Thursday, 23 April 2026

ਮਾਮਲੇ ਦੀ ਅਗਲੀ ਸੁਣਵਾਈ ਹੁਣ 3 ਜਨਵਰੀ ਨੂੰ ਹੋਵੇਗੀ

ਮੁਹਾਲੀ/ਬਿਊਰੋ ਨਿਊਜ਼

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਜੇਲ੍ਹ ’ਚ ਹਨ। ਮੁਹਾਲੀ ਦੀ ਅਦਾਲਤ ਵਿਚ ਇਸ ਮਾਮਲੇ ’ਤੇ ਸੁਣਵਾਈ ਹੋਈ, ਪਰ ਮਜੀਠੀਆ ਖਿਲਾਫ ਦੋਸ਼ ਤੈਅ ਨਹੀਂ ਹੋ ਸਕੇ। ਹੁਣ ਮਜੀਠੀਆ ਖਿਲਾਫ ਅਗਲੇ ਸਾਲ 2026 ਵਿਚ ਦੋਸ਼ ਤੈਅ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਅਦਾਲਤ ਵਿਚ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 3 ਜਨਵਰੀ ਨੂੰ ਹੋਵੇਗੀ। ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਖਿਲਾਫ 22 ਅਗਸਤ ਨੂੰ ਮੁਹਾਲੀ ਅਦਾਲਤ ਵਿਚ ਵਿਜੀਲੈਂਸ ਨੇ ਚਲਾਨ ਪੇਸ਼ ਕੀਤਾ ਸੀ। ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ 25 ਜੂੁਨ ਨੂੰ ਅੰਮਿ੍ਰਤਸਰ ਤੋਂ ਗਿ੍ਰਫਤਾਰ ਕੀਤਾ ਸੀ। ਮਜੀਠੀਆ ਖਿਲਾਫ ਇਲਜ਼ਾਮ ਹਨ ਕਿ ਉਨ੍ਹਾਂ ਨੇ ਆਪਣੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਹੈ।

ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਦੇ ਹਵਾਈ ਅੱਡੇ ’ਤੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਮਲੇਸ਼ੀਆ ਤੋਂ ਡਿਪੋਰਟ ਹੋ ਕੇ ਆਏ ਕੁਝ ਨੌਜਵਾਨ ਮਿਲੇ ਹਨ। ਇਸ ਸਬੰਧੀ ਇਕ ਵੀਡੀਓ ਗੁਰਜੀਤ ਸਿੰਘ ਔਜਲਾ ਨੇ ਸਾਂਝੀ ਕੀਤੀ ਹੈ। ਇਹ ਨੌਜਵਾਨ ਟੂਰਿਸਟ ਅਤੇ ਰੁਜ਼ਗਾਰ ਵੀਜ਼ਿਆਂ ’ਤੇ ਮਲੇਸ਼ੀਆ ਗਏ ਹੋਏ ਸਨ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮਲੇਸ਼ੀਆ ਸਰਕਾਰ ਅਤੇ ਏਅਰਪੋਰਟ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨਾਲ ਬਹੁਤ ਹੀ ਅਪਮਾਨਜਨਕ ਵਿਵਹਾਰ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਜ਼ਿਆਦਾਤਰ ਪੰਜਾਬੀ ਭਾਈਚਾਰੇ ਦੇ ਵਿਅਕਤੀਆਂ ਨਾਲ ਬਹੁਤ ਹੀ ਅਪਮਾਨਜਨਕ ਵਿਵਹਾਰ ਕੀਤਾ ਜਾਂਦਾ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਭਾਰਤੀ ਨਾਗਰਿਕ ਨਾਲ ਵਿਦੇਸ਼ਾਂ ਦੀ ਧਰਤੀ ’ਤੇ ਇਸ ਤਰ੍ਹਾਂ ਦਾ ਸਲੂਕ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਨੌਜਵਾਨਾਂ ਦੀ ਸੁਰੱਖਿਆ ਅਤੇ ਹੱਕਾਂ ਲਈ ਹਮੇਸ਼ਾ ਖੜ੍ਹੇ ਰਹਾਂਗੇ। ਔਜਲਾ ਨੇ ਕਿਹਾ ਕਿ ਇਹ ਮਾਮਲਾ ਜਲਦ ਹੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਧਿਆਨ ਵਿਚ ਲਿਆਂਦਾ ਜਾਵੇਗਾ।

