Monday, 20 April 2026

ਲੋਕ-ਗੀਤ ਅਤੇ ਵਾਹਨ ਸਟਿਕਰਾਂ ਰਾਹੀਂ ਪਿੰਡਾਂ ਤੋਂ ਮੁਹੱਲਿਆਂ ਤੱਕ ਇੱਕ ਰਾਸ਼ਟਰ, ਇੱਕ ਚੋਣ ਦਾ ਸੰਦੇਸ਼ ਪਹੁੰਚਣ ਲੱਗਾ

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਇੱਕ ਰਾਸ਼ਟਰ-ਇੱਕ ਚੋਣ ਤੇ ਵਿੱਡੀ ਮੁਹਿੰਮ ਨੇ ਹੁਣ ਪੰਜਾਬ ਵਿੱਚ ਜ਼ਮੀਨੀ ਪੱਧਰ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਇਸ ਕੌਮੀ ਮੁਹਿੰਮ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਪੰਜਾਬ ਟੀਮ ਵੱਲੋਂ ਸੂਬੇ ਭਰ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਇਸ ਦਾ ਮਕਸਦ ਹਰ ਮੁਹੱਲੇ, ਪਿੰਡ ਅਤੇ ਸ਼ਹਿਰ ਤੱਕ ਇਹ ਸੰਦੇਸ਼ ਪਹੁੰਚਾਉਣਾ ਹੈ ਕਿ ਬਾਰ-ਬਾਰ ਚੋਣਾਂ ਨਾਲ ਦੇਸ਼ ਨੂੰ ਕਿੰਨਾ ਨੁਕਸਾਨ ਹੁੰਦਾ ਹੈ ਅਤੇ ਇੱਕੋ ਵਾਰ ਚੋਣ ਕਰਵਾਉਣਾ ਕਿਵੇਂ ਹੱਲ ਬਣ ਸਕਦਾ ਹੈ। ਇਸ ਮੁਹਿੰਮ ਦੀ ਅਗਵਾਈ ਸੂਬਾ ਕਨਵੀਨਰ ਐਸ.ਐਸ. ਚੰਨੀ ਕਰ ਰਹੇ ਹਨ। ਉਨ੍ਹਾਂ ਦੇ ਨਾਲ ਕੋ-ਕਨਵੀਨਰ ਪਰਮਪਾਲ ਕੌਰ ਅਤੇ ਅਨਿਲ ਸਰੀਨ ਵੀ ਵੱਖ-ਵੱਖ ਪੱਧਰਾਂ ’ਤੇ ਕਾਰਜਕ੍ਰਮਾਂ ਦਾ ਆਯੋਜਨ ਕਰ ਰਹੇ ਹਨ। ਜ਼ਿਲ੍ਹਾ ਪ੍ਰਮੁੱਖਾਂ, ਮੋਰਚਿਆਂ, ਅਤੇ ਪ੍ਰਕੋਸ਼ਠਾਂ ਦੀ ਮਦਦ ਨਾਲ ਇਹ ਟੀਮ ਸਮਾਜ ਦੇ ਹਰ ਵਰਗ ਨਾਲ ਸੰਵਾਦ ਕਰ ਰਹੀ ਹੈ।

