Thursday, 23 April 2026

ਜਥੇਦਾਰ ਨੇ ਪੰਜਾਬ ਸਰਕਾਰ ਨੂੰ ਸਿੱਖ ਸਿਧਾਂਤਾਂ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀ ਦੀ ਨਿਯੁਕਤੀ ਕਰਨ ਲਈ ਕਿਹਾ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਦ ਨੂੰ ਆਖਿਆ ਕਿ ਉਹ ਆਪਣੇ ਵਿਭਾਗ ਵਿੱਚ ਕੋਈ ਗੁਰਸਿੱਖ ਅਤੇ ਸਿੱਖ ਧਰਮ ਦੇ ਗਿਆਤਾ ਅਧਿਕਾਰੀ ਨੂੰ ਨਿਯੁਕਤ ਕਰਨ ਤਾਂ ਕਿ ਭਵਿੱਖ ਵਿੱਚ ਸਿੱਖ ਧਰਮ ਸਬੰਧੀ ਕੋਈ ਗਲਤੀ ਨਾ ਹੋਵੇ। ਮੰਤਰੀ ਸੌਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਪੁੱਜੇ ਸਨ। ਧਿਆਨ ਰਹੇ ਕਿ ਬੀਤੇ ਦਿਨੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਮਿਊਜ਼ੀਅਮ ਵਿੱਚ ਸਥਾਪਿਤ ਕੀਤੀਆਂ ਗਈਆਂ ਕੁਝ ਤਸਵੀਰਾਂ ਦੇ ਮਾਮਲੇ ਵਿੱਚ ਮਰਿਆਦਾ ਦੀ ਉਲੰਘਣਾ ਦੇ ਦੋਸ਼ ਹੇਠ ਉਨ੍ਹਾਂ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਸੀ। ਉਨ੍ਹਾਂ ਨੇ ਅੱਜ ਆਪਣਾ ਤੇ ਆਪਣੇ ਵਿਭਾਗ ਵੱਲੋਂ ਇੱਕ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪਿਆ। ਜਥੇਦਾਰ ਗੜਗੱਜ ਨਾਲ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਮੰਤਰੀ ਸੌਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਸ਼ਤਾਬਦੀ ਮਨਾਉਣ ਸਮੇਂ ਸਿੱਖ ਵਿਦਵਾਨਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਦੇ ਮੁਤਾਬਕ ਹੀ ਸਮਾਗਮ ਕੀਤੇ ਗਏ ਸਨ। ਇਸੇ ਦੌਰਾਨ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਵੀ ਜਥੇਦਾਰ ਨੂੰ ਸਪੱਸ਼ਟਕਰਨ ਦੇਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਦੀਵਾਨ ਦੇ ਅੰਮਿ੍ਰਤਧਾਰੀ ਮੈਂਬਰਾਂ ਦੀ ਗਿਣਤੀ ਬਾਰੇ ਸਪੱਸ਼ੀਟਕਰਨ ਦੇ ਦਿੱਤਾ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਵਿਚ ਠੰਡ ਨੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ ਹੈ। ਲੰਘੇ ਕੱਲ੍ਹ ਨਵੇਂ ਸਾਲ ਮੌਕੇ ਕਈ ਇਲਾਕਿਆਂ ਵਿਚ ਪਏ ਮੀਂਹ ਨੇ ਠੰਡ ਵਿਚ ਵਾਧਾ ਕਰ ਦਿੱਤਾ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਹਿਮਾਚਲ ਵਿਚ ਬਰਫਬਾਰੀ ਅਤੇ ਪੰਜਾਬ ਵਿਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ 7 ਜਨਵਰੀ ਤੱਕ ਲੋਕਾਂ ਨੂੰ ਧੁੰਦ ਅਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਰਾਤਾਂ ਜ਼ਿਆਦਾ ਠੰਡੀਆਂ ਹੋਣਗੀਆਂ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਉਚੇ ਇਲਾਕਿਆਂ ਵਿਚ ਬਰਫਬਾਰੀ ਹੋਈ ਹੈ ਅਤੇ ਹੋਰ ਵੀ ਬਰਫਬਾਰੀ ਹੋ ਸਕਦੀ ਹੈ। ਇਸਦੇ ਚੱਲਦਿਆਂ ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਠੰਡ ਦੇ ਮੌਸਮ ਵਿਚ ਬਗੈਰ ਕੰਮ ਤੋਂ ਘਰਾਂ ਤੋਂ ਬਾਹਰ ਨਾ ਜਾਇਆ ਜਾਵੇ ਅਤੇ ਆਪਣੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਵੇ। ਇਹ ਵੀ ਕਿਹਾ ਗਿਆ ਕਿ ਅਜਿਹੇ ਧੁੰਦ ਦੇ ਮੌਸਮ ਵਿਚ ਵਾਹਨਾਂ ਨੂੰ ਬਹੁਤਾ ਤੇਜ਼ ਨਾਲ ਚਲਾਇਆ ਜਾਵੇ। 