ਕਈ ਕਲਾਕਾਰ ਪੂਰਨ ਸ਼ਾਹਕੋਟੀ ਦੀ ਅੰਤਿਮ ਵਿਦਾਈ ਮੌਕੇ ਪਹੁੰਚੇ

ਜਲੰਧਰ/ਬਿਊਰੋ ਨਿਊਜ਼ 

ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਗਾਇਕ ਪੂਰਨ ਸ਼ਾਹਕੋਟੀ ਨੂੰ ਜਲੰਧਰ ਵਿਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਧਿਆਨ ਰਹੇ ਕਿ ਪੂਰਨ ਸ਼ਾਹਕੋਟੀ ਦਾ ਲੰਘੇ ਕੱਲ੍ਹ 72 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਪੂਰਨ ਸ਼ਾਹਕੋਟੀ ਨੂੰ ਉਨ੍ਹਾਂ ਦੀ ਇੱਛਾ ਦੇ ਮੁਤਾਬਕ ਉਨ੍ਹਾਂ ਦੇ ਘਰ ਦੇ ਨੇੜੇ ਅੰਤਿਮ ਵਿਦਾਈ ਦਿੱਤੀ ਗਈ। ਉਸਤਾਦ ਪੂਰਨ ਸ਼ਾਹਕੋਟੀ ਦੀ ਆਖਰੀ ਇੱਛਾ ਇਹੀ ਸੀ ਕਿ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਸ਼ਮਸ਼ਾਨ ਘਾਟ ਨਾ ਲਿਜਾਇਆ ਜਾਵੇ। ਪੂਰਨ ਸ਼ਾਹਕੋਟੀ ਨੂੰ ਅੰਤਿਮ ਵਿਦਾਈ ਦੇਣ ਲਈ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਤੋਂ ਇਲਾਵਾ ਕਲਾਕਾਰ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਵਿਅਕਤੀ ਵੀ ਪਹੁੰਚੇ ਹੋਏ ਸਨ। ਇਸੇ ਦੌਰਾਨ ਮਾਸਟਰ ਸਲੀਮ ਨੇ ਮੀਡੀਆ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਪਿਤਾ ਦੀਆਂ ਅੰਤਿਮ ਰਸਮਾਂ ਅਤੇ ਸਪੁਰਦ-ਏ-ਖਾਕ ਕਰਨ ਦੀ ਵੀਡੀਓਗ੍ਰਾਫੀ ਨਾ ਕੀਤੀ ਜਾਵੇ। 

ਜਲੰਧਰ/ਬਿਊਰੋ ਨਿਊਜ਼
ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਗਾਇਕ ਪੂਰਨ ਸ਼ਾਹਕੋਟੀ ਦਾ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਉਮਰ 72 ਸਾਲ ਸੀ। ਮਰਹੂਮ ਉਸਤਾਦ ਪੂਰਨ ਸ਼ਾਹਕੋਟੀ ਸੂਬੇ ਦੇ ਰਾਜ ਗਾਇਕ ਹੰਸ ਰਾਜ ਹੰਸ ਦੇ ਸੰਗੀਤ ਗੁਰੂ ਸਨ। ਉਸਤਾਦ ਪੂਰਨ ਸ਼ਾਹਕੋਟੀ ਦੀ ਮੌਤ ’ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਗਾਇਕ ਅਤੇ ਕਲਾਕਾਰਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਸਤਾਦ ਪੂਰਨ ਸ਼ਾਹਕੋਟੀ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਵੱਡਾ ਆਦਰ ਅਤੇ ਮਾਣ ਹਾਸਲ ਸੀ। ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੌਰਾਨ ਮਾਸਟਰ ਸਲੀਮ, ਹੰਸ ਰਾਜ ਹੰਸ ਅਤੇ ਸਾਬਰਕੋਟੀ ਵਰਗੇ ਕਈ ਮਸ਼ਹੂਰ ਗਾਇਕਾਂ ਨੂੰ ਤਰਾਸ਼ ਕੇ ਪੰਜਾਬੀ ਸੰਗੀਤ ਨੂੰ ਨਵੀਂ ਪਹਿਚਾਣ ਦਿੱਤੀ। ਉਨ੍ਹਾਂ ਦੀ ਸਾਦਗੀ, ਰਿਆਜ਼ ਅਤੇ ਸੰਗੀਤ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

