Thursday, 23 April 2026

ਪੰਜਾਬ ਸਰਕਾਰ ਦੇ ਐਡਮਿਸ਼ਨ ਪੋਰਟਲ ਨਾਲ ਹੋਣਗੇ ਦਾਖਲੇ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਹੁਣ ਕੌਮਨ ਕੈਲੰਡਰ ਤਹਿਤ ਚੱਲਣਗੀਆਂ। ਇਨ੍ਹਾਂ ਤਿੰਨਾਂ ਯੂਨੀਵਰਸਿਟੀਆਂ ਵਿਚ ਦਾਖਲਾ ਪ੍ਰਕਿਰਿਆ ਵੀ ਪੰਜਾਬ ਸਰਕਾਰ ਦੇ ਐਡਮਿਸ਼ਨ ਪੋਰਟਲ ਮੁਤਾਬਕ ਹੀ ਹੋਣਗੇ। ਉਚ ਸਿੱਖਿਆ ਵਿਭਾਗ ਨੇ ਤਿੰਨੋਂ ਯੂਨੀਵਰਸਿਟੀਆਂ ਨੂੰ ਇਸ ਸਬੰਧ ਵਿਚ ਪੱਤਰ ਜਾਰੀ ਕਰਕੇ ਦਿਸ਼ਾ ਨਿਰਦੇਸ਼ ਵੀ ਦੇ ਦਿੱਤੇ ਹਨ। ਪੰਜਾਬ ਦੀਆਂ ਇਨ੍ਹਾਂ ਤਿੰਨੋਂ ਯੂਨੀਵਰਸਿਟੀਆਂ ਅਤੇ ਉਨ੍ਹਾਂ ਨਾਲ ਸਬੰਧਤ ਕਾਲਜਾਂ ਵਿਚ ਅਗਲੇ ਵਿਦਿਅਕ ਸੈਸ਼ਨ 2026-27 ਤੋਂ ਐਡਮਿਸ਼ਨ ਪ੍ਰੋਸੈਸ ਪੂਰੀ ਤਰ੍ਹਾਂ ਨਾਲ ਆਨਲਾਈਨ ਹੋ ਜਾਵੇਗੀ। ਇਸਦੇ ਚੱਲਦਿਆਂ ਇਨ੍ਹਾਂ ਯੂਨੀਵਰਸਿਟੀਆਂ ਅਤੇ ਉਨ੍ਹਾਂ ਨਾਲ ਸਬੰਧਤ ਕਾਲਜਾਂ ਵਿਚ ਕੋਰਸਾਂ ਦੇ ਦਾਖਲੇ, ਛੁੱਟੀਆਂ ਅਤੇ ਇਮਤਿਹਾਨਾਂ ਦੀਆਂ ਤਰੀਕਾਂ ਇਕੋ ਜਿਹੀਆਂ ਹੋਣਗੀਆਂ। ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨੇ ਇਸ ਸਬੰਧੀ ਪੱਤਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੀ ਕਾਲਜ ਡਿਵੈਲਪਮੈਂਟ ਕਾਊਂਸਲ ਨੂੰ ਭੇਜ ਦਿੱਤਾ ਹੈ। 

 

 

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਸੈਨੇਟ ਚੋਣਾਂ ਨੂੰ ਲੈ ਕੇ 25 ਨਵੰਬਰ ਤੱਕ ਅਲਟੀਮੇਟਮ

