Wednesday, 22 April 2026

 

ਭਾਜਪਾ ਨੇ ਅਗਨੀਵੀਰਾਂ ਨੂੰ ਸਰਕਾਰੀ ਨੌਕਰੀ ਦੀ ਦਿੱਤੀ ਗਾਰੰਟੀ

ਰੋਹਤਕ/ਬਿਊਰੋ ਨਿਊਜ਼ 

ਹਰਿਆਣਾ ਵਿਚ ਆਉਂਦੀ 5 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਇਸਦੇ ਚੱਲਦਿਆਂ ਭਾਜਪਾ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਅਤੇ ਹਰਿਆਣਾ ਵਾਸੀਆਂ ਨੂੰ ਕਈ ਗਾਰੰਟੀਆਂ ਦਿੱਤੀਆਂ ਹਨ। ਮੈਨੀਫੈਸਟੋ ਜਾਰੀ ਕਰਨ ਲਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਰੋਹਤਕ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ, ਸੂਬਾ ਪ੍ਰਧਾਨ ਸਤੀਸ਼ ਪੂਨੀਆ ਤੇ ਹਰਿਆਣਾ ’ਚ ਭਾਜਪਾ ਦੇ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ ਅਤੇ ਕਈ ਭਾਜਪਾ ਆਗੂ ਮੌਜੂਦ ਸਨ। ਆਪਣੇ ਚੋਣ ਮਨੋਰਥ ਪੱਤਰ ਵਿਚ ਭਾਜਪਾ ਨੇ ਲਾਡੋ ਲਕਸ਼ਮੀ ਯੋਜਨਾ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵੀ ਭਰੋਸਾ ਦਿੱਤਾ ਹੈ। ਮੈਨੀਫੈਸਟੋ ਵਿਚ ਕਿਹਾ ਗਿਆ ਕਿ 2 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਦਿਹਾਤੀ ਇਲਾਕਿਆਂ ਵਿਚੋਂ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਸਕੂਟਰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਅਗਨੀਵੀਰਾਂ ਨੂੰ ਵੀ ਸਰਕਾਰੀ ਨੌਕਰੀ ਦੇਣ ਦੀ ਗਰੰਟੀ ਦਿੱਤੀ ਹੈ। ਇਸਦੇ ਨਾਲ ਹੀ ਸ਼ਹਿਰੀ ਤੇ ਪੇਂਡੂ ਖ਼ੇਤਰਾਂ ਵਿਚ 5 ਲੱਖ ਨਵੇਂ ਘਰ ਬਣਾਉਣ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ। 

 

ਨਵੀਂ ਦਿੱਲੀ/ਬਿਊਰੋ ਨਿਊਜ਼

ਅਰਵਿੰਦ ਕੇਜਰੀਵਾਲ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਉਹ ਭਲਕੇ ਮੰਗਲਵਾਰ ਨੂੰ ਸੀਐਮ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਕੇਜਰੀਵਾਲ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਸੀਐਮ ਦੀ ਕੁਰਸੀ ’ਤੇ ਨਹੀਂ ਬੈਠਣਗੇ, ਜਦੋਂ ਤੱਕ ਜਨਤਾ ਉਨ੍ਹਾਂ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦੇ ਦਿੰਦੀ। ਮੀਡੀਆ ਹਲਕਿਆਂ ਵਿਚ ਬੜੀ ਤੇਜ਼ੀ ਨਾਲ ਚਰਚਾ ਛਿੜ ਗਈ ਹੈ ਹੁਣ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਮੰਤਰੀ ਆਤਿਸ਼ੀ ਜਾਂ ਗੋਪਾਲ ਰਾਏ ਨੂੰ ਮਿਲ ਸਕਦਾ ਹੈ। ਇਸਦੇ ਚੱਲਦਿਆਂ ਅੱਜ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਅਤੇ ਕਿਹਾ ਕਿ ਅਜੇ ਤੱਕ ਸੀਐਮ ਦੇ ਨਾਮ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਹੈ। ਇਸ ਸਬੰਧੀ ਫੈਸਲਾ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਵਿਚ ਵਿਧਾਇਕ ਦਲ ਹੀ ਲਵੇਗਾ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਵਿਚ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਲੰਘੀ 13 ਸਤੰਬਰ ਨੂੰ ਹੀ ਜਮਾਨਤ ’ਤੇ ਜੇਲ੍ਹ ਵਿਚੋਂ ਬਾਹਰ ਆਏ ਹਨ।  

