Wednesday, 22 April 2026

*ਬਿ੍ਰਟਿਸ ਕੋਲੰਬੀਆ ਦੇ ਪ੍ਰੀਮੀਅਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ*

*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਦੱਸਿਆ*

ਚੰਡੀਗੜ੍ਹ, : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੈਨੇਡਾ, ਖਾਸ ਕਰਕੇ ਬਿ੍ਰਟਿਸ ਕੋਲੰਬੀਆ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜਬੂਤ ਕਰਨ ਦੀ ਲੋੜ ‘ਤੇ ਜੋਰ ਦਿੱਤਾ ਤਾਂ ਜੋ ਆਪਸੀ ਸਹਿਯੋਗ ਵਧਾਇਆ ਜਾ ਸਕੇ ਅਤੇ ਦੋਵਾਂ ਖਿੱਤਿਆਂ ਦੇ ਕਾਰੋਬਾਰ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ।
ਬਿ੍ਰਟਿਸ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ, “ਕੈਨੇਡਾ ਹਮੇਸਾ ਭਾਰਤ ਅਤੇ ਪੰਜਾਬ ਲਈ ਇੱਕ ਮਜਬੂਤ ਭਾਈਵਾਲ ਰਿਹਾ ਹੈ ਅਤੇ ਅਸੀਂ ਇਸ ਰਿਸਤੇ ਦੀ ਤਹਿ ਦਿਲੋਂ ਕਦਰ ਕਰਦੇ ਹਾਂ। ਅਸੀਂ ਕੈਨੇਡਾ ਅਤੇ ਪੰਜਾਬ ਦਰਮਿਆਨ ਮਜਬੂਤ ਵਪਾਰਕ ਅਤੇ ਨਿਵੇਸ ਸਬੰਧਾਂ ਦੀ ਸਲਾਘਾ ਕਰਦੇ ਹਾਂ ਅਤੇ ਇਸ ਸਾਂਝ ਨੂੰ ਹੋਰ ਮਜਬੂਤ ਕਰਨ ਦੀ ਉਮੀਦ ਕਰਦੇ ਹਾਂ।“ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੋਵਾਂ ਖਿੱਤਿਆਂ ਲਈ ਮਹੱਤਵ ਵਾਲੇ ਖੇਤਰਾਂ ਵਿੱਚ ਕੈਨੇਡੀਅਨ ਕਾਰੋਬਾਰ ਨਾਲ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਉਤਸੁਕ ਹੈ।“
ਪੰਜਾਬ ਦੀਆਂ ਆਰਥਿਕ ਸਮਰੱਥਾਵਾਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਐਗਰੋ-ਪ੍ਰੋਸੈਸਿੰਗ, ਟੈਕਸਟਾਈਲ, ਇੰਜੀਨੀਅਰਿੰਗ ਸਾਜ਼ੋ-ਸਾਮਾਨ, ਆਈ.ਟੀ. ਸੇਵਾਵਾਂ ਅਤੇ ਨਵਿਆਉਣਯੋਗ ਊਰਜਾ ਵਿੱਚ ਮੋਹਰੀ ਹੈ। ਮਜਬੂਤ ਬੁਨਿਆਦੀ ਢਾਂਚੇ ਅਤੇ ਅੰਗਰੇਜੀ ਭਾਸਾ ਵਿੱਚ ਮੁਹਾਰਤ ਰੱਖਣ ਵਾਲੇ ਹੁਨਰਮੰਦ ਮਨੁੱਖੀ ਸ਼ਕਤੀ ਦੇ ਨਾਲ ਪੰਜਾਬ, ਕੈਨੇਡੀਅਨ ਨਿਵੇਸਕਾਂ ਲਈ ਇੱਕ ਆਦਰਸ ਸਥਾਨ ਵਜੋਂ ਉਭਰਿਆ ਹੈ।“
ਉਨ੍ਹਾਂ ਕਿਹਾ, “ਕਾਰੋਬਾਰ ਕਰਨ ਵਿੱਚ ਸੌਖ ਦੇ ਮਾਮਲੇ ਵਿੱਚ ਪੰਜਾਬ, ਦੇਸ ਦੇ ਮੋਹਰੀ ਸੂਬਿਆਂ ਵਿੱਚ ਸ਼ੁਮਾਰ ਹੈ ਅਤੇ ਇਨਵੈਸਟ ਪੰਜਾਬ ਰਾਹੀਂ ਅਸੀਂ ਨਿਵੇਸਕਾਂ ਨੂੰ ਸਿੰਗਲ-ਵਿੰਡੋ ਕਲੀਅਰੈਂਸ ਸਿਸਟਮ ਅਤੇ ਵਿਆਪਕ ਸਹਾਇਤਾ ਪ੍ਰਦਾਨ ਕਰ ਰਹੇ ਹਾਂ।”