ਯੂਨੀਵਰਸਿਟੀ ਬਚਾਓ ਮੋਰਚੇ ਨੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ ਨੂੰ ਲੈ ਕੇ ਯੂਨੀਵਰਸਿਟੀ ਬਚਾਓ ਮੋਰਚੇ ਨੇ 25 ਨਵੰਬਰ ਤੱਕ ਅਲਟੀਮੇਟਮ ਦਿੱਤਾ ਹੈ। ਮੋਰਚੇ ਨੇ ਕਿਹਾ ਕਿ ਜੇਕਰ 25 ਨਵੰਬਰ ਤੱਕ ਸੈਨੇਟ ਚੋਣਾਂ ਸਬੰਧੀ ਤਰੀਕ ਦਾ ਐਲਾਨ ਨਾ ਹੋਇਆ ਤਾਂ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਬੰਦ ਕਰਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਪੀਯੂ ਅਥਾਰਿਟੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੋਰਚੇ ਨੇ ਇਹ ਐਲਾਨ ਪੰਜਾਬ ਦੀਆਂ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਤੇ ਸਮਾਜਿਕ ਕਾਰਕੁੰਨਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਕੀਤਾ ਹੈ। ਵਿਦਿਆਰਥੀ ਆਗੂੁਆਂ ਦਾ ਕਹਿਣਾ ਸੀ ਕਿ ਸੈਨੇਟ ਚੋਣਾਂ ਸਬੰਧੀ ਚੱਲ ਰਹੇ ਸੰਘਰਸ਼ ਦਾ ਮੁੱਖ ਟਕਰਾਅ ਕੇਂਦਰ ਵਿਚਲੀ ਮੋਦੀ ਸਰਕਾਰ ਨਾਲ ਹੈ। ਇਸ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਭਾਜਪਾ ਦੇ ਦਫਤਰਾਂ ਦਾ ਘਿਰਾਓ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। 

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੰਧੂ ਨੂੰ ਚੁਕਾਈ ਸਹੁੰ

ਚੰਡੀਗੜ੍ਹ/ਬਿਊਰੋ ਨਿਊਜ਼

ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਰਮੀਤ ਸਿੰਘ ਸੰਧੂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ। ਧਿਆਨ ਰਹੇ ਕਿ ਹਰਮੀਤ ਸਿੰਘ ਸੰਧੂ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਹੁਣ ਉਹ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਚੌਥੀ ਵਾਰ ਵਿਧਾਇਕ ਬਣੇ ਹਨ। ਸੰਧੂ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ 12 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਹਰਮੀਤ ਸਿੰਘ ਸੰਧੂ ਇਸ ਤੋਂ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ ਵਿਚ ਰਹੇ ਅਤੇ ਪਿਛਲੇ ਸਮੇਂ ਦੌਰਾਨ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਸਹੁੰ ਚੁੱਕਣ ਤੋਂ ਬਾਅਦ ਹਰਮੀਤ ਸਿੰਘ ਸੰਧੂ ਨੇ ਤਰਨਤਾਰਨ ਦੇ ਵੋਟਰਾਂ ਦਾ ਧੰਨਵਾਦ ਕੀਤਾ। ਹਰਮੀਤ ਸਿੰਘ ਸੰਧੂ ਨੇ ਸਹੁੰ ਚੁੱਕਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਵੀ ਕੀਤੀ। ਇਸੇ ਦੌਰਾਨ ਸੀਐਮ ਮਾਨ ਨੇ ਹਰਮੀਤ ਸਿੰਘ ਸੰਧੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਤਰਨਤਾਰਨ ਦੇ ਲੋਕਾਂ ਦੇ ਵਿਚਕਾਰ ਰਹਿ ਕੇ ਵਿਕਾਸ ਕਾਰਜ ਕਰਨ ਲਈ ਕਿਹਾ ਹੈ। 