2 ਕਰੋੜ 03 ਲੱਖ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਉਂਦੀ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਇਨ੍ਹਾਂ  ਵੋਟਾਂ ਲਈ 1031 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰ ਗਏ ਹਨ। ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਸੂਬੇ ਦੇ 2 ਕਰੋੜ, 3 ਲੱਖ, 54 ਹਜ਼ਾਰ, 350 ਵੋਟਰ ਕਰਨਗੇ। ਇਹ ਜਾਣਕਾਰੀ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ’ਤੇ 1559 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ ਅਤੇ ਇਨ੍ਹਾਂ ਵਿੱਚੋਂ 1221 ਉਮੀਦਵਾਰਾਂ ਦੇ ਪੱਤਰ ਸਹੀ ਪਾਏ ਗਏ। ਉਨ੍ਹਾਂ ਦੱਸਿਆ ਕਿ 338 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਵਿੱਚ ਗਲਤੀਆਂ ਪਾਏ ਜਾਣ ਕਰਕੇ ਰੱਦ ਹੋਏ ਹਨ ਅਤੇ ਸੂਬੇ ’ਚ 190 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ। ਇਸ ਦੇ ਚੱਲਦਿਆਂ ਚੋਣ ਮੈਦਾਨ ਵਿੱਚ 1031 ਉਮੀਦਵਾਰ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ 5 ਅਕਤੂਬਰ ਨੂੰ ਪੈਣ ਵਾਲੀਆਂ ਵਿਧਾਨ ਸਭਾ ਦੀਆਂ ਵੋਟਾਂ ਦੇ ਨਤੀਜੇ 8 ਅਕਤੂਬਰ ਨੂੰ ਆਉਣਗੇ।

 

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮੌਜੂਦਾ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਸਕਰਾਰ ਆਪਣੇ ਮੌਜੂਦਾ ਕਾਰਜਕਾਲ ਵਿੱਚ ਹੀ ‘ਇਕ ਦੇਸ਼, ਇਕ ਚੋਣ’ ਨੂੰ ਲਾਗੂ ਕਰੇਗਾ ਅਤੇ ਉਸ ਨੂੰ ਭਰੋਸਾ ਹੈ ਕਿ ਇਸ ਸੁਧਾਰ ਨੂੰ ਸਾਰੀਆਂ ਪਾਰਟੀਆਂ ਦਾ ਸਮਰਥਨ ਮਿਲੇਗਾ। ਭਰੋਸੇਯੋਗ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ’ਤੇ ਸੂਤਰਾਂ ਨੇ ਦੱਸਿਆ ਕਿ ਸੱਤਾਧਾਰੀ ਗੱਠਜੋੜ ਦੇ ਅੰਦਰ ਇਕਜੁੱਟਤਾ ਬਾਕੀ ਕਾਰਜਕਾਲ ਵਿੱਚ ਵੀ ਬਣੀ ਰਹੇਗੀ। ਇਕ ਸੂਤਰ ਨੇ ਦੱਸਿਆ, ‘‘ਨਿਸ਼ਚਿਤ ਤੌਰ ’ਤੇ, ਇਸ ਨੂੰ ਇਸੇ ਕਾਰਜਕਾਲ ਵਿੱਚ ਅਮਲ ’ਚ ਲਿਆਂਦਾ ਜਾਵੇਗਾ। ਇਹ ਇਕ ਅਸਲੀਅਤ ਹੋਵੇਗੀ।’’ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਦੀ ਸਫੀਲ ਤੋਂ ਕੀਤੇ ਗਏ ਆਪਣੇ ਸੰਬੋਧਨ ਦੌਰਾਨ ‘ਇਕ ਦੇਸ਼, ਇਕ ਚੋਣ’ ਦੀ ਜ਼ੋਰਦਾਰ ਵਕਾਲਤ ਕੀਤੀ ਸੀ ਅਤੇ ਕਿਹਾ ਸੀ ਕਿ ਵਾਰ-ਵਾਰ ਚੋਣਾਂ ਹੋਣ ਨਾਲ ਦੇਸ਼ ਦੀ ਤਰੱਕੀ ਵਿੱਚ ਅੜਿੱਕੇ ਖੜ੍ਹੇ ਹੁੰਦੇ ਹਨ। ਮੋਦੀ ਨੇ ਕਿਹਾ ਸੀ, ‘‘ਰਾਸ਼ਟਰ ਨੂੰ ‘ਇਕ ਦੇਸ਼, ਇਕ ਚੋਣ’ ਲਈ ਅੱਗੇ ਆਉਣਾ ਹੋਵੇਗਾ।’’ 