30 ਦਸੰਬਰ ਨੂੰ 11 ਵਜੇ ਸ਼ੁਰੂ ਹੋਵੇਗਾ ਇਜਲਾਸ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਮਗਨਰੇਗਾ ਦਾ ਨਾਮ ਬਦਲਣ ਅਤੇ ਬੁਨਿਆਦੀ ਢਾਂਚੇ ਵਿਚ ਕੀਤੇ ਬਦਲਾਅ ਖਿਲਾਫ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਇਜਲਾਸ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਵਿਸ਼ੇਸ਼ ਇਜਲਾਸ ਆਉਂਦੀ 30 ਦਸੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। 

ਮੰਡੀ ਗੋਬਿੰਦਗੜ੍ਹ : ਪਬਲਿਕ ਅਗੇਂਸਟ ਅਡੁਲਟਰੇਸ਼ਨ ਵੈਲਫੇਅਰ ਐਸੋਸੀਏਸ਼ਨ (ਪਾਵਾ) ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਸਹਿਯੋਗ ਨਾਲ ਸੈਕਟਰ-17 ਪਲਾਜ਼ਾ, ਚੰਡੀਗੜ੍ਹ ਵਿਖੇ 'ਕੈਂਡਲ ਮਾਰਚ ਫਾਰ ਸੇਫ ਫੂਡ' ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਸ ਰੈਲੀ ਵਿੱਚ ਵਿਦਿਆਰਥੀ, ਸੀਨੀਅਰ ਨਾਗਰਿਕਾਂ, ਨੌਜਵਾਨ ਸਮੂਹਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਕੈਂਡਲ ਮਾਰਚ ਦਾ ਉਦਘਾਟਨ ਜਸਟਿਸ ਜੋਰਾ ਸਿੰਘ, ਸਾਬਕਾ ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਕੀਤਾ। ਇਸ ਮੌਕੇ ਡਾ. ਸੁਰਿੰਦਰ ਕੌਰ, ਡਿਪਟੀ ਡਾਇਰੈਕਟਰ, ਸਿਹਤ ਸੇਵਾਵਾਂ, ਪੰਜਾਬ, ਮਹਿਮਾਨ ਵਜੋਂ ਅਤੇ ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਅਤੇ ਸ਼੍ਰੀ ਮਨਜੀਤ ਸਿੰਘ ਵੀ ਹਾਜ਼ਿਰ ਸਨ।
ਕੈਂਡਲ ਮਾਰਚ ਵਿੱਚ ਸ਼੍ਰੀ ਅਵਤਾਰ ਸਿੰਘ, ਸਹਾਇਕ ਡਾਇਰੈਕਟਰ (ਮੀਡੀਆ), ਦੇਸ਼ ਭਗਤ ਯੂਨੀਵਰਸਿਟੀ; ਐਡਵੋਕੇਟ. ਅਮਰਜੀਤ ਸਿੰਘ, ਰਾਸ਼ਟਰੀ ਪ੍ਰਧਾਨ, ਪਾਵਾ; ਸ਼੍ਰੀ. ਭੁਪਿੰਦਰ ਸਿੰਘ, ਆਈਏਐਸ, ਸਲਾਹਕਾਰ; ਸ਼੍ਰੀ ਸੁਖਵਿੰਦਰਪਾਲ ਸਿੰਘ, ਪੀਸੀਐਸ, ਸਲਾਹਕਾਰ ਬੀਰਿੰਦਰ ਸਿੰਘ, ਸੈਸ਼ਨ ਜੱਜ (ਸੇਵਾਮੁਕਤ), ਸੀਨੀਅਰ ਉਪ-ਪ੍ਰਧਾਨ; ਕੈਪਟਨ ਬਲਵਿੰਦਰ ਸਿੰਘ, ਉਪ-ਪ੍ਰਧਾਨ; ਐਡਵੋਕੇਟ ਕੁਲਵੰਤ ਸਿੰਘ ਲਹਿਰਾ, ਆਈਆਰਐਸ, ਸੰਯੁਕਤ ਸਕੱਤਰ; ਸ਼੍ਰੀ ਕੁਲਵੰਤ ਸਿੰਘ ਪੂਰਬਾ, ਸੰਯੁਕਤ ਸਕੱਤਰ; ਐਡਵੋਕੇਟ ਯਾਦਬਿੰਦਰਪਾਲ ਸਿੰਘ, ਕਾਨੂੰਨੀ ਸਲਾਹਕਾਰ; ਸ਼੍ਰੀ ਨਿਰੰਜਨ ਸਿੰਘ, ਖਜ਼ਾਨਚੀ; ਸ਼੍ਰੀ ਸੁਰਿੰਦਰ ਸਿੰਘ ਬੱਬਰ, ਆਈਆਰਐਸ, ਕਾਰਜਕਾਰੀ ਮੈਂਬਰ; ਡਾ. ਜਸਵੰਤ ਸਿੰਘ, ਪੀਸੀਐਮਐਸ (ਸੇਵਾਮੁਕਤ), ਪ੍ਰਧਾਨ, ਚੰਡੀਗੜ੍ਹ ਯੂਨਿਟ; ਐਡਵੋਕੇਟ ਸੌਰਵ ਮਹਿਤਾ, ਸਕੱਤਰ, ਚੰਡੀਗੜ੍ਹ; ਅਤੇ ਸ਼੍ਰੀ ਸੁਰਜੀਤ ਸਿੰਘ ਭਟੋਆ ਸ਼ਾਮਿਲ  ਸਨ।
ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਅਹੁਦੇਦਾਰ ਸ਼੍ਰੀ ਗੁਰਦੀਪ ਸਿੰਘ, ਜ਼ਿਲ੍ਹਾ ਪ੍ਰਧਾਨ, ਪਟਿਆਲਾ; ਸ਼੍ਰੀ ਕੌਸ਼ਲ ਰਾਓ ਸਿੰਗਲਾ, ਜ਼ਿਲ੍ਹਾ ਸਕੱਤਰ, ਪਟਿਆਲਾ; ਐਡਵੋਕੇਟ ਕੇਸ਼ਵ ਕੁਮਾਰ, ਜ਼ਿਲ੍ਹਾ ਪ੍ਰਧਾਨ, ਫਤਿਹਗੜ੍ਹ ਸਾਹਿਬ; ਅਤੇ ਐਡਵੋਕੇਟ ਅਸਲਮ ਖਾਨ, ਜ਼ਿਲ੍ਹਾ ਸਕੱਤਰ ਸ਼ਾਮਲ ਸਨ।
ਦੇਸ਼ ਭਗਤ ਯੂਨੀਵਰਸਿਟੀ ਅਤੇ ਦੋਆਬਾ ਗਰੁੱਪ ਆਫ਼ ਕਾਲਜ ਦੇ ਸਹਿਯੋਗ ਨਾਲ ਪਾਵਾ ਸੈਮੀਨਾਰ ਕਰਵਾ ਕੇ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਜੋ ਮਿਲਾਵਟੀ ਭੋਜਨ, ਜੰਕ ਫੂਡ ਅਤੇ ਅਲਟਰਾਪ੍ਰੋਸੈਸਡ ਭੋਜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾ ਰਹੀ ਹੈ। ਕੈਂਡਲ ਮਾਰਚ ਵਿੱਚ 300 ਤੋਂ ਵੱਧ ਭਾਗੀਦਾਰਾਂ ਨੇ  ਮਿਲਾਵਟ, ਰਸਾਇਣਾਂ ਦੇ ਵਧ ਰਹੇ ਖ਼ਤਰੇ ਅਤੇ ਜੰਕ ਫੂਡਜ਼ ਦੇ ਸਿਹਤ ਉਪਰ ਪੈ ਰਹੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਿਸ ਨਾਲ ਮੋਟਾਪਾ, ਦਿਲ ਦੀ ਬਿਮਾਰੀ, ਬਾਂਝਪਨ, ਗੁਰਦੇ ਦੀ ਬਿਮਾਰੀ, ਬੱਚਿਆਂ ਵਿੱਚ ਬੌਣਾਪਣ, ਸ਼ੁਰੂਆਤੀ ਬਚਪਨ ਅਤੇ ਭਾਰਤ ਵਿੱਚ ਕੈਂਸਰ ਦੀ ਦਰ ਵਿੱਚ ਵਾਧਾ ਹੋ ਰਿਹਾ ਹੈ