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ’ਤੇ ਬਣੀ ਐਨੀਮੇਸ਼ਨ ਫਿਲਮ ‘ਹਿੰਦ ਦੀ ਚਾਦਰ’ ਫਿਲਹਾਲ ਰਿਲੀਜ਼ ਨਹੀਂ ਹੋਵੇਗੀ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਫਿਲਮ ਨੂੰ ਰਿਲੀਜ਼ ਨਾ ਕਰਨ ਦਾ ਆਦੇਸ਼ ਦਿੱਤਾ ਸੀ। ਇਸਦੇ ਚੱਲਦਿਆਂ ਬਵੇਜਾ ਮੂਵੀ ਪ੍ਰਾਈਵੇਟ ਲਿਮਟਿਡ ਨੇ ਫਿਲਹਾਲ ਇਸ ਫਿਲਮ ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੂੰ ਕਿਹਾ ਸੀ ਕਿ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਇਸ ਫਿਲਮ ਨੂੰ ਜਾਰੀ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਸੀ ਕਿ ਬਵੇਜਾ ਮੂਵੀ ਪ੍ਰਾਈਵੇਟ ਲਿਮਟਿਡ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ’ਤੇ ਬਣਾਈ ਗਈ ਇਸ ਫਿਲਮ ਵਿਚ ਸਿੱਖ ਸਿਧਾਂਤ, ਇਤਿਹਾਸ ਅਤੇ ਫਿਲਮਾਂਕਣ ਦੇ ਪੱਖ ਤੋਂ ਬਹੁਤ ਸਾਰੀਆਂ ਕਮੀਆਂ ਹਨ। ਇਸਦੇ ਚੱਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੱਤਰ ਭੇਜ ਕੇ 21 ਨਵੰਬਰ ਨੂੰ ਇਸ ਫਿਲਮ ਨੂੰ ਰਿਲੀਜ਼ ਨਾ ਕਰਨ ਦਾ ਆਦੇਸ਼ ਦਿੱਤਾ ਗਿਆ ਸੀ।  

 

ਭਾਜਪਾ ਨੇ ਜਲੰਧਰ ਨਿਗਮ ਹਾਊਸ ਵਿਚ ਇਸ ਨੂੰ ਲੈ ਕੇ ਕੀਤਾ ਹੰਗਾਮਾ

ਜਲੰਧਰ/ਬਿਊਰੋ ਨਿਊਜ਼  

ਜਲੰਧਰ ਨਿਗਮ ਹਾਊਸ ਦੀ ਮੀਟਿੰਗ ਵਿਚ ਲਿਆਂਦਾ ਗਿਆ ਮਤਾ ਨੰਬਰ-99 ਵਿਵਾਦਾਂ ਵਿਚ ਘਿਰ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ’ਤੇ ਸਵਾਲ ਉਠਾਉਂਦੇ ਹੋਏ ਹੰਗਾਮਾ ਵੀ ਕੀਤਾ। ਇਹ ਮਤਾ 11 ਜੂਨ 2025 ਨੂੰ ਜਲੰਧਰ ਦੇ ਬਲਟਰਨ ਪਾਰਕ ਵਿਚ ਸਪੋਰਟਸ ਹੱਬ ਦੇ ਨੀਂਹ ਪੱਥਰ ਦਾ ਹੈ। ਇਸ ਵਿਚ ਮਜ਼ੇਦਾਰ ਈਵੈਂਟ ਦਾ ਬਿੱਲ ਪੌਣੇ 2 ਕਰੋੜ ਰੁਪਏ ਹੈ। ਭਾਜਪਾ ਨੇ ਸਵਾਲ ਉਠਾਇਆ ਕਿ ਕੀ ਇਹ ਮਜ਼ੇਦਾਰ ਈਵੈਂਟ ਹੈ, ਇਸ ਬਾਰੇ ਸਪੱਸ਼ਟ ਕੀਤਾ ਜਾਵੇ। ਇਸਦੇ ਨਾਲ ਹੀ ਨਿਗਮ ਹਾਊਸ ਵਿਚ ਪੇਸ਼ ਰੇਟ ਲਿਸਟ ਵਿਚ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ ਸੀ। ਇਸ ਵਿਚ ਇਕ ਪੰਜਾਬੀ ਗਾਇਕ ਨੂੰ ਵੀ 8 ਲੱਖ ਰੁਪਏ ਵਿਚ ਬੁਲਾਇਆ ਗਿਆ ਸੀ। ਦੱਸਿਆ ਗਿਆ ਕਿ ਇਸ ਨੀਂਹ ਪੱਥਰ ਸਮਾਗਮ ’ਤੇ ਪੌਣੇ 2 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਆਇਆ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਦੱਸਿਆ ਮੰਦਭਾਗਾ