 

ਫਾਈਨਲ ਮੈਚ ਵਿਚ ਚੀਨ ਨੂੰ 1-0 ਨਾਲ ਹਰਾਇਆ

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀ ਹਾਕੀ ਟੀਮ ਨੇ ਲਗਾਤਾਰ ਦੂਜੀ ਅਤੇ ਓਵਰ ਆਲ ਪੰਜਵੀਂ ਵਾਰ ਏਸ਼ੀਅਨ ਚੈਂਪੀਅਨ ਟਰਾਫੀ ਆਪਣੇ ਨਾਮ ਕਰ ਲਈ ਹੈ। ਅੱਜ ਮੰਗਲਵਾਰ ਨੂੰ ਹੋਏ ਫਾਈਨਲ ਮੁਕਾਬਲੇ ਵਿਚ ਭਾਰਤ ਨੇ ਚੀਨ ਦੀ ਟੀਮ ਨੂੰ 1-0 ਨਾਲ ਹਰਾ ਦਿੱਤਾ। ਇਹ ਫਾਈਨਲ ਮੁਕਾਬਲਾ ਚੀਨ ਦੇ ਇਕ ਸ਼ਹਿਰ ਵਿਚ ਖੇਡਿਆ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਭਾਰਤ ਦੀ ਹਾਕੀ ਟੀਮ ਨੇ ਇਸ ਚੈਂਪੀਅਨਸ਼ਿਪ ਵਿਚ ਸਾਰੇ ਮੈਚ ਜਿੱਤੇ ਹਨ। ਫਾਈਨਲ ਮੈਚ ਵਿਚ ਭਾਰਤ ਲਈ ਇਕ ਮਾਤਰ ਗੋਲ ਜੁਗਰਾਜ ਸਿੰਘ ਨੇ ਕੀਤਾ ਅਤੇ ਚੀਨ ਦੀ ਟੀਮ ਚਾਰ ਕੁਆਰਟਰ ਤੋਂ ਬਾਅਦ ਵੀ ਕੋਈ ਗੋਲ ਨਹੀਂ ਕਰ ਸਕੀ। 

ਪਾਰਟੀ ਦਾ ਸਭ ਤੋਂ ਸੀਨੀਅਰ ਵਿਧਾਇਕ ਹੋਣ ਦਾ ਦਿੱਤਾ ਤਰਕ

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਰਿਆਣਾ ਦੇ ਸਾਬਕਾ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸੂਬੇ ਵਿੱਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਕਰ ਪਾਰਟੀ ਸੱਤਾ ਵਿੱਚ ਪਰਤੀ ਹੈ ਤਾਂ ਉਹ ਮੁੱਖ ਮੰਤਰੀ ਅਹੁਦੇ ਲਈ ਦਾਅਵਾ ਪੇਸ਼ ਕਰਨਗੇ। ਛੇ ਵਾਰ ਦੇ ਵਿਧਾਇਕ ਵਿੱਜ ਦੀ ਇਸ ਟਿੱਪਣੀ ਤੋਂ ਪਹਿਲਾਂ ਹੀ ਭਾਜਪਾ ਸਪੱਸ਼ਟ ਕਰ ਚੁੱਕੀ ਹੈ ਕਿ ਜੇਕਰ ਉਹ ਸੱਤਾ ਵਿੱਚ ਪਰਤਦੀ ਹੈ ਤਾਂ ਨਾਇਬ ਸਿੰਘ ਸੈਣੀ ਹੀ ਮੁੱਖ ਮੰਤਰੀ ਰਹਿਣਗੇ। ਵਿੱਜ ਨੇ ਕਿਹਾ, ‘‘ਮੈਂ ਅੱਜ ਤੱਕ ਪਾਰਟੀ ਤੋਂ ਕਦੇ ਕੁਝ ਨਹੀਂ ਮੰਗਿਆ, ਹਰਿਆਣਾ ਦੇ ਲੋਕ ਮੈਨੂੰ ਮਿਲਣ ਲਈ ਆ ਰਹੇ ਹਨ। ਇੱਥੋਂ ਤੱਕ ਕਿ ਅੰਬਾਲਾ ਵਿੱਚ ਵੀ ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਸਭ ਤੋਂ ਸੀਨੀਅਰ ਹਾਂ, ਪਰ ਮੈਂ ਮੁੱਖ ਮੰਤਰੀ ਨਹੀਂ ਬਣਿਆ। ਲੋਕਾਂ ਦੀ ਮੰਗ ਅਤੇ ਸੀਨੀਆਰਤਾ ਦੇ ਆਧਾਰ ’ਤੇ ਇਸ ਵਾਰ ਮੈਂ ਮੁੱਖ ਮੰਤਰੀ ਬਣਨ ਦਾ ਦਾਅਵਾ ਪੇਸ਼ ਕਰਾਂਗਾ।’’ ਅੰਬਾਲਾ ਕੈਂਟ ਤੋਂ ਵਿਧਾਇਕ ਵਿੱਜ ਨੇ ਕਿਹਾ, ‘‘ਪਾਰਟੀ ਮੈਨੂੰ ਮੁੱਖ ਮੰਤਰੀ ਬਣਾਉਂਦੀ ਜਾਂ ਨਹੀਂ, ਇਹ ਉਸ ’ਤੇ ਨਿਰਭਰ ਕਰਦਾ ਹੈ ਪਰ ਜੇਕਰ ਉਹ ਮੈਨੂੰ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਮੈਂ ਹਰਿਆਣਾ ਦੀ ਤਕਦੀਰ ਅਤੇ ਤਸਵੀਰ ਬਦਲ ਦੇਵਾਂਗਾ।’’

ਪਹਿਲੇ ਪੜਾਅ ਦੌਰਾਨ ਜੰਮੂ ਕਮਸ਼ੀਰ ’ਚ 24 ਸੀਟਾਂ ’ਤੇ ਹੋਏਗੀ ਵੋਟਿੰਗ

ਜੰਮੂ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਭਲਕੇ 18 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ ਅਤੇ ਪਹਿਲੇ ਪੜਾਅ ਦੌਰਾਨ 24 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈਣੀਆਂ ਹਨ। ਇਨ੍ਹਾਂ 24 ਸੀਟਾਂ ’ਤੇ 219 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ 23 ਲੱਖ 27 ਹਜ਼ਾਰ ਵੋਟਰ ਹਨ, ਜਿਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੈ। ਪਹਿਲੇ ਪੜਾਅ ਦੀਆਂ 24 ਸੀਟਾਂ ਵਿਚੋਂ 8 ਸੀਟਾਂ ਜੰਮੂ ਡਿਵੀਜ਼ਨ ਅਤੇ 16 ਸੀਟਾਂ ਕਸ਼ਮੀਰ ਘਾਟੀ ਵਿਚ ਹਨ। ਸਭ ਤੋਂ ਜ਼ਿਆਦਾ 7 ਸੀਟਾਂ ਅਨੰਤਨਾਗ ਅਤੇ ਸਭ ਤੋਂ ਘੱਟ 2-2 ਸੀਟਾਂ ਸ਼ੋਪੀਆ ਅਤੇ ਰਾਮਬਨ ਜ਼ਿਲ੍ਹੇ ਦੀਆਂ ਹਨ। ਜੰਮੂ ਕਸ਼ਮੀਰ ਦੀਆਂ 24 ਵਿਧਾਨ ਸਭਾ ਸੀਟਾਂ ’ਤੇ 219 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ 110 ਉਮੀਦਵਾਰ ਕਰੋੜਪਤੀ ਹਨ ਅਤੇ 36 ਉਮੀਦਵਾਰਾਂ ਖਿਲਾਫ ਕ੍ਰਿਮੀਨਲ ਕੇਸ ਦਰਜ ਹਨ।