 

ਮੰਡੀ ਗੋਬਿੰਦਗੜ੍ਹ, 2 ਜਨਵਰੀ : ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਨੇ ਕ੍ਰਿਸਮਸ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀ ਇਸ ਮੌਸਮ ਦੀ ਖੁਸ਼ੀ ਸਾਂਝੀ ਕਰਨ ਅਤੇ ਸੱਭਿਆਚਾਰਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਹੋਏ ਸਨ। ਕੈਂਪਸ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ, ਜੋ ਸ਼ਾਂਤੀ, ਪਿਆਰ ਅਤੇ ਵਿਸ਼ਵਵਿਆਪੀ ਏਕਤਾ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਦਰਸਾਉਂਦਾ ਸੀ।
ਇਹ ਜਸ਼ਨ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਡੀਕਨ ਜੇ. ਸੈਮੂਅਲ ਕਮਾਂਡਾ ਦੁਆਰਾ "ਵਿਸ਼ਵਾਸ ਦੀ ਸ਼ਕਤੀ" ਵਿਸ਼ੇ 'ਤੇ ਪ੍ਰਾਰਥਨਾਵਾਂ, ਪੂਜਾ ਗੀਤ ਅਤੇ ਬਾਈਬਲ ਉਪਦੇਸ਼ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਸੁਰੀਲੇ ਗੀਤ ਵੀ ਪੇਸ਼ ਕੀਤੇ, ਜਿਸ ਨਾਲ ਤਿਉਹਾਰੀ ਮਾਹੌਲ ਵਿੱਚ ਜੀਵੰਤਤਾ ਅਤੇ ਨਿੱਘ ਵਧਿਆ।
ਯੂਨੀਵਰਸਿਟੀ ਦੇ ਅਧਿਕਾਰੀਆਂ ਜਿਨ੍ਹਾਂ ਵਿੱਚ ਚਾਂਸਲਰ ਡਾ ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਰਜਿੰਦਰ ਕੌਰ  ਵਾਈਸ-ਚਾਂਸਲਰ ਡਾ ਹਰਸ਼ ਸਦਾਵਰਤੀ ਅਤੇ ਡਾ ਸੁਰਜੀਤ ਕੌਰ ਪਥੇਜਾ   ਸ਼ਾਮਲ ਸਨ, ਨੇ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕਰਨ ਲਈ ਪ੍ਰਸ਼ੰਸਾ ਪੱਤਰ ਪੇਸ਼ ਕੀਤੇ ਗਏ।
ਇਹ ਪ੍ਰੋਗਰਾਮ ਫੈਲੋਸ਼ਿਪ ਅਤੇ ਰਿਫਰੈਸ਼ਮੈਂਟ ਨਾਲ ਸਮਾਪਤ ਹੋਇਆ, ਜੋ ਕਿ ਸੱਭਿਆਚਾਰਕ ਸਦਭਾਵਨਾ, ਸਮਾਵੇਸ਼ ਅਤੇ ਵਿਸ਼ਵ ਪੱਧਰ 'ਤੇ ਖੁਸ਼ਹਾਲ ਕੈਂਪਸ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਡੀਬੀਯੂ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।


