Saturday, 18 April 2026

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਤਵਾਰ 18 ਅਗਸਤ ਨੂੰ ਚੰਡੀਗੜ੍ਹ ਵਿਚ ਪੈਰਿਸ ਉਲੰਪਿਕ 2024 ’ਚ ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਉਲੰਪਿਕ ਵਿਚ ਹਿੱਸਾ ਲੈ ਕੇ ਪਰਤੇ ਪੰਜਾਬੀ ਖਿਡਾਰੀਆਂ ਨੂੰ 9 ਕਰੋੜ 35 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ। ਸੀਐਮ ਮਾਨ ਨੇ ਜੇਤੂ ਖਿਡਾਰੀਆਂ ਨੂੰ ਐਲਾਨ ਦੇ ਮੁਤਾਬਕ 1-1 ਕਰੋੜ ਰੁਪਏ ਅਤੇ ਬਾਕੀਆਂ ਨੂੰ 15-15 ਲੱਖ ਰੁਪਏ ਦਿੱਤੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਅਤੇ ਅੱਜ ਖਿਡਾਰੀਆਂ ਲਈ ਢੋਲ ਵੱਜ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਇਕ ਵੱਡਾ ਹਾਕੀ ਟੁੂਰਨਾਮੈਂਟ ਕਰਵਾਉਣ ਬਾਰੇ ਸੋਚ ਰਹੇ ਹਾਂ, ਜਿਸ ਲਈ ਉਹ ਹਾਕੀ ਇੰਡੀਆ ਨਾਲ ਗੱਲ ਕਰਨਗੇ। ਸੀਐਮ ਨੇ ਕਿਹਾ ਕਿ ਹੁਣ ਖੇਡਾਂ ਲਈ ਜ਼ੋਨ ਬਣਾਏ ਜਾਣਗੇ, ਜਿਵੇਂ ਮਾਹਿਲਪੁਰ ਵਿਚ ਫੁੱਟਬਾਲ, ਸੁਨਾਮ ਵਿਚ ਮੁੱਕੇਬਾਜ਼ੀ, ਜਲੰਧਰ ਵਿਚ ਹਾਕੀ ਅਤੇ ਲੁਧਿਆਣਾ ਵਿਚ ਐਥਲੈਟਿਕਸ ਲਈ ਜ਼ੋਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇਗੀ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਉਲੰਪਿਕ ਵਿਚ ਜਿੱਤ ਕੇ ਆਏ ਖਿਡਾਰੀਆਂ ਨੂੰ ਅਸੀਂ ਨੌਕਰੀਆਂ ਵੀ ਦਿਆਂਗੇ ਅਤੇ ਜਿਹੜੇ ਖਿਡਾਰੀ ਪਹਿਲਾਂ ਹੀ ਨੌਕਰੀ ਕਰ ਰਹੇ ਹਨ, ਉਨ੍ਹਾਂ ਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ।   

 

 

 

  

 

ਸਾਬਕਾ ਕਾਂਗਰਸੀ ਮੰਤਰੀ ’ਤੇ ਹਨ ਭਿ੍ਰਸ਼ਟਾਚਾਰ ਦੇ ਆਰੋਪ

ਜਲੰਧਰ/ਬਿਊਰੋ ਨਿਊਜ਼  

ਲੁਧਿਆਣਾ ਦੇ ਕਾਂਗਰਸੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਟੈਂਡਰ ਘੁਟਾਲੇ ਦੇ ਮਾਮਲੇ ਵਿਚ ਈ.ਡੀ. ਵਲੋਂ 5 ਦਿਨ ਦੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਜਲੰਧਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸਦੇ ਚੱਲਦਿਆਂ ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਅਦਾਲਤ ਨੇ ਈਡੀ ਦੇ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੀ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਆਸ਼ੂ ਪੰਜਾਬ ਵਿਚ ਕਾਂਗਰਸ ਸਰਕਾਰ ਸਮੇਂ ਫੂਡ ਸਪਲਾਈ ਮੰਤਰੀ ਸਨ ਅਤੇ ਉਸ ਵੇਲੇ ਹੋਏ ਟੈਂਡਰ ਘਪਲਾ ਮਾਮਲੇ ਵਿਚ ਉਨ੍ਹਾਂ ਦਾ ਨਾਮ ਗੂੰਜਿਆ ਸੀ। ਇਸਦੇ ਚੱਲਦਿਆਂ ਭਾਰਤ ਭੂਸ਼ਣ ਆਸ਼ੂ ਨੂੰ ਈਡੀ ਦੀ ਟੀਮ ਵਲੋਂ ਲੰਘੀ 1 ਅਗਸਤ ਨੂੰ 9 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗਿ੍ਰਫਤਾਰ ਕੀਤਾ ਗਿਆ ਸੀ ਤੇ ਅਧਿਕਾਰੀਆਂ ਨੇ ਆਸ਼ੂ ਨੂੰ 10 ਦਿਨਾਂ ਦੇ ਰਿਮਾਂਡ ’ਤੇ ਲਿਆ ਹੋਇਆ ਸੀ ਤੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ।