ਦਿੱਲੀ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਕਰਨਗੇ ‘ਆਪ’ ਦੇ ਕੌਮੀ ਕਨਵੀਨਰ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਤਵਾਰ ਨੂੰ ਕਿਹਾ ਕਿ ਉਹ ਦੋ ਦਿਨਾਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਦਿੱਲੀ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕ ਉਨ੍ਹਾਂ ਨੂੰ ‘ਇਮਾਨਦਾਰੀ ਦਾ ਪ੍ਰਮਾਣ ਪੱਤਰ’ ਨਹੀਂ ਦੇ ਦਿੰਦੇ, ਉਦੋਂ ਤੱਕ ਉਹ ਮੁੱਖ ਮੰਤਰੀ ਦੀ ਕੁਰਸੀ ’ਤੇ ਨਹੀਂ ਬੈਠਣਗੇ। ਆਬਕਾਰੀ ਨੀਤੀ ਨਾਲ ਜੁੜੇ ਕਥਿਤ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਏ ਕੇਜਰੀਵਾਲ ਨੇ ਕਿਹਾ, ‘‘ਮੈਂ ਮੁੱਖ ਮੰਤਰੀ ਦੀ ਕੁਰਸੀ ’ਤੇ ਉਦੋਂ ਬੈਠਾਂਗਾ, ਜਦੋਂ ਲੋਕ ਮੈਨੂੰ ਇਮਾਨਦਾਰੀ ਦਾ ਪ੍ਰਮਾਣ ਪੱਤਰ ਦੇਣਗੇ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਗਨੀ ਪ੍ਰੀਖਿਆ ਦੇਣਾ ਚਾਹੰਦਾ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਮੁੱਖ ਮੰਤਰੀ ਅਤੇ ਸਿਸੋਦੀਆ ਉਪ ਮੁੱਖ ਮੰਤਰੀ ਉਦੋਂ ਹੀ ਬਣਨਗੇ, ਜਦੋਂ ਲੋਕ ਕਹਿਣਗੇ ਕਿ ਅਸੀਂ ਇਮਾਨਦਾਰ ਹਾਂ।’’ 

 

 

ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦੇ ਦੂਜੇ ਫੇਜ਼ ਦਾ ਕੀਤਾ ਗਿਆ ਉਦਘਾਟਨ

ਅਹਿਮਦਾਬਾਦ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਅਹਿਮਦਾਬਾਦ ਮੈਟਰੋ ਰੇਲ ਪ੍ਰਾਜੈਕਟ ਦੇ ਦੂਜੇ ਫੇਜ਼ ਦੇ 20 ਕਿਲੋਮੀਟਰ ਲੰਬੇ ਕੋਰੀਡੋਰ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਮੈਟਰੋ ਵਿਚ ਸਫਰ ਕਰਦਿਆਂ ਨੌਜਵਾਨ ਮੁਸਾਫਰਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਉਨ੍ਹਾਂ ਦੇ ਨਾਲ ਸਨ। ਮੋਦੀ ਨੇ ਆਪਣੀ ਮੈਟਰੋ ਸਵਾਰੀ ਦੀਆਂ ਤਸਵੀਰਾਂ ਆਪਣੇ ‘ਐਕਸ’ ਹੈਂਡਲ ਉਤੇ ਸ਼ੇਅਰ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦਾ ਦੂਜਾ ਫੇਜ਼ ਮੋਟੇਰਾ ਸਥਿਤ ਨਰਿੰਦਰ ਮੋਦੀ ਕਿ੍ਰਕਟ ਸਟੇਡੀਅਮ ਅਤੇ ਗਾਂਧੀਨਗਰ ਸੈਕਟਰ 1 ਨੂੰ ਮੈਟਰੋ ਨਾਲ ਜੋੜੇਗਾ।