ਮੰਡੀ ਗੋਬਿੰਦਗੜ੍ਹ, 1 ਜਨਵਰੀ: ਭਾਰਤੀ ਉੱਚ ਸਿੱਖਿਆ ਲਈ ਇਹ ਇਕ ਮਾਣ ਵਾਲੀ ਗੱਲ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼, ਲੰਡਨ ਦੁਆਰਾ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਮਈ 2026 ਵਿੱਚ ਯੂਕੇ ਸੰਸਦ ਦੇ ਹਾਊਸ ਆਫ਼ ਲਾਰਡਜ਼ ਵਿਖੇ 10ਵੇਂ ਪੁਰਸਕਾਰ ਸਮਾਰੋਹ ਦੌਰਾਨ ਰਸਮੀ ਤੌਰਤੇ ਸਰਟੀਫਿਕੇਟ ਆਫ਼ ਐਕਸੀਲੈਂਸ ਪੇਸ਼ ਕੀਤਾ ਜਾਵੇਗਾ
ਇਹ ਸਨਮਾਨ ਡਾ. ਜ਼ੋਰਾ ਸਿੰਘ ਦੀਆਂ ਸ਼ਾਨਦਾਰ ਪ੍ਰਾਪਤੀਆਂ, ਦੂਰਦਰਸ਼ੀ ਅਗਵਾਈ ਅਤੇ ਸਿੱਖਿਆ, ਸੰਸਥਾ-ਨਿਰਮਾਣ ਅਤੇ ਰਾਸ਼ਟਰ-ਨਿਰਮਾਣ ਵਿੱਚ ਜੀਵਨ ਭਰ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਦਿੱਤਾ ਜਾ ਰਿਹਾ ਹੈ ਹਾਊਸ ਆਫ਼ ਲਾਰਡਜ਼ ਵਿਖੇ ਇਹ ਸਨਮਾਨ ਅਕਾਦਮਿਕ ਖੇਤਰ ਅਤੇ ਸਮਾਜਤੇ ਉਨ੍ਹਾਂ ਦੇ ਸਥਾਈ ਪ੍ਰਭਾਵ ਦੀ ਵਿਸ਼ਵਵਿਆਪੀ ਮਾਨਤਾ ਨੂੰ ਦਰਸਾਉਂਦੀ ਹੈ
ਵਰਲਡ ਬੁੱਕ ਆਫ਼ ਰਿਕਾਰਡਜ਼ ਨੇ ਜ਼ਿਕਰ ਕੀਤਾ ਹੈ ਕਿ ਇਸ ਵਿਸ਼ੇਸ਼ ਪੇਸ਼ਕਾਰੀ ਦੀ ਇਸ ਲਈ ਯੋਜਨਾ ਬਣਾਈ ਗਈ ਹੈ ਕਿਉਂਕਿ ਡਾ. ਜ਼ੋਰਾ ਸਿੰਘ ਆਪਣੇ ਰੁਝੇਵਿਆਂ ਕਾਰਨ ਦਸੰਬਰ 2025 ਵਿੱਚ ਹਾਊਸ ਆਫ਼ ਕਾਮਨਜ਼ ਵਿਖੇ ਆਯੋਜਿਤ 9ਵੇਂ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ ਅਤੇ ਸੰਗਠਨ ਨੇ ਯੂਕੇ ਸੰਸਦ ਵਿੱਚ ਹੋਣ ਵਾਲੇ ਸਮਾਰੋਹ ਵਿੱਚ ਉਨ੍ਹਾਂ ਨੂੰ ਨਿੱਜੀ ਤੌਰਤੇ ਸਨਮਾਨਿਤ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ
ਇਸ ਮੌਕੇ ਧੰਨਵਾਦ ਪ੍ਰਗਟ ਕਰਦੇ ਹੋਏ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਮੈਂ ਇਸ ਮਾਨਤਾ ਨੂੰ ਉਨ੍ਹਾਂ ਸਾਰੇ ਸਿੱਖਿਅਕਾਂ, ਵਿਦਿਆਰਥੀਆਂ ਅਤੇ ਸੰਸਥਾਵਾਂ ਲਈ ਸਮੂਹਿਕ ਸਨਮਾਨ ਵਜੋਂ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ ਜੋ ਵਿਸ਼ਵਾਸ ਕਰਦੇ ਹਨ ਕਿ ਸਿੱਖਿਆ ਰਾਸ਼ਟਰ-ਨਿਰਮਾਣ ਅਤੇ ਸਮਾਜਿਕ ਤਬਦੀਲੀ ਲਈ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ ਇਹ ਮਾਨਤਾ ਇਕੱਲੇ ਵਿਅਕਤੀ ਦੀ ਨਹੀਂ ਹੈ, ਸਗੋਂ ਮੁੱਲ-ਅਧਾਰਿਤ, ਸਮਾਵੇਸ਼ੀ ਅਤੇ ਵਿਸ਼ਵ ਪੱਧਰਤੇ ਸੰਬੰਧਿਤ ਸਿੱਖਿਆ ਰਾਹੀਂ ਸਮਾਜ ਨੂੰ ਸਸ਼ਕਤ ਬਣਾਉਣ ਦੇ ਵੱਡੇ ਮਿਸ਼ਨ ਦੀ ਹੈ
ਉਨ੍ਹਾਂ ਦੀ ਪ੍ਰੇਰਨਾਦਾਇਕ ਅਗਵਾਈ ਹੇਠ, ਦੇਸ਼ ਭਗਤ ਯੂਨੀਵਰਸਿਟੀ ਇੱਕ ਰਾਸ਼ਟਰੀ ਪੱਧਰਤੇ ਸਤਿਕਾਰਤ ਅਤੇ ਵਿਸ਼ਵ ਪੱਧਰਤੇ ਜੁੜੀ ਸੰਸਥਾ ਵਜੋਂ ਵਿਕਸਤ ਹੋਈ ਹੈ, ਜੋ ਅਕਾਦਮਿਕ ਉੱਤਮਤਾ, ਨਵੀਨਤਾ, ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਵਚਨਬੱਧ ਹੈ
ਦੇਸ਼ ਭਗਤ ਯੂਨੀਵਰਸਿਟੀ ਦੇ ਸਮੂਹ ਪ੍ਰਬੰਧਨ, ਫੈਕਲਟੀ, ਸਟਾਫ਼, ਵਿਦਿਆਰਥੀ ਅਤੇ ਸਾਬਕਾ ਵਿਦਿਆਰਥੀਆਂ ਨੇ ਇਸ ਅੰਤਰਰਾਸ਼ਟਰੀ ਮਾਨਤਾਤੇ ਡੂੰਘਾ ਮਾਣ ਪ੍ਰਗਟ ਕੀਤਾ ਹੈ
ਯੂਕੇ ਸੰਸਦ ਦੇ ਹਾਊਸ ਆਫ਼ ਲਾਰਡਸ ਵਿਖੇ ਹੋਣ ਵਾਲਾ ਇਹ ਸਨਮਾਨ ਸਮਾਰੋਹ, ਡਾ. ਜ਼ੋਰਾ ਸਿੰਘ ਦੇ ਸ਼ਾਨਦਾਰ ਸਫ਼ਰ ਵਿੱਚ ਇੱਕ ਹੋਰ ਮੀਲ ਪੱਥਰ ਹੈ ਅਤੇ ਵਿਸ਼ਵਵਿਆਪੀ ਸਿੱਖਿਆ ਅਤੇ ਵਿਚਾਰਧਾਰਾ ਦੀ ਅਗਵਾਈ ਵਿੱਚ ਭਾਰਤ ਦੇ ਵਧ ਰਹੇ ਕੱਦ ਨੂੰ ਹੋਰ ਮਜ਼ਬੂਤ ਕਰਦਾ ਹੈ