ਅੰਮਿ੍ਰਤਸਰ/ਬਿਊਰੋ ਨਿਊਜ਼  

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਤ ਯੂਟਿਊਬ ਚੈਨਲ ਐਸਜੀਪੀਸੀ, ਸ੍ਰੀ ਅੰਮਿ੍ਰਤਸਰ ਨੂੰ ਯੂਟਿਊਬ ਨੇ ਆਪਣੀ ਨੀਤੀ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਇਕ ਹਫਤੇ ਲਈ ਮੁਅੱਤਲ ਕਰ ਦਿੱਤਾ। ਲੰਘੇ ਕੱਲ੍ਹ 19 ਨਵੰਬਰ ਨੂੰ ਜਦੋਂ ਸ਼ਾਮ ਵੇਲੇ ਸ੍ਰੀ ਹਰਿਮੰਦਰ ਸਾਹਿਬ ਤੋਂ ਹਰ ਰੋਜ਼ ਦੀ ਤਰ੍ਹਾਂ ਰਹਿਰਾਸ ਸਾਹਿਬ ਦੇ ਪਾਠ ਦਾ ਸਿੱਧਾ ਪ੍ਰਸਾਰਣ ਜਾਰੀ ਸੀ, ਉਸੇ ਦੌਰਾਨ ਇਹ ਕਾਰਵਾਈ ਹੋਈ ਹੈ। ਯੂਟਿਊਬ ਦੇ ਅਨੁਸਾਰ 31 ਅਕਤੂਬਰ 2025 ਨੂੰ ਅਪਲੋਡ ਕੀਤੀ ਗਈ ਇਕ ਵੀਡੀਓ ’ਤੇ ਉਨ੍ਹਾਂ ਦੀ ਨੀਤੀ ਦੇ ਮੁਤਾਬਕ ਇਤਰਾਜ਼ ਜਤਾਇਆ ਗਿਆ। ਇਸ ਵੀਡੀਓ ਵਿਚ ਸਿੱਖ ਯੋਧਿਆਂ ਦੇ ਬਾਰੇ ਵਿਚ ਇਤਿਹਾਸਕ ਵਿਚਾਰ ਸਾਂਝੇ ਕੀਤੇ ਗਏ ਸਨ, ਜਿਸ ਨੂੰ ਯੂਟਿਊਬ ਨੇ ਆਪਣੀ ਕੰਟੈਂਟ ਗਾਈਡ ਲਾਈਨ ਦੀ ਉਲੰਘਣਾ ਮੰਨਿਆ ਹੈ। ਇਸੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਾਹਰੀ ਸੋਸ਼ਲ ਪਲੇਟਫਾਰਮਾਂ ’ਤੇ ਪੂਰੀ ਤਰ੍ਹਾਂ ਨਿਰਭਰ ਹੋਣ ਦੀ ਬਜਾਏ ਸ਼ੋ੍ਰਮਣੀ ਕਮੇਟੀ ਨੂੰ ਆਪਣਾ ਅਧਿਕਾਰਤ ਸੈਟੇਲਾਈਟ ਚੈਨਲ ਚਲਾਉਣ ਦੀ ਪ੍ਰਕਿਰਿਆ ਜਲਦੀ ਪੂਰੀ ਕਰਨੀ ਚਾਹੀਦੀ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼ 

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੂੰ ਪਾਰਟੀ ਦਾ ਸੂਬਾਈ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਹੈ। ਇਸ ਸਬੰਧੀ ਪਾਰਟੀ ਵਲੋਂ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਨਿਯੁਕਤੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਨ ਅਰੋੜਾ ਅਤੇ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਪਾਰਟੀ ਹਾਈਕਮਾਂਡ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੀਤੀ ਗਈ ਹੈ। ਇਨ੍ਹਾਂ ਆਗੂਆਂ ਨੇ ਬਲਤੇਜ ਪੰਨੂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। 

 

