Thursday, 23 April 2026

ਵਿਰੋਧੀ ਧਿਰ ਦੇ ਉਮੀਦਵਾਰ ਮਿੱਠੂ ਸਿੰਘ ਕਾਹਨਕੇ ਨੂੰ 99 ਵੋਟਾਂ ਨਾਲ ਹਰਾਇਆ

ਅੰਮਿ੍ਰਤਸਰ/ਬਿਊਰੋ ਨਿਊਜ਼  

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਪੰਜਵੀਂ ਵਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਅਹੁਦੇ ਨੂੰ ਲੈ ਕੇ ਅੱਜ ਅੰਮਿ੍ਰਤਸਰ ’ਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਵੋਟਾਂ ਪਈਆਂ। ਇਸ ਵੋਟਿੰਗ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਧਾਮੀ ਨੇ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਮਿੱਠੂ ਸਿੰਘ ਕਾਹਨਕੇ ਨੂੰ 99 ਵੋਟਾਂ ਨਾਲ ਹਰਾਇਆ। ਮਿਲੀ ਜਾਣਕਾਰੀ ਅਨੁਸਾਰ ਕੁੱਲ 136 ਵੋਟਾਂ ਪਈਆਂ, ਜਿਨ੍ਹਾਂ ਵਿਚੋਂ ਧਾਮੀ ਨੂੰ 117 ਵੋਟਾਂ ਪਈਆਂ, ਜਦੋਂ ਕਿ ਮਿੱਠੂ ਸਿੰਘ ਕਾਹਨਕੇ ਨੂੰ ਸਿਰਫ 18 ਵੋਟਾਂ ਹੀ ਮਿਲੀਆਂ ਹਨ ਅਤੇ ਇਕ ਵੋਟ ਰੱਦ ਵੀ ਹੋ ਗਈ। ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਵੱਡੀ ਕਾਮਯਾਬੀ ਹੈ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੇ ਮੈਂਬਰਾਂ ਦੀ ਸਲਾਹ ਤੋਂ ਬਾਅਦ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਦਾ ਐਲਾਨ ਕੀਤਾ ਸੀ। ਇਸੇ ਦੌਰਾਨ ਡਾ. ਚੀਮਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਕ ਵਾਰ ਫਿਰ ਇਮਾਨਦਾਰ ਸ਼ਖ਼ਸੀਅਤ ਦੀ ਚੋਣ ਹੋਈ ਹੈ। 

 

ਹਾਈਕੋਰਟ ਨੇ ਈ.ਡੀ. ਕੇਸ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਕੀਤੀ ਖਾਰਜ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹਾਈਕੋਰਟ ਦੇ ਇਸ ਫੈਸਲੇ ਨਾਲ ਖਹਿਰਾ ਦੀ ਈਡੀ ਵਿਰੁੱਧ ਕਾਨੂੰਨੀ ਲੜਾਈ ਨੂੰ ਵੱਡਾ ਝਟਕਾ ਲੱਗਾ ਹੈ। ਸੁਖਪਾਲ ਸਿੰਘ ਖਹਿਰਾ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਅਤੇ ਹੋਰ ਮਾਮਲਿਆਂ ਵਿਚ ਘਿਰੇ ਹੋਏ ਹਨ। ਖਹਿਰਾ ਨੇ ਦਲੀਲ ਦਿੱਤੀ ਸੀ ਕਿ ਜਿਸ ਐਫ.ਆਈ.ਆਰ. ਦੇ ਅਧਾਰ ’ਤੇ ਈਡੀ ਹੁਣ ਉਨ੍ਹਾਂ ’ਤੇ ਮੁਕੱਦਮਾ ਚਲਾ ਰਹੀ ਹੈ, ਉਸ ਨੂੰ ਸੁਪਰੀਮ ਕੋਰਟ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਇਸ ਲਈ ਈਡੀ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਸੀਐਮ ਮਾਨ ਨੇ ਕਿਹਾ : ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਆਇਆ ਸਾਹਮਣੇ

