Saturday, 06 June 2026

ਚੰਡੀਗਡ਼੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੈਦਰਲੈਂਡਜ਼ ਦੇ ਅਧਿਕਾਰਤ ਦੌਰੇ ਦੌਰਾਨ ਅੱਜ ਮੁਲਕ ਦੇ ਉੱਘੇ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਹਾਕੀ ਖੇਡ ਨੂੰ ਹੋਰ ਮਜ਼ਬੂਤ ਕਰਨ ਅਤੇ ਵੱਕਾਰੀ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਮੱਦੇਨਜ਼ਰ ਉਨ੍ਹਾਂ (ਬੋਵਲੈਂਡਰ) ਦੇ ਤਜਰਬੇ ਦਾ ਲਾਭ ਲੈਣ ਦੀ ਪੇਸ਼ਕਸ਼ ਕੀਤੀ। ਨੈਦਰਲੈਂਡਜ਼ ਦੇ ਸਾਬਕਾ ਹਾਕੀ ਖਿਡਾਰੀ ਨੇ ਮੁੱਖ ਮੰਤਰੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ।

ਮੁਲਕਾਤ ਦੇ ਵੇਰਵੇ ਐਕਸ ’ਤੇ ਸਾਂਝੇ ਕਰਦਿਆਂ ਸ੍ਰੀ ਮਾਨ ਨੇ ਲਿਖਿਆ, ‘‘ਨੈਦਰਲੈਂਡਜ਼ ਵਿੱਚ ਓਲੰਪੀਅਨ ਫਲੋਰਿਸ ਜਾਨ ਬੋਵਲੈਂਡਰ ਜੋ ਆਪਣੇ ਬੇਮਿਸਾਲ ਹੁਨਰ ਅਤੇ ਖੇਡ ਜਗਤ ’ਚ ਯੋਗਦਾਨ ਲਈ ਜਾਣੇ ਜਾਂਦੇ ਹਨ, ਨੂੰ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਦਾ ਤਜਰਬਾ ਸਾਡੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ, ਜੋ ਉਨ੍ਹਾਂ ਨੇ ਪ੍ਰਵਾਨ ਕਰ ਲਿਆ। ਉਹ ਸਾਡੇ ਖਿਡਾਰੀਆਂ ਨਾਲ ਜੁੜਨਗੇ ਅਤੇ ਆਗਾਮੀ ਏਸ਼ੀਆ ਹਾਕੀ ਚੈਂਪੀਅਨਸ਼ਿਪ ਦੇ ਮੱਦੇਨਜ਼ਰ ਉਨ੍ਹਾਂ ਨੂੰ ਪ੍ਰੇਰਿਤ ਕਰਨਗੇ। ਪੰਜਾਬ ਖੇਡਾਂ ਵਿਚਲੇ ਹੁਨਰ ਨੂੰ ਸੰਭਾਲਣ ਅਤੇ ਹਾਕੀ ਨੂੰ ਨਵੀਂਆਂ ਬੁਲੰਦੀਆਂ ’ਤੇ ਲਿਜਾਣ ਲਈ ਵਚਨਬੱਧ ਹੈ।’’

ਦੱਸਣਯੋਗ ਹੈ ਕਿ ਹਾਕੀ ਦੇ ਇਤਿਹਾਸ ’ਚ ਬੋਵਲੈਂਡਰ (60) ਦਾ ਬਿਹਤਰੀਨ ਪੈਨਲਟੀ ਕਾਰਨਰ ਮਾਹਿਰ ਵਜੋਂ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਨੈਦਰਲੈਂਡਜ਼ ਦੀ ਕੌਮੀ ਟੀਮ ਦੀ 1985 ਤੋਂ 1996 