੂੰ ਕਲਾਸਰੂਮ ਤੋਂ ਬਾਹਰ ਦੀ ਸਲਾਹ ਅਤੇ ਐਕਸਪੋਜ਼ਰ ਪ੍ਰਦਾਨ ਕਰਕੇ, ਭਗਵੰਤ ਮਾਨ ਸਰਕਾਰ ਪੰਜਾਬ ਦੇ ਸਿੱਖਿਆ ਮਾਡਲ ਵਿੱਚ ਇੱਕ ਢਾਂਚਾਗਤ ਤਬਦੀਲੀ ਨੂੰ ਯਕੀਨੀ ਬਣਾ ਰਹੀ ਹੈ। ਤਕਨੀਕੀ ਸਿੱਖਿਆ ਹੁਣ ਸਰਟੀਫਿਕੇਟਾਂ ਨਾਲ ਹੀ ਸੀਮਿਤ ਨਹੀਂ ਰਹੀ। ਇਹ ਕਾਰੋਬਾਰੀ ਮਾਲਕੀ, ਆਮਦਨ ਪੈਦਾ ਕਰਨ ਅਤੇ ਸਥਾਨਕ ਰੁਜ਼ਗਾਰ ਸਿਰਜਣ ਵੱਲ ਇੱਕ ਮਾਰਗ ਵਜੋਂ ਵਿਕਸਤ ਹੋ ਰਹੀ ਹੈ।

ਇਹ ਪਹਿਲਕਦਮੀ ਇੱਕ ਵੱਡੀ ਨੀਤੀ ਨੂੰ ਦਰਸਾਉਂਦੀ ਹੈ ਜਿਸ ਤਹਿਤ ਪੰਜਾਬ ਦੇ ਨੌਜਵਾਨ ਸਿਰਫ਼ ਸੀਮਤ ਨੌਕਰੀਆਂ ਲਈ ਮੁਕਾਬਲਾ ਨਹੀਂ ਕਰਨਗੇ ਸਗੋਂ ਉਹ ਆਪਣੇ ਲਈ ਅਤੇ ਦੂਜਿਆਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਨਵੇਂ ਮੌਕੇ ਪੈਦਾ ਕਰਨਗੇ।

ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ਼ਤਿਹਾਰਾਂ ਵਿੱਚ ਔਰਤਾਂ ਨੂੰ ਅਸ਼ਲੀਲ ਅਤੇ ਅਪਮਾਨਜਨਕ  ਢੰਗ ਨਾਲ ਪੇਸ਼ ਕਰਨ ਦੇ ਕਈ ਮਾਮਲਿਆਂ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਹੈ ਕਿ ਪੰਜਾਬ ਸਰਕਾਰ ਔਰਤਾਂ ਦੇ ਮਾਣ-ਸਨਮਾਨ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕਰੇਗੀ।

ਇਸ ਮੁੱਦੇ ’ਤੇ ਬੋਲਦਿਆਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ, ‘‘ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਵੱਖ-ਵੱਖ ਇਸ਼ਤਿਹਾਰਾਂ ਰਾਹੀਂ ਔਰਤਾਂ ਦੇ ਅਸ਼ਲੀਲ ਅਤੇ ਅਪਮਾਨਜਨਕ ਚਿੱਤਰਣ ਦੇ ਕਈ ਮਾਮਲੇ ਵਿਭਾਗ ਦੇ ਧਿਆਨ ਵਿੱਚ ਆਏ ਹਨ। ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਮਨਾਹੀ) ਐਕਟ, 1986 ਔਰਤਾਂ ਦੇ ਕਿਸੇ ਵੀ ਅਸ਼ਲੀਲ ਜਾਂ ਅਪਮਾਨਜਨਕ ਚਿੱਤਰਣ ’ਤੇ ਸਖ਼ਤੀ ਨਾਲ ਪਾਬੰਦੀ ਲਗਾਉਂਦਾ ਹੈ।’’

ਉਨ੍ਹਾਂ ਅੱਗੇ ਕਿਹਾ ਕਿ ਇਸ਼ਤਿਹਾਰਾਂ, ਪ੍ਰਕਾਸ਼ਨਾਂ, ਪੇਂਟਿੰਗਾਂ ਜਾਂ ਕਿਸੇ ਹੋਰ ਮੀਡੀਆ ਪਲੇਟਫਾਰਮ ਰਾਹੀਂ ਔਰਤਾਂ ਨੂੰ ਅਸ਼ਲੀਲ ਜਾਂ ਅਪਮਾਨਜਨਕ ਢੰਗ ਨਾਲ ਪੇਸ਼ ਕਰਨਾ ਕਾਨੂੰਨ ਅਧੀਨ ਸਜ਼ਾਯੋਗ ਅਪਰਾਧ ਹੈ ਅਤੇ ਐਕਟ ਦੇ ਉਪਬੰਧਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”

ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਔਰਤਾਂ ਦੀ ਇੱਜ਼ਤ, ਸਨਮਾਨ ਅਤੇ ਸੁਰੱਖਿਆ ਦੀ ਰਾਖੀ ਪੰਜਾਬ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ ਅਤੇ ਇਸ ਸਬੰਧ ਵਿੱਚ ਕਾਨੂੰਨ ਦੀ ਕਿਸੇ ਵੀ ਉਲੰਘਣਾ ’ਤੇ ਨਿਰਧਾਰਤ ਉਪਬੰਧਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮੀਡੀਆ ਪਲੇਟਫਾਰਮਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕਰਦਿਆਂ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ, ‘‘ਸਾਰੇ ਟੀਵੀ ਚੈਨਲਾਂ, ਵੈੱਬਸਾਈਟਾਂ, ਵੈੱਬ-ਅਧਾਰਿਤ ਐਪਲੀਕੇਸ਼ਨਾਂ, ਅਖ਼ਬਾਰਾਂ ਅਤੇ ਹੋਰ ਆਡੀਓ-ਵਿਜ਼ੂਅਲ ਮੀਡੀਆ ਪਲੇਟਫਾਰਮਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਔਰਤਾਂ ਨੂੰ ਅਸ਼ਲੀਲ ਜਾਂ ਅਪਮਾਨਜਨਕ ਢੰਗ ਨਾਲ ਦਰਸਾਉਂਦੀ ਕੋਈ ਵੀ ਸਮੱਗਰੀ ਜਾਂ ਇਸ਼ਤਿਹਾਰ ਪ੍ਰਸਾਰਿਤ, ਪ੍ਰਕਾਸ਼ਿਤ ਜਾਂ ਛਾਪਿਆ ਨਾ ਜਾਵੇ। ਅਜਿਹੀ ਸਮੱਗਰੀ ਦਾ ਪ੍ਰਸਾਰਣ ਕਾਨੂੰਨ ਦੀ ਉਲੰਘਣਾ ਹੈ ਅਤੇ ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਜਾਂ ਸੰਗਠਨ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’

ਮੰਤਰੀ ਨੇ ਸੂਬੇ ਭਰ ਵਿੱਚ ਸਖ਼ਤ ਪ੍ਰਸ਼ਾਸਕੀ ਨਿਗਰਾਨੀ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ, ‘‘ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਅਜਿਹੇ ਮਾਮਲਿਆਂ ਦਾ ਖੁਦ ਨੋਟਿਸ ਲੈਣ ਅਤੇ ਪ੍ਰਾਪਤ ਹੋਈਆਂ ਸ਼ਿਕਾਇਤਾਂ ’ਤੇ ਸਬੰਧਿਤ ਕਾਨੂੰਨੀ ਉਪਬੰਧਾਂ ਦੇ ਅਨੁਸਾਰ ਤੁਰੰਤ ਕਾਰਵਾਈ ਯਕੀਨੀ ਬਣਾਉਣ।’’ ਉਨ੍ਹਾਂ ਅੱਗੇ ਕਿਹਾ, ‘‘ਅਜਿਹੇ ਮਾਮਲਿਆਂ ਦੀ ਪੰਜਾਬ ਅਤੇ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਵੱਲੋਂ ਸਮੇਂ-ਸਮੇਂ ’ਤੇ ਸਮੀਖਿਆ ਕੀਤੀ ਜਾਵੇਗੀ।’’

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਦੇ ਸਾਰੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੂੰ ਕਾਨੂੰਨ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ, ‘‘ਪੰਜਾਬ ਸਰਕਾਰ ਔਰਤਾਂ ਦੇ ਅਧਿਕਾਰਾਂ, ਮਾਣ-ਸਨਮਾਨ ਅਤੇ ਸੁਰੱਖਿਆ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਮਾਜ ਵਿੱਚ ਔਰਤਾਂ ਪ੍ਰਤੀ ਜਾਗਰੂਕਤਾ ਅਤੇ ਸਤਿਕਾਰ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ।’’