ਚੰਡੀਗੜ੍ਹ/ਬਿਊਰੋ ਨਿਊਜ਼  

ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਭੰਗ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਇਸ ਫੈਸਲੇ ਦੀ ਪੁਰਜ਼ੋਰ ਸ਼ਬਦਾਂ ਨਾਲ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਮੁੜ ਤੋਂ ਸਾਹਮਣੇ ਆ ਗਿਆ ਹੈ। ਸੀਐਮ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਕੇ ਪੰਜਾਬ ਦੇ ਅਧਿਕਾਰਾਂ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਸਬੰਧੀ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਗੈਰ-ਸੰਵਿਧਾਨਕ ਹੈ, ਜਿਸ ਵਿਰੁੱਧ ਪੰਜਾਬ ਸਰਕਾਰ ਵਲੋਂ ਹਾਈਕੋਰਟ ਤੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਲੋਕ ਸਭਾ ਅਤੇ ਕਿਸੇ ਵੀ ਸੂਬੇ ਦੀ ਵਿਧਾਨ ਸਭਾ ਵਲੋਂ ਬਣਾਏ ਗਏ ਐਕਟ ਨੂੰ ਇਕ ਨੋਟੀਫਿਕੇਸ਼ਨ ਰਾਹੀਂ ਰੱਦ ਨਹੀਂ ਕੀਤਾ ਜਾ ਸਕਦਾ, ਪਰ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਵਿਚ ਅਜਿਹੀ ਧੱਕੇਸ਼ਾਹੀ ਕਰ ਰਹੀ ਹੈ। 

4 ਨਵੰਬਰ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ’ਚ ਸਿੱਖ ਜਥਾ ਜਾਵੇਗਾ ਪਾਕਿਸਤਾਨ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਸਪੋਰਟ ਦੇ ਦਿੱਤੇ ਹਨ। ਇਸ ਮੌਕੇ ਸਿੱਖ ਸ਼ਰਧਾਲੂਆਂ ਵਿਚ ਕਾਫੀ ਉਤਸ਼ਾਹ ਦੇਖਿਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿਚ ਇਹ ਜਥਾ 4 ਨਵੰਬਰ ਨੂੰ ਅਟਾਰੀ-ਵਾਹਘਾ ਸਰਹੱਦ ਰਸਤੇ ਸ੍ਰੀ ਨਨਕਾਣਾ ਸਾਹਿਬ ਜਾਵੇਗਾ। ਇਹ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਹੋ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਮਗਰੋਂ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਵਾਪਸ ਭਾਰਤ ਪਰਤੇਗਾ। ਸ਼੍ਰੋਮਣੀ ਕਮੇਟੀ ਵਲੋਂ 1802 ਸਿੱਖ ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ ਜਿਨ੍ਹਾਂ ਵਿਚੋਂ 1796 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ। ਸ਼ੋ੍ਰਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਇਹ ਵੀ ਕਿਹਾ ਕਿ ਸਾਰੇ ਸਿੱਖ ਸ਼ਰਧਾਲੂ ਜਥੇ ਦੇ ਨਾਲ ਹੀ ਰਹਿਣ ਅਤੇ ਜਥੇ ਤੋਂ ਵੱਖ ਨਾ ਹੋਣ।

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਦਿੱਤੀ ਵਧਾਈ

ਚੰਡੀਗੜ੍ਹ/ਬਿਊਰੋ ਨਿਊਜ਼ 

ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿਚ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਭਾਰਤੀ ਕ੍ਰਿਕਟ ਟੀਮ ਨੇ ਮੰੁਬਈ ਵਿਚ ਖੇਡੇ ਗਏ ਫਾਈਨਲ ਮੈਚ ’ਚ ਦੱਖਣੀ ਅਫਰੀਕਾ ਦੀ ਟੀਮ ਨੂੰ 52 ਦੌੜਾਂ ਨਾਲ ਹਰਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਭਾਰਤੀ ਮਹਿਲਾ ਕਿ੍ਰਕਟ ਟੀਮ ਦੀ ਵਿਸ਼ਵ ਕੱਪ ਵਿਚ ਇਹ ਪਹਿਲੀ ਖਿਤਾਬੀ ਜਿੱਤ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ’ਤੇ 298 ਦੌੜਾਂ ਬਣਾਈਆਂ ਸਨ ਅਤੇ ਇਸਦੇ ਜਵਾਬ ਵਿਚ ਦੱਖਣੀ ਅਫਰੀਕਾ ਦੀ ਟੀਮ 246 ਦੌੜਾਂ ’ਤੇ ਆਊਟ ਹੋ ਗਈ ਸੀ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਪਿੰਡ ਮੋਗਾ ਜ਼ਿਲ੍ਹੇ ਵਿਚ ਦੁਨੇਕੇ ਹੈ। ਜਦੋਂ ਭਾਰਤੀ ਟੀਮ ਜਿੱਤੀ ਤਾਂ ਮੋਗਾ ਵਿਚ ਵੀ ਜਸ਼ਨ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਖੁਸ਼ੀ ਵਿਚ ਭੰਗੜੇ ਪਾਏ ਅਤੇ ਪਟਾਖੇ ਵੀ ਚਲਾਏ। ਇਸਦੇ ਚੱਲਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ ਹੈ।  

ਕਿਹਾ : ਸੂਬੇ ਦੀ ਨੌਜਵਾਨੀ ਨੂੰ ਬਚਾਉਣ ਲਈ ਗੁਟਕਾ ਸਾਹਿਬ ਹੱਥ ’ਚ ਫੜ ਕੇ ਲਿਆ ਸੀ ਅਹਿਦ 

ਮੋਗਾ/ਬਿਊਰੋ ਨਿਊਜ਼    

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਵਿਚ ਮੁੜ ਸਰਗਰਮੀ ਨੇ ਸਿਆਸੀ ਹਲਕਿਆਂ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਭਾਜਪਾ ਦੇ ਮੋਗਾ ਸਥਿਤ ਦਫਤਰ ਵਿਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਅਤੇ ਹੋਰ ਆਗੂ ਵੀ ਮੌਜੂਦ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਜਦੋਂ ਤਲਵੰਡੀ ਸਾਬੋ ਗਏ ਸਨ ਤਾਂ ਉਨ੍ਹਾਂ ਉਥੇ ਸੂਬੇ ਦੀ ਨੌਜਵਾਨੀ ਨੂੰ ਬਚਾਉਣ ਲਈ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਅਹਿਦ ਲਿਆ ਸੀ ਕਿ ਉਹ ਸੂਬੇ ਵਿਚੋਂ ਨਸ਼ੇ ਦੇ ਖਾਤਮੇ ਲਈ ਪੂਰੀ ਵਾਹ ਅਤੇ ਤਾਕਤ ਲਗਾਉਣਗੇ। ਉਨ੍ਹਾਂ ਨੇ ਵਿਰੋਧੀ ਧਿਰਾਂ ਦੇ ਇਸ ਸਬੰਧੀ ਪ੍ਰਚਾਰ ਨੂੰ ਸਿਆਸੀ ਬਿਆਨਬਾਜ਼ੀ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਕਿ ਉਸ ਸਮੇਂ ਕੁਝ ਹੱਦ ਤੱਕ ਸੂਬੇ ਵਿਚ ਨਸ਼ਿਆਂ ਨੂੰ ਠੱਲ ਵੀ ਪਈ ਸੀ। ਕੈਪਟਨ ਨੇ ਇਹ ਵੀ ਦਾਅਵਾ ਕੀਤਾ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਵੀ ਭਾਜਪਾ ਹੀ ਜਿੱਤੇਗੀ।  

 

 

ਸਾਬਕਾ ਓ.ਐਸ.ਡੀ. ਸੰਦੀਪ ਸਿੰਘ ਬਰਾੜ, ਕੈਪਟਨ ਅਮਰਿੰਦਰ ਦੀ ਹਾਜ਼ਰੀ ’ਚ ਭਾਜਪਾ ਵਿਚ ਸ਼ਾਮਲ  

ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ, ਆਪ ਅਤੇ ਅਕਾਲੀ ਦਲ ਦੀ ਕੀਤੀ ਆਲੋਚਨਾ