ਤੱਕ ਨੁਮਾਇੰਦਗੀ ਕੀਤੀ ਅਤੇ 241 ਕੌਮਾਂਤਰੀ ਮੈਚਾਂ ਵਿੱਚ 215 ਗੋਲ ਦਾਗ਼ੇ। ਉਨ੍ਹਾਂ ਨੇ ਨੈਦਰਲੈਂਡਜ਼ ਟੀਮ ਨੂੰ 1996 ਦੀਆਂ ਓਲੰਪਿਕਸ ’ਚ ਸੋਨ ਤਗ਼ਮਾ, 1900 ਵਿੱਚ ਵਿਸ਼ਵ ਕੱਪ ਅਤੇ 1987 ’ਚ ਯੂਰੋਪੀਅਨ ਚੈਂਪੀਅਨਸ਼ਿਪ ਸਣੇ ਕਈ ਖ਼ਿਤਾਬ ਜਿਤਾਉਣ ’ਚ ਯੋਗਦਾਨ ਪਾਇਆ। ਮੁੱਖ ਮੰਤਰੀ ਭਗਵੰਤ ਮਾਨ ਦੀ ਬੋਵਲੈਂਡਰ ਨਾਲ ਮੁਲਾਕਾਤ ਨਾਲ ਹਾਕੀ ਨੂੰ ਜ਼ਮੀਨੀ ਪੱੱਧਰ ’ਤੇ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ, ਕਿਉਂਕਿ ਬੋਵਲੈਂਡਰ ਆਗਾਮੀ ਕੌਮਾਂਤਰੀ ਟੂਰਨਾਮੈਂਟਾਂ ਤੋਂ ਪਹਿਲਾਂ ਪੰਜਾਬ ਦਾ ਦੌਰਾ ਕਰਨਗੇ ਅਤੇ ਨੌਜਵਾਨ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣਗੇ।

ਸ੍ਰੀ ਮਾਨ ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਹਾਕੀ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਕਰੇਗਾ, ਜੋ ਸੂਬੇ ਦੇ ਖੇਡ ਵਾਤਾਵਰਨ ਲਈ ਵੱਡਾ ਮੀਲ ਪੱਥਰ ਹੈ। ਚਾਰ ਦੇਸ਼ਾਂ ਦੇ ਇਸ ਟੂਰਨਾਮੈਂਟ ਨਾਲ ਪੰਜਾਬ ਦੀ ਸਥਿਤੀ ਵਿਸ਼ਵ ਪੱਧਰ ’ਤੇ ਹਾਕੀ ਹੱਬ ਵਜੋਂ ਹੋਰ ਮਜ਼ਬੂਤ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਖਿਡਾਰੀਆਂ ਤੋਂ ਬਿਨਾਂ ਭਾਰਤੀ ਹਾਕੀ ਦੀ ਕਲਪਨਾ ਕਰਨੀ ਅਸੰਭਵ ਹੈ। ਪੰਜਾਬ ਦੇ 50 ਤੋਂ ਵੱਧ ਖਿਡਾਰੀਆਂ ਨੇ ਓਲੰਪਿਕ ਤਗਮੇ ਜਿੱਤੇ ਹਨ ਅਤੇ 10 ਪੰਜਾਬੀ ਖਿਡਾਰੀਆਂ ਨੇ ਉਲੰਪਿਕ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ।