ਪੰਜਾਬ ’ਚ ਅਕਾਲੀ ਦਲ ਕੋਲ ਰਹਿ ਗਏ ਸਿਰਫ 2 ਵਿਧਾਇਕ

ਚੰਡੀਗੜ੍ਹ/ਬਿਊਰੋ ਨਿਊਜ਼

ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਵਿਧਾਨ ਸਭਾ ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਦੌਰਾਨ ਡਾ. ਸੁੱਖੀ ਨੂੰ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਅਤੇ ਉਨ੍ਹਾਂ ਦਾ ‘ਆਪ’ ਵਿਚ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਡਾ.  ਸੁੱਖੀ ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਹਨ। ਪ੍ਰੈਸ ਕਾਨਫਰੰਸ ਮੌਕੇ ਆਮ ਆਦਮੀ ਪਾਰਟੀ ਦੇ ਸਕੱਤਰ ਜਨਰਲ ਡਾ. ਸੰਦੀਪ ਪਾਠਕ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਵਿਚ ਆਮ ਵਿਅਕਤੀ ਹਨ ਜਦਕਿ ਦੂਜੀਆਂ ਸਿਆਸੀ ਪਾਰਟੀਆਂ ’ਚ ਭਾਈ-ਭਤੀਜਾਵਾਦ ਭਾਰੂ ਹੈ। ਸੀਐਮ ਮਾਨ ਨੇ ਕਿਹਾ ਕਿ ਡਾ. ਸੁਖਵਿੰਦਰ ਸੁੱਖੀ ਨੂੰ ਪਾਰਟੀ ਵਿਚ ਬਣਦਾ ਸਨਮਾਨ ਦਿੱਤਾ ਜਾਵੇਗਾ। ਧਿਆਨ ਰਹੇ ਕਿ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਕੋਲ ਹੁਣ ਸਿਰਫ ਦੋ ਵਿਧਾਇਕ ਰਹਿ ਗਏ ਹਨ, ਜਿਨ੍ਹਾਂ ਵਿਚ ਮੁੱਲਾਂਪੁਰ ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ ਅਤੇ ਮਜੀਠਾ ਹਲਕੇ ਤੋਂ ਵਿਧਾਇਕ ਗਨੀਵ ਕੌਰ ਸ਼ਾਮਲ ਹਨ।  

 

ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹੜ੍ਹਾਂ ਦਾ ਖਤਰਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਐਤਵਾਰ ਨੂੰ ਪਏ ਜ਼ੋਰਦਾਰ ਮੀਂਹ ਪੈਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ  ਕਈ ਥਾਈਂ ਨੁਕਸਾਨ ਦੀਆਂ ਵੀ ਖਬਰਾਂ ਹਨ। ਇਸਦੇ ਚੱਲਦਿਆਂ ਪਹਾੜਾਂ ਵਿਚ ਪਏ ਜ਼ੋਰਦਾਰ ਮੀਂਹ ਕਾਰਨ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਪੱਧਰ ਵੀ ਕਾਫੀ ਵਧ ਗਿਆ ਹੈ। ਲੰਘੇ ਕੱਲ੍ਹ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਜੇਜੋਂ ਖੇਤਰ ਵਿਚ ਇਕ ਕਾਰ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਈ ਸੀ, ਜਿਸ ਕਾਰਨ ਕਾਰ ਵਿਚ ਸਵਾਰ 10 ਵਿਅਕਤੀਆਂ ਦੀ ਜਾਨ ਚਲੇ ਗਈ। ਪੰਜਾਬ ਦੇ ਦਰਿਆਵਾਂ ਵਿਚ ਵਧੇ ਪਾਣੀ ਦੇ ਪੱਧਰ ਕਾਰਨ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਦਾ ਖਤਰਾ ਬਣ ਗਿਆ ਹੈ ਅਤੇ ਕੁਝ ਪਿੰਡਾਂ ਵਿਚ ਪਾਣੀ ਭਰਨ ਦੀਆਂ ਵੀ ਖਬਰਾਂ ਮਿਲ ਰਹੀਆਂ ਹਨ। ਪਠਾਨਕੋਟ ਦੇ ਕੁਝ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਇਸੇ ਤਰ੍ਹਾਂ ਰੋਪੜ ਜ਼ਿਲ੍ਹੇ ਦੇ ਨੰਗਲ ਖੇਤਰ ਵਿਚ ਵੀ ਕਈ ਪਿੰਡਾਂ ਵਿਚ ਪਾਣੀ ਭਰ ਗਿਆ ਅਤੇ ਸਕੂਲਾਂ ਵਿਚ ਵੀ ਛੁੱਟੀ ਕਰਨੀ ਪਈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਂਦੇ ਦਿਨਾਂ ਵਿਚ ਹੋਰ ਵੀ ਜ਼ਿਆਦਾ ਮੀਂਹ ਪੈ ਸਕਦਾ ਹੈ। ਉਧਰ ਦੂਜੇ ਪਾਸੇ ਪ੍ਰਸ਼ਾਸਨ ਨੇ ਬਰਸਾਤ ਦੇ ਮੌਸਮ ’ਚ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ ਅਤੇ ਸੈਲਾਨੀਆਂ ਨੂੰ ਵੀ ਪਹਾੜਾਂ ਵਿਚ ਬੜੇ ਧਿਆਨ ਨਾਲ ਸਫਰ ਕਰਨ ਦੀ ਸਲਾਹ ਦਿੱਤੀ ਹੈ। 

ਸਰਕਾਰੀ ਕੋਠੀ ’ਚ ਸ਼ਿਫਟ ਹੋਣ ਦੀ ਚਰਚਾ

ਜਲੰਧਰ/ਬਿਊਰੋ ਨਿਊਜ਼  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਜਲੰਧਰ ਸਥਿਤ ਰਿਹਾਇਸ਼ ਬਦਲਣ ਸਬੰਧੀ ਚਰਚਾ ਚੱਲ ਰਹੀ ਹੈ। ਮੁੱਖ ਮੰਤਰੀ ਹੁਣ ਜਲੰਧਰ ਸ਼ਹਿਰ ਵਿਚ ਸਥਿਤ ਪੁਰਾਣੀ ਬਾਰਾਦਰੀ ਇਲਾਕੇ ਵਿਚ ਸ਼ਿਫਟ ਹੋਣ ਲਈ ਤਿਆਰੀ ਕਰ ਰਹੇ ਹਨ। ਜਿਸ ਸਰਕਾਰੀ ਕੋਠੀ ਵਿਚ ਸੀਐਮ ਸ਼ਿਫਟ ਹੋ ਰਹੇ ਹਨ, ਉਹ ਕੋਠੀ ਡਿਵੀਜ਼ਨਲ ਕਮਿਸ਼ਨਰ ਦੀ ਹੈ, ਜਿਨ੍ਹਾਂ ਦਾ ਹਾਲ ਹੀ ਵਿਚ ਤਬਾਦਲਾ ਹੋ ਗਿਆ ਹੈ। ਹੁਣ ਇਹ ਆਲੀਸ਼ਾਨ ਕੋਠੀ ਸੀਐਮ ਭਗਵੰਤ ਮਾਨ ਲਈ ਤਿਆਰ ਹੋ ਰਹੀ ਹੈ। ਧਿਆਨ ਰਹੇ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਸੀਐਮ ਮਾਨ ਨੇ ਸ਼ਹਿਰ ਵਿਚ ਇਕ ਕੋਠੀ ਕਿਰਾਏ ’ਤੇ ਲਈ ਸੀ। ਚੋਣ ਪ੍ਰਚਾਰ ਦੇ ਦੌਰਾਨ ਉਨ੍ਹਾਂ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਚੋਣਾਂ ਤੋਂ ਬਾਅਦ ਵੀ ਜਲੰਧਰ ਵਿਚ  ਹੀ ਰਹਿਣਗੇ ਅਤੇ ਹਰ ਹਫਤੇ ਇੱਥੇ ਆ ਕੇ ਲੋਕਾਂ ਦੇ ਕੰਮ ਕਰਵਾਉਣਗੇ। ਉਨ੍ਹਾਂ ਕਿਹਾ ਸੀ ਕਿ ਮਾਝਾ ਅਤੇ ਦੋਆਬਾ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਉਨ੍ਹਾਂ ਦੇ ਕੰਮ ਜਲੰਧਰ ਵਿਚ ਹੀ ਹੋ ਜਾਇਆ ਕਰਨਗੇ। 