ਜਨਤਾ ਨਾਲ ਸਿੱਧਾ ਜੁੜਾਅ ਲਈ ਲੋਕ-ਗੀਤਾਂ ਦਾ ਸਹਾਰਾ

ਪੰਜਾਬ ਵਿੱਚ ਇਸ ਮੁਹਿੰਮ ਨੂੰ ਲੋਕ ਭਾਵਨਾਵਾਂ ਨਾਲ ਜੋੜਨ ਲਈ ਬੁੱਧਵਾਰ ਨੂੰ ਇੱਕ ਪੰਜਾਬੀ ਲੋਕ-ਗੀਤ ਜਾਰੀ ਕੀਤਾ ਗਿਆ, ਜਿਸ ਵਿੱਚ ਇੱਕ ਰਾਸ਼ਟਰ, ਇੱਕ ਚੋਣ ਦੀ ਧਾਰਨਾ ਨੂੰ ਆਸਾਨ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਲੋਕਾਂ ਤੱਕ ਪਹੁੰਚਾਇਆ ਗਿਆ ਹੈ। ਨਾਲ ਹੀ, ਗੱਡੀਆਂ ’ਤੇ ਲਗਾਉਣ ਲਈ ਵਿਸ਼ੇਸ਼ ਸਟਿਕਰ ਵੀ ਲਾਂਚ ਕੀਤੇ ਗਏ ਹਨ, ਜੋ ਹੁਣ ਬੱਸਾਂ, ਕਾਰਾਂ, ਅਤੇ ਸਕੂਟਰਾਂ ’ਤੇ ਆਮ ਦਿਖਣ ਲੱਗੇ ਹਨ। ਮੁਹਿੰਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਕਿਸੇ ਰਾਜਨੀਤਿਕ ਪਾਰਟੀ, ਨੇਤਾ, ਜਾਂ ਪ੍ਰਤੀਕ ਦੀ ਝਲਕ ਨਹੀਂ ਹੈ। ਇਸ ਨੂੰ ਪੂਰੀ ਤਰ੍ਹਾਂ ਗੈਰ-ਰਾਜਨੀਤਿਕ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਵਿੱਚ ਇਹ ਭਾਵਨਾ ਜਾਗੇ ਕਿ ਇਹ ਸਿਰਫ਼ ਕਿਸੇ ਸਰਕਾਰ ਦਾ ਨਹੀਂ, ਸਗੋਂ ਹਰ ਨਾਗਰਿਕ ਦਾ ਮੁੱਦਾ ਹੈ।

ਲੋਕਾਂ ਦੀ ਭਾਗੀਦਾਰੀ ਨਾਲ ਬਣੇਗਾ ਇਹ ਜਨ-ਅੰਦੋਲਨ: ਐਸ.ਐਸ. ਚੰਨੀ

ਪ੍ਰਦੇਸ਼ ਸੰਯੋਜਕ ਐਸ.ਐਸ. ਚੰਨੀ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾਂ ਦੇਸ਼-ਹਿਤ ਦੇ ਮੁੱਦਿਆਂ ਵਿੱਚ ਅਗਵਾਈ ਕਰਦੀ ਭੂਮਿਕਾ ਨਿਭਾਈ ਹੈ। ਇੱਕ ਰਾਸ਼ਟਰ, ਇੱਕ ਚੋਣ ਅਜਿਹਾ ਹੀ ਇੱਕ ਇਤਿਹਾਸਕ ਕਦਮ ਹੈ, ਜਿਸ ਨਾਲ ਨਾ ਸਿਰਫ਼ ਖਰਚੇ ਵਿੱਚ ਬੱਚਤ ਹੋਵੇਗੀ, ਸਗੋਂ ਦੇਸ਼ ਦੀ ਪ੍ਰਸ਼ਾਸਨਿਕ ਦੱਖਤਾ ਵੀ ਵਧੇਗੀ। ਉਨ੍ਹਾਂ ਦੱਸਿਆ ਕਿ ਸਾਡਾ ਟੀਚਾ ਹੈ ਕਿ ਇਸ ਮੁਹਿੰਮ ਨੂੰ ਹਰ ਪਿੰਡ, ਹਰ ਘਰ ਤੱਕ ਪਹੁੰਚਾਇਆ ਜਾਵੇ ਅਤੇ ਜਨਤਾ ਆਪ ਇਸ ਦੀ ਵਾਹਕ ਬਣੇ।

 

 

 

  