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਆਈ.ਪੀ.ਐੱਲ. ਦੇ ਵਧਦੇ ਜਨੂਨ ਅਤੇ 8 ਅਪਰੈਲ ਨੂੰ ਅਰੁਣ ਜੇਟਲੀ ਸਟੇਡੀਅਮ ਵਿੱਚ ਹੋਣ ਵਾਲੇ ਦਿੱਲੀ ਕੈਪੀਟਲਸ ਬਨਾਮ ਗੁਜਰਾਤ ਟਾਈਟਨਸ ਦੇ ਮੁਕਾਬਲੇ ਦੇ ਮੱਦੇਨਜ਼ਰ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਸਾਰੀਆਂ ਲਾਈਨਾਂ ’ਤੇ ਆਖਰੀ ਟ੍ਰੇਨ ਦੇ ਸਮੇਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਕਦਮ ਦੇਰ ਰਾਤ ਮੈਚ ਦੇਖ ਕੇ ਪਰਤਣ ਵਾਲੇ ਹਜ਼ਾਰਾਂ ਪ੍ਰਸ਼ੰਸਕਾਂ ਦੀ ਸਹੂਲਤ ਲਈ ਚੁੱਕਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਘਰ ਵਾਪਸੀ ਵੇਲੇ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਨਵੀਂ ਸਮਾਂ-ਸਾਰਣੀ ਅਨੁਸਾਰ, ਰੈੱਡ ਲਾਈਨ (ਲਾਈਨ-1) ’ਤੇ ਸ਼ਹੀਦ ਸਥਲ ਤੋਂ ਰਿਠਾਲਾ ਲਈ ਆਖਰੀ ਟ੍ਰੇਨ ਰਾਤ 12:10 ਵਜੇ ਅਤੇ ਵਾਪਸੀ ਦੀ ਸੇਵਾ 12:15 ਵਜੇ ਤੱਕ ਉਪਲਬਧ ਹੋਵੇਗੀ। ਯੈਲੋ ਲਾਈਨ (ਲਾਈਨ-2) ’ਤੇ ਸਮੇਪੁਰ ਬਦਲੀ ਤੋਂ ਮਿਲੇਨੀਅਮ ਸਿਟੀ ਸੈਂਟਰ ਗੁਰੂਗ੍ਰਾਮ ਲਈ ਆਖਰੀ ਮੈਟਰੋ ਰਾਤ 12:20 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਬਲੂ ਲਾਈਨ ’ਤੇ ਵੈਸ਼ਾਲੀ ਅਤੇ ਨੋਇਡਾ ਇਲੈਕਟ੍ਰਾਨਿਕ ਸਿਟੀ ਵੱਲ ਜਾਣ ਵਾਲੀਆਂ ਸੇਵਾਵਾਂ ਨੂੰ ਵੀ ਅੱਧੀ ਰਾਤ ਤੱਕ ਵਧਾ ਦਿੱਤਾ ਗਿਆ ਹੈ।

ਦਿੱਲੀ ਮੈਟਰੋ ਦੇ ਅਧਿਕਾਰੀਆਂ ਅਨੁਸਾਰ, ਗ੍ਰੀਨ ਲਾਈਨ (ਲਾਈਨ-5) ’ਤੇ ਸੇਵਾਵਾਂ ਰਾਤ 1:00 ਵਜੇ ਤੱਕ ਚੱਲਣਗੀਆਂ, ਜਦੋਂਕਿ ਪਿੰਕ ਲਾਈਨ (ਲਾਈਨ-7) ’ਤੇ ਕੁਝ ਚੁਣੇ ਹੋਏ ਰੂਟਾਂ ’ਤੇ ਰਾਤ 1:55 ਵਜੇ ਤੱਕ ਮੈਟਰੋ ਸਹੂਲਤ ਮਿਲੇਗੀ। ਏਅਰਪੋਰਟ ਐਕਸਪ੍ਰੈਸ ਲਾਈਨ ’ਤੇ ਵੀ ਨਵੀਂ ਦਿੱਲੀ ਤੋਂ ਯਸ਼ੋਭੂਮੀ ਸੈਕਟਰ-25 ਲਈ ਆਖਰੀ ਟ੍ਰੇਨ ਰਾਤ 1:00 ਵਜੇ ਰਵਾਨਾ ਹੋਵੇਗੀ। ਡੀ.ਐੱਮ.ਆਰ.