ਭੁੱਲਰ ਦੇ ਵਕੀਲਾਂ ਨੇ ਕਿਹਾ : ਸੇਵਾ-ਪਾਣੀ ਦਾ ਮਤਲਬ ਰਿਸ਼ਵਤ ਨਹੀਂ

ਚੰਡੀਗੜ੍ਹ/ਬਿਊਰੋ ਨਿਊਜ਼

ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਮੁਅੱਤਲ ਅਤੇ ਗਿ੍ਰਫਤਾਰ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਵਲੋਂ ਦਾਇਰ ਜ਼ਮਾਨਤ ਅਰਜ਼ੀ ’ਤੇ ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿਚ ਸੁਣਵਾਈ ਹੋਈ। ਇਸ ਤੋਂ ਪਹਿਲਾਂ ਹੋਈ ਸੁਣਵਾਈ ’ਤੇ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਭੁੱਲਰ ਦੀ ਜ਼ਮਾਨਤ ਅਰਜ਼ੀ ’ਤੇ ਚੰਡੀਗੜ੍ਹ ਸੀਬੀਆਈ ਕੋਲੋਂ ਜਵਾਬ ਮੰਗਿਆ ਸੀ। ਅਹੁਦੇ ਤੋਂ ਮੁਅੱਤਲ ਡੀਆਈਜੀ ਭੁੱਲਰ ਦੇ ਵਕੀਲ ਨੇ ਸੁਣਵਾਈ ਦੇ ਦੌਰਾਨ ਦੱਸਿਆ ਕਿ ਸੀਬੀਆਈ ਨੇ ਜੋ ਕੇਸ ਦਰਜ ਕੀਤਾ ਹੈ, ਉਸ ਵਿਚ ਨਾ ਸਮਾਂ, ਨਾ ਮਿਤੀ ਅਤੇ ਨਾ ਹੀ ਜਗ੍ਹਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੋ ਰਿਸ਼ਵਤ ਦੀ ਰਾਸ਼ੀ ਦੱਸੀ ਗਈ ਹੈ, ਉਸਦਾ ਵੀ ਕਾਗਜ਼ਾਂ ਵਿਚ ਵਿਰੋਧਾਭਾਸ ਹੈ। ਭੁੱਲਰ ਦੇ ਵਕੀਲਾਂ ਨੇ ਇਹ ਵੀ ਕਿਹਾ ਕਿ ਸੀਬੀਆਈ ਨੇ ਚਲਾਨ ਵਿਚ ਰਿਸ਼ਵਤ ਦੇ ਤੌਰ ’ਤੇ ਜਿਸ ਸ਼ਬਦ ਦਾ ਇਸਤੇਮਾਲ ਕੀਤਾ ਹੈ, ਉਹ ਸੇਵਾ-ਪਾਣੀ ਹੈ। ਉਨ੍ਹਾਂ ਕਿਹਾ ਕਿ ਸੇਵਾ ਪਾਣੀ ਦਾ ਅਰਥ ਕੁਝ ਵੀ ਹੋ ਸਕਦਾ ਹੈ, ਇਹ ਜ਼ਰੂਰੀ ਨਹੀਂ ਕਿ ਇਸਦਾ ਮਤਲਬ ਰਿਸ਼ਵਤ ਹੀ ਹੋਵੇ।  

 

 

 

  

328 ਪਾਵਨ ਸਰੂਪਾਂ ਦੇ ਮਾਮਲੇ ’ਚ ਹੋਇਆ ਐਕਸ਼ਨ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਅਤੇ ਬੇਅਦਬੀ ਮਾਮਲੇ ਵਿਚ ਪੁਲਿਸ ਨੇ ਐਕਸ਼ਨ ਲਿਆ ਹੈ। ਪੁਲਿਸ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਆਡੀਟਰ ਅਤੇ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਸਤਿੰਦਰ ਸਿੰਘ ਕੋਹਲੀ ਨੂੰ ਗਿ੍ਰਫਤਾਰ ਕਰ ਲਿਆ ਹੈ। ਇਹ ਮਾਮਲਾ 2020 ਤੋਂ ਚਰਚਾ ਵਿਚ ਹੈ, ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗਠਿਤ ਜਾਂਚ ਕਮੇਟੀ ਨੇ ਉਨ੍ਹਾਂ ਦੀ ਲਾਪਰਵਾਹੀ ਸਾਹਮਣੇ ਲਿਆਂਦੀ ਸੀ। ਹਾਲ ਹੀ ਵਿਚ ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਸੀ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਸਵਾਲ ਚੁੱਕੇ ਸਨ। ਸ਼ੋ੍ਰਮਣੀ ਕਮੇਟੀ ਵਲੋਂ ਔਡਿਟ, ਖਾਤਿਆਂ ਦੇ ਕੰਪਿਊਟਰੀਕਰਨ ਅਤੇ ਨਿਯੰਤਰਣ ਪ੍ਰਣਾਲੀ ਦੇ ਲਈ ਐਸ.ਐਸ. ਕੋਹਲੀ ਐਂਡ ਐਸੋਸੀਏਟ ਫਰਮ ਨੂੰ  ਸਾਢੇ 3 ਲੱਖ ਰੁਪਏ ਮਹੀਨਾ ਭੁਗਤਾਨ ਕੀਤਾ ਜਾ ਰਿਹਾ ਸੀ। 