 

ਚੰਡੀਗੜ੍ਹ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਵੀਰ ਬਾਲ ਦਿਵਸ’ ਨਾਂ ਉਤੇ ਸਵਾਲ ਚੁੱਕੇ ਹਨ। ਖਹਿਰਾ ਨੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀ ਯਾਦ ਵਿਚ ਮਨਾਏ ਜਾਣ ਵਾਲੇ ਸਮਾਗਮ ਨੂੰ ‘ਵੀਰ ਬਾਲ ਦਿਵਸ’ ਦੇ ਨਾਂ ਨਾਲ ਸੰਬੋਧਨ ਕਰਨ ਦੇ ਫੈਸਲੇ ’ਤੇ ਸਖਤ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾਮ ਸਾਹਿਬਜ਼ਦਿਆਂ ਦੀ ਬੇਮਿਸਾਲ ਬਹਾਦਰੀ, ਸ਼ਹੀਦੀ ਅਤੇ ਇਤਿਹਾਸਕ ਮਹੱਤਤਾ ਦੀ ਤੌਹੀਨ ਹੈ, ਜਿਨ੍ਹਾਂ ਨੇ ਮੁਗਲ ਸਾਮਰਾਜ ਦੇ ਜ਼ੁਲਮ ਖਿਲਾਫ ਡਟ ਕੇ ਮੁਕਾਬਲਾ ਕੀਤਾ। ਖਹਿਰਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨਾਮ ’ਤੇ ਤੁਰੰਤ ਪੁਨਰ ਵਿਚਾਰ ਕੀਤਾ ਜਾਵੇ ਅਤੇ ਐਸਾ ਨਾਮ ਅਪਣਾਇਆ ਜਾਵੇ, ਜੋ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਵਿਸ਼ਵ ਭਰ ਦੀ ਸਿੱਖ ਕੌਮ ਦੀ ਸਾਂਝੀ ਭਾਵਨਾ ਦੇ ਅਨੁਕੂਲ ਹੋਵੇ। ਖਹਿਰਾ ਨੇ ਕਿਹਾ ਕਿ ਸ਼ਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਘਟਾਉਣ ਅਤੇ ਨਿਮਾਣਾ ਕਰਨ ਦੀ ਕੋਈ ਵੀ ਕੋਸ਼ਿਸ਼ ਕਬੂਲਯੋਗ ਨਹੀਂ ਹੋਵੇਗੀ ਅਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੇਗੀ।   

 

 

 

  