ਮੁੱਖ ਮੰਤਰੀ ਨੇ ਦੱਸਿਆ ਕਿ ਬਿ੍ਰਟਿਸ ਕੋਲੰਬੀਆ ਦੀ ਮੁਹਾਰਤ ਪੰਜਾਬ ਦੀਆਂ ਵਿਕਾਸ ਤਰਜੀਹਾਂ ਨਾਲ ਬਾਖੂਬੀ ਮੇਲ ਖਾਂਦੀ ਹੈ। ਉਨ੍ਹਾਂ ਕਿਹਾ, “ਟਿਕਾਊ ਖੇਤੀ, ਖੁਰਾਕ ਸੁਰੱਖਿਆ ਅਤੇ ਗ੍ਰੀਨਹਾਊਸ ਤਕਨਾਲੋਜੀਆਂ ਵਿੱਚ ਬਿ੍ਰਟਿਸ ਕੋਲੰਬੀਆ ਦੀ ਮੁਹਾਰਤ ਖੇਤੀਬਾੜੀ ਦੇ ਆਧੁਨਿਕੀਕਰਨ ਸਬੰਧੀ ਪੰਜਾਬ ਦੇ ਟੀਚਿਆਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ। ਸਾਨੂੰ ਸਾਫ-ਸੁਥਰੀ ਖੇਤੀ, ਵਾਢੀ ਤੋਂ ਬਾਅਦ ਦੀਆਂ ਪ੍ਰਣਾਲੀਆਂ ਅਤੇ ਵੈਲਿਊ ਐਡਿਡ ਫੂਡ ਪ੍ਰੋਸੈਸਿੰਗ (ਉਤਪਾਦ ਤੋਂ ਹੋਰ ਵਸਤਾਂ ਤਿਆਰ ਕਰਨ) ਵਿੱਚ ਭਾਈਵਾਲੀ ਦੀ ਉਮੀਦ ਹੈ।“
ਸਿੱਖਿਆ ਖੇਤਰ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਿੱਖਿਆ ਅਤੇ ਹੁਨਰ ਵਿਕਾਸ ਇੱਕ ਹੋਰ ਅਹਿਮ ਖੇਤਰ ਹੈ ਜਿੱਥੇ ਖੋਜ ਅਤੇ ਕਿੱਤਾਮੁਖੀ ਸਿਖਲਾਈ ਵਿੱਚ ਕੈਨੇਡੀਅਨ ਯੂਨੀਵਰਸਿਟੀਆਂ ਨਾਲ ਭਾਈਵਾਲੀ ਨਾਲ ਪਰਿਵਰਤਨਸੀਲ ਤਬਦੀਲੀ ਲਿਆਂਦੀ ਜਾ ਸਕਦੀ ਹੈ।“
ਸੈਕਟਰ ਅਧਾਰਿਤ ਮੌਕਿਆਂ ‘ਤੇ ਜੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਸਿਹਤ ਸੰਭਾਲ ਅਤੇ ਜੀਵਨ ਵਿਗਿਆਨ ਦੇ ਸਬੰਧ ਵਿੱਚ, ਫਾਰਮਾਸਿਊਟੀਕਲ, ਮੈਡੀਕਲ ਉਪਕਰਣਾਂ ਅਤੇ ਟੈਲੀਮੈਡੀਸਨ ਵਿੱਚ ਕੈਨੇਡੀਅਨ ਫਰਮਾਂ ਲਈ ਪੰਜਾਬ ਵਿੱਚ ਅਥਾਹ ਮੌਕੇ ਹਨ।“ ਉਨ੍ਹਾਂ ਅੱਗੇ ਕਿਹਾ, “ਨਵਿਆਉਣਯੋਗ ਊਰਜਾ ਦੋਵਾਂ ਖਿੱਤਿਆਂ ਲਈ ਅਹਿਮ ਹੈ ਅਤੇ ਪੰਜਾਬ ਸੋਲਰ ਪਾਰਕਾਂ ਅਤੇ ਬਾਇਓ-ਊਰਜਾ ਪ੍ਰੋਜੈਕਟਾਂ ਵਿੱਚ ਸਾਂਝੇ ਉੱਦਮਾਂ ਦਾ ਸਵਾਗਤ ਕਰਦਾ ਹੈ।“
ਤਕਨਾਲੋਜੀ ਦਾ ਹਵਾਲਾ ਦਿੰਦਿਆਂ, ਉਨ੍ਹਾਂ ਕਿਹਾ, “ਆਈ.ਟੀ. ਅਤੇ ਡਿਜੀਟਲ ਤਬਦੀਲੀ ਦੇ ਸਬੰਧ ਵਿੱਚ ਪੰਜਾਬ ਵਿੱਚ ਸਾਈਬਰ ਸੁਰੱਖਿਆ, ਆਰਟੀਫੀਸੀਅਲ ਇੰਟੈਲੀਜੈਂਸ ਅਤੇ ਐਗਰੀ-ਟੈਕ ਪ੍ਰੋਜੈਕਟਾਂ ਵਿੱਚ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ ਹਨ।“
ਨਿਰਮਾਣ ਅਤੇ ਵਪਾਰ ਬਾਰੇ ਗੱਲ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਨਿਰਮਾਣ ਅਤੇ ਇੰਜੀਨੀਅਰਿੰਗ ਇਕ ਵੱਧ ਉੱਚ-ਸੰਭਾਵਨਾ ਵਾਲਾ ਖੇਤਰ ਹੈ। ਖੇਤੀਬਾੜੀ ਮਸੀਨਰੀ ਅਤੇ ਸਾਫ-ਸੁਥਰੀ ਇੰਜੀਨੀਅਰਿੰਗ ਵਿੱਚ ਕੈਨੇਡਾ ਦੀ ਮੁਹਾਰਤ ਪੰਜਾਬ ਦੇ ਉਦਯੋਗਿਕ ਕਲੱਸਟਰਾਂ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ।“