ਮਿਲੀ ਜ਼ਮਾਨਤ ਅਤੇ ਜੇਲ੍ਹ ਤੋਂ ਬਾਹਰ ਆਉਣ ਦਾ ਰਾਹ ਹੋਇਆ ਸਾਫ

ਚੰਡੀਗੜ੍ਹ/ਬਿਊਰੋ ਨਿਊਜ਼     

ਪੰਜਾਬ ਦੇ ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ ਅੱਜ ਮੰਗਲਵਾਰ ਨੂੰ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸਦੇ ਚੱਲਦਿਆਂ ਧਰਮਸੋਤ ਦੇ ਜੇਲ੍ਹ ’ਚੋਂ ਬਾਹਰ ਆਉਣ ਦਾ ਰਾਹ ਪੱਧਰਾ ਹੋ ਗਿਆ ਹੈ। ਧਿਆਨ ਰਹੇ ਕਿ ਧਰਮਸੋਤ ਪਿਛਲੇ ਸਾਲ ਤੋਂ ਨਾਭਾ ਜੇਲ੍ਹ ਵਿੱਚ ਬੰਦ ਸਨ। ਧਰਮਸੋਤ ਦੀ ਰਿਹਾਈ ਨਾਲ ਪੰਜਾਬ ਦੀ ਸਿਆਸਤ ਵਿੱਚ ਹੋਰ ਗਰਮਾਹਟ ਆਉਣ ਦੀ ਸੰਭਾਵਨਾ ਹੈ। ਸਾਧੂ ਸਿੰਘ ਧਰਮਸੋਤ ਪੰਜਾਬ ਕਾਂਗਰਸ ਦੀ ਅਨੁਸ਼ਾਸ਼ਨੀ ਕਮੇਟੀ ਦੇ ਉਪ-ਚੇਅਰਮੈਨ ਵੀ ਹਨ ਅਤੇ ਉਨ੍ਹਾਂ ਦੀ ਵਾਪਸੀ ਨਾਲ ਪਾਰਟੀ ਵਿਚ ਸਿਆਸੀ ਹੌਸਲਾ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ। ਧਰਮਸੋਤ ਦੀ ਜ਼ਮਾਨਤ ਦੀ ਖਬਰ ਮਿਲਦੇ ਹੀ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਸਨ।

ਲਲਿਤ ਅਤੇ ਮਨਬੀਰ (ਅੰਡਰਗ੍ਰੈਜੂਏਟ), ਮਾਨਵ ਅਤੇ ਤਰਨਪ੍ਰੀਤ ਕੌਰ ਨੂੰ ਪੋਸਟ ਗ੍ਰੈਜੂਏਟ ਸ਼੍ਰੇਣੀ ਲਈ ਮਿਸਟਰ ਅਤੇ ਮਿਸ ਫਰੈਸ਼ਰ ਦਾ ਤਾਜ ਪਹਿਨਾਇਆ

ਮੰਡੀ ਗੋਬਿੰਦਗੜ੍ਹ, 16 ਅਪ੍ਰੈਲ: ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ, ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਆਯੋਜਿਤ ਇੱਕ ਜੀਵੰਤ ਫਰੈਸ਼ਰ ਦਿਵਸ ਸਮਾਰੋਹ  ‘ਰੇਟਰੋਵੀਆ 2025’ ਦੇ ਨਾਲ ਅਕਾਦਮਿਕ ਸਾਲ 2024-2025 ਬੈਚ ਲਈ ਆਪਣੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਫੈਕਲਟੀ ਮੈਂਬਰਾਂ ਦੀ ਅਗਵਾਈ ਹੇਠ ਸੀਨੀਅਰ ਵਿਦਿਆਰਥੀਆਂ ਦੁਆਰਾ ਆਯੋਜਿਤ ਇਸ ਪ੍ਰੋਗਰਾਮ ਵਿੱਚ ਨਵੇਂ ਅਤੇ ਸੀਨੀਅਰ ਦੋਵਾਂ ਨੇ ਉਤਸ਼ਾਹ ਨਾਲ ਭਾਗੀਦਾਰੀ ਦਿਖਾਈ।

ਪ੍ਰੋਗਰਾਮ ਦੀ ਸ਼ੁਰੂਆਤ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਤੇਜਿੰਦਰ ਕੌਰ, ਪ੍ਰਿੰਸੀਪਲ ਡਾ. ਵਿਕਰਮ ਬਾਲੀ, ਵਾਈਸ ਪ੍ਰਿੰਸੀਪਲ ਡਾ. ਤੇਜਵੀਰ ਸਿੰਘ ਅਤੇ ਹੋਰ ਸਤਿਕਾਰਯੋਗ ਫੈਕਲਟੀ ਮੈਂਬਰਾਂ ਦੁਆਰਾ ਇੱਕ ਨਿੱਘੇ ਸਵਾਗਤ ਭਾਸ਼ਣ ਅਤੇ ਰਸਮੀ ਸ਼ਮ੍ਹਾ ਰੋਸ਼ਨ ਨਾਲ ਹੋਈ।