ਫਾਜ਼ਿਲਕਾ/ਬਿਊਰੋ ਨਿਊਜ਼

ਪੰਜਾਬ ਦੇ ਫਾਜ਼ਿਲਕਾ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਤਾਰ ਸਿੱਧੇ ਭਗਵਾਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਸਿੱਧੀ ਗੱਲਬਾਤ ਭਗਵਾਨ ਨਾਲ ਹੁੰਦੀ ਹੈ। ਜਿਆਣੀ ਨੇ ਕਿਹਾ ਕਿ  ਉਹ ਜਿਸਦੇ ਸਿਰ ’ਤੇ ਹੱਥ ਰੱਖ ਦਿੰਦੇ ਹਨ, ਉਹ ਵਿਧਾਇਕ ਬਣ ਜਾਂਦਾ ਹੈ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਤੋਂ ਬੱਸ ਇਕ ਗਲਤੀ ਹੋਈ ਹੈ ਕਿ ਉਨ੍ਹਾਂ ਨੇ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਨਰਿੰਦਰਪਾਲ ਸਵਨਾ ਦੇ ਸਿਰ ’ਤੇ ਹੱਥ ਰੱਖ ਦਿੱਤਾ ਸੀ, ਜੋ ਵਿਧਾਇਕ ਬਣ ਗਿਆ। ਜਿਆਣੀ ਦੇ ਇਸ ਦਾਅਵੇ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਵਨਾ ਦੇ ਇਕ ਨੇੜਲੇ ਸਾਥੀ ਨੇ ਕਿਹਾ ਕਿ ਮੌਜੂਦਾ ਵਿਧਾਇਕ ਨਰਿੰਦਰਪਾਲ ਸਵਨਾ ਜਦੋਂ ਅਕਾਲੀ-ਭਾਜਪਾ ਸਰਕਾਰ ਸਮੇਂ ਸੁਰਜੀਤ ਜਿਆਣੀ ਦੇ ਨਾਲ ਸਨ, ਤਾਂ ਉਦੋਂ ਸੁਰਜੀਤ ਜਿਆਣੀ ਨੇ ਹੀ ਉਸਦੇ ਸਿਰ ’ਤੇ ਹੱਥ ਰੱਖ ਦਿੱਤਾ ਸੀ ਅਤੇ ਜਦੋਂ ਹੁਣ ਨਰਿੰਦਰਪਾਲ ਸਵਨਾ ਵਿਧਾਇਕ ਬਣ ਗਏ ਤਾਂ ਜਿਆਣੀ ਨੂੰ ਬਰਦਾਸ਼ਤ ਨਹੀਂ ਹੋ ਰਿਹਾ।

ਔਨਲਾਈਨ ਫਰਾਡ ਅਤੇ ਮਾਨਸਿਕ ਪ੍ਰੇਸ਼ਾਨੀ ਵਾਲਾ ਮਿਲਿਆ ਨੋਟ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਪੁਲਿਸ ਦੇ ਸਾਬਕਾ ਆਈ.ਪੀ.ਐਸ. ਅਧਿਕਾਰੀ ਅਮਰ ਸਿੰਘ ਚਾਹਲ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਅਮਰ ਸਿੰਘ ਚਾਹਲ ਦਾ ਪਟਿਆਲਾ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੂੰ ਘਟਨਾ ਸਥਾਨ ਤੋਂ ਇਕ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਇਕ ਔਨਲਾਈਨ ਫਰਾਡ ਕਾਰਨ ਹੋਏ ਆਰਥਿਕ ਨੁਕਸਾਨ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਜ਼ਿਕਰ ਕੀਤਾ ਗਿਆ ਹੈ। ਪਟਿਆਲਾ ਦੇ ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਤੁਰੰਤ ਅਮਰ ਸਿੰਘ ਚਾਹਲ ਦੇ ਘਰ ਪਹੁੰਚੀਆਂ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰ ਸਿੰਘ ਚਾਹਲ 2015 ਦੇ ਬਹੁ-ਚਰਚਿਤ ਫਰੀਦਕੋਟ ਗੋਲੀਕਾਂਡ ਦੇ ਮੁਲਜ਼ਮਾਂ ਵਿਚੋਂ ਵੀ ਇਕ ਹੈ ਅਤੇ ਉਸ ਸਮੇਂ ਉਹ ਡੀ.ਆਈ.ਜੀ. ਵਜੋਂ ਤਾਇਨਾਤ ਸੀ।

ਨਵੀਂ ਦਿੱਲੀ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ। ਇਸਦੇ ਚੱਲਦਿਆਂ ਮਜੀਠੀਆ ਨੇ ਆਪਣੀ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਇਸੇ ਦੌਰਾਨ ਸੁਪਰੀਮ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕੀਤੀ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਚਾਰ ਹਫਤਿਆਂ ਦੇ ਅੰਦਰ-ਅੰਦਰ ਆਪਣਾ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ।  

 

 

 

  