ਛੇ ‘ਵੰਦੇ ਭਾਰਤ ਰੇਲਾਂ’ ਨੂੰ ਹਰੀ ਝੰਡੀ ਦਿਖਾਈ

ਰਾਂਚੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਝਾਰਖੰਡ ਦੇ ਰਾਂਚੀ ਤੋਂ 600 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਵਰਚੁਅਲੀ ਸ਼ੁਰੂਆਤ ਕੀਤੀ। ਮੋਦੀ ਨੇ ਦੇਵਘਰ ਜ਼ਿਲ੍ਹੇ ਵਿੱਚ ਮਧੂਪੁਰ ਬਾਈਪਾਸ ਲਾਈਨ ਅਤੇ ‘ਹਜ਼ਾਰੀਬਾਗ ਟਾਊਨ ਕੋਚਿੰਗ ਡਿੱਪੂ’ ਦਾ ਨੀਂਹ ਪੱਥਰ ਵੀ ਰੱਖਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੁਰਕੁਰਾ-ਕਨਾਰੋਨ ਪ੍ਰਾਜੈਕਟ ਵੀ ਦੇਸ਼ ਨੂੰ ਸਮਰਪਿਤ ਕੀਤਾ ਜੋ ਬੰਡਾਮੁੰਡਾ-ਰਾਂਚੀ ਸਿੰਗਲ ਲਾਈਨ ਡਿਵੀਜ਼ਨ ਅਤੇ ਰਾਂਚੀ, ਮੁਰੀ ਤੇ ਚੰਦਰਪੁਰਾ ਸਟੇਸ਼ਨ ਰਾਹੀਂ ਲੰਘਣ ਵਾਲੇ ਰਾਊਰਕੇਲਾ-ਗੋਮੋਹ ਸੜਕ ਦਾ ਹਿੱਸਾ ਹੈ। ਇਸ ਦੌਰਾਨ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਬਾਇਲੀ, ਗਰੀਬਾਂ, ਦਲਿਤਾਂ, ਮਹਿਲਾਵਾਂ ਅਤੇ ਨੌਜਵਾਨਾਂ ਦਾ ਵਿਕਾਸ ਕੇਂਦਰ ਸਰਕਾਰ ਦੀ ਤਰਜੀਹ ਹੈ ਅਤੇ ਇਨ੍ਹਾਂ ਵਰਗਾਂ ਨੂੰ ਲਾਭ ਦੇਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸੇ ਦੌਰਾਨ ਮੋਦੀ ਨੇ ਰਾਂਚੀ ਵਿੱਚ ਵਰਚੁਅਲੀ ਝਾਰਖੰਡ, ਉੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਲਈ ਛੇ ਵੰਦੇ ਭਾਰਤ ਰੇਲਾਂ ਨੂੰ ਹਰੀ ਝੰਡੀ ਦਿਖਾਈ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਤਹਿਤ 32,000 ਲਾਭਪਾਤਰੀਆਂ ਨੂੰ ਵਰਚੁਅਲੀ ਮਨਜ਼ੂਰੀ ਪੱਤਰ ਵੰਡੇ ਅਤੇ ਮਕਾਨਾਂ ਦੇ ਨਿਰਮਾਣ ਲਈ 32 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ।

 

ਪਾਰਟੀ ਉਮੀਦਵਾਰ ਰੋਹਤਾਸ਼ ਜਾਂਗੜਾ ਨੇ ਕਾਗਜ਼ ਵਾਪਸ ਲਏ; ਗੋਪਾਲ ਕਾਂਡਾ ਨੂੰ ਹਮਾਇਤ ਦੇ ਸਕਦੀ ਹੈ ਭਾਜਪਾ