ਇਸ ਪਹਿਲਕਦਮੀ ਨੂੰ ਇੱਕ ਫੈਸਲਾਕੁੰਨ ਦੱਸਦਿਆਂ, ਉਨ੍ਹਾਂ ਕਿਹਾ, ‘‘ਪੰਜਾਬ ਸਰਕਾਰ ਦਾ ਇਹ ਉਪਰਾਲਾ ਇੱਕ ਸੁਰੱਖਿਅਤ, ਸਤਿਕਾਰਯੋਗ ਅਤੇ ਮਾਣਮੱਤੇ ਸਮਾਜ ਦੀ ਸਿਰਜਣਾ ਵੱਲ ਇੱਕ ਅਹਿਮ ਕਦਮ ਹੈ।’’

ਵੱਡੀ ਗਿਣਤੀ ’ਚ ਸੰਗਤ ਪਹੁੰਚ ਰਹੀ ਸ੍ਰੀ ਅਨੰਦਪੁਰ ਸਾਹਿਬ
ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼
ਖਾਲਸਾ ਪੰਥ ਦਾ ਕੌਮੀ ਤਿਉਹਾਰ ਹੋਲਾ-ਮਹੱਲਾ ਅੱਜ 27 ਫਰਵਰੀ ਤੋਂ 1 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ 2 ਮਾਰਚ ਤੋਂ 4 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਹੋਲਾ-ਮਹੱਲਾ ਦੀ ਆਰੰਭਤਾ ਕਿਲ੍ਹਾ ਅਨੰਦਪੁਰ ਸਾਹਿਬ ਵਿਖੇ ਪੁਰਾਤਨ ਰਵਾਇਤਾਂ ਅਨੁਸਾਰ ਬੜੀ ਹੀ ਸ਼ਾਨੋ-ਸ਼ੌਕਤ ਅਤੇ ਅਧਿਆਤਮਕ ਉਤਸ਼ਾਹ ਨਾਲ ਕੀਤੀ ਗਈ। ਹੋਲਾ-ਮਹੱਲਾ ਦੀ ਸ਼ੁਰੂਆਤ ਮੌਕੇ ਪੂਰਾ ਵਾਤਾਵਰਣ ਗੁਰੂ ਦੇ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਅੰਤਰਿੰਗ ਕਮੇਟੀ ਦੇ ਮੈਂਬਰ ਡਾ. ਦਲਜੀਤ ਸਿੰਘ ਭਿੰਡਰ, ਸੰਤ ਬਾਬਾ ਕਸ਼ਮੀਰ ਸਿੰਘ ਭੂਰੇ ਵਾਲੇ ਅਤੇ ਹੋਰ ਪ੍ਰਮੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ। ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਤਿਉਹਾਰ ਸਿਰਫ ਰਸਮੀ ਉਤਸਵ ਨਹੀਂ, ਸਗੋਂ ਖਾਲਸਾਈ ਅਨੁਸ਼ਾਸਨ, ਚੜ੍ਹਦੀ ਕਲਾ ਅਤੇ ਕੌਮੀ ਏਕਤਾ ਦਾ ਪ੍ਰਤੀਕ ਹੈ।

ਚੰਡੀਗੜ੍ਹ: ਪੰਜਾਬ ਸਰਕਾਰ ਦੀ ਉਦਯੋਗਿਕ ਵਿਕਾਸ ਅਤੇ ਨਿਵੇਸ਼ ਸਹੂਲਤ ਪ੍ਰਤੀ ਮਜ਼ਬੂਤ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਜ ਇੰਡਸਟ੍ਰੀਅਲ ਪਾਰਕ, ਵਜ਼ੀਰਾਬਾਦ (ਮੰਡੀ ਗੋਬਿੰਦਗੜ੍ਹ) ਵਿਖੇ ₹300 ਕਰੋੜ ਦੀ ਲਾਗਤ ਨਾਲ ਸਥਾਪਿਤ ਕਾਰਗਿਲ ਪ੍ਰਾਈਵੇਟ ਲਿਮਿਟਡ ਦੇ ਨਵੇਂ ਡੇਅਰੀ ਫੀਡ ਪਲਾਂਟ ਦਾ ਉਦਘਾਟਨ ਕੀਤਾ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਮਾਣਯੋਗ ਰਾਸ਼ਟਰੀ ਸੰਯੋਜਕ ਸ੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ “ਇਨਵੈਸਟ ਪੰਜਾਬ” ਪਹਲ ਰਾਹੀਂ ਰਾਜ ਵਿੱਚ ਵੱਡੇ ਪੱਧਰ ‘ਤੇ ਉਦਯੋਗਿਕ ਨਿਵੇਸ਼ ਹੋ ਰਹੇ ਹਨ। ਇਨ੍ਹਾਂ ਨਿਵੇਸ਼ਾਂ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ ਅਤੇ ਰਾਜ ਦੇ ਸਮੂਹ ਆਰਥਿਕ ਵਿਕਾਸ ਨੂੰ ਗਤੀ ਮਿਲ ਰਹੀ ਹੈ।