ਸੀ. ਦਾ ਮੰਨਣਾ ਹੈ ਕਿ ਸਟੇਡੀਅਮ ਵਿੱਚ ਭਾਰੀ ਭੀੜ ਹੋਣ ਦੀ ਉਮੀਦ ਹੈ ਅਤੇ ਇਹ ਵਧਾਇਆ ਗਿਆ ਸਮਾਂ ਯਾਤਰੀਆਂ ਦੀ ਸੁਰੱਖਿਅਤ ਅਤੇ ਸੁਖਾਲੀ ਯਾਤਰਾ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਨਵੀਂ ਦਿੱਲੀ : ਹਾਕੀ ਇੰਡੀਆ ਨੇ ਆਉਣ ਵਾਲੇ ਸੀਨੀਅਰ ਪੁਰਸ਼ ਕੌਮੀ ਕੋਚਿੰਗ ਕੈਂਪ ਲਈ ਅੱਜ 36 ਮੈਂਬਰੀ ਕੋਰ ਸੰਭਾਵੀ ਗਰੁੱਪ ਦਾ ਐਲਾਨ ਕੀਤਾ ਹੈ। ਇਹ ਕੈਂਪ 20 ਅਪਰੈਲ ਤੋਂ 9 ਮਈ ਤੱਕ ਬੰਗਲੂਰੂ ਦੇ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਸੈਂਟਰ ਵਿੱਚ ਲਗਾਇਆ ਜਾਵੇਗਾ। ਕੋਚਿੰਗ ਕੈਂਪ ਦਾ ਮੁੱਖ ਕੇਂਦਰ ਰਣਨੀਤਕ ਤਾਲਮੇਲ ਤੇ ਕੰਡੀਸ਼ਨਿੰਗ ’ਤੇ ਹੋਵੇਗਾ। ਟੀਮ ਦਾ ਟੀਚਾ ਰੁੱਝੇ ਹੋਏ ਕੌਮਾਂਤਰੀ ਸੀਜ਼ਨ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਪੁਖਤਾ ਕਰਨਾ ਹੈ, ਜਿਸ ਵਿੱਚ ਐੱਫ ਆਈ ਐੱਚ ਪ੍ਰੋ ਲੀਗ 2025-26 ਦਾ ਯੂਰੋਪੀਅਨ ਪੜਾਅ, ਵਿਸ਼ਵ ਕੱਪ ਅਤੇ ਏਸ਼ਿਆਈ ਖੇਡਾਂ ਸ਼ਾਮਲ ਹਨ। ਇਸ ਦੇ ਨਾਲ ਹੀ, ਸਕੁਐਡ ਸਾਰੇ ਵਿਭਾਗਾਂ ਵਿੱਚ ਲੈਅ ਬਣਾਉਣ, ਸੁਮੇਲ ਸੁਧਾਰਨ ਅਤੇ ਡੂੰਘਾਈ ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇਵੇਗਾ। ਗੋਲਕੀਪਿੰਗ ਯੂਨਿਟ ਵਿੱਚ ਕ੍ਰਿਸ਼ਨ ਬਹਾਦਰ ਪਾਠਕ, ਸੂਰਜ ਕਰਕੇਰਾ ਅਤੇ ਪਵਨ ਵਰਗੇ ਤਜਰਬੇਕਾਰ ਨਾਵਾਂ ਦੇ ਨਾਲ-ਨਾਲ ਮੋਹਿਤ ਹੋਨੇਨਾਹੱਲੀ ਸ਼ਸ਼ੀਕੁਮਾਰ ਅਤੇ ਪ੍ਰਿੰਸਦੀਪ ਸਿੰਘ ਵਰਗੇ ਉੱਭਰਦੇ ਖਿਡਾਰੀ ਸ਼ਾਮਲ ਹਨ। ਟੀਮ ਦੀ ਕਮਾਨ ਹਰਮਨਪ੍ਰੀਤ ਸਿੰਘ ਅਤੇ ਅਮਿਤ ਰੋਹੀਦਾਸ ਦੇ ਹੱਥ ਹੋਵੇਗੀ। ਉਨ੍ਹਾਂ ਦਾ ਸਾਥ ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੰਜੈ ਅਤੇ ਸੁਮਿਤ ਦੇਣਗੇ। ਪੂਵੰਨਾ ਚੰਦੂਰਾ ਬੋਬੀ, ਯਸ਼ਦੀਪ ਸਿਵਾਚ, ਨੀਲਮ ਸੰਜੀਪ ਐਕਸੈੱਸ ਅਤੇ ਅਮਨਦੀਪ ਲਾਕੜਾ ਵੀ ਇਸ ਪੂਲ ਦਾ ਹਿੱਸਾ ਹਨ। ਮਿਡਫੀਲਡ ’ਤੇ ਤਜਰਬੇ ਅਤੇ ਨੌਜਵਾਨੀ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲੇਗਾ। ਮਨਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਅਗਵਾਈ ਕਰਨਗੇ। ਉਨ੍ਹਾਂ ਦੇ ਨਾਲ ਰਾਜਿੰਦਰ ਸਿੰਘ, ਮਨਮੀਤ ਸਿੰਘ, ਮੋਇਰਾਂਗਥਮ ਰਬੀਚੰਦਰ ਸਿੰਘ, ਵਿਸ਼ਨੂੰ ਕਾਂਤ ਸਿੰਘ, ਰਾਜ ਕੁਮਾਰ ਪਾਲ, ਨੀਲਕੰਠ ਸ਼ਰਮਾ ਅਤੇ ਰੋਸ਼ਨ ਕੁਜੂਰ ਸ਼ਾਮਲ ਹੋਣਗੇ। ਇਸੇ ਤਰ੍ਹਾਂ ਫਾਰਵਰਡ ਲਾਈਨ ਵਿੱਚ ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਅਭਿਸ਼ੇਕ ਤੇ ਸੁਖਜੀਤ ਸਿੰਘ ਸ਼ਾਮਲ ਹਨ। ਉਨ੍ਹਾਂ ਦਾ ਸਾਥ ਸ਼ਿਲਾਨੰਦ ਲਾਕੜਾ, ਅਰਾਈਜੀਤ ਸਿੰਘ ਹੁੰਦਲ, ਅੰਗਦ ਬੀਰ ਸਿੰਘ, ਉੱਤਮ ਸਿੰਘ, ਸੇਲਵਮ ਕਾਰਤੀ, ਆਦਿੱਤਿਆ ਅਰਜੁਨ ਲਾਲਗੇ ਅਤੇ ਮਨਿੰਦਰ ਸਿੰਘ ਦੇਣਗੇ।

ਚੇਨੱਈ : ਪੰਜਾਬ ਕਿੰਗਜ਼ ਦੇ ਮੁੱਖ ਕੋਚ ਰਿਕੀ ਪੌਂਟਿੰਗ ਨੇ ਟੀਮ ਦੇ ਭਾਰਤੀ ਖਿਡਾਰੀਆਂ ਨੂੰ ‘ਵਿਲੱਖਣ’ ਪ੍ਰਤਿਭਾ ਨਾਲ ਮਾਲਾਮਾਲ ਦੱਸਦਿਆਂ ਕਿਹਾ ਕਿ ਫਰੈਂਚਾਈਜ਼ੀ ਦਾ ਮੁੱਖ ਮਕਸਦ ਉੱਚ ਦਰਜੇ ਦੇ ਘਰੇਲੂ ਖਿਡਾਰੀਆਂ ਦੇ ਆਲੇ-ਦੁਆਲੇ ਨਵੀਂ ਟੀਮ ਖੜ੍ਹੀ ਕਰਨਾ ਸੀ। ਪੰਜਾਬ ਕਿੰਗਜ਼ ਨੇ ਪਿਛਲੀ ਨਿਲਾਮੀ ਤੋਂ ਪਹਿਲਾਂ ਸਿਰਫ਼ ਪ੍ਰਭਸਿਮਰਨ ਸਿੰਘ ਤੇ ਸ਼ਸ਼ਾਂਕ ਸਿੰਘ ਨੂੰ ਆਪਣੇ ਨਾਲ ਰੱਖਿਆ ਸੀ ਅਤੇ ਨਿਲਾਮੀ ਵਿੱਚ 110.5 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਸ਼੍ਰੇਅਸ ਅਈਅਰ, ਯੁਜ਼ਵੇਂਦਰ ਚਾਹਲ ਅਤੇ ਅਰਸ਼ਦੀਪ ਸਿੰਘ ਵਰਗੇ ਖਿਡਾਰੀਆਂ ਨੂੰ ਖ਼ਰੀਦਿਆ। ਇਹ ਖਿਡਾਰੀ ਆਈ ਪੀ ਐੱਲ 2025 ਤੋਂ ਟੀਮ ਦਾ ਮੁੱਖ ਆਧਾਰ ਹਨ। ਪੌਂਟਿੰਗ ਅਨੁਸਾਰ ਭਾਰਤੀ ਨੌਜਵਾਨ ਖਿਡਾਰੀ ਬਹੁਤ ਪ੍ਰਭਾਵਸ਼ਾਲੀ ਹਨ ਅਤੇ ਉਨ੍ਹਾਂ ਨਾਲ ਆਸਟਰੇਲਿਆਈ ਖਿਡਾਰੀ ਸ਼ਾਮਲ ਕਰ ਕੇ ਟੀਮ ਬਣਾਈ ਗਈ ਹੈ। ਬੀਤੀ ਰਾਤ ਚੇਪੌਕ ਸਟੇਡੀਅਮ ਵਿੱਚ ਚੇਨੱਈ ਸੁਪਰ ਕਿੰਗਜ਼ ਖ਼ਿਲਾਫ਼ 210 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪ੍ਰਿਆਂਸ਼ ਆਰਿਆ ਨੇ 11 ਗੇਂਦਾਂ ਵਿੱਚ 39 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਦਕਿ ਕਪਤਾਨ ਸ਼੍ਰੇਅਸ ਅਈਅਰ ਨੇ ਨੀਮ ਸੈਂਕੜਾ ਜੜ ਕੇ ਜਿੱਤ ਦਾ ਰਾਹ ਪੱਧਰਾ ਕੀਤਾ। ਸਾਬਕਾ ਸਪਿੰਨਰ ਹਰਭਜਨ ਸਿੰਘ ਨੇ ਯੁਜ਼ਵੇਂਦਰ ਚਾਹਲ ਦੀ ਗੇਂਦਬਾਜ਼ੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਚਾਹਲ ਛੋਟੇ ਕੱਦ ਦਾ ਫਾਇਦਾ ਉਠਾਉਂਦਿਆਂ ਗੇਂਦ ਨੂੰ ਹਵਾ ਵਿੱਚ ਉਛਾਲਦਾ (ਫਲਾਈਟ ਦਿੰਦਾ) ਹੈ। ਇਸ ਨਾਲ ਗੇਂਦ ਜ਼ਿਆਦਾ ਘੁੰਮਦੀ ਹੈ ਅਤੇ ਬੱਲੇਬਾਜ਼ ਝਕਾਨੀ ਖਾ ਜਾਂਦਾ ਹੈ।

ਮੁਹਾਲੀ : ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਹੋਏ ਆਈ ਪੀ ਐੱਲ ਦੇ ਮੁਕਾਬਲੇ ਦਾ ਦਰਸ਼ਕਾਂ ਦੀ 38 ਹਜ਼ਾਰ ਦੀ ਸਮਰੱਥਾ ਵਾਲੇ ਖ਼ਚਾਖਚ ਭਰੇ ਸਟੇਡੀਅਮ ਨੇ ਖ਼ੂਬ ਆਨੰਦ ਮਾਣਿਆ। ਪੰਜਾਬ ਕਿੰਗਜ਼ ਦੇ ਸ਼੍ਰੇਅਸ਼ ਅਈਅਰ, ਪ੍ਰਭਸਿਮਰਨ, ਪ੍ਰਯਾਂਸ ਆਰੀਆ ਦੀ ਬੱਲੇਬਾਜ਼ੀ ’ਤੇ ਦਰਸ਼ਕਾਂ ਨੇ ਭੰਗੜਾ ਪਾਇਆ। ਪੰਜਾਬ ਨੇ ਆਪਣੀ ਜੇਤੂ ਲੈਅ ਬਰਕਰਾਰ ਰੱਖਦਿਆਂ ਮੈਚ ਵੀ ਜਿੱਤਿਆ ਅਤੇ ਦਰਸ਼ਕਾਂ ਦੇ ਦਿਲ ਵੀ ਜਿੱਤੇ। ਦਰਸ਼ਕਾਂ ਵੱਲੋਂ ‘ਪੰਜਾਬੀ ਆ ਗਏ ਓਏ’ ਦੇ ਨਾਅਰੇ ਲਾਏ ਗਏ।