24 ਨਵੰਬਰ ਨੂੰ ਸੱਦੇ ਜਾਣ ਵਾਲੇ ਵਿਸ਼ੇਸ਼ ਇਜਲਾਸ ਲਈ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਵੱਲੋਂ ਸੱਦੇ ਜਾਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸਦੇ ਨਾਲ ਹੀ ਰਾਜਪਾਲ ਨੇ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਸਥਿਤ ਭਾਈ ਜੈਤਾ ਜੀ ਯਾਦਗਾਰ ਵਿੱਚ ਬਾਅਦ ਦੁਪਹਿਰ 1 ਵਜੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਰਾਜਪਾਲ ਤੋਂ ਪ੍ਰਵਾਨਗੀ ਮਿਲਣ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਸਬੰਧੀ ਤਿਆਰੀਆਂ ਵੀ ਤੇਜ਼ ਕਰ ਦਿੱਤੀਆਂ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਦੌਰਾਨ ਪੰਜਾਬ ਸਰਕਾਰ ਨੇ 24 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਫੈਸਲਾ ਕੀਤਾ ਹੈ। 

ਇਸ ਘਟਨਾ ਨੇ ਇਨਸਾਨੀਅਤ ਨੂੰ ਕੀਤਾ ਸ਼ਰਮਸਾਰ

ਫਗਵਾੜਾ/ਬਿਊਰੋ ਨਿਊਜ਼  

ਫਗਵਾੜਾ ਵਿਚ ਵਾਪਰੀ ਘਟਨਾ ਨੇ ਇਕ ਵਾਰ ਮੁੜ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਥੇ ਇਕ ਲਵਾਰਿਸ ਲਾਸ਼ ਨੂੰ ਸਿਵਲ ਹਸਪਤਾਲ ਤੋਂ ਸ਼ਮਸ਼ਾਨਘਾਟ ਤੱਕ ਨਗਰ ਨਿਗਮ ਦੀ ਕੂੜਾ ਚੁੱਕਣ ਵਾਲੀ ਗੱਡੀ ਵਿਚ ਲਿਜਾਇਆ ਗਿਆ। ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਵਿਆਪਕ ਰੋਸ ਪੈਦਾ ਹੋ ਗਿਆ। ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਸ਼ੋਸ਼ਲ ਮੀਡੀਆ ’ਤੇ ਇਸਦੀ ਵੀਡੀਓ ਵਾਇਰਲ ਹੋ ਗਈ। ਜਿਸ ਵਿਚ ਦੇਖਿਆ ਗਿਆ ਕਿ ਜਿਸ ਗੱਡੀ ਵਿਚ ਅਣਪਛਾਤੀ ਲਾਸ਼ ਨੂੰ ਲਿਜਾਇਆ ਜਾ ਰਿਹਾ ਸੀ, ਇਸ ਵਾਹਨ ਨੂੰ ਰੋਜ਼ਾਨਾ ਕੂੜਾ ਇਕੱਠਾ ਕਰਨ ਲਈ ਵਰਤਿਆ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਗਵਾੜਾ ਦੇ ਮੇਅਰ ਰਾਮਪਾਲ ਉਪਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸਦੇ ਚੱਲਦਿਆਂ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਇਸ ਨੂੰ ਨਗਰ ਨਿਗਮ ਦਾ ਅਣਮਨੁੱਖੀ ਵਰਤਾਰਾ ਦੱਸਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। 

 