ਉਨ੍ਹਾਂ ਕਿਹਾ ਕਿ ਵਧਦਾ ਨਿਵੇਸ਼ਕ ਭਰੋਸਾ ਦਰਸਾਉਂਦਾ ਹੈ ਕਿ ਪੰਜਾਬ ਖ਼ਾਸ ਤੌਰ ‘ਤੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਵਿੱਚ ਨਿਵੇਸ਼ ਲਈ ਪਸੰਦੀਦਾ ਗੰਤੀਵ ਬਣ ਰਿਹਾ ਹੈ। ਰਾਜ ਸਰਕਾਰ ਪ੍ਰਗਤੀਸ਼ੀਲ ਨੀਤੀਆਂ ਅਤੇ ਸ਼ਾਂਤਮਈ ਉਦਯੋਗਿਕ ਮਾਹੌਲ ਰਾਹੀਂ ਕਾਰੋਬਾਰ-ਅਨੁਕੂਲ ਵਾਤਾਵਰਣ ਯਕੀਨੀ ਬਣਾਉਣ ਅਤੇ ਹਰ ਸੰਭਵ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

15 ਏਕੜ ਵਿੱਚ ਫੈਲਿਆ ਇਹ ਪਲਾਂਟ ਸਾਲਾਨਾ 4.5 ਲੱਖ ਮੈਟ੍ਰਿਕ ਟਨ ਉਤਪਾਦਨ ਸਮਰੱਥਾ ਰੱਖਦਾ ਹੈ ਅਤੇ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਡੇਅਰੀ ਫੀਡ ਪਲਾਂਟ ਹੈ। ਬਠਿੰਡਾ ਤੋਂ ਬਾਅਦ ਪੰਜਾਬ ਵਿੱਚ ਕਾਰਗਿਲ ਦੀ ਇਹ ਦੂਜੀ ਵੱਡੀ ਇਕਾਈ ਹੈ, ਜਿਸ ਨਾਲ ਰਾਜ ਦੀ ਖੇਤੀ-ਉਦਯੋਗਿਕ ਵੈਲਿਊ ਚੇਨ ਹੋਰ ਮਜ਼ਬੂਤ ਹੋਵੇਗੀ। ਕਾਰਗਿਲ ਦੇ ਪ੍ਰਬੰਧਨ ਨੇ ਪਲਾਂਟ ਦੀ ਸਥਾਪਨਾ ਵਿੱਚ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਦੇ ਅਟੁੱਟ ਯਤਨਾਂ ਦੀ ਸਰਾਹਨਾ ਕੀਤੀ।