ਆਪਣੇ ਸੰਬੋਧਨਾਂ ਵਿੱਚ, ਪਤਵੰਤਿਆਂ ਨੇ ਅਕਾਦਮਿਕ ਸਮਰਪਣ, ਅਨੁਸ਼ਾਸਨ ਅਤੇ ਨਵੇਂ ਵਿਦਿਆਰਥੀਆਂ ਦੀ ਉਡੀਕ ਕਰ ਰਹੇ ਗਤੀਸ਼ੀਲ ਕੈਂਪਸ ਜੀਵਨ ਦੀ ਮਹੱਤਤਾ ’ਤੇ ਚਾਨਣਾ ਪਾਇਆ।

ਇਸ ਪ੍ਰੋਗਰਾਮ ਵਿੱਚ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰਦਰਸ਼ਨ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਡਾਂਸ, ਸੰਗੀਤ, ਕਵਿਤਾ ਅਤੇ ਸਟੈਂਡ-ਅੱਪ ਕਾਮੇਡੀ ਸ਼ਾਮਲ ਸਨ, ਨਾਲ ਹੀ ਇੰਟਰਐਕਟਿਵ ਸੈਸ਼ਨ ਵੀ ਸਨ ਜਿਨ੍ਹਾਂ ਨੇ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਵਿਚਕਾਰ ਦੋਸਤੀ ਨੂੰ ਵਧਾਇਆ।

ਇਸ ਦੌਰਾਨ ਇੱਕ ਪ੍ਰਮੁੱਖ ਆਕਰਸ਼ਣ ਫਰੈਸ਼ਰ ਮੁਕਾਬਲਾ ਸੀ, ਜਿੱਥੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਆਤਮਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ।

ਇਸ ਮੌਕੇ ਲਲਿਤ ਅਤੇ ਮਨਬੀਰ (ਅੰਡਰਗ੍ਰੈਜੂਏਟ), ਜਦੋਂ ਕਿ ਮਾਨਵ ਅਤੇ ਤਰਨਪ੍ਰੀਤ ਕੌਰ ਨੂੰ ਪੋਸਟ ਗ੍ਰੈਜੂਏਟ ਸ਼੍ਰੇਣੀ ਲਈ ਮਿਸਟਰ ਅਤੇ ਮਿਸ ਫਰੈਸ਼ਰ ਦਾ ਤਾਜ ਪਹਿਨਾਇਆ ਗਿਆ।

ਇਹ ਪ੍ਰੋਗਰਾਮ ਇੱਕ ਉੱਚ-ਊਰਜਾ ਵਾਲੀ ਡੀਜੇ ਨਾਈਟ ਨਾਲ ਸਮਾਪਤ ਹੋਇਆ ਜੋ ਕਿ ਮਦਰ ਟੈਰੇਸਾ ਡੈਂਟਲ ਬੁਆਏਜ਼ ਹੋਸਟਲ ਵਿਖੇ ਕਰਵਾਈ ਗਈ। ਇਹ ਰਾਤ ਸੰਗੀਤ, ਨਾਚ ਅਤੇ ਖੁਸ਼ੀ ਨਾਲ ਭਰੀ ਹੋਈ ਸੀ, ਜਿਸ ਨਾਲ ਵਿਦਿਆਰਥੀਆਂ ਨੂੰ ਇੱਕ ਨਵੀਂ ਅਕਾਦਮਿਕ ਯਾਤਰਾ ਵਿੱਚ ਕਦਮ ਰੱਖਦੇ ਹੋਏ ਇੱਕ ਦੂਜੇ ਨਾਲ ਜੁੜਨ ਦਾ ਮੌਕਾ ਮਿਲਿਆ।

ਇਹ ਰੈਟਰੋਵੀਆ 2025 ਸਾਲ ਦੀ ਇੱਕ ਯਾਦਗਾਰ ਸ਼ੁਰੂਆਤ ਵਜੋਂ ਸਾਬਤ ਹੋਇਆ, ਜਿਸਨੇ 2024-2025 ਬੈਚ ਲਈ ਇੱਕ ਜੋਸ਼ੀਲਾ ਅਤੇ ਸਵਾਗਤਯੋਗ ਸੁਰ ਸਥਾਪਤ ਕੀਤਾ।