ਉਨ੍ਹਾਂ ਕਿਹਾ, “ਨਿਰਯਾਤ ਕੀਤੇ ਜਾਂਦੇ ਪੰਜਾਬ ਦੇ ਖੇਤੀਬਾੜੀ ਉਤਪਾਦ ਜਿਵੇਂ ਕਿ ਕਣਕ, ਚੌਲ, ਕਿੰਨੂ, ਲੀਚੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਕੈਨੇਡੀਅਨ ਬਾਜਾਰ ਵਿੱਚ ਬਹੁਤ ਮੰਗ ਹੈ, ਜਿਸ ਨੂੰ ਉੱਥੇ ਰਹਿਣ ਵਾਲੇ ਭਾਰਤੀ ਪ੍ਰਵਾਸੀ ਭਾਈਚਾਰੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।” ਉਨ੍ਹਾਂ ਟੈਕਸਟਾਈਲ ਵਿੱਚ ਸਹਿਯੋਗ ਦਾ ਪ੍ਰਸਤਾਵ ਦਿੰਦਿਆਂ ਕਿਹਾ, “ਕੈਨੇਡੀਅਨ ਕੰਪਨੀਆਂ ਉੱਚ-ਗੁਣਵੱਤਾ ਵਾਲੇ ਟੈਕਸਟਾਈਲ ਅਤੇ ਕੱਪੜਾ ਉਦਯੋਗ ਵਿਕਸਤ ਕਰਨ ਲਈ ਪੰਜਾਬ ਨਾਲ ਭਾਈਵਾਲੀ ਕਰ ਸਕਦੀਆਂ ਹਨ ਜੋ ਉਨ੍ਹਾਂ ਦੇ ਫੈਸਨ ਅਤੇ ਪ੍ਰਚੂਨ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।”
ਮੁੱਖ ਮੰਤਰੀ ਨੇ ਪ੍ਰਵਾਸੀ ਭਾਰਤੀ ਭਾਈਚਾਰੇ ਦੀ ਭੂਮਿਕਾ ‘ਤੇ ਜੋਰ ਦਿੰਦਿਆਂ ਕਿਹਾ, “ਕੈਨੇਡਾ ਵਿੱਚ ਪੰਜਾਬੀ ਪ੍ਰਵਾਸੀ ਵਪਾਰਕ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਲਈ ਇਕ ਮਜਬੂਤ ਕੜੀ ਦਾ ਕੰਮ ਕਰਦੇ ਹਨ। ਪੰਜਾਬ ਸਰਕਾਰ ਦਾ ਉਦੇਸ ਸੱਭਿਆਚਾਰਕ ਅਤੇ ਵਿਦਿਅਕ ਪ੍ਰੋਗਰਾਮਾਂ ਰਾਹੀਂ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।“
ਕੈਨੇਡਾ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਵਿੱਚ ਇੱਕ ਭਾਈਵਾਲ ਦੇਸ ਵਜੋਂ ਹਿੱਸਾ ਲੈਣ ਦਾ ਸੱਦਾ ਦਿੰਦਿਆਂ, ਉਨ੍ਹਾਂ ਕਿਹਾ, “ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਵਿੱਚ ਵਿਸੇਸ ਵਪਾਰਕ ਵਫਦ, ਖੇਤਰੀ ਸੈਸਨ ਅਤੇ ਉੱਚ-ਪੱਧਰੀ ਗੋਲਮੇਜ ਕਾਨਫਰੰਸਾਂ ਸਾਮਲ ਹੋਣਗੀਆਂ, ਜੋ ਵਪਾਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਹੋਰ ਮਜਬੂਤ ਕਰਨਗੀਆਂ।“
ਮੁੱਖ ਮੰਤਰੀ ਨੇ ਮੋਹਰੀ ਕੈਨੇਡੀਅਨ ਯੂਨੀਵਰਸਿਟੀਆਂ ਨੂੰ ਮੋਹਾਲੀ ਵਿੱਚ ਕੈਂਪਸ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ, “ਪੰਜਾਬ ਅਤੇ ਗੁਆਂਢੀ ਸੂਬਿਆਂ ਲਈ ਸਿੱਖਿਆ ਅਤੇ ਹੁਨਰ ਵਿਕਾਸ ਕੇਂਦਰ ਹੋਣ ਦੇ ਨਾਤੇ ਮੋਹਾਲੀ ਕੈਨੇਡੀਅਨ ਸੰਸਥਾਵਾਂ ਲਈ ਵੱਖ-ਵੱਖ ਲਾਭਾਂ ਦੀ ਪੇਸਕਸ਼ ਕਰਦਾ ਹੈ।“ ਉਨ੍ਹਾਂ ਅੱਗੇ ਕਿਹਾ, “ਸਾਡਾ ਉਦੇਸ ਕੈਨੇਡੀਅਨ ਤਕਨਾਲੋਜੀ ਅਤੇ ਸੇਵਾ ਕੰਪਨੀਆਂ ਨੂੰ ਮੋਹਾਲੀ ਵਿੱਚ ਆਈ.ਟੀ. ਅਤੇ ਆਈ.ਟੀ.ਈ.ਐਸ. ਸੰਚਾਲਨ ਅਤੇ ਗਲੋਬਲ ਸਮਰੱਥਾ ਕੇਂਦਰ ਸਥਾਪਤ ਕਰਨ ਲਈ ਆਕਰਸ਼ਿਤ ਕਰਨਾ ਹੈ।“
ਇਸ ਸਬੰਧੀ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਸੀਂ ਕੈਨੇਡੀਅਨ ਨਿਵੇਸਕਾਂ ਨੂੰ ਨਿਵੇਸ ਸਬੰਧੀ ਸਹੂਲਤਾਂ ਪ੍ਰਦਾਨ ਕਰਾਂਗੇ। ਮੈਂ ਕੈਨੇਡੀਅਨ ਵਫਦਾਂ ਨੂੰ 13 ਤੋਂ 15 ਮਾਰਚ, 2026 ਤੱਕ ਪਲਾਕਸਾ ਯੂਨੀਵਰਸਿਟੀ, ਮੋਹਾਲੀ ਵਿਖੇ ਹੋਣ ਵਾਲੇ ਪੰਜਾਬ ਨਿਵੇਸਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਨਿੱਘਾ ਸੱਦਾ ਦਿੰਦਾ ਹਾਂ।“ ਉਨ੍ਹਾਂ ਆਸ ਪ੍ਰਗਟ ਕਰਦਿਆਂ ਕਿਹਾ, “ਇਹ ਭਾਈਵਾਲੀ ਦੁਵੱਲੇ ਸਹਿਯੋਗ ਦੇ ਨਵੇਂ ਯੁੱਗ ਦੀ ਸੁਰੂਆਤ ਕਰੇਗੀ ਅਤੇ ਪੰਜਾਬ ਅਤੇ ਬਿ੍ਰਟਿਸ ਕੋਲੰਬੀਆ ਦੋਵਾਂ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਵੇਗੀ।“
ਇਸ ਦੌਰਾਨ ਬਿ੍ਰਟਿਸ ਕੋਲੰਬੀਆ ਦੇ ਪ੍ਰੀਮੀਅਰ ਨੇ ਮੁੱਖ ਮੰਤਰੀ ਦਾ ਉਨ੍ਹਾਂ ਦੀ ਮਹਿਮਾਨਨਿਵਾਜੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਪੰਜਾਬ ਵੱਲੋਂ ਕੀਤੀ ਗਈ ਮਹਿਮਾਨਨਿਵਾਜੀ ਨੇ ਮੇਰੇ ਦੌਰੇ ਨੂੰ ਸੱਚਮੁੱਚ ਯਾਦਗਾਰੀ ਬਣਾ ਦਿੱਤਾ ਹੈ।” ਦੋਵਾਂ ਪਾਸਿਆਂ ਦੇ ਲੋਕਾਂ ਦਰਮਿਆਨ ਆਪਸੀ ਸਾਂਝ ‘ਤੇ ਜੋਰ ਦਿੰਦਿਆਂ ਉਨ੍ਹਾਂ ਅੱਗੇ ਕਿਹਾ, “ਪੰਜਾਬ ਹਮੇਸਾ ਬਿ੍ਰਟਿਸ ਕੋਲੰਬੀਆ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਵੱਸਦਾ ਹੈ ਅਤੇ ਲੋਕਾਂ ਦਰਮਿਆਨ ਇਹ ਰਿਸਤਾ ਹੋਰ ਵੀ ਮਜਬੂਤ ਹੋਣਾ ਚਾਹੀਦਾ ਹੈ।” ਪ੍ਰੀਮੀਅਰ ਨੇ ਹੋਰ ਨੇੜਲੇ ਸਬੰਧਾਂ ਲਈ ਉਤਸੁਕਤਾ ਪ੍ਰਗਟ ਕਰਦਿਆਂ, ਕਿਹਾ, “ਅਸੀਂ ਪੰਜਾਬ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜਬੂਤ ਕਰਨ ਦੇ ਇੱਛੁਕ ਹਾਂ ਅਤੇ ਹੁਨਰ ਵਿਕਾਸ, ਊਰਜਾ ਤੇ ਹੋਰ ਖੇਤਰਾਂ ਵਿੱਚ ਆਪਸੀ ਆਦਾਨ-ਪ੍ਰਦਾਨ ਦੇ ਮੌਕਿਆਂ ਦੀ ਪੜਚੋਲ ਕਰਾਂਗੇ।”

ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਹੋਣ ਦਾ ਦਿੱਤਾ ਸੱਦਾ
ਅੰਮਿ੍ਰਤਸਰ/ਬਿਊਰੋ ਨਿਊਜ਼
ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੇ 50ਵੇਂ ਕਾਨਵੋਕੇਸ਼ਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵਲੋਂ ਰਾਸ਼ਟਰਪਤੀ ਦਾ ਸਨਮਾਨ ਕੀਤਾ ਗਿਆ। ਇਸ ਕਾਨਵੋਕੇਸ਼ਨ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੀ ਹਾਜ਼ਰ ਰਹੇ। ਇਸ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ 1452 ਵਿਦਿਆਰਥੀਆਂ ਨੂੰ ਮੈਡਲ ਅਤੇ ਡਿਗਰੀਆਂ ਤਕਸੀਮ ਕੀਤੀਆਂ ਗਈਆਂ। ਇਸੇ ਦੌਰਾਨ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਪੰਜਾਬ ਲਈ ਵੱਡੀ ਸਮੱਸਿਆ ਨਸ਼ਾਖੋਰੀ ਹੈ, ਜਿਸ ਲਈ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਹੋਣਾ ਚਾਹੀਦਾ ਹੈ।

ਜਗਮੀਤ ਸਿੰਘ ਬਰਾੜ, ਰਿਪਜੀਤ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ ਅਤੇ ਉਂਕਾਰ ਸਿੰਘ ਸਿੱਧੂ ਭਾਜਪਾ ’ਚ ਸ਼ਾਮਲ

