ਗੁਰਦਾਸਪੁਰ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਵਲੋਂ ਪੂਰੇ ਭਾਰਤ ਵਿਚ ‘ਵੋਟ ਚੋਰ ਗੱਦੀ ਛੋੜ’ ਨਾਅਰੇ ਤਹਿਤ ਇਕ ਮੁਹਿੰਮ ਛੇੜੀ ਗਈ ਹੈ। ਰਾਹੁਲ ਗਾਂਧੀ ਵਲੋਂ ਭਾਜਪਾ ਦੁਆਰਾ ਕੀਤੀ ਜਾ ਰਹੀ ਵੋਟ ਚੋਰੀ ਖਿਲਾਫ ਵਿੱਢੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਚ ਵੀ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਇਸ ਮੁੱਦੇ ’ਤੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ। ਇਸ ਮੌਕੇ ਬਾਜਵਾ ਨੇ ਬਿਹਾਰ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਥੇ 65 ਲੱਖ ਵੋਟਾਂ ਜਾਅਲੀ ਕਹਿ ਕੇ ਨਜਾਇਜ਼ ਤੌਰ ’ਤੇ ਕੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਬਾਜਵਾ ਨੇ ਕਿਹਾ ਕਿ ਬਿਹਾਰ ਵਾਂਗ ਪੰਜਾਬ ਵਿਚ ਵੀ ਵੋਟ ਚੋਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸਦੇ ਮੱਦੇਨਜ਼ਰ ਹੀ ਅਸੀਂ ਲੋਕਾਂ ਨੂੰ ਜਾਗਰੂੁਕ ਕਰ ਰਹੇ ਹਾਂ। ਬਾਜਵਾ ਨੇ ਇਹ ਵੀ ਕਿਹਾ ਕਿ ਪੰਜਾਬੀਆਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਕਾਂਗਰਸ ਹੀ ਵਧੀਆ ਤੇ ਸੁਚੱਜਾ ਰਾਜ ਦੇ ਸਕਦੀ ਹੈ।