ਮੈਚ ਦੇ ਆਰੰਭ ਵਿਚ ਦਰਸ਼ਕਾਂ ਨੂੰ ਤਿੱਖੀ ਧੁੱਪ ਦਾ ਸਾਹਮਣਾ ਕਰਨਾ ਪਿਆ ਪਰ ਜਲਦੀ ਹੀ ਮੌਸਮ ਖੁਸ਼ਗਵਾਰ ਹੋ ਗਿਆ। ਦਰਸ਼ਕਾਂ ਵਿੱਚ ਮੈਚ ਪ੍ਰਤੀ ਇੰਨਾ ਉਤਸ਼ਾਹ ਸੀ ਕਿ ਮੈਚ ਆਰੰਭ ਹੋਣ ਤੋਂ ਦੋ ਘੰਟੇ ਪਹਿਲਾਂ ਹੀ ਗੇਟਾਂ ਅੱਗੇ ਕਤਾਰਾਂ ਲਗਾ ਦਿੱਤੀਆਂ। ਸਰਕਾਰੀ ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵੱਲੋਂ ਮੁਫ਼ਤ ਮੈਚ ਦਿਖਾਇਆ ਗਿਆ। ਪੰਜਾਬ ਕਿੰਗਜ਼ ਦੀਆਂ ਟੀ ਸ਼ਰਟ ਪਾਈ ਹਜ਼ਾਰਾਂ ਦਰਸ਼ਕ ਪਹੁੰਚੇ ਹੋਏ ਸਨ, ਜਿਸ ਕਾਰਨ ਸਟੇਡੀਅਮ ਲਾਲ ਰੰਗ ’ਚ ਰੰਗਿਆ ਨਜ਼ਰ ਆ ਰਿਹਾ ਸੀ।

ਮੈਚ ਦੀ ਪਹਿਲੀ ਪਾਰੀ ਮੁੱਕਣ ’ਤੇ ਪੰਜਾਬੀ ਗੱਭਰੂ ਤੇ ਮੁਟਿਆਰਾਂ ਨੇ ਭੰਗੜਾ ਪਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਸਟੇਡੀਅਮ ਵਿੱਚ ਪੰਜਾਬੀ ਗੀਤਾਂ ਦੀਆਂ ਧੁਨਾ ਲਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਂਦਾ ਰਿਹਾ। ਵਹੀਕਲਾਂ ਦੀ ਪਾਰਕਿੰਗ ਸਟੇਡੀਅਮ ਤੋਂ ਦੂਰ ਹੋਣ ਕਰਕੇ ਵੱਡੀ ਗਿਣਤੀ ਦਰਸ਼ਕਾਂ ਪੈਦਲ ਚੱਲ ਕੇ ਸਟੇਡੀਅਮ ਵਿਚ ਪਹੁੰਚੇ। ਮੈਚ ਕਾਰਨ ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਕਾਰਨ ਸਟੇਡੀਅਮ ਨੂੰ ਆਉਂਦੀਆਂ ਸਾਰੀਆਂ ਸੜਕਾਂ ’ਤੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਮੈਚ ਖ਼ਤਮ ਹੋਣ ’ਤੇ ਜਾਮ ਵਰਗੀ ਸਥਿਤੀ ਬਣੀ ਰਹੀ।

ਪੁਲੀਸ ਵੱਲੋਂ ਮੈਚ ਦੇ ਸੁਰੱਖਿਆ ਪ੍ਰਬੰਧਾਂ ਅਤੇ ਆਵਾਜਾਈ ਲਈ ਦੋ ਹਜ਼ਾਰ ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ। ਮੈਚ ਤੋਂ ਬਾਅਦ ਸਟੇਡੀਅਮ ਅੱਗੇ ਲੱਗਦੀਆਂ ਰੇਹੜੀਆਂ ਅਤੇ ਆਟੋਜ਼ ਕਾਰਨ ਰਾਹਗੀਰਾਂ ਨੂੰ ਲੰਘਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦਰਸ਼ਕਾਂ ਨੇ ਸਟੇਡੀਅਮ ਦੇ ਅੰਦਰ ਵਸਤਾਂ ਮਹਿੰਗੀਆਂ ਵੇਚੇ ਜਾਣ ਦੇ ਦੋਸ਼ ਵੀ ਲਾਏ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.