ਫਰੀਦਕੋਟ/ਬਿਊਰੋ ਨਿਊਜ਼  

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਸਾਬਕਾ ਓ.ਐਸ.ਡੀ. ਸੰਦੀਪ ਸਿੰਘ ਬਰਾੜ ਫਰੀਦਕੋਟ ਵਿਖੇ ਭਾਜਪਾ ਵਿਚ ਸ਼ਾਮਲ ਹੋ ਗਏ। ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਹਾਜ਼ਰ ਰਹੇ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕੀਤੀ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਲੋਂ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਹੁਣ ਵੱਡੀ ਗਿਣਤੀ ਲੋਕ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। 

ਚੰਡੀਗੜ੍ਹ, : ਭਾਰਤੀ ਹਾਕੀ ਦੇ 100 ਸਾਲ ਪੂਰੇ ਹੋਣ ਦੇ ਉਪਲੱਖ ਹਾਕੀ ਚੰਡੀਗੜ੍ਹ ਵੱਲੋਂ ਆਉਣ ਵਾਲੇ 7 ਨਵੰਬਰ ਨੂੰ ਭਾਰਤੀ ਹਾਕੀ ਸ਼ਤਾਬਦੀ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਇਤਿਹਾਸਕ ਮੌਕੇਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਹੋਣਗੇ। ਹਾਕੀ ਚੰਡੀਗੜ੍ਹ ਦੇ ਪ੍ਰਧਾਨ ਕਰਣ ਗਿੱਲਹੋਤਰਾ, ਉਪ-ਪ੍ਰਧਾਨ ਅਨਿਲ ਵੋਹਰਾ ਅਤੇ ਸਲਾਹਕਾਰ ਸ਼ਾਲੀਨ ਕਪੂਰ ਨੇ ਸ੍ਰੀ ਕਟਾਰੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਰੋਹ ਵਿੱਚ ਸੱਦਾ ਦਿੱਤਾ ਰਾਜਪਾਲ ਨੇ ਸਮਾਰੋਹ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਇਸ ਮੌਕੇਤੇ ਹਾਕੀ ਦੇ ਇਤਿਹਾਸ ਵਿੱਚ ਇਕ ਨਵਾਂ ਅਧਿਆਇ ਲਿਖੇਗਾ। ਕਰਣ ਗਿੱਲਹੋਤਰਾ ਨੇ ਦੱਸਿਆ ਕਿ ਸਮਾਰੋਹ ਦੇ ਆਯੋਜਨ ਵਿੱਚ ਚੰਡੀਗੜ੍ਹ ਪ੍ਰਸ਼ਾਸਨ, ਖੇਡ ਵਿਭਾਗ ਅਤੇ ਨਗਰ ਨਿਗਮ ਚੰਡੀਗੜ੍ਹ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਉਨ੍ਹਾਂ ਨੇ ਕਿਹਾ — ਹਾਕੀ ਭਾਰਤ ਦੀ ਸ਼ਾਨਦਾਰ ਵਿਰਾਸਤ ਹੈ 1925 ਵਿੱਚ ਰਾਸ਼ਟਰੀ ਹਾਕੀ ਸੰਸਥਾ ਦੀ ਸਥਾਪਨਾ ਨਾਲ ਸ਼ੁਰੂ ਹੋਈ ਇਹ ਯਾਤਰਾ ਹੁਣ 100 ਸਾਲ ਪੂਰੇ ਕਰ ਰਹੀ ਹੈ ਇਹ ਸਾਡੇ ਲਈ ਮਾਣ ਦਾ ਮੌਕਾ ਹੈ ਕਿ ਚੰਡੀਗੜ੍ਹ ਇਸ ਇਤਿਹਾਸਕ ਸਮਾਰੋਹ ਦਾ ਹਿੱਸਾ ਬਣ ਰਿਹਾ ਹੈ ਸਾਡਾ ਉਦੇਸ਼ ਨਵੀਂ ਪੀੜ੍ਹੀ ਨੂੰ ਹਾਕੀ ਦੇ ਸੁਨਿਹਰੇ ਇਤਿਹਾਸ ਨਾਲ ਜੋੜਨਾ ਹੈ
ਅਨਿਲ ਵੋਹਰਾ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 10 ਵਜੇ ਹੋਵੇਗੀ, ਜਿਸ ਵਿੱਚ ਤਿੰਨ ਪ੍ਰਦਰਸ਼ਨੀ ਮੈਚ ਖੇਡੇ ਜਾਣਗੇਮੁੰਡਿਆਂ ਦੇ ਜੂਨੀਅਰ ਤੇ ਸੀਨੀਅਰ ਵਰਗਾਂ ਦੇ ਮੈਚਾਂ ਦੇ ਨਾਲ ਕੁੜੀਆਂ ਦਾ ਇੱਕ ਵਿਸ਼ੇਸ਼ ਮੈਚ ਵੀ ਸ਼ਾਮਲ ਹੋਵੇਗਾ। ਇਸ ਮੌਕੇਤੇ ਦੇਸ਼-ਵਿਦੇਸ਼ ਤੋਂ ਕਈ ਮਸ਼ਹੂਰ ਹਾਕੀ ਖਿਡਾਰੀ ਹਾਜ਼ਰ ਰਹਿਣਗੇ, ਜਿਨ੍ਹਾਂ ਵਿੱਚ ਓਲੰਪਿਅਨ ਦੀਪਕ ਠਾਕੁਰ, ਰਾਜਪਾਲ ਸਿੰਘ, ਬਲਜੀਤ ਸਿੰਘ, ਨਾਲ ਹੀ ਭਾਰਤ ਦੀ ਮੌਜੂਦਾ ਟੀਮ ਦੇ ਕਪਤਾਨ ਸੰਜੇ, ਮਨੀੰਦਰ ਸਿੰਘ, ਵਿਕਰਮਜੀਤ ਸਿੰਘ, ਅਤੇ ਜੂਨੀਅਰ ਟੀਮ ਦੇ ਕਪਤਾਨ ਰੋਹਿਤ ਸ਼ਾਮਲ ਹਨ। ਕਰਣ ਗਿੱਲਹੋਤਰਾ ਨੇ ਅੱਗੇ ਦੱਸਿਆ ਕਿ ਹਾਕੀ ਇੰਡੀਆ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਇੱਕੋ ਸਮੇਂ ਅਜੇਹੇ ਸ਼ਤਾਬਦੀ ਸਮਾਰੋਹ ਆਯੋਜਿਤ ਕੀਤੇ ਜਾਣਗੇ, ਤਾਂ ਜੋ ਹਾਕੀ ਨੂੰ ਨਵਾਂ ਮਾਨ ਅਤੇ ਨਵੀਂ ਪਹਿਚਾਣ ਮਿਲ ਸਕੇ