 

ਬੂਟਾ ਸਿੰਘ ਵਾਲਾ ਦੀ ਗਰਾਮ ਸਭਾ ਨੇ ਲਿਆ ਫੈਸਲਾ

ਬਨੂੜ/ਬਿਊਰੋ ਨਿਊਜ਼  

ਮੁਹਾਲੀ ਦੇ ਕਸਬਾ ਬਨੂੜ ਨੇੜਲੇ ਪਿੰਡ ਬੂਟਾ ਸਿੰਘ ਵਾਲਾ ਦੀ ਗਰਾਮ ਸਭਾ ਦਾ ਇਕ ਵਿਸ਼ੇਸ਼ ਇਜਲਾਸ ਹੋਇਆ ਹੈ। ਇਸ ਇਜਲਾਸ ਦੌਰਾਨ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਪਿੰਡ ਦੀ ਆਬਾਦੀ ’ਚ ਰਹਿ ਰਹੇ ਪਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਮਤਾ ਪਾਸ ਕੀਤਾ ਹੈ। ਪਿੰਡ ਦੀ ਪੰਚਾਇਤ ਵਲੋਂ ਸੱਦੇ ਗਏ ਇਜਲਾਸ ਨੂੰ ਸੰਬੋਧਨ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਲੋਕ ਕਿਰਾਏ ਦੇ ਲਾਲਚ ਵੱਸ ਹੋ ਕੇ ਪਿੰਡ ਦੀ ਆਬਾਦੀ ਵਿਚ ਪਰਵਾਸੀ ਮਜ਼ਦੂਰਾਂ ਨੂੰ ਰੱਖ ਰਹੇ ਹਨ, ਜੋ ਕਿ ਪਿੰਡ ਦੀਆਂ ਮਹਿਲਾਵਾਂ ਲਈ ਠੀਕ ਨਹੀਂ ਹੈ। ਦੱਸਿਆ ਗਿਆ ਕਿ ਕਿਰਾਏ ’ਤੇ ਰੱਖੇ ਗਏ ਪਰਵਾਸੀ ਮਜ਼ਦੂਰਾਂ ਦੀ ਕੋਈ ਪੁਲਿਸ ਵੈਰੀਫਿਕੇਸ਼ਨ ਨਾ ਹੋਣ ਕਰਕੇ ਉਹ ਕਦੇ ਵੀ ਕਿਸੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੱਭਣਾ ਔਖਾ ਹੋ ਜਾਂਦਾ ਹੈ। ਇਸ ਫੈਸਲੇ ਅਨੁਸਾਰ ਪਿੰਡ ਵਾਸੀਆਂ ਨੂੰ 30 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਪਿੰਡ ਦੀ ਆਬਾਦੀ ਵਿਚ ਕਿਰਾਏ ’ਤੇ ਰਹਿਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਣ। ਜੇਕਰ ਕੋਈ ਵਿਅਕਤੀ ਗਰਾਮ ਸਭਾ ਵਲੋਂ ਪਾਸ ਕੀਤੇ ਗਏ ਮਤੇ ਨੂੰ ਮੰਨਣ ਤੋਂ ਮੁਨਕਰ ਹੁੰਦਾ ਹੈ ਤਾਂ ਉਸ ਵਿਅਕਤੀ ਖਿਲਾਫ ਕਾਰਵਾਈ ਹੋਵੇਗੀ। ਇਸਦੇ ਨਾਲ ਹੀ ਪਰਵਾਸੀ ਮਜ਼ਦੂਰਾਂ ਨੂੰ ਬਾਹਰ ਖੇਤਾਂ ਵਿਚ ਰੱਖਣ ’ਤੇ ਕੋਈ ਪਾਬੰਦੀ ਨਹੀਂ ਹੈ।  

 

