Sunday, 07 June 2026

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਮਾਰਚ ਤੋਂ ਲੁਧਿਆਣਾ ਵਿੱਚ ਟਾਟਾ ਸਟੀਲ ਦੇ ਮੈਨੂਫੈਕਚਰਿੰਗ ਪਲਾਂਟ ਦੇ ਕਾਰਜਸ਼ੀਲ ਹੋਣ ਨਾਲ ਪੰਜਾਬ ਵਿੱਚ ਉਦਯੋਗ ਦੇ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਦੀਆਂ ਪ੍ਰਗਤੀਸ਼ੀਲ ਨੀਤੀਆਂ ਅਤੇ ਮਜ਼ਬੂਤ ਸ਼ਾਸਨ ਢਾਂਚੇ ਵਿੱਚ ਆਲਮੀ  ਉਦਯੋਗ ਦੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਟਾਟਾ ਸਟੀਲ ਦੇ ਇਕ ਸੀਨੀਅਰ ਵਫ਼ਦ, ਜਿਸ ਵਿੱਚ ਉਪ-ਪ੍ਰਧਾਨ (ਲੌਂਗ ਪ੍ਰੋਡਕਟਸ) ਆਸ਼ੀਸ਼ ਅਨੁਪਮ ਅਤੇ ਕਾਰਪੋਰੇਟ ਮਾਮਲਿਆਂ ਦੇ ਸੀਨੀਅਰ ਪ੍ਰਤੀਨਿਧ ਸ਼ਾਮਲ ਸਨ, ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟਾਟਾ ਸਟੀਲ ਗਰੁੱਪ ਦੁਨੀਆਂ ਦੇ ਮੋਹਰੀ ਸਟੀਲ ਨਿਰਮਾਤਾਵਾਂ ਵਿੱਚੋਂ ਇੱਕ ਹੈ, ਜਿਸ ਦੀ ਕੱਚੇ ਸਟੀਲ ਦੀ ਸਾਲਾਨਾ ਸਮਰੱਥਾ ਲਗਭਗ 34 ਮਿਲੀਅਨ ਟਨ ਹੈ ਅਤੇ ਦੁਨੀਆਂ ਦੇ ਵੱਖ ਵੱਖ ਭੂਗੋਲਿਕ ਖੇਤਰਾਂ ਵਿੱਚ ਇਸ ਦਾ ਮਜ਼ਬੂਤ ਸਥਾਨ ਹੈ।  
ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਸਟੀਲ ਲਿਮਟਿਡ ਲੁਧਿਆਣਾ ਦੀ ਹਾਈਟੈੱਕ ਵੈਲੀ ਨੇੜੇ ਰੀਬਾਰ ਮਿੱਲ ਦੇ ਨਾਲ ਇੱਕ 0.75 ਐਮ.ਟੀ.ਪੀ.ਏ. ਇਲੈਕਟ੍ਰਿਕ ਆਰਕ ਫਰਨੇਸ ਅਧਾਰਤ ਸਟੀਲ-ਮੇਕਿੰਗ ਫੈਸਿਲਟੀ ਸਥਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 115 ਏਕੜ ਵਿੱਚ ਫੈਲੇ ਇਸ ਪ੍ਰੋਜੈਕਟ ਵਿੱਚ ਸ਼ੁਰੂ ‘ਚ ਲਗਭਗ 2,600 ਕਰੋੜ ਦੇ ਨਿਵੇਸ਼ ਦੀ ਅਨੁਮਾਨ ਸੀ, ਜੋ ਹੁਣ ਵਧ ਕੇ 3,200 ਕਰੋੜ ਹੋ ਗਿਆ ਹੈ। ਇਸ ਪਲਾਂਟ ਤੋਂ ਲਗਭਗ 2,500 ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਖੇਤਰ ਦੇ ਉਦਯੋਗਿਕ ਮਾਹੌਲ ਨੂੰ ਮਜ਼ਬੂਤੀ ਮਿਲੇਗੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਯੂਨਿਟ 100 ਪ੍ਰਤੀਸ਼ਤ ਸਟੀਲ ਸਕ੍ਰੈਪ ਨੂੰ ਕੱਚੇ ਮਾਲ ਵਜੋਂ ਵਰਤੇਗਾ ਅਤੇ ਟਿਕਾਊ ਅਤੇ ਵਾਤਾਵਰਣ-ਅਨੁਕੂਲ ਉਤਪਾਦਨ ਪ੍ਰਕਿਰਿਆ ਅਪਣਾਏਗਾ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਆਰਕ ਫਰਨੇਸ ਰੂਟ ਰਵਾਇਤੀ ਬਲਾਸਟ ਫਰਨੇਸ ਤਕਨਾਲੋਜੀ ਦੇ ਮੁਕਾਬਲੇ ਕਾਰਬਨ ਨਿਕਾਸ ਨੂੰ ਕਾਫ਼ੀ ਹੱਦ ਤੱਕ ਘਟਾਉਂਦਾ ਹੈ, ਜੋ ਵਾਤਾਵਰਣ ਅਨੁਕੂਲ ਅਤੇ ਟਿਕਾਊ ਉਦਯੋਗਿਕ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਦਿੰਦਾ ਹੈ।
ਪੰਜਾਬ ਸਰਕਾਰ ਵੱਲੋਂ ਨਿਭਾਈ ਗਈ ਸਰਗਰਮ ਭੂਮਿਕਾ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮੈਗਾ ਪ੍ਰੋਜੈਕਟ ਦੇ ਨਿਰਮਾਣ ਅਤੇ ਸੰਚਾਲਨ ਨੂੰ ਸਮਾਂਬੱਧ ਢੰਗ ਨਾਲ ਯਕੀਨੀ ਬਣਾਇਆ, ਜੋ ਕਿ ਪੰਜਾਬ ਦੀਆਂ ਉਦਯੋਗ-ਪੱਖੀ ਨੀਤੀਆਂ ਅਤੇ ਸਰਗਰਮ ਸ਼ਾਸਨ ਢਾਂਚੇ ਨੂੰ ਦਰਸਾਉਂਦਾ ਹੈ।
ਇਸ ਪ੍ਰੋਜੈਕਟ ਦੀ ਸ਼ੁਰੂਆਤ ਨੂੰ ਸੂਬੇ ਲਈ ਮਾਣ ਵਾਲੀ ਗੱਲ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜਮਸ਼ੇਦਪੁਰ ਤੋਂ ਬਾਅਦ ਭਾਰਤ ਵਿੱਚ ਟਾਟਾ ਸਟੀਲ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੈ ਅਤੇ ਪੰਜਾਬ ਵਿੱਚ ਕੰਪਨੀ ਦੇ ਸਭ ਤੋਂ ਵੱਡੇ ਨਿਵੇਸ਼ ਨੂੰ ਦਰਸਾਉਂਦਾ ਹੈ। ਨਿਰੰਤਰ ਉਦਯੋਗਿਕ ਵਿਸਥਾਰ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਪ੍ਰੋਜੈਕਟ ਦੇ ਸਫ਼ਲ ਸੰਚਾਲਨ ਅਤੇ ਭਵਿੱਖ ਵਿੱਚ ਹੋਰ ਵਿਸਥਾਰ ਲਈ ਟਾਟਾ ਸਟੀਲ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਪੰਜਾਬ ਸਰਕਾਰ 1-1 ਕਰੋੜ ਰੁਪਏ ਦੀ ਦੇਵੇਗੀ ਆਰਥਿਕ ਸਹਾਇਤਾ
ਚੰਡੀਗੜ੍ਹ/ਬਿਊਰੋ ਨਿਊਜ਼
ਗੁਰਦਾਸਪੁਰ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਦੀਆਂ ਪੁਲਿਸ ਚੌਕੀ ’ਚ ਡਿਊਟੀ ’ਤੇ ਤਾਇਨਾਤ ਏ.ਐਸ.ਆਈ. ਗੁਰਨਾਮ ਸਿੰਘ ਅਤੇ ਹੋਮਗਾਰਡ ਅਸ਼ੋਕ ਕੁਮਾਰ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਵਾਰਦਾਤ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ। ਇਸਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਨ ਗੁਆਉਣ ਵਾਲੇ ਇਨ੍ਹਾਂ ਦੋ ਪੁਲਿਸ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮੱਦਦ ਦਾ ਐਲਾਨ ਕਰ ਦਿੱਤਾ ਹੈ। ਸੀਐਮ ਮਾਨ ਨੇ ਇਕ ਪੋਸਟ ਸਾਂਝੀ ਕਰਕੇ ਕਿਹਾ ਕਿ ਸ਼ਹੀਦ ਏਐਸਆਈ ਗੁਰਨਾਮ ਸਿੰਘ ਅਤੇ ਪੀਐਚਜੀ ਅਸ਼ੋਕ ਕੁਮਾਰ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਐਕਸਪ੍ਰੇਸ਼ੀਆ ਰਾਸ਼ੀ ਦੇਵੇਗੀ। ਸੀਐਮ ਮਾਨ ਨੇ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ ਅਤੇ ਇਨ੍ਹਾਂ ਜਵਾਨਾਂ ਦੀ ਕੁਰਬਾਨੀ ਸਾਨੂੰ ਸਾਰਿਆਂ ਨੂੰ ਸਨਮਾਨ ਅਤੇ ਬਹਾਦਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦੀ ਹੈ।