ਦਿਲਸ਼ੇਰ ਸਿੰਘ ਨੇ ‘ਆਪ’ ਆਗੂ ਨਿਤਿਨ ਨੰਦਾ ’ਤੇ ਚਲਾ ਦਿੱਤੀ ਸੀ ਗੋਲੀ

ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼  

ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਾ ’ਤੇ ਗੋਲੀ ਚਲਾਉਣ ਵਾਲੇ ਸਾਬਕਾ ਡੀਐਸਪੀ ਦਿਲਸ਼ੇਰ ਸਿੰਘ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਧਿਆਨ ਰਹੇ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਅਗਮਪੁਰ ਵਿਚ ਇਕ ਸਮਾਗਮ ਦੌਰਾਨ ਸਾਬਕਾ ਡੀਐਸਪੀ ਦਿਲਸ਼ੇਰ ਸਿੰਘ ਨੇ ‘ਆਪ’ ਆਗੂ ਨਿਤਿਨ ਨੰਦਾ ’ਤੇ ਗੋਲੀ ਚਲਾ ਦਿੱਤੀ ਸੀ ਅਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਰੂਪਨਗਰ ਦੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦਿਲਸ਼ੇਰ ਸਿੰਘ ਅੱਜ ਅਦਾਲਤ ਵਿਚ ਆਤਮ ਸਮਰਪਣ ਕਰਨ ਲਈ ਜਾ ਰਿਹਾ ਸੀ ਅਤੇ ਇਸੇ ਦੌਰਾਨ ਹੀ ਪੁਲਿਸ ਨੇ ਉਸ ਨੂੰ ਰਸਤੇ ਵਿਚ ਹੀ ਗਿ੍ਰਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਵਰਤੇ ਗਏ ਪਿਸਤੌਲ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ ਅਤੇ ਤੇਜ਼ੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਰਿਸ਼ਵਤਖੋਰੀ ਦੇ ਮਾਮਲੇ ਵਿਚ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਹੋਈ ਹੈ ਗਿ੍ਰਫਤਾਰੀ