ਸਿਰਸਾ/ਬਿਊਰੋ ਨਿਊਜ਼

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਦੇ ਅੱਜ ਆਖਰੀ ਦਿਨ ਸਿਰਸਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰੋਹਤਾਸ਼ ਜਾਂਗੜਾ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਇਸ ਮੌਕੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਰੋਹਤਾਸ਼ ਜਾਂਗੜਾ ਨੇ ਕਿਹਾ ਹੈ ਕਿ ਜਿਵੇਂ ਉਨ੍ਹਾਂ ਨੂੰ ਹਾਈਕਮਾਂਡ ਤੋਂ ਆਦੇਸ਼ ਹੋਇਆ ਹੈ, ਉਨ੍ਹਾਂ ਉਵੇਂ ਹੀ ਕੀਤਾ ਹੈ। ਗੋਪਾਲ ਕਾਂਡਾ ਨੂੰ ਹਮਾਇਤ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਜਿਵੇਂ ਉਪਰ ਤੋਂ ਆਦੇਸ਼ ਹੋਵੇਗਾ, ਉਸੇ ਤਰ੍ਹਾਂ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ‘ਕਾਂਡਾ ਨੇ ਪੰਜ ਸਾਲ ਸਾਡੀ ਹਮਾਇਤ ਕੀਤੀ’ ਸੀ ਅਤੇ ਇਹ ਫ਼ੈਸਲਾ ਸਿਰਸਾ ਦੇ ਵਿਕਾਸ ਦੇ ਹਿੱਤ ਵਿਚ ਕੀਤਾ ਗਿਆ ਹੈ। ਇਸ ਮੌਕੇ ’ਤੇ ਭਾਜਪਾ ਦੇ ਸੀਨਅਰ ਆਗੂ ਤੇ ਸਾਬਕਾ ਐਮਪੀ ਅਸ਼ੋਕ ਤੰਵਰ ਨੇ ਕਿਹਾ ਕਿ ਐਨਡੀਏ ਦਾ ਇਕ ਹੀ ਮਕਸਦ ਹੈ ਕਿ ਭਾਜਪਾ ਤੀਜੀ ਵਾਰ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ’ਚ ਆਪਣੀ ਸਰਕਾਰ ਕਾਇਮ ਕਰੇ। ਧਿਆਨ ਰਹੇ ਕਿ ਹਰਿਆਣਾ ਵਿਚ ਆਉਂਦੀ 5 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ।

 

ਈਡੀ ਕੇਸ ਵਿਚ ਕੇਜਰੀਵਾਲ ਨੂੰ ਪਹਿਲਾਂ ਹੀ ਮਿਲ ਚੁੱਕੀ ਹੈ ਜ਼ਮਾਨਤ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿਚ ਤਿਹਾੜ ਜੇਲ੍ਹ ’ਚ ਬੰਦ ਹਨ। ਸੁਪਰੀਮ ਕੋਰਟ ਭਲਕੇ ਸ਼ੁੱਕਰਵਾਰ ਨੂੰ ਆਬਕਾਰੀ ਨੀਤੀ ਨਾਲ ਜੁੜੇ ਸੀਬੀਆਈ ਕੇਸ ਵਿਚ ਕੇਜਰੀਵਾਲ ਦੀ ਜ਼ਮਾਨਤ ’ਤੇ ਫੈਸਲਾ ਸੁਣਾਏਗਾ। ਧਿਆਨ ਰਹੇ ਕਿ ਸੁਪਰੀਮ ਕੋਰਟ ਨੇ ਲੰਘੀ 5 ਸਤੰਬਰ ਨੂੰ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ’ਤੇ ਫੈਸਲਾ ਰਾਖਵਾਂ ਰੱਖ ਲਿਆ ਸੀ। ਜੇਕਰ ਕੇਜਰੀਵਾਲ ਨੂੰ ਭਲਕੇ ਜ਼ਮਾਨਤ ਮਿਲਦੀ ਹੈ ਤਾਂ ਉਹ ਜੇਲ੍ਹ ਵਿਚੋਂ ਬਾਹਰ ਆ ਸਕਦੇ ਹਨ। ਕੇਜਰੀਵਾਲ ਨੂੰ ਇਸੇ ਮਾਮਲੇ ਨਾਲ ਜੁੜੇ ਈਡੀ ਕੇਸ ਵਿਚ ਸੁਪਰੀਮ ਕੋਰਟ ਕੋਲੋਂ 12 ਜੁਲਾਈ ਨੂੰ ਜ਼ਮਾਨਤ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਈਡੀ ਵਲੋਂ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਇਸੇ ਦੌਰਾਨ ਸੀਬੀਆਈ ਨੇ ਵੀ 26 ਜੂਨ ਨੂੰ ਆਬਕਾਰੀ ਨੀਤੀ ਕੇਸ ਵਿਚ ਭਿ੍ਰਸ਼ਟਾਚਾਰ ਦੇ ਆਰੋਪਾਂ ਤਹਿਤ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ ਸੀ। 

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.