ਸੂਚਨਾ ਕੇਂਦਰ ਵਿਖੇ ਟਿਮ ਉਪਲ ਦਾ ਕੀਤਾ ਗਿਆ ਸਨਮਾਨ
ਅੰਮਿ੍ਰਤਸਰ/ਬਿਊਰੋ ਨਿਊਜ਼
ਕੈਨੇਡਾ ਦੇ ਐਮ.ਪੀ. ਅਤੇ ਵਿਰੋਧੀ ਧਿਰ ਦੇ ਡਿਪਟੀ ਲੀਡਰ ਟਿਮ ਸਿੰਘ ਉੱਪਲ ਨੇ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨਾਲ ਕੁਲਦੀਪ ਸਿੰਘ ਪ੍ਰਧਾਨ ਕੇ.ਐਨ.ਆਰ. ਗਰੁੱਪ ਕੈਨੇਡਾ ਅਤੇ ਚਰਨਜੀਤ ਸਿੰਘ ਮਾਵੀਕਲਾਂ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਅਤੇ ਸੂਚਨਾ ਅਧਿਕਾਰੀ ਰਣਧੀਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਦੇਸ਼ ਦੁਨੀਆਂ ਅੰਦਰ ਵੱਸਦੇ ਸਿੱਖਾਂ ਨੇ ਆਪਣੀ ਮਿਹਨਤ ਸਦਕਾ ਉੱਚੇ ਮੁਕਾਮ ਹਾਸਲ ਕੀਤੇ ਹਨ। ਇਨ੍ਹਾਂ ਵਿਚੋਂ ਹੀ ਟਿਮ ਸਿੰਘ ਉੱਪਲ ਵੀ ਇਕ ਹਨ, ਜਿਨ੍ਹਾਂ ਨੇ ਕੈਨੇਡਾ ਦੀ ਸਿਆਸਤ ਅੰਦਰ ਨਾਮਣਾ ਖੱਟਿਆ ਹੈ। ਇਸ ਮੌਕੇ ਟਿਮ ਸਿੰਘ ਉੱਪਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇਸ਼ ਦੁਨੀਆਂ ਅੰਦਰ ਵੱਸਦੇ ਸਿੱਖਾਂ ਲਈ ਵੱਡੀ ਆਸਥਾ ਦਾ ਕੇਂਦਰ ਹੈ, ਜਿਥੇ ਨਤਮਸਤਕ ਹੋ ਕੇ ਉਹ ਆਪਣੇ  ਆਪ ਨੂੰ ਸੁਭਾਗਾ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵਲੋਂ ਮਿਲੇ ਸਨਮਾਨ ਲਈ ਧੰਨਵਾਦ ਵੀ ਕੀਤਾ।

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਹੈ ਕਿ ਕੇਂਦਰੀ ਬੈਂਕ ਆਈ.ਡੀ.ਐਫ.ਸੀ. ਫਸਟ ਬੈਂਕ ਵਿਚ ਹੋਈ 590 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਆਰਬੀਆਈ ਦੇ ਕੇਂਦਰੀ ਨਿਰਦੇਸ਼ਕ ਮੰਡਲ ਨੂੰ ਸੰਬੋਧਨ ਕੀਤੇ ਜਾਣ ਤੋਂ ਬਾਅਦ ਗਵਰਨਰ ਸੰਜੇ ਮਲਹੋਤਰਾ ਨੇ ਮੀਡੀਆ ਨੂੰ ਭਰੋਸਾ ਦਿੱਤਾ ਕਿ ਇਹ ਕੋਈ ਪ੍ਰਣਾਲੀਗਤ ਸਮੱਸਿਆ ਨਹੀਂ ਹੈ, ਯਾਨੀ ਇਸਦਾ ਅਸਰ ਪੂਰੇ ਬੈਂਕਿੰਗ ਢਾਂਚੇ ’ਤੇ ਨਹੀਂ ਪਵੇਗਾ। ਆਈ.ਡੀ.ਐਫ.ਸੀ ਫਸਟ ਬੈਂਕ ਨੇ ਖੁਲਾਸਾ ਕੀਤਾ ਸੀ ਕਿ ਚੰਡੀਗੜ੍ਹ ਦੀ ਇਕ ਖਾਸ ਬ੍ਰਾਂਚ ਵਿਚ ਕੁਝ ਕਰਮਚਾਰੀਆਂ ਅਤੇ ਹੋਰ ਲੋਕਾਂ ਨੇ ਮਿਲ ਕੇ ਹਰਿਆਣਾ ਸਰਕਾਰ ਦੇ ਖਾਤਿਆਂ ਵਿਚ 590 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਇਹ ਮਾਮਲਾ ਹਰਿਆਣਾ ਸਰਕਾਰ ਨਾਲ ਸਬੰਧਤ ਖਾਤਿਆਂ ਦੇ ਇਕ ਖਾਸ ਸਮੂਹ ਤੱਕ ਹੀ ਸੀਮਤ ਹੈ ਅਤੇ ਚੰਡੀਗੜ੍ਹ ਬਰਾਂਚ ਦੇ ਹੋਰ ਗਾਹਕਾਂ ਦੇ ਪੈਸੇ ਪੂਰੀ ਤਰ੍ਹਾਂ ਸੁਰੱਖਿਅਤ ਹਨ।  