ਚੰਡੀਗੜ੍ਹ/ਬਿਊਰੋ ਨਿਊਜ਼    

ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚ ਵੱਡੀ ਉਥਲ-ਪੁਥਲ ਹੋਣ ਲੱਗੀ ਹੈ। ਇਸਦੇ ਚੱਲਦਿਆਂ ਪੰਜਾਬ ਦੇ ਚਾਰ ਵੱਡੇ ਚਿਹਰੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਉਨ੍ਹਾਂ ਦੇ ਭਰਾ ਰਿਪਜੀਤ ਸਿੰਘ ਬਰਾੜ, ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਹੇ ਉਂਕਾਰ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਚੰਡੀਗੜ੍ਹ ਸਥਿਤ ਦਫਤਰ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿਚ ਇਹ ਆਗੂ ਭਾਜਪਾ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ਅਤੇ ਹੋਰ ਵਿਰੋਧੀ ਸਿਆਸੀ ਪਾਰਟੀਆਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਭਿ੍ਰਸ਼ਟਾਚਾਰ ਤੋਂ ਮੁਕਤ ਕਰ ਸਕਦੀ ਹੈ। ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਭਾਜਪਾ ਪੰਜਾਬ ਦਾ ਪਰਿਵਾਰ ਵੱਡਾ ਹੋਇਆ ਹੈ। ਜਾਖੜ ਨੇ ਕਿਹਾ ਕਿ ਭਾਜਪਾ ਹੀ ਇਕੋ ਇਕ ਅਜਿਹੀ ਪਾਰਟੀ ਹੈ, ਜੋ ਮੌਜੂਦਾ ਸਥਿਤੀ ਵਿਚ ਸੂਬੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲ ਸਕਦੀ ਹੈ। ਇਸ ਮੌਕੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਅਸ਼ਵਨੀ ਸ਼ਰਮਾ, ਵਿਨੀਤ ਜੋਸ਼ੀ ਅਤੇ ਭਾਜਪਾ ਦੀ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੀ।

ਕਿਹਾ : ਜਥੇਦਾਰ ਸਾਹਿਬ ਜੋ ਫੈਸਲਾ ਲੈਣਗੇ, ਉਹ ਸਿਰ ਮੱਥੇ

ਅੰਮਿ੍ਰਤਸਰ/ਬਿਊਰੋ ਨਿਊਜ਼  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਤੇ ਪੇਸ਼ ਹੋਏ ਹਨ। ਧਿਆਨ ਰਹੇ ਕਿ ਮੁੱਖ ਮੰਤਰੀ ਮਾਨ ਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਮਾਮਲਿਆਂ ਵਿਚ ਬਿਆਨਬਾਜ਼ੀ ਤੇ ਵੀਡੀਓ ਮਾਮਲੇ ਵਿਚ ਸਪੱਸ਼ਟੀਕਰਨ ਦੇਣ ਲਈ ਸੱਦਿਆ ਸੀ। ਇਸਦੇ ਚੱਲਦਿਆਂ ਮੁੱਖ ਮੰਤਰੀ ਮਾਨ ਨੇ ਸਕੱਤਰੇਤ ਵਿਚੋਂ ਬਾਹਰ ਆਉਣ ਤੋਂ ਬਾਅਦ ਦੱਸਿਆ ਕਿ ਉਹ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਹਨ ਅਤੇ ਉਨ੍ਹਾਂ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਨਹੀਂ ਦਿੱਤੀ। ਮਾਨ ਨੇ ਕਿਹਾ ਕਿ ਮੈਂ ਜਥੇਦਾਰ ਸਾਹਿਬ ਨੂੰ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਹੈ ਅਤੇ ਜਥੇਦਾਰ ਜੋ ਵੀ ਫੈਸਲਾ ਲੈਣਗੇ, ਉਹ ਮੈਨੂੰ ਮਨਜ਼ੂਰ ਹੈ। ਸੀਐਮ ਨੇ ਕਿਹਾ ਕਿ ਜਥੇਦਾਰ ਨੂੰ ਦੱਸ ਦਿੱਤਾ ਹੈ ਕਿ ਵਾਇਰਲ ਹੋਈ ਵੀਡੀਓ ਫਰਜ਼ੀ ਹੈ, ਜਿਸ ਦੀ ਦੇਸ਼ ਵਿਚ ਕਿਤੋਂ ਵੀ ਜਾਂਚ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਵੀਡੀਓ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਬਾਹਰ ਵੱਡੀ ਗਿਣਤੀ ਵਿਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਸੀ। 

ਇਸ ਤੋਂ ਪਹਿਲਾਂ ਸਕੂਲਾਂ ਅਤੇ ਅਦਾਲਤਾਂ ਨੂੰ ਵੀ ਮਿਲ ਚੁੱਕੀਆਂ ਹਨ ਧਮਕੀਆਂ

ਚੰਡੀਗੜ੍ਹ/ਬਿਊਰੋ ਨਿਊਜ਼ 

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫਤਰ, ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਕੰਪਲੈਕਸ ਅਤੇ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਹੁਣ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਨ੍ਹਾਂ ਧਮਕੀਆਂ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਚੌਕਸ ਹੋ ਗਿਆ ਹੈ ਅਤੇ ਡੀਸੀ ਦਫਤਰਾਂ ਅੰਦਰ ਅਤੇ ਆਲੇ ਦੁਆਲੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸਦੇ ਚੱਲਦਿਆਂ ਸੁਰੱਖਿਆ ਫੋਰਸ ਨੂੰ ਵੀ ਮੌਕੇ ’ਤੇ ਤਾਇਨਾਤ ਕੀਤਾ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਧਮਕੀਆਂ ਦੇ ਸਰੋਤ ਅਤੇ ਇਸਦੀ ਸਚਾਈ ਦਾ ਪਤਾ ਲੱਗ ਸਕੇ।  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਸਕੂਲਾਂ ਅਤੇ ਅਦਾਲਤਾਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ। ਜਿਸ ਕਾਰਨ ਸੂਬੇ ਭਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪਹਿਲਾਂ ਹੀ ਚੌਕਸੀ ਵਧਾਈ ਗਈ ਹੈ।