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਤੇ ਹਰਿਆਣਾ ਹਾਈਕੋਰਟ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਭਲਕੇ 21 ਨਵੰਬਰ ਦਿਨ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਅੰਮਿ੍ਰਤਪਾਲ ਸਿੰਘ ਨੇ ਪਟੀਸ਼ਨ ਵਿਚ 1 ਤੋਂ 19 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਅਗਾਮੀ ਸਰਦ ਰੁੱਤ ਇਜਲਾਸ ਵਿਚ ਸ਼ਮੂਲੀਅਤ ਲਈ ਜੇਲ੍ਹ ’ਚੋਂ ਅਸਥਾਈ ਰਿਹਾਈ ਦੀ ਮੰਗ ਕੀਤੀ ਹੈ। ਡਿਵੀਜ਼ਨ ਬੈਂਚ ਨੇ ਪਟੀਸ਼ਨ ’ਤੇ ਸੁਣਵਾਈ ਲਈ 21 ਨਵੰਬਰ ਦੀ ਤਰੀਕ ਨਿਰਧਾਰਿਤ ਕੀਤੀ ਹੈ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਕੌਮੀ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਅੰਮਿ੍ਰਤਪਾਲ ਸਿੰਘ ਨੇ ਪਟੀਸ਼ਨ ਵਿਚ ਐੱਨ.ਐੱਸ.ਏ. ਦੀ ਧਾਰਾ 15 ਦਾ ਹਵਾਲਾ ਦਿੱਤਾ ਹੈ, ਜੋ ਕਿ ਸਮਰੱਥ ਅਧਿਕਾਰੀ ਨੂੰ ਅਸਾਧਾਰਨ ਹਾਲਾਤ ਵਿੱਚ ਨਜ਼ਰਬੰਦ ਨੂੰ ਪੈਰੋਲ ਦੇਣ ਦਾ ਅਧਿਕਾਰ ਦਿੰਦੀ ਹੈ।

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਖੁੱਥੀ ਵਿਚ ਵਾਪਰੀ ਘਟਨਾ

ਗੁਰਦਾਸਪੁਰ/ਬਿਊਰੋ ਨਿਊਜ਼

ਗੁਰਦਾਸਪੁਰ ਜ਼ਿਲ੍ਹੇ ਵਿਚ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਖੁੱਥੀ ਵਿਚ ਅੱਜ ਸਵੇਰੇ ਤਿੰਨ ਵਜੇ ਇਕ ਸਾਬਕਾ ਫੌਜੀ ਨੇ ਆਪਣੀ ਪਤਨੀ ਅਤੇ ਸੱਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਬੀਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਵੀ ਆਤਮ ਹੱਤਿਆ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁਲਜ਼ਮ ਬੀਰ ਸਿੰਘ ਇਸ ਸਮੇਂ ਪੈਸਕੋ ਕੰਪਨੀ ਵਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚ ਗਾਰਡ ਵਜੋਂ ਨੌਕਰੀ ਕਰ ਰਿਹਾ ਸੀ। ਗੁਰਦਾਸਪੁਰ ਦੇ ਐਸ.ਐਸ.ਪੀ. ਆਦਿੱਤਯਾ ਨੇ ਦੱਸਿਆ ਕਿ ਬੀਰ ਸਿੰਘ ਦਾ ਆਪਣੀ ਪਤਨੀ ਨਾਲ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਮਾਮਲਾ ਅਦਾਲਤ ਵਿਚ ਸੀ। ਉਨ੍ਹਾਂ ਦੱਸਿਆ ਕਿ ਬੀਰ ਸਿੰਘ ਦੀ ਪਤਨੀ ਅਕਵਿੰਦਰ ਕੌਰ ਕਾਫੀ ਸਮੇਂ ਤੋਂ ਆਪਣੀ ਮਾਂ ਕੋਲ ਪਿੰਡ ਖੁੱਥੀ ਵਿਚ ਰਹਿ ਰਹੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਬੀਰ ਸਿੰਘ ਕੋਲ ਏ.ਕੇ. 47 ਕਿਥੋਂ ਆਈ। 

 