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਚਾਰ ਫੀਸਦ ਵਧਾਉਣ ਦਾ ਐਲਾਨ

ਅੰਮਿ੍ਰਤਸਰ/ਬਿਊਰੋ ਨਿਊਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ’ਤੇ ਤੁਰੰਤ ਕੋਈ ਫੈਸਲਾ ਕਰੇ। ਸ਼੍ਰੋਮਣੀ ਕਮੇਟੀ ਨੇ ਆਪਣੇ ਮੁਲਾਜ਼ਮਾਂ ਨੂੰ ਚਾਰ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨ ਵੀ ਕੀਤਾ ਹੈ। ਇਹ ਫੈਸਲੇ ਅੱਜ ਅੰਤਰਿੰਗ ਕਮੇਟੀ ਦੀ ਅੰਮਿ੍ਰਤਸਰ ’ਚ ਹੋਈ ਮੀਟਿੰਗ ਦੌਰਾਨ ਲਏ ਗਏ ਹਨ। ਇਸ ਸਬੰਧੀ ਖੁਲਾਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਤੋਂ ਬਾਅਦ ਕੀਤਾ। ਧਾਮੀ ਨੇ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸਬੰਧੀ ਵਿਧੀ ਵਿਧਾਨ ਬਣਾਉਣ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਸਬੰਧ ਵਿੱਚ ਫਿਲਹਾਲ ਸੁਝਾਅ ਆ ਰਹੇ ਹਨ ਅਤੇ ਕਈ ਹੋਰ ਵੱਡੀਆਂ ਸਿੱਖ ਸੰਸਥਾਵਾਂ ਨੂੰ ਇਸ ਬਾਰੇ ਸੁਝਾਅ ਭੇਜਣ ਲਈ ਆਖਿਆ ਗਿਆ ਹੈ।

 

 

ਸਮੁੰਦਰ ’ਚ ਡਰੱਗ ਸੁੱਟ ਕੇ ਭੱਜੇ ਤਸਕਰ

ਅਹਿਮਦਾਬਾਦ/ਬਿਊਰੋ ਨਿਊਜ਼ 

ਗੁਜਰਾਤ ਵਿਚ ਇੰਡੀਅਨ ਕੋਸਟ ਗਾਰਡ ਨੇ 300 ਕਿਲੋ ਡਰੱਗ ਜ਼ਬਤ ਕੀਤੀ ਹੈ, ਜਿਸਦੀ ਕੀਮਤ 1800 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਗੁਜਰਾਤ ਏਟੀਐਸ ਅਤੇ ਕੋਸਟ ਗਾਰਡ ਵਲੋਂ 12-13 ਅਪ੍ਰੈਲ ਦੀ ਰਾਤ ਨੂੰ ਸਾਂਝੇ ਅਪਰੇਸ਼ਨ ਦੇ ਤਹਿਤ ਪੋਰਬੰਦਰ ਤੋਂ 190 ਕਿਲੋਮੀਟਰ ਦੂਰ ਸਮੁੰਦਰ ਵਿਚੋਂ ਡਰੱਗ ਦੀ ਖੇਪ ਨੂੰ ਬਰਾਮਦ ਕੀਤਾ ਗਿਆ ਹੈ। ਗੁਜਰਾਤ ਏਟੀਐਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਕੋਸਟ ਗਾਰਡ ਨੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ਵੱਲ ਸਰਚ ਲਈ ਜਹਾਜ਼ ਭੇਜਿਆ ਸੀ। ਦੱਸਿਆ ਗਿਆ ਕਿ ਤਸਕਰ ਡਰੱਗ ਸਮੁੰਦਰ ਵਿਚ ਸੁੱਟ ਕੇ ਭੱਜ ਗਏ। ਕੋਸਟ ਗਾਰਡ ਦੀ ਟੀਮ ਨੇ ਸਮੁੰਦਰ ਵਿਚ ਸੁੱਟੀ ਗਈ ਡਰੱਗ ਨੂੰ ਰੈਸਕਿਊ ਬੋਟ ਦੀ ਮੱਦਦ ਨਾਲ ਬਾਹਰ ਕੱਢਿਆ। 

 