ਅਰਵਿੰਦ ਕੇਜਰੀਵਾਲ ਅਤੇ ਸੀ.ਐਮ. ਭਗਵੰਤ ਮਾਨ ਕਰਨਗੇ ਸ਼ੁਰੂਆਤ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਵਿਚ 10 ਲੱਖ ਰੁਪਏ ਤੱਕ ਮੁਫਤ ਇਲਾਜ ਵਾਲੀ ਸਕੀਮ ਆਉਂਦੀ 15 ਜਨਵਰੀ ਤੋਂ ਲਾਂਚ ਹੋਵੇਗੀ। ਇਸਦਾ ਐਲਾਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਹੈ। ਡਾ. ਬਲਬੀਰ ਸਿੰਘ ਨੇ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਸਕੀਮ ਨੂੰ ਲਾਂਚ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨਾਲ 3 ਕਰੋੜ ਵਿਅਕਤੀਆਂ ਨੂੰ ਪੰਜਾਬ ਵਿਚ ਸਿਹਤ ਬੀਮਾ ਮਿਲੇਗਾ। ਮੰਤਰੀ ਨੇ ਦੱਸਿਆ ਕਿ 9 ਹਜ਼ਾਰ ਤੋਂ ਜ਼ਿਆਦਾ ਕੌਮਨ ਸਰਵਿਸ ਸੈਂਟਰਾਂ ਵਿਚ ਇਸ ਸਬੰਧੀ ਕਾਰਡ ਬਣਨਗੇ ਅਤੇ ਇਸ ਲਈ ਕੈਂਪ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਾਰਡ ਬਣਨ ਵਿਚ 10 ਤੋਂ 15 ਦਿਨ ਲੱਗਣਗੇ ਅਤੇ ਕਰੀਬ 4 ਮਹੀਨਿਆਂ ਵਿਚ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਜਾਵੇਗਾ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਕੋਲ ਪੰਜਾਬ ਦਾ ਅਧਾਰ ਕਾਰਡ ਅਤੇ ਵੋਟਰ ਕਾਰਡ ਹੋਵੇਗਾ, ਉਸ ਨੂੰ ਇਸਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਕਰੀਬ 65 ਲੱਖ ਪਰਿਵਾਰਾਂ ਨੂੰ ਇਸਦਾ ਲਾਭ ਮਿਲੇਗਾ।

ਅੰਮਿ੍ਰਤਸਰ/ਬਿਊਰੋ ਨਿਊਜ਼

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਅਤੇ ਗੰਭੀਰ ਮਾਮਲਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ ਇਕ ਗਿ੍ਰਫਤਾਰੀ ਹੋ ਚੁੱਕੀ ਹੈ, ਜਦਕਿ 16 ਵਿਅਕਤੀਆਂ ਖਿਲਾਫ ਐਫ.ਆਈ.ਆਰ. ਦਰਜ ਹੈ। ਸੰਧਵਾਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਦਾ ਕੰਮ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਹੈ ਅਤੇ ਕਿਸੇ ਨਾਲ ਵੀ ਨਾਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਦੇ ਅਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇ ਲੋੜ ਪਈ ਤਾਂ ਹੋਰ ਗਿ੍ਰਫਤਾਰੀਆਂ ਵੀ ਹੋ ਸਕਦੀਆਂ ਹਨ। ਸਪੀਕਰ ਨੇ ਕਿਹਾ ਕਿ ਜਿਹੜੇ ਲੋਕ ਸੱਚ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ, ਉਨ੍ਹਾਂ ਦੀ ਆਵਾਜ਼ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲੇਗੀ।