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਮਜੀਠੀਆ ਹਨ ਜੇਲ੍ਹ ’ਚ

ਨਾਭਾ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਨਾਭਾ ਦੀ ਜੇਲ੍ਹ ਵਿਚ ਬੰਦ ਹਨ। ਇਸਦੇ ਚੱਲਦਿਆਂ ਬਿਕਰਮ ਮਜੀਠੀਆ ਦੀ ਪਤਨੀ ਅਤੇ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਨਾਭਾ ਦੀ ਜੇਲ੍ਹ ਵਿਚ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਬਾਅਦ ਗਨੀਵ ਕੌਰ ਮਜੀਠੀਆ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਮਜੀਠੀਆ ਪਰਿਵਾਰ ਜਾਂ ਬਾਦਲ ਪਰਿਵਾਰ ਦੀ ਗੱਲ ਤਾਂ ਛੱਡੋ ਪੰਜਾਬ ਸਰਕਾਰ ਨੂੰ ਤਾਂ ਸੂਬੇ ਦੇ ਲੋਕਾਂ ਦੀ ਵੀ ਫਿਕਰ ਨਹੀਂ ਹੈ। ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਅੱਜ ਜੋ ਜੇਲ੍ਹ ਪ੍ਰਸ਼ਾਸ਼ਨ ਵਲੋਂ ਬਿਕਰਮ ਮਜੀਠੀਆ ਨਾਲ ਮੁਲਾਕਾਤ ਕਰਵਾਈ ਗਈ ਹੈ, ਉਹ ਵੀ ਕੈਮਰੇ ਦੀ ਨਿਗਰਾਨੀ ਵਿਚ ਹੋਈ ਹੈ, ਜੋ ਕਿ ਬਹੁਤ ਗਲਤ ਹੈ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਦਮਨਬੀਰ ਸਿੰਘ ਸੋਫਤੀ ਵੀ ਮੌਜੂਦ ਸਨ। 

 

ਪ੍ਰਤਾਪ ਸਿੰਘ ਬਾਜਵਾ ਦਾ ਇਲਜ਼ਾਮ : ਮਾਨ ਸਰਕਾਰ ਹੁਣ ਮੀਡੀਆ ਨੂੰ ਚੁੱਪ ਕਰਾਉਣ ਲੱਗੀ

ਜਲੰਧਰ/ਬਿਊਰੋ ਨਿਊਜ਼ 

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ’ਤੇ ਮੀਡੀਆ ਦਾ ਗਲਾ ਘੁੱਟਣ ਦੇ ਇਲਜ਼ਾਮ ਲੱਗ ਰਹੇ ਹਨ। ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਭਗਵੰਤ ਮਾਨ ਸਰਕਾਰ ਪ੍ਰੈਸ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪੰਜਾਬ ਕੇਸਰੀ ਅਖਬਾਰ ਸਮੂਹ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਲਜ਼ਾਮ ਲਗਾਇਆ ਕਿ ਐਨਫੋਰਸਮੈਂਟ ਅਥਾਰਟੀਆਂ ਵੱਲੋਂ ਵਾਰ-ਵਾਰ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸਦੇ ਚੱਲਦਿਆਂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਮੀਡੀਆ ਨੂੰ ਚੁੱਪ ਕਰਾਉਣ ਲਈ ਰਾਜ ਦੀ ਸ਼ਕਤੀ ਦੀ ਵਰਤੋਂ ਕਰ ਰਹੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੀਡੀਆ ਦੀ ਆਜ਼ਾਦੀ ’ਤੇ ਹਮਲੇ ਦੀ ਸਖਤ ਨਿਖੇਧੀ ਕੀਤੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅਖ਼ਬਾਰੀ ਸਮੂਹ ’ਤੇ ਕਾਰਵਾਈ ਦੀ ਨਿੰਦਾ ਕੀਤੀ ਹੈ। 

ਕਿਹਾ : ਇੱਥੇ ਕਦੇ ਵੀ ਮਰਿਆਦਾ ਭੰਗ ਨਹੀਂ ਹੋਈ

ਬੰਗਾ/ਬਿਊਰੋ ਨਿਊਜ਼ 

ਬੰਗਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਡਾ. ਸੁਖਵਿੰਦਰ ਸੁੱਖੀ ਨੇ ਧੰਨ-ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪਵਿੱਤਰ ਅਸਥਾਨ ’ਤੇ ਨਤਮਸਤਕ ਹੋ ਕੇ ਆਪਣਾ ਪੱਖ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਉਨ੍ਹਾਂ ਦੇ ਧਿਆਨ ਵਿਚ ਆਈ ਸੀ ਕਿ ਕੁਝ ਲੋਕਾਂ ਵਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਰਿਆਦਾ ਮੁਤਾਬਕ ਸਤਿਕਾਰ ਨਹੀਂ ਹੋਇਆ। ਡਾ. ਸੁੱਖੀ ਨੇ ਦੱਸਿਆ ਕਿ ਉਹ ਪਿਛਲੇ 65 ਸਾਲਾਂ ਤੋਂ ਇਸ ਅਸਥਾਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਵੀ ਇਸ ਸਥਾਨ ਦੀ ਮਹਿਮਾ ਬਾਰੇ ਗੱਲ ਕਰਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਉਹ ਪਵਿੱਤਰ ਅਸਥਾਨ ਹੈ, ਜਿੱਥੇ ਕਦੇ ਵੀ ਮਰਿਆਦਾ ਭੰਗ ਨਹੀਂ ਹੋ ਸਕਦੀ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਨਵਾਂਸ਼ਹਿਰ ਦੇ ਬੰਗਾ ਤੋਂ 169 ਸਰੂੁਪ ਮਿਲੇ ਹਨ ਅਤੇ ਇਹ ਸਰੂਪ ਇਕ ਡੇਰੇ ਵਿਚੋਂ ਮਿਲੇ ਹਨ। ਸੀਐਮ ਮਾਨ ਨੇ ਕਿਹਾ ਸੀ ਕਿ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਹੈ ਅਤੇ ਇਹ 139 ਸਰੂਪ ਅਣ ਅਧਿਕਾਰਤ ਹਨ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਿਰਫ 30 ਸਰੂਪਾਂ ਦਾ ਰਿਕਾਰਡ ਮਿਲਿਆ ਹੈ ਅਤੇ ਇਹ 30 ਸਰੂਪ ਗੁਰੂੁ ਘਰ ਦੇ ਨਾਮ ਹਨ।  