ਐਸ.ਐਸ. ਚੰਨੀ ਨੇ ਕਿਹਾ : ਇਸ ਮੁਹਿੰਮ ਨਾਲ ਸਰਕਾਰੀ ਪੈਸੇ ਦੀ ਹੋਵੇਗੀ ਬੱਚਤ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਭਾਜਪਾ ਨੇ ਦੇਸ਼ ਵਿੱਚ ‘ਇੱਕ ਰਾਸ਼ਟਰ, ਇੱਕ ਚੋਣ’ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਿਆਂ ਅੱਜ ਸੂਬੇ ਵਿੱਚ ਵੀ ਇਸ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਚੰਡੀਗੜ੍ਹ ਸਥਿਤ ਭਾਜਪਾ ਦਫਤਰ ਵਿੱਚ ਮੁਹਿੰਮ ਦੇ ਕਨਵੀਨਰ ਐਸ.ਐਸ. ਚੰਨੀ ਅਤੇ ਕੋ-ਕਨਵੀਨਰ ਪਰਮਪਾਲ ਕੌਰ ਨੇ ਇਸ ਮੁਹਿੰਮ ਦੇ ਗੀਤ ਨੂੰ ਰਿਲੀਜ਼ ਕੀਤਾ। ਇਸ ਮੌਕੇ ਐਸ.ਐਸ. ਚੰਨੀ ਨੇ ਕਿਹਾ ਕਿ ਦੇਸ਼ ਵਿੱਚ ਵੱਖ-ਵੱਖ ਸਮੇਂ ’ਤੇ ਚੋਣਾਂ ਹੋਣ ਨਾਲ ਸਰਕਾਰੀ ਪੈਸੇ ਅਤੇ ਸਰਕਾਰੀ ਤੰਤਰ ਦੀ ਵਧੇਰੇ ਦੁਰਵਰਤੋਂ ਹੁੰਦੀ ਹੈ। ਜੇਕਰ ਦੇਸ਼ ਵਿੱਚ ‘ਇੱਕ ਰਾਸ਼ਟਰ, ਇੱਕ ਚੋਣ’ ਮੁਹਿੰਮ ਸ਼ੁਰੂ ਹੋ ਜਾਂਦੀ ਹੈ ਤਾਂ ਸਰਕਾਰ ਦੇ ਪੈਸੇ ਅਤੇ ਤੰਤਰ ਦੀ ਬੱਚਤ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੁਣ ਮੁੜ ਤੋਂ ‘ਇੱਕ ਰਾਸ਼ਟਰ, ਇੱਕ ਚੋਣ’ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। 

 

ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ

ਚੰਡੀਗੜ੍ਹ/ਬਿਊਰੋ ਨਿਊਜ਼   

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਵਿਚ ਹੋ ਰਹੇ ਧਰਮ ਪਰਿਵਰਤਨ ਦੇ ਮੁੱਦੇ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਐਸਜੀਪੀਸੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਤਿਆਨਾਥ ਦੇ ਬਿਆਨ ਦਾ ਸਮਰਥਨ ਵੀ ਕੀਤਾ ਹੈ। ਧਿਆਨ ਰਹੇ ਕਿ ਵਿਸਾਖੀ ਦੀ ਵਧਾਈ ਦਿੰਦੇ ਹੋਏ ਯੋਗੀ ਅੱਤਿਆਨਾਥ ਨੇ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ’ਤੇ ਅਧਾਰਿਤ ਸਿੱਖ ਧਰਮ ਸਾਂਝੇ ਸੰਵਾਦ ਦਾ ਪ੍ਰਤੀਕ ਹੈ। ਗਰੇਵਾਲ ਨੇ ਇਸ ਬਿਆਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖ ਧਰਮ ਵਿਚ ਬਲੀਦਾਨਾਂ ਦਾ ਲੰਬਾ ਇਤਿਹਾਸ ਹੈ। ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਧਰਮ ਪਰਿਵਰਤਨ ਦੀ ਆੜ ਵਿਚ ਲੋਕਾਂ ਦਾ ਆਰਥਿਕ ਅਤੇ ਸਮਾਜਿਕ ਸੋਸ਼ਣ ਹੋ ਰਿਹਾ ਹੈ। 

 