 

ਕਿਹਾ : ਰੇਟ ਵਧਣ ਨਾਲ ਰੀਅਲ ਅਸਟੇਟ ਕਾਰੋਬਾਰ ’ਤੇ ਪਵੇਗਾ ਮਾੜਾ ਅਸਰ

ਚੰਡੀਗੜ੍ਹ/ਬਿਊਰੋ ਨਿਊਜ਼ 

ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਕੁਲੈਕਟਰ ਰੇਟ ਵਧਾਉਣ ਦੀ ਨਿੰਦਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿਚ ਕੁਲੈਕਟਰ ਰੇਟਾਂ ਵਿਚ 100 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਰੀਅਲ ਅਸਟੇਟ ਕਾਰੋਬਾਰ ’ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕ ਜੋ ਮਕਾਨ ਬਣਾਉਣ ਜਾਂ ਛੋਟਾ ਕਾਰੋਬਾਰ ਖੋਲ੍ਹਣ ਲਈ ਜ਼ਮੀਨ ਖਰੀਦਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਵੀ ਝਟਕਾ ਲੱਗੇਗਾ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਭਿ੍ਰਸ਼ਟਾਚਾਰ ਨੂੰ ਖਤਮ ਕਰਕੇ 34 ਹਜ਼ਾਰ ਕਰੋੜ ਰੁਪਏ ਤੇ ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਮਾਲੀਆ ਇਕੱਠਾ ਕਰਨ ਦਾ ਵਾਅਦਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨ੍ਹਾਂ ਵਾਅਦਿਆਂ ਦੀ ਸਚਾਈ ਦੱਸਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦੀ ਆਰਥਿਕਤਾ ਨੂੰ ਖਰਾਬ ਕਰਨ ’ਤੇ ਤੁਲੀ ਹੋਈ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਰਕਾਰ ਨੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਦੀ ਮੱਦਦ ਨਾਲ ਆਟੋਨੋਮਸ ਕਾਲਜਾਂ ਦੇ ਰੂਪ ਵਿਚ ਅਪਗਰੇਡ ਕਰਨ ਲਈ 8 ਸਰਕਾਰੀ ਕਾਲਜਾਂ ਦੀ ਪਹਿਚਾਣ ਕੀਤੀ ਹੈ। ਇਸ ਲਿਸਟ ਵਿਚ ਸਰਕਾਰੀ ਗਰਲਜ਼ ਕਾਲਜ ਲੁਧਿਆਣਾ ਅਤੇ ਲੁਧਿਆਣਾ ਦਾ ਹੀ ਐਸ.ਸੀ.ਡੀ. ਸਰਕਾਰੀ ਕਾਲਜ ਸ਼ਾਮਲ ਹੈ। ਇਸੇ ਤਰ੍ਹਾਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਅਤੇ ਪਟਿਆਲਾ ਦਾ ਹੀ ਸਰਕਾਰੀ ਗਰਲਜ਼ ਕਾਲਜ ਵੀ ਇਸ ਵਿਚ ਸ਼ਾਮਲ ਹੈ। ਇਸੇ ਤਰ੍ਹਾਂ ਸਰਕਾਰੀ ਕਾਲਜ ਫਾਰ ਵੂਮੈਨ ਅੰਮਿ੍ਰਤਸਰ ਅਤੇ ਮੋਹਾਲੀ, ਮਾਲੇਰਕੋਟਲਾ ਤੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜਾਂ ਦਾ ਨਾਮ ਵੀ ਇਸ ਲਿਸਟ ਵਿਚ ਸ਼ਾਮਲ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਬਾਹਰ ਆਉਣ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਾਜਾ ਵੜਿੰਗ ਨੇ ਕਿਹਾ ਕਿ ਸਿੱਖਿਆ ਮਾਡਲ ਦੇ ਨਾਮ ’ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸਿੱਖਿਆ ਦੇ ਖਿਲਾਫ ਹੀ ਕੰਮ ਕਰ ਰਹੀ ਹੈ। ਵੜਿੰਗ ਨੇ ਕਿਹਾ ਕਿ ਪਹਿਲਾਂ ਤੋਂ ਚੱਲ ਰਹੇ ਸਰਕਾਰੀ ਕਾਲਜਾਂ ਦੇ ਨਿੱਜੀਕਰਨ ਦੀ ਦਿਸ਼ਾ ਵਿਚ ਭਗਵੰਤ ਮਾਨ ਸਰਕਾਰ ਦਾ ਇਹ ਕੰਮ ਸਾਡੇ ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਘਾਤਕ ਸਾਬਤ ਹੋਵੇਗਾ। 