ਅਕਾਲੀ ਆਗੂ ਬਿਕਰਮ ਮਜੀਠੀਆ ਵੀ ਖਹਿਰਾ ਦੇ ਹੱਕ ’ਚ ਆਏ
ਕਪੂਰਥਲਾ/ਬਿਊਰੋ ਨਿਊਜ਼
ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਰਾਮਗੜ੍ਹ ਸਥਿਤ ਘਰ ਦਾ ਇਕ ਪਾਸਾ ਪੰਜਾਬ ਸਰਕਾਰ ਦੇ ਬੁਲਡੋਜ਼ਰ ਨੇ ਢਾਹ ਦਿੱਤਾ ਹੈ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਜੇਸੀਬੀ ਮਸ਼ੀਨ ਦੇ ਅੱਗੇ ਬੈਠ ਗਏ ਅਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਧਰਨਾ ਵੀ ਦਿੱਤਾ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਖਿਲਾਫ ਉਨ੍ਹਾਂ ਦੀਆਂ ਨੀਤੀਆਂ ਬਾਰੇ ਸ਼ੋਸ਼ਲ ਮੀਡੀਆ ਅਤੇ ਹੋਰ ਥਾਵਾਂ ’ਤੇ ਵੀ ਮੋਰਚਾ ਖੋਲ੍ਹਿਆ ਹੋਇਆ ਹੈ। ਉਧਰ ਦੂਜੇ ਪਾਸੇ ਪ੍ਰਸ਼ਾਸ਼ਨਿਕ ਸੂਤਰਾਂ ਨੇ ਇਸ ਕਾਰਵਾਈ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਸਿਰਫ ਉਨ੍ਹਾਂ ਢਾਂਚਿਆਂ ਨੂੰ ਹੀ ਢਾਹ ਰਹੇ ਹਨ, ਜੋ ਨਿਯਮਾਂ ਅਨੁਸਾਰ ਗੈਰਕਾਨੂੰਨੀ ਹਨ। ਇਸੇ ਦੌਰਾਨ ਖਹਿਰਾ ਨੇ ਇਸ ਸਾਰੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਇਸਦੇ ਚੱਲਦਿਆਂ ਸਮੁੱਚੇ ਕਾਂਗਰਸੀ ਆਗੂਆਂ ਨੇ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਖਹਿਰਾ ਨਾਲ ਗੱਲਬਾਤ ਕੀਤੀ ਅਤੇ ਸਰਕਾਰ ਦੇ ਰਵੱਈਏ ਦੀ ਆਲੋਚਨਾ ਕੀਤੀ ਹੈ।

ਚੰਡੀਗੜ੍ਹ : ਫਾਜ਼ਿਲਕਾ ਦੇ ਬਸਤੀ ਹਜ਼ੂਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਮਾੜੀ ਹਾਲਤ ਬਾਰੇ ਨੋਟਿਸ ‘ਚ ਆਉਣ ਦੇ ਤੁਰੰਤ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਸ ਸਕੂਲ ਦੀ ਇਮਾਰਤ ਦੀ ਨਵੇਂ ਸਿਰਿਓਂ ਉਸਾਰੀ ਕਰਨ ਦੇ ਹੁਕਮ ਦਿੱਤੇ ਹਨ। ਸਿੱਖਿਆ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਸਕੂਲ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਕਰਨ ਦੇ ਨਿਰਦੇਸ਼ ਦਿੱਤੇ ਅਤੇ ਭਰੋਸਾ ਦਿੱਤਾ ਕਿ ਸਕੂਲ ਦੀ ਨਵੀਂ ਇਮਾਰਤ ਛੇ ਮਹੀਨਿਆਂ ਦੇ ਅੰਦਰ ਮੁਕੰਮਲ ਹੋ ਜਾਵੇਗੀ, ਜਿਸ ਦੀ ਉਹ ਨਿੱਜੀ ਤੌਰ ‘ਤੇ ਨਿਗਰਾਨੀ ਕਰਨਗੇ।

ਇਸ ਮਾਮਲੇ ਦਾ ਜ਼ਿਕਰ ਕਰਦਿਆਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਸਤੀ ਹਜ਼ੂਰ ਵਿੱਚ ਸਰਕਾਰੀ ਸਕੂਲ ਦੀ ਮਾੜੀ ਹਾਲਤ ਬਾਰੇ ਕੱਲ੍ਹ ਮੇਰੇ ਧਿਆਨ ਵਿੱਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਦੇ ਨਿਰਦੇਸ਼ ਦੇ ਦਿੱਤੇ ਹਨ ਅਤੇ ਮੈਂ ਖੁਦ ਜਾ ਕੇ ਸਕੂਲ ਦੀ ਸਥਿਤੀ ਦਾ ਨਿਰੀਖਣ ਕਰਾਂਗਾ। ਉਨ੍ਹਾਂ ਕਿਹਾ ਕਿ ਇਸ ਸਕੂਲ ਕੋਲ ਅਗਲੇ 6 ਮਹੀਨਿਆਂ ਦੇ ਅੰਦਰ ਇੱਕ ਨਵੀਂ ਇਮਾਰਤ ਹੋਵੇਗੀ ਅਤੇ ਇਹ ਕੋਈ ਰਾਜਨੀਤਿਕ ਬਿਆਨ ਨਹੀਂ; ਸਗੋਂ ਮੇਰੀ ਨਿੱਜੀ ਗਰੰਟੀ ਹੈ।

ਸੂਬੇ ਦੇ ਸਕੂਲੀ ਬੁਨਿਆਦੀ ਢਾਂਚੇ ਵਿੱਚ ਵਿਆਪਕ ਸੁਧਾਰਾਂ ਬਾਰੇ ਗੱਲ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ 20,000 ਸਰਕਾਰੀ ਸਕੂਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲ ਸਾਨੂੰ ਪਿਛਲੀਆਂ ਸਰਕਾਰਾਂ ਦੀ ਦਹਾਕਿਆਂ ਦੀ ਅਣਗਹਿਲੀ ਕਰਕੇ ਪੂਰੀ ਤਰ੍ਹਾਂ ਖਸਤਾ ਹਾਲਤ ਵਿੱਚ ਵਿਰਾਸਤ ‘ਚ ਮਿਲੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਸੈਂਕੜੇ ਅਜਿਹੇ ਸਕੂਲਾਂ ਦੀ ਨੁਹਾਰ ਬਦਲੀ ਹੈ ਅਤੇ ਇਹ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੇ ਸਾਰੇ 20,000 ਸਕੂਲਾਂ ਦੀ ਕਾਇਆਕਲਪ ਕਰਨ ਦੇ ਮਿਸ਼ਨ ‘ਤੇ ਹਾਂ ਅਤੇ ਸੂਬਾ ਸਰਕਾਰ ਪੂਰੀ ਵਚਨਬੱਧਤਾ ਅਤੇ ਪਾਰਦਰਸ਼ਤਾ ਨਾਲ ਇਸ ਟੀਚੇ ਵੱਲ ਲਗਾਤਾਰ ਅੱਗੇ ਵਧ ਰਹੀ ਹੈ।