ਪੰਚਾਇਤੀ ਚੋਣਾਂ ਦੌਰਾਨ ਹੋਏ ਝਗੜੇ ਨਾਲ ਜੁੜਿਆ ਹੈ ਮਾਮਲਾ
ਫਿਰੋਜ਼ਪੁਰ/ਬਿਊਰੋ ਨਿਊਜ਼
ਫਿਰੋਜ਼ਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਮਾਨ ਨੂੰ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਦੀ ਜ਼ਮਾਨਤ ਦੀ ਖਬਰ ਸੁਣਦਿਆਂ ਹੀ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਨਰਦੇਵ ਸਿੰਘ ਮਾਨ ਦੇ ਭਰਾ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਮਾਨਯੋਗ ਹਾਈਕੋਰਟ ਵਲੋਂ ਪੰਚਾਇਤੀ ਚੋਣਾਂ ਦੌਰਾਨ ਹੋਏ ਝਗੜੇ ਦੇ ਮਾਮਲੇ ਵਿਚ ਜ਼ਮਾਨਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀ.ਡੀ.ਪੀ.ਓ. ਦਫਤਰ ਵਿਖੇ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਦੌਰਾਨ ਗੋਲੀ ਚੱਲਣ ਦੇ ਮਾਮਲੇ ਵਿਚ ਨਰਦੇਵ ਸਿੰਘ ਬੌਬੀ ਮਾਨ ਅਤੇ ਉਨ੍ਹਾਂ ਦੇ ਵੱਡੇ ਭਰਾ ਵਰਦੇਵ ਸਿੰਘ ਨੋਨੀ ਮਾਨ ਦੇ ਖਿਲਾਫ ਪਰਚਾ ਦਰਜ ਹੋਇਆ ਸੀ, ਜਿਸ ਤੋਂ ਬਾਅਦ ਨਰਦੇਵ ਸਿੰਘ ਬੌਬੀ ਮਾਨ ਕਾਫੀ ਸਮੇਂ ਤੋਂ ਜੇਲ੍ਹ ਵਿਚ ਸਨ ਅਤੇ ਉਨ੍ਹਾਂ ਦੇ ਵੱਡੇ ਭਰਾ ਵਰਦੇਵ ਸਿੰਘ ਨੋਨੀ ਮਾਨ ਵੀ ਇਸ ਸਮੇਂ ਜੇਲ੍ਹ ਵਿਚ ਹਨ।  

ਆਉਂਦੇ ਦੋ ਦੌਰਾਨ ਵਿਚ ਹਲਕਾ ਮੀਂਹ ਪੈਣ ਦੀ ਵੀ ਸੰਭਾਵਨਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ, ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ਵਿਚ ਪੈ ਰਹੀ ਸੰਘਣੀ ਧੁੰਦ ਨੇ ਆਮ ਜਨ-ਜੀਵਨ ਪ੍ਰਭਾਵਿਤ ਕੀਤਾ ਹੈ ਅਤੇ ਠੰਡ ਨੇ ਵੀ ਜ਼ੋਰ ਫੜ ਲਿਆ ਹੈ। ਇਸ ਸੰਘਣੀ ਧੁੰਦ ਨਾਲ ਜਿੱਥੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ, ਉਥੇ ਹਵਾਈ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਪੰਜਾਬ ਵਿਚ ਕਈ ਥਾਵਾਂ ’ਤੇ ਧੁੰਦ ਕਾਰਨ ਗੱਡੀਆਂ ਦੇ ਆਪਸ ਵਿਚ ਭਿੜਨ ਦੀਆਂ ਖਬਰਾਂ ਆ ਰਹੀਆਂ ਹਨ। ਸਕੂਲ ਜਾਣ ਵਾਲੇ ਛੋਟੇ ਬੱਚਿਆਂ ਨੂੰ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਚੱਲਦਿਆਂ ਨਵਾਂਸ਼ਹਿਰ ਸੂਬੇ ਦਾ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ ਹੈ।  ਮੌਸਮ ਵਿਭਾਗ ਨੇ ਭਲਕੇ ਸ਼ਨੀਵਾਰ ਨੂੰ ਵੀ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ ਅਤੇ ਨਾਲ ਹੀ ਭਲਕੇ 20 ਦਸੰਬਰ ਤੋਂ 22 ਦਸੰਬਰ ਤੱਕ ਕੁਝ ਇਲਾਕਿਆਂ ਵਿਚ ਹਲਕਾ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਅਜਿਹੇ ਧੁੰਦ ਦੇ ਮੌਸਮ ਵਿਚ ਬਗੈਰ ਕੰਮ ਤੋਂ ਬਾਹਰ ਨਾ ਜਾਇਆ ਜਾਵੇ।

 

 

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.