 

ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰ ਬਣਾਉਣ ਦਾ ਮਾਮਲਾ ਗਰਮਾਉਣ ਲੱਗਾ

ਐਨ.ਐਸ.ਯੂ.ਆਈ. ਨੇ ਪੰਜਾਬ ਸਰਕਾਰ ਨੂੰ ਦਿੱਤਾ ਅਲਟੀਮੇਟਮ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ 8 ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰ ਕਾਲਜ ਬਣਾਉਣ ਦਾ ਮਾਮਲਾ ਹੁਣ ਗਰਮਾਉਣ ਲੱਗਾ ਹੈ। ਇਸ ਸਬੰਧੀ ਐਨ.ਐਸ.ਯੂ.ਆਈ. ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਮੋਹਾਲੀ ਸਰਕਾਰੀ ਕਾਲਜ ਦੇ ਪਿ੍ਰੰਸੀਪਲ ਨੂੰ ਮੰਗ-ਪੱਤਰ ਸੌਂਪਿਆ ਹੈ। ਈਸ਼ਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਕਾਲਜਾਂ ਨੂੰ ਖੁਦਮੁਖਤਿਆਰ ਬਣਾਉਣ ਦੇ ਨਾਲ ਕਾਲਜ ਬਾਹਰੋਂ ਸਰਕਾਰੀ ਹੋਣਗੇ ਪਰ ਅੰਦਰੋਂ ਪ੍ਰਾਈਵੇਟ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਕਾਲਜਾਂ ਦਾ ਸਟੇਟਸ ਬਦਲ ਜਾਵੇਗਾ ਤਾਂ ਇਨ੍ਹਾਂ ਕਾਲਜਾਂ ਵਿਚ ਵਿਦਿਆਰਥੀਆਂ ਦੀ ਫੀਸ ਵਧਾਉਣ ਦੀ ਪਾਵਰ ਪਿ੍ਰੰਸੀਪਲ ਕੋਲ ਚਲੀ ਜਾਵੇਗੀ। ਉਨ੍ਹਾਂ ਕਿਹਾ ਇਨ੍ਹਾਂ ਕਾਲਜਾਂ ਦੇ ਪਿ੍ਰੰਸੀਪਲ ਆਪਣੇ ਮੁਤਾਬਕ ਵਿਦਿਆਰਥੀਆਂ ਦੀ ਫੀਸ ਵਿਚ ਵਾਧਾ ਕਰਨਗੇ। ਈਸ਼ਰਪ੍ਰੀਤ ਸਿੰਘ ਸਿੱਧੂ ਨੇ ਆਰੋਪ ਲਗਾਉਂਦਿਆਂ ਕਿਹਾ ਕਿ  ਪਹਿਲਾਂ ਇਹ ਸਰਕਾਰਾਂ ਖੇਤੀ ਨੂੰ ਪ੍ਰਾਈਵੇਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ ਅਤੇ ਹੁਣ ਇਹ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਵੱਲ ਨੂੰ ਤੁਰ ਪਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ 31 ਅਗਸਤ ਤੱਕ ਦਾ ਅਲਟੀਮੇਟਮ ਦਿੰਦੇ ਹਾਂ, ਇਸ ਤੋਂ ਬਾਅਦ ਅਸੀਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਧਰਨਾ ਵੀ ਸ਼ੁਰੂ ਕਰਾਂਗੇ।