ਸਿੱਖਿਆ ਸੁਧਾਰਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਿਰਫ਼ ਵੱਡੇ ਦਾਅਵਿਆਂ ਦਾ  ਨਹੀਂ, ਬਲਕਿ ਜਵਾਬਦੇਹੀ ਅਤੇ ਨਿਰੰਤਰ ਕਾਰਵਾਈ ਦਾ ਸਫ਼ਰ ਹੈ ਅਤੇ ਸਿੱਖਿਆ ਮੇਰੇ ਲਈ ਕੋਈ ਰਾਜਨੀਤੀ ਨਹੀਂ; ਸਗੋਂ ਮੇਰਾ ਜਨੂੰਨ ਅਤੇ ਜ਼ਿੰਮੇਵਾਰੀ ਹੈ।

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 6 ਮਾਰਚ ਤੋਂ 16 ਮਾਰਚ ਤੱਕ ਚੱਲੇਗਾ
ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਗਰੀਬ ਅਤੇ ਪਿਛੜੇ ਵਰਗ ਦੇ ਲੋਕਾਂ ਨੂੰ ਪੌਸ਼ਟਿਕ ਭੋਜਨ ਮੁਹਈਆ ਕਰਵਾਉਣ ਲਈ ਮੇਰੀ ਰਸੋਈ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸੂਬੇ ਦੇ 40 ਲੱਖ ਨੀਲਾ ਕਾਰਡ ਧਾਰਕਾਂ ਨੂੰ ਤਿਮਾਹੀ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਇਸ ਵਿੱਚ ਦੋ ਕਿੱਲੋ ਮਾਂਹ-ਛੋਲਿਆਂ ਦੀ ਦਾਲ, ਦੋ ਕਿਲੋ ਚੀਨੀ, ਇਕ ਕਿਲੋ ਨਮਕ, ਇਕ ਕਿਲੋ ਸਰੋਂ ਦਾ ਤੇਲ ਅਤੇ 200 ਗ੍ਰਾਮ ਹਲਦੀ ਸ਼ਾਮਲ ਕਰਵਾਈ ਜਾਵੇਗੀ। ਇਹ ਰਾਸ਼ਨ ਪੰਜਾਬ ਦੇ ਨੀਲਾ ਕਾਰਡ ਧਾਰਕ ਲੋਕਾਂ ਨੂੰ ਤਿੰਨ ਮਹੀਨੇ ਦਾ ਇਕੱਠਾ ਮੁਹਈਆ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਪੋਸ਼ਟਿਕ ਭੋਜਨ ਨਾ ਮਿਲਣ ਕਰਕੇ ਕਈ ਤਰ੍ਹਾਂ ਦੀਆਂ ਸਰੀਰਕ ਕਮੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ‘ਮੇਰੀ ਰਸੋਈ ਸਕੀਮ’ ਰਾਹੀਂ ਸੂਬੇ ਦੇ 40 ਲੱਖ ਨੀਲਾ ਕਾਰਡ ਲੋਕਾਂ ਨੂੰ ਵਿਟਾਮਿਨ ਅਤੇ ਪ੍ਰੋਟੀਨ ਨਾਲ ਭਰਿਆ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸੂਬਾ ਸਰਕਾਰ ਵੱਲੋਂ ਵਿੱਤੀ ਵਰੇ੍ਹ 2026 ਅਤੇ 2027 ਦਾ ਬਜਟ ਇਜਲਾਸ 6 ਮਾਰਚ ਨੂੰ ਸ਼ੁਰੂ ਕਰਕੇ 16 ਮਾਰਚ ਤੱਕ ਚਲਾਇਆ ਜਾਵੇਗਾ।

 ਮੋਹਾਲੀ ਦੇ ਤੇਜ਼ ਵਿਕਾਸ ਅਤੇ ਪ੍ਰੀਮੀਅਮ ਹੋਟਲ ਕਮਰਿਆਂ ਦੀ ਵਧਦੀ ਮੰਗ 'ਤੇ ਦਿੱਤਾ ਜ਼ੋਰ

ਚੰਡੀਗੜ੍ਹ, :
ਕੈਬਨਿਟ ਮੰਤਰੀ ਸੰਜੀਵ ਅਰੋਫ਼ਾ ਨੇ ਆਈ.ਟੀ.ਸੀ. ਹੋਟਲਜ਼ ਲਿਮਟਿਡ  ਮੋਹਾਲੀ-ਚੰਡੀਗੜ੍ਹ ਦੇ ਵੈਲਕਮ ਹੋਟਲ ਦਾ ਰਸਮੀ ਉਦਘਾਟਨ  ਕੀਤਾ , ਜੋ ਕਿ ਖੇਤਰ ਵਿਚ ਪ੍ਰੀਮੀਅਮ ਪਰਾਹੁਣਚਾਰੀ ਸਹੂਲਤਾਂ  ਉੱਪਲੱਬਧ ਕਰਾਉਣ ਲਈ ਇੱਕ ਅਹਿਮ ਵਾਧਾ ਹੈ ਅਤੇ ਪੰਜਾਬ ਵਿੱਚ ਸੈਲਾਨੀਆਂ, ਨਿਵੇਸ਼ਕਾਂ ਅਤੇ ਕਾਰੋਬਾਰੀਆਂ ਲਈ ਇੱਕ  ਨਵਾਂ ਗੇਟਵੇ ਹੈ।

ਸਮਾਗਮ ਦੀ ਸ਼ੁਰੂਆਤ ਮਾਨਯੋਗ ਮੰਤਰੀ ਵੱਲੋਂ ਰਿਬਨ ਕੱਟਣ ਨਾਲ ਕੀਤੀ ਗਈ , ਇਸ ਤੋਂ ਬਾਅਦ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਰਵਾਇਤੀ  ਦੀਵਾ ਜਗਾਉਣ ਦੀ ਰਸਮ ਹੋਈ। ਇਸ ਸਮਾਗਮ ਵਿੱਚ ਆਈ.ਟੀ.ਸੀ. ਹੋਟਲਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਨਿਲ ਚੱਢਾ, ਗੁਜਰਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਭੁਪਿੰਦਰ ਸਿੰਘ ਗੁਜਰਾਲ ਅਤੇ ਗਗਨਜੀਤ ਸਿੰਘ ਗੁਜਰਾਲ ਸਮੇਤ ਉੱਘੇ ਉਦਯੋਗਿਕ ਆਗੂਆਂ ਨੇ ਸ਼ਿਰਕਤ ਕੀਤੀ।

 ਇਕੱਠ ਨੂੰ ਸੰਬੋਧਨ ਕਰਦਿਆਂ  ਮੰਤਰੀ ਸੰਜੀਵ ਅਰੋੜਾ ਨੇ ਮੋਹਾਲੀ ਦੇ ਸਕਾਈਲਾਈਨ ਵਿੱਚ ਵੈਲਕਮਹੋਟਲ ਦੇ ਸ਼ਾਮਲ ਹੋਣ ਦਾ ਨਿੱਘਾ ਸਵਾਗਤ ਕੀਤਾ ਅਤੇ ਉੱਤਰੀ ਭਾਰਤ ਵਿਚ ਤੇਜ਼ੀ ਨਾਲ ਵਧ ਰਹੇ ਆਰਥਿਕ ਅਤੇ ਸੰਸਥਾਗਤ ਹੱਬਾਂ ਵਜੋਂ ਉਭਰ ਰਹੇ ਇਸ ਸ਼ਹਿਰ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਆਈਟੀ ਸਿਟੀ, ਐਰੋਸਿਟੀ, ਸਿਹਤ ਸੰਭਾਲ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਕਨਵੈਨਸ਼ਨ ਬੁਨਿਆਦੀ ਢਾਂਚੇ ਦੇ ਤੇਜ ਵਿਸਥਾਰ ਦੇ ਨਾਲ, ਮੋਹਾਲੀ ਵਿਚ ਬੜੀ ਤੇਜ਼ੀ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਲੋਕਾਂ ਦੀ ਆਮਦ ਵਿਚ ਨਿਰੰਤਰ ਵਾਧਾ ਦੇਖਿਆ ਜਾ ਰਿਹਾ ਹੈ।

ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਿਕਾਸ ਦੇ ਰਾਹ ਨੇ ਵਪਾਰਕ ਨੁਮਾਇੰਦਿਆ, ਵਿਸ਼ਵਵਿਆਪੀ ਨਿਵੇਸ਼ਕਾਂ, ਸੈਲਾਨੀਆਂ ਅਤੇ ਖੇਤਰ ਵਿੱਚ ਆਯੋਜਿਤ ਕੀਤੇ ਜਾ ਰਹੇ ਵੱਡੇ ਪੱਧਰ ਦੇ ਸਮਾਗਮਾਂ ਨੂੰ ਨੇਪਰੇ ਚੜਾਉਣ ਲਈ ਬਹੁਤ ਸਾਰੇ ਉੱਚ-ਗੁਣਵੱਤਾ ਵਾਲੇ ਹੋਟਲ ਕਮਰਿਆਂ ਦੀ ਸਪੱਸ਼ਟ ਅਤੇ ਵਧਦੀ ਲੋੜ ਪੈਦਾ ਕੀਤੀ ਹੈ।

ਮੰਤਰੀ ਨੇ ਕਿਹਾ, “ਮੋਹਾਲੀ ਹੁਣ ਵਿਕਾਸ ਦੇ ਸਿਖਰ 'ਤੇ ਹੈ। ਆਈਟੀ, ਸਿੱਖਿਆ, ਸਿਹਤ ਸੰਭਾਲ ਅਤੇ ਉਦਯੋਗਿਕ ਵਾਤਾਵਰਣ ਪ੍ਰਣਾਲੀਆਂ ਦੇ ਵਿਸਥਾਰ ਦੇ ਨਾਲ, ਵਿਸ਼ਵ ਪੱਧਰੀ ਪਰਾਹੁਣਚਾਰੀ ਬੁਨਿਆਦੀ ਢਾਂਚੇ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਆਈਟੀਸੀ ਹੋਟਲਾਂ ਦੁਆਰਾ ਇਸ ਨਿਵੇਸ਼ ਦਾ ਸਵਾਗਤ ਕਰਦਾ ਹੈ, ਅਤੇ ਅਸੀਂ ਅਜਿਹੇ ਹੋਰ ਬਹੁਤ ਸਾਰੇ ਪ੍ਰੋਜੈਕਟਾਂ ਦੀ ਉਮੀਦ ਕਰਦੇ ਹਾਂ ਜੋ ਸਾਡੇ ਸੈਰ-ਸਪਾਟਾ ਜਗਤ ਅਤੇ ਸੇਵਾ ਆਰਥਿਕਤਾ ਨੂੰ ਮਜ਼ਬੂਤ ਕਰਨਗੇ,” ।

 ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਪਾਰਦਰਸ਼ੀ ਪ੍ਰਵਾਨਗੀਆਂ, ਨੀਤੀਗਤ ਸਹਾਇਤਾ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਰਾਹੀਂ ਪਰਾਹੁਣਚਾਰੀ ਨਿਵੇਸ਼ਾਂ ਲਈ ਇੱਕ ਬਹੁਤ ਹੀ ਸਾਜ਼ਗਾਰ ਮਾਹੌਲ ਬਣਾਉਣ ਲਈ ਵਚਨਬੱਧ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬਾ ਉੱਚ ਪੱਧਰੇ ਪਰਾਹੁਣਚਾਰੀ ਵਿਕਾਸ ਲਈ ਢੁਕਵੀਂ ਵਿਰਾਸਤ ਅਤੇ ਸੰਸਥਾਗਤ ਜਾਇਦਾਦਾਂ ਦੀ ਸੁਚੱਜੇ ਢੰਗ ਨਾਲ ਮੁੜ ਵਰਤੋਂ ਕਰਨ ਲਈ ਸਰਗਰਮੀ ਨਾਲ ਖੋਜ ਕਰ ਰਿਹਾ ਹੈ I ਇਸ ਦੇ ਨਾਲ ਹੀ ਸੈਰ-ਸਪਾਟਾ ਪ੍ਰੋਤਸਾਹਨ ਅਤੇ ਸੱਭਿਆਚਾਰਕ ਸੰਪਤੀਆਂ ਦੀ ਸੰਭਾਲ ਦੋਵਾਂ ਨੂੰ ਯਕੀਨੀ ਬਨਾਇਆ ਜਾ ਰਿਹਾ ਹੈ।

ਸਰਕਾਰ ਦੀ ਦੂਰ ਅੰਦੇਸ਼ ਸੋਚ ਦੀ ਪੁਸ਼ਟੀ ਕਰਦੇ ਹੋਏ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪਰਾਹੁਣਚਾਰੀ-ਅਗਵਾਈ ਵਾਲਾ ਵਿਕਾਸ ਪੰਜਾਬ ਦੇ ਆਰਥਿਕ ਰੋਡਮੈਪ ਦਾ ਅਨਿਖੜਵਾ ਅੰਗ  ਹੈ, ਕਿਉਂਕਿ ਇਹ ਹੁਨਰ ਦੇ ਅਧਾਰ 'ਤੇ ਕਾਫ਼ੀ ਰੁਜ਼ਗਾਰ ਮੌਕੇ ਪੈਦਾ ਕਰਦਾ ਹੈ, ਐਮ. ਐਸ.ਐਮ.ਈ. ਦਾ ਸਮਰਥਨ ਕਰਦਾ ਹੈ ਅਤੇ ਮੋਹਾਲੀ ਵਰਗੇ ਉੱਭਰ ਰਹੇ ਵਿਕਾਸ ਕੇਂਦਰਾਂ ਦੇ ਸਮੁੱਚੇ ਨਿਵੇਸ਼ ਆਕਰਸ਼ਣ ਨੂੰ ਵਧਾਉਂਦਾ ਹੈ।

ਆਪਣੇ ਭਾਸ਼ਣ ਵਿੱਚ ਸ਼੍ਰੀ ਭੁਪਿੰਦਰ ਸਿੰਘ ਗੁਜਰਾਲ ਨੇ ਪੰਜਾਬ ਸਰਕਾਰ ਦਾ ਇਸ ਸੁਵਿਧਾਜਨਕ ਅਤੇ ਜਵਾਬਦੇਹ ਪਹੁੰਚ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਮੋਹਾਲੀ ਦਾ ਵਿਕਸਤ ਹੋ ਰਿਹਾ ਕਾਰੋਬਾਰ ਅਤੇ ਸੈਰ-ਸਪਾਟਾ ਵਾਤਾਵਰਣ ਇਸਨੂੰ ਪ੍ਰੀਮੀਅਮ ਪਰਾਹੁਣਚਾਰੀ ਪ੍ਰੋਜੈਕਟਾਂ ਲਈ ਇੱਕ ਆਦਰਸ਼ ਸਥਾਨ ਬਣਾਉਂਦਾ ਹੈ। ਉਨ੍ਹਾਂ ਹੋਟਲ ਨੂੰ ਪੰਜਾਬ ਦੀ ਵਿਕਾਸ ਕਹਾਣੀ ਵਿੱਚ ਇੱਕ ਮਾਣਮੱਤਾ ਯੋਗਦਾਨ ਦੱਸਿਆ।

 ਆਈ.ਟੀ.ਸੀ.ਹੋਟਲਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਨਿਲ ਚੱਢਾ ਨੇ ਬ੍ਰਾਂਡ ਦੀ ਉੱਚ-ਵਿਕਾਸ ਵਾਲੇ ਸ਼ਹਿਰਾਂ ਵਿੱਚ ਵਿਸਥਾਰ ਕਰਨ ਦੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਮੋਹਾਲੀ ਦੀ ਰਣਨੀਤਕ ਸਥਿਤੀ, ਮਜ਼ਬੂਤ ਬੁਨਿਆਦੀ ਢਾਂਚਾ ਅਤੇ ਮਜ਼ਬੂਤ ਆਰਥਿਕ ਗਤੀ ਇਸਨੂੰ ਵਿਸ਼ਵ ਪੱਧਰੀ ਪਰਾਹੁਣਚਾਰੀ  ਲਈ ਇੱਕ ਕੁਦਰਤੀ ਅਤੇ ਢੁਕਵੇਂ ਵਿਕਲਪ ਵਜੋਂ ਪੇਸ਼ ਕਰ ਰਹੀ ਹੈ।

ਸਮਾਗਮ ਇੱਕ ਪ੍ਰਤੀਕਾਤਮਕ ਕੁੰਜੀ ਅਤੇ ਮਮੈਂਟੋ   ਨਾਲ ਸਮਾਪਤ ਹੋਇਆ, ਜਿਸ ਨਾਲ ਰਸਮੀ ਤੌਰ 'ਤੇ ਕਾਰਜਾਂ ਦੀ ਸ਼ੁਰੂਆਤ ਹੋਈ ਅਤੇ ਮੋਹਾਲੀ ਅਤੇ ਪੰਜਾਬ ਲਈ ਨਿਰੰਤਰ ਵਿਕਾਸ, ਵਧ ਵਿਜ਼ਟਰ ਸਮਰੱਥਾ ਅਤੇ  ਜੀਵੰਤ ਪਰਾਹੁਣਚਾਰੀ ਭਵਿੱਖ ਦੇ ਸਾਂਝੇ ਉੱਦਮ ਦਾ ਜਸ਼ਨ ਮਨਾਇਆ ਗਿਆ।

ਅੰਮ੍ਰਿਤਸਰ/ਬਿਊਰੋ ਨਿਊਜ਼
ਨਾਨਕਸਰ ਸੰਪਰਦਾ ਦੇ ਸਤਿਕਾਰਯੋਗ ਸੰਤ ਬਾਬਾ ਘਾਲਾ ਸਿੰਘ ਪਾਸੋਂ ਸੁਰੱਖਿਆ ਵਾਪਸ ਲੈਣ ਦੀ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਸੂਬੇ ਦੀ ਮੌਜੂਦਾ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਦੇ ਚੱਲਦਿਆਂ ਸਰਕਾਰ ਦੀ ਇਹ ਕਾਰਵਾਈ ਗਲਤ ਹੈ। ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਅਤੇ ਸੰਤ ਬਾਬਾ ਘਾਲਾ ਸਿੰਘ ਨੂੰ ਪਿਛਲੇ ਲੰਮੇ ਸਮੇਂ ਤੋਂ ਜੋ ਸੁਰੱਖਿਆ ਮਿਲੀ ਹੋਈ ਸੀ, ਉਸ ਨੂੰ ਸਰਕਾਰ ਨੇ ਵਾਪਸ ਲੈ ਲਿਆ ਹੈ। ਜਥੇਦਾਰ ਨੇ ਕਿਹਾ ਕਿ ਜੇਕਰ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਦੇ ਪ੍ਰਚਾਰਕਾਂ ਨਾਲ ਸਰਕਾਰ ਲਾਗਤਬਾਜ਼ੀ ਕਰਕੇ ਕਾਰਵਾਈ ਕਰੇਗੀ ਤਾਂ ਇਹ ਬਿਲਕੁਲ ਉਚਿਤ ਨਹੀਂ, ਇਸ ਉੱਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਤ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਕੋਈ ਘਟਨਾ ਵਾਪਰਦੀ ਹੈ ਤਾਂ ਇਸਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਜਥੇਦਾਰ ਗੜਗੱਜ ਨੇ ਕਿਹਾ ਕਿ ਸਰਕਾਰ ਤੁਰੰਤ ਪ੍ਰਭਾਵ ਨਾਲ ਸੰਤ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਮੁੜ ਬਹਾਲ ਕਰੇ।

ਚੰਡੀਗੜ੍ਹ/ਫਰੀਦਕੋਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਵੱਡੀ ਸਫ਼ਲਤਾ ਦਰਜ ਕਰਦਿਆਂ ਫ਼ਰੀਦਕੋਟ ਪੁਲਿਸ ਨੇ ਪਾਕਿਸਤਾਨ-ਸਮਰਥਿਤ ਅੰਤਰਰਾਸ਼ਟਰੀ ਡਰੱਗ ਕਾਰਟੇਲ ਦਾ ਪਰਦਾਫਾਸ਼ ਕਰਦੇ ਹੋਏ ਇੱਕ ਫੌਜੀ  ਜਵਾਨ ਅਤੇ ਬਰਖ਼ਾਸਤ ਪੁਲਿਸ ਮੁਲਾਜ਼ਮ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4.8 ਕਿਲੋ ਹੈਰੋਇਨ ਅਤੇ ਇੱਕ .30 ਬੋਰ ਪਿਸਤੌਲ ਸਮੇਤ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ । ਇਹ ਜਾਣਕਾਰੀ  ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਰਨੈਲ ਸਿੰਘ ਉਰਫ ਗੋਲਡੀ ਵਾਸੀ ਲੁਧਿਆਣਾ , ਜੋ ਇਸ ਸਮੇਂ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ, ਅਮਰਦੀਪ ਸਿੰਘ ਉਰਫ ਬਾਕਸਰ (ਬਰਖਾਸਤ ਪੀਏਪੀ ਕੇਡਰ ਮੁਲਾਜ਼ਮ) ਅਤੇ ਡਿੰਪਲ ਰਾਣੀ ਵਾਸੀ ਫਿਰੋਜ਼ਪੁਰ, ਰਮਨਦੀਪ ਕੌਰ, ਸਰਬਜੀਤ ਸਿੰਘ ਉਰਫ ਸੱਬਾ ਅਤੇ ਅੰਮ੍ਰਿਤਪਾਲ ਸਿੰਘ ਉਰਫ ਅਭਿਜੋਤ ਸਾਰੇ ਵਾਸੀ ਮੋਗਾ ਵਜੋਂ ਹੋਈ ਹੈ। ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਤੀਹ ਹਜ਼ਾਰ  ਡਰੱਗ ਮਨੀ ਵੀ ਜ਼ਬਤ ਕੀਤੀ ਅਤੇ ਉਨ੍ਹਾਂ ਦੀਆਂ ਦੋ ਗੱਡੀਆਂ, ਜਿਨ੍ਹਾਂ ਵਿੱਚ ਥਾਰ ਅਤੇ ਐਕਸਯੂਵੀ-500 ਸ਼ਾਮਲ ਹਨ, ਨੂੰ ਜ਼ਬਤ ਕੀਤਾ ਹੈ, ਜਿਨ੍ਹਾਂ ਦੀ ਵਰਤੋਂ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਰ ਰਹੇ ਸਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਸਫਲਤਾ ਬਹੁਤ ਹੀ ਯੋਜਨਾਬੱਧ ਤੇ ਖੁਫੀਆ ਆਪ੍ਰੇਸ਼ਨ ਅਤੇ 2 ਮਹੀਨੇ ਦੀ ਪੁਖ਼ਤਾ ਜੇਲ੍ਹ ਨਿਗਰਾਨੀ ਅਤੇ ਚੌਕਸੀ ਦਾ ਨਤੀਜਾ ਹੈ, ਜਿਸ ਨਾਲ ਕਾਰਟੇਲ ਦੀਆਂ ਦੂਰ ਤੱਕ ਫੈਲੀਆਂ ਜੜ੍ਹਾਂ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ, ਜੋ ਹੈਰੋਇਨ ਦੀ ਖੇਪ ਨੂੰ ਭਾਰਤੀ ਖੇਤਰ ਵਿੱਚ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਹੇ ਸਨ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਐਸ.ਐਸ.ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਕਿਹਾ ਕਿ 20-21 ਫਰਵਰੀ ਦੀ ਦਰਮਿਆਨੀ ਰਾਤ ਨੂੰ, ਸੀ.ਆਈ.ਏ. ਸਟਾਫ ਦੀ ਟੀਮ ਨੇ ਗ੍ਰੀਨ ਐਵੇਨਿਊ ਨੇੜੇ ਇੱਕ ਥਾਰ ਗੱਡੀ ਨੂੰ ਰੋਕਿਆ। ਡੀਐਸਪੀ (ਫਰੀਦਕੋਟ) ਤਰਲੋਚਨ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਤਲਾਸ਼ੀ ਦੌਰਾਨ 1.008 ਕਿਲੋਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਹੋਈ, ਜਿਸ ਨਾਲ ਚਾਰ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।