 

ਪ੍ਰੋਗਰਾਮ ਦੌਰਾਨ ਜਰਮਨ ਰਿਸੋਰਸ ਪਰਸਨ ਨੇ ਸਾਂਝੀਆਂ ਕੀਤੀਆਂ ਕੀਮਤੀ ਕਲੀਨਿਕਲ ਸੂਝਾਂ

ਮੰਡੀ ਗੋਬਿੰਦਗੜ੍ਹ, 15 ਜਨਵਰੀ: ਦੇਸ਼ ਭਗਤ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਪਿੱਲਈ ਹਿਊਮਨ ਸੁਸਾਇਟੀ, ਪਟਿਆਲਾ ਦੇ ਸਹਿਯੋਗ ਨਾਲ, ਫੈਸ਼ੀਅਲ ਡਿਸਟੌਰਸ਼ਨ ਮਾਡਲ (ਐਫਡੀਐਮ) ’ਤੇ ਇੱਕ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ ਜਿਸਦਾ ਉਦੇਸ਼ ਆਧੁਨਿਕ ਫੈਸ਼ੀਅਲ ਇਲਾਜ ਪਹੁੰਚਾਂ ਦੀ ਅਕਾਦਮਿਕ ਅਤੇ ਕਲੀਨਿਕਲ ਸਮਝ ਨੂੰ ਵਧਾਉਣਾ ਸੀ।  
ਇਸ ਪ੍ਰੋਗਰਾਮ ਵਿੱਚ ਸ਼੍ਰੀ ਥੌਰਸਟਨ ਫਿਸ਼ਰ, ਸੰਸਥਾਪਕ ਅਤੇ ਸੀਈਓ, ਸੈਂਟਰ ਆਫ਼ ਐਫਡੀਐਮ ਐਂਡ ਫਿਜ਼ੀਓਥੈਰੇਪੀ, ਹੈਨੋਵਰ, ਜਰਮਨੀ, ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ ਅਤੇ ਡਾ. ਨਰਕੇਸ਼ ਅਰੁਮੁਗਮ, ਪ੍ਰੋਫੈਸਰ ਅਤੇ ਸਾਬਕਾ ਐਚਓਡੀ, ਫਿਜ਼ੀਓਥੈਰੇਪੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਦਿੱਵਿਆ ਮਿੱਢਾ, ਮੁਖੀ, ਫਿਜ਼ੀਓਥੈਰੇਪੀ ਵਿਭਾਗ ਦੇ ਸਵਾਗਤੀ ਭਾਸ਼ਣ ਨਾਲ ਹੋਈ।  
ਇਸ ਮੌਕੇ ਰਿਸੋਰਸ ਪਰਸਨ ਫਿਸ਼ਰ ਨੇ ਐਫਡੀਐਮ ’ਤੇ ਡੂੰਘਾਈ ਨਾਲ ਸਿਧਾਂਤਕ ਸੈਸ਼ਨ ਦਿੱਤਾ, ਜਿਸ ਵਿੱਚ ਇਸਦੇ ਸਿਧਾਂਤਾਂ, ਕਲੀਨਿਕਲ ਸਾਰਥਕਤਾ ਅਤੇ ਮਾਸਪੇਸ਼ੀਆਂ ਦੇ ਵਿਕਾਰ ਦੇ ਪ੍ਰਬੰਧਨ ਵਿੱਚ ਉਪਯੋਗ ਬਾਰੇ ਦੱਸਿਆ ਗਿਆ।
ਇਸ ਤੋਂ ਇਲਾਵਾ ਡਾ. ਨਰਕੇਸ਼ ਅਰੁਮੁਗਮ ਨੇ ਆਪਣੇ ਪ੍ਰੇਰਣਾਦਾਇਕ ਭਾਸ਼ਣ ਨਾਲ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ ਅਤੇ ਕੀਮਤੀ ਅਕਾਦਮਿਕ ਅਤੇ ਕਲੀਨਿਕਲ ਸੂਝਾਂ ਸਾਂਝੀਆਂ ਕੀਤੀਆਂ।
ਇਸ ਪ੍ਰੋਗਰਾਮ ਵਿੱਚ ਫਿਜ਼ੀਓਥੈਰੇਪੀ ਵਿਭਾਗ ਦੇ ਸਾਰੇ ਫੈਕਲਟੀ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਵਿੱਚ ਯੋਗਦਾਨ ਪਾਇਆ।  
ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਵਿਹਾਰਕ ਸੈਸ਼ਨ ਨੇ ਭਾਗੀਦਾਰਾਂ ਨੂੰ ਅਸਲ-ਸਮੇਂ ਦੇ ਕਲੀਨਿਕਲ ਨੁਕਤੇ ਸਾਂਝੇ ਕਰਨ ਤੋਂ ਬਾਅਦ ਸਰਟੀਫਿਕੇਟ ਵੰਡੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਜਸਪ੍ਰੀਤ ਕੌਰ ਨੇ ਮੁੱਖ ਮਹਿਮਾਨਾਂ ਅਤੇ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ।

 