 

ਰਾਘਵ ਚੱਢਾ ਨੇ ਸੁਪਰੀਮ ਕੋਰਟ ਦਾ ਕੀਤਾ ਧੰਨਵਾਦ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਵਲੋਂ ਦਿੱਤੀ ਗਈ ਜ਼ਮਾਨਤ ਨੂੰ ਸੱਚਾਈ ਦੀ ਜਿੱਤ ਦੱਸਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਸੱਚਾਈ ਦੀ ਜਿੱਤ ਹੋਈ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦੇਣ ’ਤੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ’ਚ ਸਿੱਖਿਆ ਕ੍ਰਾਂਤੀ ਦੇ ਨਾਇਕ ਮਨੀਸ਼ ਸਿਸੋਦੀਆ ਨੂੰ ਅੱਜ ਜ਼ਮਾਨਤ ਮਿਲਣ ’ਤੇ ਪੂਰੇ ਦੇਸ਼ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਮੈਂ ਮਾਣਯੋਗ ਸੁਪਰੀਮ ਕੋਰਟ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਰਾਘਵ ਚੱਢਾ ਨੇ ਕੇਂਦਰ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਨੂੰ 530 ਦਿਨ ਜੇਲ੍ਹ ਦੀਆਂ ਸਲਾਖਾਂ ਪਿੱਛੇ ਰੱਖਿਆ ਗਿਆ ਕਿਉਂਕਿ ਉਹਨਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹਨਾਂ ਨੇ ਗਰੀਬ ਬੱਚਿਆਂ ਨੂੰ ਚੰਗਾ ਭਵਿੱਖ ਦਿੱਤਾ। 

 

ਚੋਰ 17 ਤੋਲੇ ਸੋਨਾ ਤੇ ਨਗਦੀ ਲੈ ਕੇ ਹੋਏ ਫਰਾਰ

ਸੰਗਰੂਰ/ਬਿਊਰੋ ਨਿਊਜ਼ 

ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਨੇੜਲੇ ਪਿੰਡ ਜਗਤਪੁਰਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਨਕਾ ਪਰਿਵਾਰ ਦੇ ਘਰ ਚੋਰੀ ਹੋ ਗਈ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਚੋਰ ਉਨ੍ਹਾਂ ਦੇ ਘਰ ’ਚੋਂ ਕਰੀਬ 17 ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਪੁਲਿਸ ਤੋਂ ਸੀਸੀ ਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰਨ ਅਤੇ ਜਲਦੀ ਚੋਰਾਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਿੰਨ ਵਿਅਕਤੀਆਂ ਨੇ ਰਾਤ 11 ਵਜੇ ਤੋਂ ਸਵੇਰ ਦੇ ਦੋ ਵਜੇ ਤੱਕ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਬਾਰੇ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਕੇ ਚੋਰੀ ਕੀਤਾ ਗਿਆ ਸਾਮਾਨ ਬਰਾਮਦ ਕਰ ਲਿਆ ਜਾਵੇਗਾ। 

 