ਐਸਐਸਪੀ ਨੇ ਕਿਹਾ, ‘‘ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਖੇਪ ਅਮਰਦੀਪ ਸਿੰਘ ਉਰਫ਼ ਬਾਕਸਰ ਦੁਆਰਾ ਇੱਕ ਐਕਸਯੂਵੀ-500 ਗੱਡੀ ਵਿੱਚ ਸਪਲਾਈ ਕੀਤੀ ਗਈ ਸੀ। ਇਸ ਸੁਰਾਗ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਨੇ ਪਿੰਡ ਗੋਲਿਆਨਾ ਸੇਮਨਾਲਾ ਨੇੜੇ ਬਾਕਸਰ ਅਤੇ ਉਸਦੀ ਸਾਥਣ ਡਿੰਪਲ ਰਾਣੀ ਨੂੰ ਰੋਕਿਆ ਅਤੇ  ਉਨ੍ਹਾਂ ਦੇ ਕਬਜ਼ੇ ਵਿੱਚੋਂ 3.796 ਕਿਲੋਗ੍ਰਾਮ ਹੈਰੋਇਨ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਕੀਤਾ । ’’ ।

ਡਾ. ਪ੍ਰਗਿਆ ਜੈਨ ਨੇ ਅੱਗੇ ਦੱਸਿਆ ਕਿ ਮੁੱਖ ਸਰਗਨਾ, ਅਮਰਦੀਪ ਸਿੰਘ ਉਰਫ਼ ਬਾਕਸਰ, ਇੱਕ ਜੁਰਾਇਮ-ਪੇਸ਼ਾ ਅਪਰਾਧੀ ਹੈ, ਜਿਸ ’ਤੇ  9 ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਹਨ, ਜਦੋਂ ਕਿ ਬਾਕੀ ਮੈਂਬਰਾਂ ਵੀ ਐਨ.ਡੀ.ਪੀ.ਐਸ. ਅਤੇ ਆਰਮਜ਼ ਐਕਟਾਂ ਤਹਿਤ ਅਹਿਮ ਅਪਰਾਧਿਕ ਪਿਛੋਕੜ ਵਾਲੇ ਹਨ। ਇੱਕ ਸੇਵਾ ਨਿਭਾ ਰਹੇ ਫੌਜ ਦੇ ਜਵਾਨ ਅਤੇ ਇੱਕ ਬਰਖਾਸਤ ਪੁਲਿਸ ਮੁਲਾਜ਼ਮ ਦੀ ਸ਼ਮੂਲੀਅਤ ਇੱਕ ਵੱਡੇ  ਨੈੱਟਵਰਕ ਵੱਲ ਇਸ਼ਾਰਾ ਕਰਦੀ ਹੈ,  ਜੋ ਤਸਕਰੀ ਲਈ ਸੰਸਥਾਗਤ ਗਿਆਨ ਦੀ ਵਰਤੋਂ ਕਰਨ ਵਿੱਚ ਸਮਰੱਥ ਹੈ। ਉਨ੍ਹਾਂ ਨੇ ਨਾਕਿਆਂ ਅਤੇ ਟੋਲ ਪਲਾਜ਼ਿਆਂ ਤੋਂ ਆਸਾਨੀ ਨਾਲ ਲੰਘਣ ਵਾਸਤੇ ਆਪਣੇ ਅਧਿਕਾਰਤ ਪਛਾਣ ਪੱਤਰਾਂ ਦੀ ਦੁਰਵਰਤੋਂ ਕੀਤੀ। ਵਾਹਨਾਂ ਵਿੱਚ ਮਹਿਲਾ ਸਾਥੀਆਂ ਦੀ ਮੌਜੂਦਗੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਸੋਚ-ਸਮਝ ਕੇ ਕੀਤੇ ਗਏ ਢੰਗ-ਤਰੀਕੇ ਵੱਲ ਵੀ ਇਸ਼ਾਰਾ ਕਰਦੀ ਹੈ।

ਪੁਲਿਸ ਨੇ ਸਾਰੇ ਮੁਲਜ਼ਮਾਂ ਦਾ ਰਿਮਾਂਡ ਲੈ ਲਿਆ ਹੈ ਤਾਂ ਜੋ ਅਗਲੇ- ਪਿੱਛਲੇ ਸਬੰਧਾਂ ਦੀ ਹੋਰ ਜਾਂਚ ਕੀਤੀ ਜਾ ਸਕੇ, ਖਾਸ ਤੌਰ ’ਤੇ ਸਰਹੱਦ ਪਾਰੋਂਂ ਕੰਮ ਕਰਨ ਵਾਲੇ ਹੈਂਡਲਰਾਂ ਅਤੇ ਨਸ਼ਿਆਂ ਦੀ ਵੰਡ ਕਰਨ ਵਾਲੇ ਸਥਾਨਕ ਟਿਕਾਣਿਆਂ ’ਤੇ ਧਿਆਨ ਕੇਂਦ੍ਰਤ ਕੀਤਾ ਜਾ ਸਕੇ।