ਮੰਤਰੀ ਸੰਜੀਵ ਅਰੋੜਾ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿੱਚ ਟਰਾਈਡੈਂਟ ਗਰੁੱਪ ਵੱਲੋਂ 2 ਹਜ਼ਾਰ ਕਰੋੜ ਰੁਪਏ ਦਾ ਨਵਾਂ ਨਿਵੇਸ਼ ਕੀਤਾ ਜਾਵੇਗਾ। ਇਹ ਨਿਵੇਸ਼ ਬਰਨਾਲਾ ਅਤੇ ਮੁਹਾਲੀ ਵਿੱਚ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਸੰਜੀਵ ਅਰੋੜਾ ਨੇ ਕਿਹਾ ਕਿ ਟਰਾਈਡੈਂਟ ਗਰੁੱਪ ਵੱਲੋਂ ਬਰਨਾਲਾ ਵਿੱਚ 1500 ਕਰੋੜ ਅਤੇ ਮੁਹਾਲੀ ਵਿੱਚ 500 ਕਰੋੜ ਰੁਪਏ ਦਾ ਨਵਾਂ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਪੰਜਾਬ ਵਿੱਚ ਦੋ ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਨਵਾਂ ਰੁਜ਼ਗਾਰ ਮਿਲੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼ਾਮਲ ਹੋਣਗੀਆਂ। ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 1 ਲੱਖ 40 ਹਜ਼ਾਰ ਕਰੋੜ ਰੁਪਏ ਦਾ ਨਵਾਂ ਨਿਵੇਸ਼ ਹੋ ਚੁੱਕਾ ਹੈ। ਸੰਜੀਵ ਅਰੋੜਾ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਨਵਰੀ ਮਹੀਨੇ ਵਿੱਚ ਸੂਬੇ ਲਈ ਨਵੀਂ ਉਦਯੋਗਿਕ ਨੀਤੀ ਵੀ ਲਿਆਂਦੀ ਜਾਵੇਗੀ।

 

ਚੰਡੀਗੜ੍ਹ : ਲੋਕ ਮੰਚ ਪੰਜਾਬ ਵਲੋਂ ਪੰਜਾਬੀ ਕਵਿਤਾ ਦੀ ਸਰਵੋਤਮ ਪੁਸਤਕ ਨੂੰ ਹਰ ਸਾਲ ਦਿੱਤੇ ਜਾਂਦੇ ‘‘ਕਾਵਿਲੋਕ ਪੁਰਸਕਾਰ’’ ਲਈ ਇਸ ਵਾਰ ਸੰਦੀਪ ਜਸਵਾਲ ਦੀ ਕਾਵਿ ਪੁਸਤਕ ‘‘ਸਮੁੰਦਰ ਨੂੰ ਪੁੱਛੇ ਨਦੀ’’ ਨੂੰ  ਚੁਣਿਆ ਗਿਆ ਹੈ। ਇਹ ਐਲਾਨ ਕਰਦਿਆਂ ਲੋਕ ਮੰਚ ਪੰਜਾਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਦੱਸਿਆ ਕਿ ਇਹ ਪੁਸਤਕ ਸਾਲ 2024 ਵਿੱਚ ਕੈਲੀਬਰ ਪਬਲੀਕੇਸ਼ਨ ਪਟਿਆਲਾ ਵੱਲੋਂ ਛਾਪੀ ਗਈ ਸੀ। ਪੁਰਸਕਾਰ ਵਿੱਚ 21,000 ਰੁਪਏ ਨਕਦ, ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਜਨਵਰੀ 2026 ਵਿੱਚ ਹੋਣ ਵਾਲੇ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਸਕਾਰ ਦਾ ਫ਼ੈਸਲਾ ਗੁਪਤ ਸਰਵੇ ਦੇ ਆਧਾਰ ਉੱਤੇ ਅਤੇ ਮਾਹਿਰਾਂ ਦੀ ਕਮੇਟੀ ਵਲੋਂ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਪੁਰਸਕਾਰ ਸਰਬਜੀਤ ਕੌਰ ਜੱਸ, ਮਦਨ ਵੀਰਾ, ਸੁਰਿੰਦਰ ਗਿੱਲ ਜੈਪਾਲ, ਅਰਤਿੰਦਰ ਸੰਧੂ ਅਤੇ ਵਿਜੇ ਵਿਵੇਕ  ਨੂੰ ਮਿਲ ਚੁੱਕਿਆ ਹੈ। 

 

 

 

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.