ਉਲੰਪਿਕ ’ਚ ਵਿਨੇਸ਼ ਫੋਗਾਟ ਨੂੰ ਆਯੋਗ ਕਰਾਰ ਦਿੱਤੇ ਜਾਣ ਦੀ ਕੀਤੀ ਤਿੱਖੀ ਆਲੋਚਨਾ

ਚੰਡੀਗੜ੍ਹ/ਬਿਊਰੋ ਨਿਊਜ਼

ਪੈਰਿਸ ’ਚ ਹੋ ਰਹੀਆਂ ਉਲੰਪਿਕ ਖੇਡਾਂ ਦੌਰਾਨ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 100 ਗਰਾਮ ਭਾਰ ਜ਼ਿਆਦਾ ਹੋਣ ਕਾਰਨ ਇਤਿਹਾਸ ਰਚਣ ਵਾਲੇ ਫਾਈਨਲ ਮੁਕਾਬਲੇ ਤੋਂ ਆਯੋਗ ਕਰਾਰ ਦਿੱਤਾ ਗਿਆ ਸੀ। ਇਸ ਕਾਰਨ ਭਾਰਤ ਇਕ ਤਮਗੇ ਤੋਂ ਵਾਂਝਾ ਰਹਿ ਗਿਆ। ਇਸ ਘਟੀਆ ਫੈਸਲੇ ਕਾਰਨ ਵਿਨੇਸ਼ ਫੋਗਾਟ ਦਾ ਹੌਸਲਾ ਟੁੱਟ ਗਿਆ ਅਤੇ ਉਸਨੇ ਕੁਸ਼ਤੀ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਵੀ ਕਰ ਦਿੱਤਾ। ਇਸਦੇ ਨਾਲ ਹੀ ਹਰ ਭਾਰਤੀ ਦੇ ਦਿਲ ਨੂੰ ਵੀ ਠੇਸ ਪਹੁੰਚੀ ਹੈ। ਇਸੇ ਦੌਰਾਨ ਪਿ੍ਰੰਸੀਪਲ ਸਰਵਣ ਸਿੰਘ ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਵਾਲੇ ਮਾਮਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਹਿਲਵਾਨ ਨੂੰ ਘਿਨੌਣੀ ਸਾਜਿਸ਼ ਦਾ ਸ਼ਿਕਾਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਵਿਨੇਸ਼ ਫੋਗਾਟ ਨੂੰ ਇਸ ਵੇਲੇ ਸਭ ਤੋਂ ਵੱਧ ਆਪਣੇ ਲੋਕਾਂ ਦੇ ਪਿਆਰ ਅਤੇ ਆਸ਼ੀਰਵਾਦ ਦੀ ਜ਼ਰੂਰਤ ਹੈ। ਇਸੇ ਦੌਰਾਨ ਪਿ੍ਰੰਸੀਪਲ ਸਰਵਣ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਆਪਣੀਆਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਮਿਲੇ ਸਵਾ ਦੋ ਤੋਲੇ ਸੋਨੇ ਦੇ ਤਮਗੇ ਨੂੰ ਵਿਨੇਸ਼ ਫੋਗਾਟ ਦੀ ਝੋਲੀ ਪਾਉਣਗੇ। ਧਿਆਨ ਰਹੇ ਕਿ ਲੇਖਕ ਪਿ੍ਰੰਸੀਪਲ ਸਰਵਣ ਸਿੰਘ ਨੂੰ 5 ਮਾਰਚ 2023 ਨੂੰ ਪੰਜਾਬੀ ਖੇਡ ਪ੍ਰਮੋਟਰਾਂ ਵਲੋਂ ‘ਖੇਡ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ। 

 

 

ਕਿਹਾ : ਨੈਸ਼ਨਲ ਹਾਈਵੇਅ ਕੋਈ ਪਾਰਕਿੰਗ ਏਰੀਆ ਨਹੀਂ

ਚੰਡੀਗੜ੍ਹ/ਬਿਊਰੋ ਨਿਊਜ਼ 

ਹਰਿਆਣਾ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ’ਤੇ ਸਥਿਤ ਸ਼ੰਭੂ ਸਰਹੱਦ ਨੂੰ ਖੋਲ੍ਹਣ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਸਰਕਾਰ ਦੀ ਪਟੀਸ਼ਨ ’ਤੇ ਅੱਜ ਸੋਮਵਾਰ ਨੂੰ ਅਦਾਲਤ ’ਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦੋਵੇਂ ਸਰਕਾਰਾਂ ਨੇ ਸੁਪਰੀਮ ਕੋਰਟ ਨੂੰ ਕਮੇਟੀ ਲਈ ਨਾਂਅ ਦਿੱਤੇ ਹਨ। ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਆਦੇਸ਼ ਦਿੱਤੇ ਕਿ, ਜਲਦ ਤੋਂ ਜਲਦ ਇਸ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ। ਕੋਰਟ ਨੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਨੈਸ਼ਨਲ ਹਾਈਵੇ ਕੋਈ ਪਾਰਕਿੰਗ ਏਰੀਆ ਨਹੀਂ ਹੈ। ਦੋਵੇਂ ਸੂਬੇ ਸਹਿਮਤੀ ਦੇ ਨਾਲ ਸ਼ੰਭੂ ਬਾਰਡਰ ਨੂੰ ਖੋਲ੍ਹਣ ਲਈ ਕੋਸ਼ਿਸ਼ ਕਰਨ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਐਂਬੂਲੈਂਸਾਂ, ਜ਼ਰੂਰੀ ਸੇਵਾਵਾਂ ਅਤੇ ਸਥਾਨਕ ਯਾਤਰੀਆਂ ਦੀ ਆਵਾਜਾਈ ਦੀ ਸਹੂਲਤ ਲਈ ਸ਼ੰਭੂ ਸਰਹੱਦ ’ਤੇ ਸੜਕ ਨੂੰ ਅੰਸ਼ਕ ਤੌਰ ’ਤੇ ਖੋਲ੍ਹਣ ਦੀ ਲੋੜ ਹੈ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲਾਂ, ਪਟਿਆਲਾ ਅਤੇ ਅੰਬਾਲਾ ਦੇ ਸੀਨੀਅਰ ਪੁਲਿਸ ਕਪਤਾਨ ਸਮੇਤ ਦੋਵਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਾਈਵੇਅ ਨੂੰ ਅੰਸ਼ਕ ਤੌਰ ’ਤੇ ਖੋਲ੍ਹਣ ਲਈ ਰੂਪ ਰੇਖਾ ਤਿਆਰ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਹੈ। ਸੁਪਰੀਮ ਕੋਰਟ ਹੁਣ ਇਸ ਮਾਮਲੇ ਦੀ ਸੁਣਵਾਈ 22 ਅਗਸਤ ਨੂੰ ਕਰੇਗਾ। 