ਇਸ ਸਬੰਧ ਵਿੱਚ ਪੁਲਿਸ ਸਟੇਸ਼ਨ ਸਿਟੀ ਫਰੀਦਕੋਟ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21(ਸੀ) ਅਤੇ 27ਏ ਦੇ ਤਹਿਤ ਐਫਆਈਆਰ ਨੰਬਰ 95 ਮਿਤੀ 21.02.2026 ਦਰਜ ਕੀਤੀ ਗਈ ਹੈ।


ਆਮ ਆਦਮੀ ਪਾਰਟੀ ਨੇ ਪੋਸਟਰ ਜਾਰੀ ਕਰਕੇ ਦਿੱਤੇ ਸੰਕੇਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੜ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਹੋ ਸਕਦੇ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਇਕ ਵੀਡੀਓ ਜਾਰੀ ਕਰਕੇ ਸੰਕੇਤ ਵੀ ਦੇ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਯਾਨੀ 2027 ਵਿਚ ਹੋਣੀਆਂ ਹਨ। ਪਾਰਟੀ ਵਲੋਂ ਜਾਰੀ ਕੀਤੇ ਗਏ ਪੋਸਟਰ ਵਿਚ ਕਿਹਾ ਗਿਆ ਹੈ ਕਿ ਲੋਕ ਉਹਦੇ ਨਾਲ਼ ਨੇ, ਉਸ ਨੂੰ ਪੰਜਾਬ ਲਿਆ ਰਿਹਾ ਏ, ਸੀ.ਐਮ. ਮਾਨ ਮੁੜ ਆ ਰਹੇ ਨੇ। ਜਿਸ ਰਾਹੀਂ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਹੀ ਸੰਕੇਤ ਦੇ ਦਿੱਤੇ ਹਨ ਪਰ ਇਸ ਬਾਰੇ ਕਿਸੇ ਸੀਨੀਅਰ ਆਗੂ ਨੇ ਹਾਲੇ ਤਕ ਟਿੱਪਣੀ ਨਹੀਂ ਕੀਤੀ ਤੇ ਨਾ ਹੀ ਇਸ ’ਤੇ ਮੋਹਰ ਲਾਈ ਹੈ।

ਚੰਡੀਗੜ੍ਹ/ਅੰਮ੍ਰਿਤਸਰ, : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ  ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪੰਜ ਆਧੁਨਿਕ ਪਿਸਤੌਲਾਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ‘ਚ ਸ਼ਾਮਲ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ)  ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਭਿੰਡੀ ਨੈਣ ਦੇ ਵਸਨੀਕ ਸ਼ੇਰਾ ਸਿੰਘ (26) ਅਤੇ ਅੰਮ੍ਰਿਤਸਰ ਦੇ ਪਿੰਡ ਤੂਰ ਦੇ ਵਸਨੀਕ ਜਗਰੂਪ ਸਿੰਘ ਉਰਫ਼ ਜੂਪਾ (21) ਵਜੋਂ ਹੋਈ ਹੈ। ਮੁਲਜ਼ਮਾਂ ਤੋਂ ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਇੱਕ .30 ਬੋਰ ਪੀਐਕਸ5 ਸਟੌਰਮ ਪਿਸਤੌਲ , ਇੱਕ 9ਐਮਐਮ ਆਸਟ੍ਰੀਆ-ਮੇਡ ਗਲੌਕ, ਦੋ .30 ਬੋਰ ਚੀਨੀ ਨੋਰਿੰਕੋ ਪਿਸਤੌਲ, ਇੱਕ .32 ਬੋਰ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਉਕਤ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ-ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਗ਼ੈਰਕਾਨੂੰਨੀ ਹਥਿਆਰਾਂ ਦੀ ਖੇਪ ਹਾਸਲ ਕਰਕੇ ਇਸਨੂੰ ਅੱਗੇ ਅਪਰਾਧਕ ਤੱਤਾਂ ਨੂੰ ਸਪਲਾਈ ਕਰਦੇ ਸਨ।

ਡੀਜੀਪੀ ਨੇ ਕਿਹਾ ਕਿ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਕਾਰਵਾਈ ਦੇ ਵੇਰਵੇ ਦਿੰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਗੁਪਤ ਜਾਣਕਾਰੀ ਦੈ ਆਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਬਾਈਪਾਸ ਰੋਡ 'ਤੇ ਸਾਡਾ ਪਿੰਡ ਨੇੜੇ ਸੁਚੱਜੇ ਤਾਲਮੇਲ ਨਾਲ ਆਪ੍ਰੇਸ਼ਨ ਚਲਾਇਆ ਅਤੇ ਸ਼ੇਰਾ ਸਿੰਘ ਤੇ ਜਗਰੂਪ ਸਿੰਘ ਉਰਫ਼ ਜੂਪਾ ਨੂੰ ਇੱਕ ਗਲੌਕ ਪਿਸਤੌਲ ਅਤੇ ਇੱਕ .30 ਬੋਰ ਪੀਐਕਸ5 ਸਟੌਰਮ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਦੌਰਾਨ ਪੁਲਿਸ ਨੂੰ ਦੋਵੇਂ ਗ੍ਰਿਫ਼ਤਾਰ ਮੁਲਜ਼ਮਾਂ ਵੱਲੋਂ ਕੀਤੇ ਖੁਲਾਸਿਆਂ ਦੇ ਆਧਾਰ ‘ਤੇ ਤਿੰਨ ਹੋਰ ਪਿਸਤੌਲ ਬਰਾਮਦ ਹੋਏ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਦੋਵੇਂ ਗ੍ਰਿਫ਼ਤਾਰ ਮੁਲਜ਼ਮ ਅੰਤਰਰਾਸ਼ਟਰੀ ਸਰਹੱਦ ਨੇੜੇ ਰਹਿ ਰਹੇ ਸਨ, ਜਿੱਥੋਂ ਉਨ੍ਹਾਂ ਲਈ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਹਾਸਲ ਕਰਨਾ ਆਸਾਨ ਸੀ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਨਜ਼ਰਾਂ ਤੋਂ ਬਚਣ ਲਈ ਡਰੋਨ ਰਾਹੀਂ ਭੇਜੀ ਗਈ ਹਥਿਆਰਾਂ ਦੀ ਖੇਪ ਰਾਤ ਵੇਲੇ ਖਾਲੀ ਪਈਆਂ ਥਾਵਾਂ ਤੋਂ ਹਾਸਲ ਕਰਦੇ ਸਨ।।

ਉਨ੍ਹਾਂ ਕਿਹਾ ਕਿ ਮੁਲਜ਼ਮ ਸ਼ੇਰਾ ਸਿੰਘ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜਿਸ ‘ਤੇ ਲੜਕੀ ਨਾਲ ਬਲਾਤਕਾਰ ਅਤੇ ਉਸਨੂੰ ਕਤਲ ਕਰਕੇ ਅੱਗ ਲਾਉਣ ਸਮੇਤ ਹੋਣ ਘਿਨਾਉਣੇ ਅਪਰਾਧ ਦਰਜ ਹਨ। ਇੱਕ ਹੋਰ ਮਾਮਲੇ ਵਿੱਚ ਉਸ ਤੋਂ ਲਗਭਗ 500 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ।

ਇਸ ਸਬੰਧੀ ਪੁਲਿਸ ਥਾਣਾ ਛਾਉਣੀ, ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ ਐਫਆਈਆਰ ਨੰ. 28 ਮਿਤੀ 14-02-2026 ਦਰਜ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.