ਮੁਹਾਲੀ/ਬਿਊਰੋ ਨਿਊਜ਼     

ਰਿਸ਼ਵਤਖੋਰੀ ਦੇ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅੱਜ ਚੰਡੀਗੜ੍ਹ ਸਥਿਤ ਵਿਸ਼ੇਸ਼ ਅਦਾਲਤ ਵਿਚ ਵੀਡੀਓ ਕਾਨਫਰਸਿੰਗ ਜ਼ਰੀਏ ਪੇਸ਼ੀ ਹੋਈ ਹੈ। ਮਾਨਯੋਗ ਵਿਸ਼ੇਸ਼ ਜੱਜ ਭਾਵਨਾ ਜੈਨ ਦੀ ਅਦਾਲਤ ਨੇ ਭੁੱਲਰ ਨੂੰ ਮੁੜ ਤੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ ਅਤੇ ਅਗਲੀ ਪੇਸ਼ੀ ਹੁਣ 14 ਨਵੰਬਰ ਨੂੰ ਹੋਵੇਗੀ। ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਪੰਜਾਬ ਸਰਕਾਰ ਨੇ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਸੀ। ਧਿਆਨ ਰਹੇ ਕਿ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਦੇ ਵਪਾਰੀ ਕੋਲੋਂ 8 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਭੁੱਲਰ ਦੇ ਘਰੋਂ ਸੀਬੀਆਈ ਨੇ ਕਰੋੜਾਂ ਰੁਪਏ ਦੀ ਨਗਦੀ, ਸੋਨੇ ਦੇ ਗਹਿਣੇ, ਕੀਮਤੀ ਘੜੀਆਂ ਅਤੇ ਜਾਇਦਾਦ ਸਬੰਧੀ ਦਸਤਾਵੇਜ਼ ਬਰਾਮਦ ਕੀਤੇ ਸਨ। ਭੁੱਲਰ ਖਿਲਾਫ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਉਸਦੀ ਵਿਦੇਸ਼ਾਂ ਵਿਚ ਵੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ। ਦੱਸਣਯੋਗ ਹੈ ਕਿ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕਰ ਲਿਆ ਹੈ। 

ਪਟਿਆਲਾ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਿਆਲਾ ਸਥਿਤ ਸ਼੍ਰੀ ਕਾਲੀ ਮਾਤਾ ਮੰਦਰ ਵਿਚ 75 ਕਰੋੜ ਤੋਂ ਵੱਧ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਲਾਈਟ ਐਂਡ ਸਾਊਂਡ ਸ਼ੋਅ, ਦੂਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਰਹਿਣ ਦਾ ਪ੍ਰਬੰਧ ਅਤੇ ਹੋਰ ਵਿਕਾਸ ਕਾਰਜਾਂ ਲਈ ਕਰੀਬ 75 ਕਰੋੜ ਦਾ ਪ੍ਰਾਜੈਕਟ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸਮਤ ਵਾਲੇ ਹਾਂ ਕਿ ਸਾਨੂੰ ਵੀ ਮੰਦਰ ਵਿਚ ਸੇਵਾ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੰਦਰ ਦੇ ਅੰਦਰ ‘ਆਮ ਆਦਮੀ ਕਲੀਨਿਕ’ ਦੀ ਸ਼ਰੂਆਤ ਵੀ ਕੀਤੀ ਗਈ ਹੈ। ਇਸੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਰ ਨਾਲ ਕਰੋੜਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਕੇਜਰੀਵਾਲ ਨੇ ਕਿਹਾ ਮੰਦਰ ਦੇ ਸਾਰੇ ਕਾਰਜ ਇਕ ਸਾਲ ਦੇ ਵਿਚ ਪੂਰੇ ਹੋਣ ਦੀ ਆਸ ਹੈ।