ਰਾਜਾ ਵੜਿੰਗ ਨੇ ਕਿਹਾ : ਸੈਲਫ ਡਿਕਲੇਅਰਡ ਬੰਦਾ ਸੀਐਮ ਨਹੀਂ ਬਣੇਗਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਵਿਚ ਇਨ੍ਹੀਂ ਦਿਨੀਂ ਖੁਦ ਨੂੰ ਮੁੱਖ ਮੰਤਰੀ ਚਿਹਰਾ ਪ੍ਰੋਜੈਕਟ ਕਰਨ ਦੀ ਹੋੜ ਜਿਹੀ ਲੱਗੀ ਹੋਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂ ਖੁਦ ਨੂੰ ਸੀਐਮ ਅਹੁਦੇ ਦਾ ਦਾਅਵੇਦਾਰ ਪ੍ਰੋਜੈਕਟ ਕਰ ਰਹੇ ਹਨ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੈਲਫ ਡਿਕਲੇਅਰਡ ਬੰਦਾ ਮੁੱਖ ਮੰਤਰੀ ਨਹੀਂ ਬਣੇਗਾ। ਵੜਿੰਗ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨਣ ਦਾ ਅਧਿਕਾਰ ਸਿਰਫ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਕੋਲ ਹੈ। ਵੜਿੰਗ ਨੇ ਇਹ ਵੀ ਕਿਹਾ ਕਿ ਜੋ ਖੁਦ ਨੂੰ ਸੀਐਮ ਚਿਹਰਾ ਦਿਖਾਏਗਾ, ਉਸਦਾ ਨੁਕਸਾਨ ਹੀ ਹੋਵੇਗਾ।

ਮਨਰੇਗਾ ਬਾਰੇ ਝੂਠ ਬੋਲਣ ਦੇ ਲਗਾਏ ਇਲਜ਼ਾਮ

ਚੰਡੀਗੜ੍ਹ/ਬਿਊਰੋ ਨਿਊਜ਼   

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਮਨਰੇਗਾ ਦਾ ਨਾਮ ਬਦਲਣ ਦੇ ਨਾਲ-ਨਾਲ ਇਸ ਵਿਚ ਬਦਲਾਅ ਕਰਨ ’ਤੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚ ਟਕਰਾਅ ਵਧਦਾ ਜਾ ਰਿਹਾ ਹੈ। ਪਹਿਲਾਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਅਤੇ ਬਾਅਦ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ’ਤੇ ਸਵਾਲ ਉਠਾਏ ਗਏ। ਇਸ ਨੂੰ ਲੈ ਕੇ ਪੰਜਾਬ ਭਾਜਪਾ ਦੇ ਆਗੂਆਂ ਨੇ ਇਸ ਦਾ ਜਵਾਬ ਦਿੱਤਾ ਹੈ। ਪੰਜਾਬ ਭਾਜਪਾ ਦੇ ਸਕੱਤਰ ਅਨਿਲ ਸਰੀਨ ਅਤੇ ਪਾਰਟੀ ਦੇ ਬੁਲਾਰੇ ਵਿਨੀਤ ਜੋਸ਼ੀ ਨੇ ਇਲਜ਼ਾਮ ਲਗਾਇਆ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲੋਕਾਂ ਨੂੰ ਗਲਤ ਜਾਣਕਾਰੀ ਦੇ ਰਹੇ ਹਨ। ਅਨਿਲ ਸਰੀਨ ਨੇ ਕਿਹਾ ਕਿ ਪੰਜਾਬ ਸਰਕਾਰ ਝੂਠ ਬੋਲ ਰਹੀ ਹੈ। ਸਰੀਨ ਅਤੇ ਜੋਸ਼ੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪਹਿਲਾਂ ਆਟਾ-ਦਾਲ ਦੇ ਨਾਲ-ਨਾਲ ਦੇਸੀ ਘੀ ਦੇਣ ਦੇ ਦਾਅਵੇ ਕਰ ਰਹੀ ਸੀ, ਪਰ ਹੁਣ ਆਟਾ-ਦਾਲ ਵੀ ਗਰੀਬਾਂ ਨੂੰ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਮਨਰੇਗਾ ਯੋਜਨਾ ਵਿਚ ਸੁਧਾਰ ਜ਼ਰੂਰੀ ਸੀ। ਧਿਆਨ ਰਹੇ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਦਾ ਨਾਮ ਬਦਲ ਕੇ ਹੁਣ ‘ਵਿਕਸਿਤ ਭਾਰਤ-ਜੀ ਰਾਮ ਜੀ’ ਰੱਖ ਦਿੱਤਾ ਗਿਆ ਹੈ।  

ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਕੋਹਲੀ ਦੀ ਹੋਈ ਹੈ ਗਿ੍ਰਫਤਾਰੀ

ਅੰਮਿ੍ਰਤਸਰ/ਬਿਊਰੋ ਨਿਊਜ਼  

ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਅਤੇ ਬੇਅਦਬੀ ਮਾਮਲੇ ਵਿਚ ਪੰਜਾਬ ਪੁਲਿਸ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਔਡੀਟਰ ਸਤਿੰਦਰ ਸਿੰਘ ਕੋਹਲੀ ਨੂੰ ਲੰਘੇ ਕੱਲ੍ਹ ਗਿ੍ਰਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਰਾਤ ਦੇ ਹਨ੍ਹੇਰੇ ਵਿਚ ਕੋਹਲੀ ਨੂੰ ਅੰਮਿ੍ਰਤਸਰ ’ਚ ਮਾਨਯੋਗ ਡਿਊਟੀ ਮੈਜਿਸਟਰੇਟ ਗੌਰਵ ਕੁਮਾਰ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸਦੇ ਚੱਲਦਿਆਂ ਅਦਾਲਤ ਵਲੋਂ 6 ਦਿਨਾਂ ਦੇ ਲਈ ਸਤਿੰਦਰ ਸਿੰਘ ਕੋਹਲੀ ਨੂੰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਇਸੇ ਦੌਰਾਨ ਕਈ ਪੱਤਰਕਾਰਾਂ ਨੇ ਇਲਜ਼ਾਮ ਲਗਾਇਆ ਕਿ ਕੋਹਲੀ ਦੀ ਪੇਸ਼ੀ ਮੌਕੇ ਉਨ੍ਹਾਂ ਨਾਲ ਪੁਲਿਸ ਦੀ ਟੀਮ ਨੇ ਧੱਕਾਮੁੱਕੀ ਕੀਤੀ ਹੈ। ਜਿਸਦੀ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਨਿੰਦਾ ਕੀਤੀ ਗਈ ਹੈ।

ਅੰਮਿ੍ਰਤਸਰ/ਬਿਊਰੋ ਨਿਊਜ਼  

ਨਵੇਂ ਸਾਲ 2026 ਦੀ ਆਮਦ ’ਤੇ ਦੇਸ਼ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲਿਆ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਦੱਸਣਯੋਗ ਹੈ ਕਿ  ਲੰਘੇ ਕੱਲ੍ਹ ਤੋਂ ਹੀ ਲੱਖਾਂ ਦੀ ਗਿਣਤੀ ਵਿਚ ਸਿੱਖ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਗਏ ਸਨ। ਹਰ ਪਾਸੇ ਸੰਗਤਾਂ ਦਾ ਸੈਲਾਬ ਨਜ਼ਰ ਆ ਰਿਹਾ ਸੀ। ਸ਼ਰਧਾਲੂਆਂ ਨੇ ਨਾਮ ਸਿਮਰਨ ਕਰਦਿਆਂ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਹਰ ਸਾਲ ਵਾਂਗ ਨਵੇਂ ਸਾਲ ਦੀ ਆਮਦ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.