ਲੋੜੀਂਦਾ ਮੀਂਹ ਨਾ ਪਿਆ ਤਾਂ ਬਿਜਲੀ ਦੀ ਵੀ ਹੋਵੇਗੀ ਸਮੱਸਿਆ

ਚੰਡੀਗੜ੍ਹ/ਬਿਊਰੋ ਨਿਊਜ਼  

ਉਤਰ ਭਾਰਤ ਵਿਚ ਇਸ ਵਾਰ ਹੁਣ ਤੱਕ ਉਮੀਦ ਦੇ ਮੁਤਾਬਕ ਮਾਨਸੂਨ ਦੀ ਸਰਗਰਮੀ ਨਹੀਂ ਰਹੀ, ਜਿਸ ਕਾਰਨ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ ਘੱਟ ਮੀਂਹ ਪਿਆ  ਹੈ। ਇਹੀ ਕਾਰਨ ਹੈ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ 51 ਫੁੱਟ ਘੱਟ ਰਿਹਾ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਭਾਖੜਾ ਤੋਂ ਹੀ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਦਿੱਲੀ ਨੂੰ ਪਾਣੀ ਜਾਂਦਾ ਹੈ। ਹੁਣ ਮਾਨਸੂਨ ਦਾ ਕਰੀਬ ਇਕ ਮਹੀਨਾ ਰਹਿ ਗਿਆ ਹੈ, ਜੇਕਰ ਅਗਲੇ ਦਿਨਾਂ ਦੌਰਾਨ ਲੋੜੀਂਦਾ ਮੀਂਹ ਨਾ ਪਿਆ ਤਾਂ ਪਾਣੀ ਅਤੇ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ। ਭਾਖੜਾ ਡੈਮ ਦੇ ਪਾਣੀ ਦਾ ਪੱਧਰ 1615 ਫੁੱਟ ਦਰਜ ਕੀਤਾ ਗਿਆ, ਜੋ ਪਿਛਲੇ ਸਾਲ 2023 ’ਚ ਇਨ੍ਹਾਂ ਦਿਨਾਂ ਦੌਰਾਨ 1666 ਫੁੱਟ ਸੀ। ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਨਸੂਨ ਦਾ ਕਾਫੀ ਸਮਾਂ ਅਜੇ ਬਾਕੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਂਦੇ ਦਿਨਾਂ ਦੌਰਾਨ ਭਰਵੀਂ ਬਰਸਾਤ ਹੋਵੇਗੀ ਅਤੇ ਡੈਮ ਦੇ ਪਾਣੀ ਦਾ ਪੱਧਰ ਵਧ ਜਾਵੇਗਾ। ਧਿਆਨ ਰਹੇ ਕਿ ਭਾਖੜਾ ਡੈਮ ਦਾ ਪਾਣੀ ਜੇਕਰ 1680 ਫੁੱਟ ਤੱਕ ਚਲਾ ਜਾਵੇ ਤਾਂ ਇਸ ਨੂੰ ਖਤਰਾ ਮੰਨਿਆ ਜਾਂਦਾ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.