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ, ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਵਿਚ ਕਹਿਰ ਦੀ ਠੰਡ ਪੈ ਰਹੀ ਹੈ। ਇਸਦੇ ਚੱਲਦਿਆਂ ਪੈ ਰਹੀ ਸੰਘਣੀ ਧੁੰਦ ਨਾਲ ਵੀ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਉਤਰੀ ਖਿੱਤੇ ਵਿਚ ਹੱਡ ਚੀਰਵੀਂ ਠੰਡ ਅਤੇ ਧੁੰਦ ਕਰਕੇ ਜਿੱਥੇ ਸੜਕੀ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ, ਉਥੇ ਹਵਾਈ ਉਡਾਣਾਂ ਵੀ ਦੇਰੀ ਨਾਲ ਹੀ ਪਹੁੰਚ ਰਹੀਆਂ ਅਤੇ ਦੇਰੀ ਨਾਲ ਹੀ ਜਾ ਰਹੀਆਂ ਹਨ। ਇਸਦੇ ਚੱਲਦਿਆਂ ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਵਿਚ ਹਾਲੇ ਦੋ ਦਿਨ ਹੋਰ ਸੀਤ ਲਹਿਰ ਜਾਰੀ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ 18 ਜਨਵਰੀ ਤੋਂ 20 ਜਨਵਰੀ ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ।

 


ਜਥੇਦਾਰ ਨੇ ਕੀਤਾ ਸਪੱਸ਼ਟ - ਕਿਹਾ, ਵਾਰ-ਵਾਰ ਨਹੀਂ ਦਿੱਤੇ ਜਾਣਗੇ ਸੱਦੇ
ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਪਸ਼ਟੀਕਰਨ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਪੱਸ਼ਟੀਕਰਨ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ। ਜਥੇਦਾਰ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਵੱਲੋਂ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਗਿਆ ਹੈ ਅਤੇ ਜੇਕਰ ਕਿਸੇ ਵੀ ਕਿਸਮ ਦੀ ਕਾਰਵਾਈ ਕਰਨ ਦੀ ਜ਼ਰੂਰਤ ਹੋਈ ਤਾਂ ਮੁੱਖ ਮੰਤਰੀ ਨੂੰ ਆਦੇਸ਼ ਨਹੀਂ ਕੀਤਾ ਜਾਵੇਗਾ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਪ੍ਰਤੀ ਪੰਥ ਨੂੰ ਆਦੇਸ਼ ਜਾਰੀ ਹੋਵੇਗਾ। ਭਗਵੰਤ ਮਾਨ ਵੱਲੋਂ ਵਾਇਰਲ ਵੀਡੀਓ ਨੂੰ ਨਕਲੀ ਕਹਿਣ ’ਤੇ ਜਥੇਦਾਰ ਨੇ ਕਿਹਾ ਕਿ ਇਹ ਪੰਥਕ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਹੈ ਇਸਦੀ ਫੋਰੈਨਸਿਕ ਜਾਂਚ ਹੋਵੇਗੀ ਅਤੇ ਜੇਕਰ ਵੀਡੀਓ ਸਹੀ ਪਾਈ ਗਈ ਤਾਂ ਅਗਲੇਰੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

 

ਜ਼ਿਲ੍ਹਾ ਪ੍ਰਧਾਨਾਂ ਨੂੰ ਦੇਣੀ ਹੋਵੇਗੀ ਰਿਪੋਰਟ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਕਮੇਟੀ ਨੇ ਮਨਰੇਗਾ ਸੰਗਰਾਮ ਦੇ ਤਹਿਤ ਹੁਣ ਪਿੰਡ-ਪਿੰਡ ਜਾ ਕੇ ਮਨਰੇਗਾ ਮਜ਼ਦੂਰਾਂ ਨਾਲ ਬੈਠਕਾਂ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਚੱਲਦਿਆਂ ਸੋਨੀਆ ਗਾਂਧੀ, ਮਲਿਕ ਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਹ ਵੀ ਦੱਸਿਆ ਗਿਆ ਕਿ ਕਾਂਗਰਸ ਪਾਰਟੀ ਦਾ ਹਰ ਆਗੂ ਆਪਣੇ ਹਲਕੇ ਦੇ 10 ਪਿੰਡਾਂ ਵਿਚ ਜਾ ਕੇ ਮਨਰੇਗਾ ਮਜ਼ਦੂਰਾਂ ਨੂੰ ਮਿਲੇਗਾ।  ਜ਼ਿਲ੍ਹਿਆਂ ਦੇ ਪ੍ਰਧਾਨ ਮਨਰੇਗਾ ਮਜ਼ਦੂਰਾਂ ਨੂੰ ਮਿਲਣ ਦੇ ਵੀਡੀਓ, ਫੋਟੋ ਅਤੇ ਮੀਡੀਆ ਰਿਪੋਰਟ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਭੇਜਣਗੇ। ਇਸ ਤੋਂ ਬਾਅਦ ਪੂਰੇ ਸੂਬੇ ਦੀ ਰਿਪੋਰਟ ਤਿਆਰ ਕਰਕੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਭੇਜੀ ਜਾਵੇਗੀ ਅਤੇ ਫਿਰ ਇਹ ਰਿਪੋਰਟ ਰਾਹੁਲ ਗਾਂਧੀ ਨੂੰ ਭੇਜ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕਾਂਗਰਸੀ ਆਗੂਆਂ ਨੇ 16 ਜਨਵਰੀ ਤੋਂ 25 ਜਨਵਰੀ ਤੱਕ ਪਿੰਡਾਂ ਵਿਚ ਪਹੁੰਚ ਕੇ ਇਹ ਸਮਾਗਮ ਕਰਨੇ ਹਨ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.