ਕਿਹਾ : ਨਸ਼ਿਆਂ ਦੇ ਮਾਮਲੇ ਵਿਚ ਪੰਜਾਬ ਦਾ ਨੰਬਰ ਪਹਿਲਾ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਵਿਚ ਵਧ ਰਹੇ ਨਸ਼ਿਆਂ ਨੂੰ ਲੈ ਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਨਸ਼ਿਆਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਨਸ਼ੇ ਇਕੱਲੀ ਪੰਜਾਬ ਦੀ ਸਮੱਸਿਆ ਨਹੀਂ ਹੈ ਅਤੇ ਇਸ ਸਮੱਸਿਆ ਨਾਲ ਹੋਰ ਵੀ ਕਈ ਸੂਬੇ ਪ੍ਰਭਾਵਿਤ ਹਨ। ਕਟਾਰੀਆ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਪੰਜਾਬ ਦਾ ਨੰਬਰ ਇਕ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਮੁਸ਼ਕਲ ਨੂੰ ਹੱਲ ਕਰਨ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨ ਦੀ ਲੋੜ ਹੈ ਅਤੇ ਫਿਰ ਇਸ ਵਿਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਚੰਡੀਗੜ੍ਹ ਸਥਿਤ ਸੁਖਨਾ ਲੇਕ ’ਤੇ ‘ਰਨ ਫਾਰ ਯੂਨਿਟੀ’ ਸਮਾਗਮ ਆਯੋਜਿਤ ਕੀਤਾ ਗਿਆ ਅਤੇ ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਸ਼ਮੂਲੀਅਤ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਸਾਡੇ ਸਮਾਜ ਵਿਚ ਵਧ ਰਹੇ ਨਸ਼ਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। 

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੁਣ ਤੱਕ 13 ਹਜ਼ਾਰ ਤੋਂ ਵੱਧ ਅਫਸਰਾਂ ਨੂੰ ਤਰੱਕੀਆਂ ਮਿਲ ਚੁੱਕੀਆਂ ਹਨ। ਸੀਐਮ ਨੇ ਕਿਹਾ ਕਿ ਮੈਂ ਹੁਣ ਤੱਕ ਅਫਸਰਾਂ ਦੀਆਂ ਬਣਦੀਆਂ ਤਰੱਕੀਆਂ ਕਰਨ ਲਈ ਵੱਖ-ਵੱਖ ਵਿਭਾਗਾਂ ਦੀਆਂ 13 ਹਜ਼ਾਰ ਤੋਂ ਵੱਧ ਫਾਈਲਾਂ ’ਤੇ ਦਸਤਖਤ ਕਰ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਰੱਕੀਆਂ ਦੇਣ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਚੰਗੇ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਹਮੇਸ਼ਾ ਮਾਣ ਸਨਮਾਨ ਕੀਤਾ ਜਾਂਦਾ ਰਹੇਗਾ। ਸੀਐਮ ਮਾਨ ਨੇ ਭਿ੍ਰਸ਼ਟ ਮੁਲਾਜ਼ਮਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ, ਨਹੀਂ ਤਾਂ ਡਿਸਮਸ ਕਰਨ ਲੱਗਿਆਂ ਟਾਈਮ ਨਹੀਂ ਲੱਗਣਾ। ਮੁੱਖ ਮੰਤਰੀ ਨੇ ਰਿਸ਼ਵਤ ਲੈਣ ਨੂੰ ਸਭ ਤੋਂ ਵੱਡਾ ਜੁਰਮ ਦੱਸਿਆ ਹੈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.