ਮੰਤਰੀ ਨੇ ਦੱਸਿਆ ਕਿ ਇਹ ਪਲਾਂਟ ਡੇਅਰੀ ਕਿਸਾਨਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ ਕਿਉਂਕਿ ਉੱਚ-ਗੁਣਵੱਤਾ ਵਾਲਾ ਪਸ਼ੂ ਚਾਰਾ ਸਥਾਨਕ ਤੌਰ ‘ਤੇ ਉਪਲਬਧ ਹੋਵੇਗਾ, ਜਿਸ ਨਾਲ ਦੁੱਧ ਦੀ ਪੈਦਾਵਾਰ, ਗੁਣਵੱਤਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਵਿਗਿਆਨਕ ਤਰੀਕੇ ਨਾਲ ਤਿਆਰ ਕੀਤਾ ਚਾਰਾ ਪਸ਼ੂਆਂ ਦੀ ਸਿਹਤ ਅਤੇ ਉਤਪਾਦਕਤਾ ਨੂੰ ਸੁਧਾਰੇਗਾ ਅਤੇ ਪੰਜਾਬ ਦੇ ਡੇਅਰੀ ਖੇਤਰ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਵੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਜਿਵੇਂ ਪੰਜਾਬ ਭਾਰਤ ਦਾ ਅਨਾਜ ਘਰ ਮੰਨਿਆ ਜਾਂਦਾ ਹੈ, ਓਸੇ ਤਰ੍ਹਾਂ ਜਲਦੀ ਹੀ ਇਹ ਹੋਰ ਰਾਜਾਂ ਲਈ ਅਗੇਤਰ ਦੁੱਧ ਸਪਲਾਇਰ ਵਜੋਂ ਵੀ ਉਭਰੇਗਾ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਨੇ ਦੱਸਿਆ ਕਿ 13 ਤੋਂ 15 ਮਾਰਚ ਤੱਕ ਮੋਹਾਲੀ ਵਿੱਚ ਆਯੋਜਿਤ ਹੋਣ ਵਾਲਾ “ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2026” ਦੇਸ਼ ਅਤੇ ਵਿਦੇਸ਼ ਦੇ ਨਿਵੇਸ਼ਕਾਂ ਦੀ ਵੱਡੀ ਭਾਗੀਦਾਰੀ ਨੂੰ ਆਕਰਸ਼ਿਤ ਕਰੇਗਾ। ਉਨ੍ਹਾਂ ਦੁਹਰਾਇਆ ਕਿ ਸਰਕਾਰ ਪੰਜਾਬ ਨੂੰ ਦੇਸ਼ ਦੇ ਅਗੇਤਰ ਉਦਯੋਗਿਕ ਰਾਜਾਂ ਵਿੱਚ ਸ਼ਾਮਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਦਯੋਗ ਧੀਰੇ-ਧੀਰੇ ਅੱਗੇ ਵੱਧ ਰਿਹਾ ਹੈ ਅਤੇ ਉਦਯੋਗਪਤੀਆਂ ਨੇ ਰਾਜ ਦੀ ਪ੍ਰਗਤੀਸ਼ੀਲ ਨੀਤੀਆਂ ‘ਤੇ ਸੰਤੁਸ਼ਟੀ ਜਤਾਈ ਹੈ।

ਇਸ ਤੋਂ ਪਹਿਲਾਂ ਸਥਾਨਕ ਵਿਧਾਇਕ ਸ. ਲਖਬੀਰ ਸਿੰਘ ਰਾਏ ਨੇ ਕਿਹਾ ਕਿ ਕਾਰਗਿਲ ਪਲਾਂਟ ਦੀ ਸਥਾਪਨਾ ਨਾਲ ਇਲਾਕੇ ਦੇ ਲਗਭਗ 1,000 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਉੱਚ-ਗੁਣਵੱਤਾ ਚਾਰੇ ਦੀ ਉਪਲਬਧਤਾ ਨਾਲ ਪਸ਼ੂਆਂ ਦੀ ਸਿਹਤ ਅਤੇ ਦੁੱਧ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, ਐਡੀਸ਼ਨਲ ਡਿਪਟੀ ਕਮਿਸ਼ਨਰ ਮਿਸ ਪੂਜਾ ਸਿਆਲ ਗਰੇਵਾਲ, ਡੇਵਿਡ ਵੈਬਸਟਰ (ਐਗਜ਼ਿਕਿਊਟਿਵ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ਼ ਰਿਸਕ ਅਫ਼ਸਰ), ਰਿਸ਼ੀ ਵਰਮਾ (ਐਗਜ਼ਿਕਿਊਟਿਵ ਵਾਈਸ ਪ੍ਰੈਜ਼ੀਡੈਂਟ, ਚੀਫ਼ ਲੀਗਲ ਅਤੇ ਕੰਪਲਾਇੰਸ ਅਫ਼ਸਰ ਅਤੇ ਕਾਰਪੋਰੇਟ ਸੈਕਰਟਰੀ, ਚੇਅਰ ਏਸ਼ੀਆ ਪੈਸਿਫਿਕ ਖੇਤਰ), ਐਡਰੀਆਨੋ ਮਾਰਕੋਨ (ਪ੍ਰੈਜ਼ੀਡੈਂਟ, ਕਾਰਗਿਲ ਐਨੀਮਲ ਨਿਊਟ੍ਰੀਸ਼ਨ ਐਂਡ ਹੈਲਥ) ਅਤੇ ਰਵਿੰਦਰ ਬਲੈਨ (ਸੀਨੀਅਰ ਮੈਨੇਜਿੰਗ ਡਾਇਰੈਕਟਰ, ਕਾਰਗਿਲ ਐਨੀਮਲ ਨਿਊਟ੍ਰੀਸ਼ਨ ਐਂਡ ਹੈਲਥ, ਇੰਡੀਆ ਅਤੇ ਪ੍ਰੈਜ਼ੀਡੈਂਟ, ਕਾਰਗਿਲ ਇੰਡੀਆ) ਵੀ ਹਾਜ਼ਰ ਸਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.