ਨੈਸ਼ਨਲ ਹੈਰਾਲਡ ਮਾਮਲੇ ਵਿਚ ਸੋਨੀਆ ਗਾਂਧੀ ਤੇ ਰਾਹੁਲ ਖਿਲਾਫ ਚਾਰਜਸ਼ੀਟ ਦਾ ਵਿਰੋਧ

ਨਵੀਂ ਦਿੱਲੀ/ਬਿਊਰੋ ਨਿਊਜ਼     

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਂਗਰਸ ਪਾਰਟੀ ਦੇ ਨੈਸ਼ਨਲ ਹੈਰਾਲਡ ਅਖਬਾਰ ਅਤੇ ਐਸੋਸੀਏਟਿਡ ਜਨਰਲਸ ਲਿਮਟਿਡ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਲੰਘੇ ਕੱਲ੍ਹ ਮੰਗਲਵਾਰ ਨੂੰ ਪਹਿਲੀ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਸੈਮ ਪਿਤਰੋਦਾ ਅਤੇ ਸੁਮਨ ਦੂਬੇ ਦੇ ਨਾਮ ਸ਼ਾਮਲ ਹਨ। ਇਸਦੇ ਵਿਰੋਧ ਵਿਚ ਪਾਰਟੀ ਨੇ ਪੰਜਾਬ ਤੇ ਚੰਡੀਗੜ੍ਹ ਸਣੇ ਭਾਰਤ ਭਰ ਵਿਚ ਈਡੀ ਦਫਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਹੈ। ਦਿੱਲੀ ਵਿਚ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਵਰਕਰਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਵੀ ਲੈ ਲਿਆ। ਇਸੇ ਦੌਰਾਨ ਪੰਜਾਬ ਕਾਂਗਰਸ ਨੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਸੈਕਟਰ 9 ਵਿਚਲੇ ਈਡੀ ਦਫਤਰ ਦੇ ਬਾਹਰ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮਾਮਲੇ ਦੀ ਸੁਣਵਾਈ ਆਉਂਦੀ 25 ਅਪ੍ਰੈਲ ਨੂੰ ਦਿੱਲੀ ਦੇ ਰਾਊਜ ਐਵੀਨਿਊ ਅਦਾਲਤ ਵਿਚ ਹੋਵੇਗੀ।  

ਅੰਮਿ੍ਰਤਸਰ ’ਚ ਹੋਵੇਗੀ ਕਮੇਟੀ ਦੀ ਮੀਟਿੰਗ

ਅੰਮਿ੍ਰਤਸਰ/ਬਿਊਰੋ ਨਿਊਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਕਮੇਟੀ ਦੀ ਮੀਟਿੰਗ ਹੁਣ 15 ਅਪਰੈਲ ਦੀ ਥਾਂ 16 ਅਪਰੈਲ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਅੰਤਿ੍ਰੰਗ ਕਮੇਟੀ ਦੀ ਇਹ ਇਕੱਤਰਤਾ 15 ਅਪਰੈਲ ਲਈ ਸੱਦੀ ਗਈ ਸੀ, ਪ੍ਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰੁਝੇਵਿਆਂ ਕਾਰਣ ਹੁਣ ਇਹ ਮੀਟਿੰਗ 16 ਅਪਰੈਲ ਨੂੰ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਅੰਮਿ੍ਰਤਸਰ ’ਚ ਸਥਿਤ ਮੁੱਖ ਦਫਤਰ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ। ਪ੍ਰਤਾਪ ਸਿੰਘ ਨੇ ਦੱਸਿਆ ਕਿ ਵਿਭਾਗੀ ਕੰਮਾਂ-ਕਾਜਾਂ ਨਾਲ ਸੰਬੰਧਤ ਰੁਟੀਨ ਦੀ ਇਸ ਮੀਟਿੰਗ ਦਾ ਏਜੰਡਾ ਪਹਿਲਾਂ ਹੀ ਕਾਰਜਕਾਰਨੀ ਦੇ ਮੈਂਬਰਾਂ ਨੂੰ ਭੇਜਿਆ ਜਾ ਚੁੱਕਾ ਹੈ, ਜਿਸ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾਵੇਗੀ। 

 

‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ

ਮੁਹਾਲੀ/ਬਿਊਰੋ ਨਿਊਜ਼   

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਪੰਜਾਬ ਵਿਚ 50 ਬੰਬ ਆਉਣ ਦਾ ਦਾਅਵਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ਵਿਚੋਂ 18 ਬੰਬ ਚੱਲ ਚੁੱਕੇ ਹਨ ਅਤੇ 32 ਅਜੇ ਤੱਕ ਚਲਣੇ ਬਾਕੀ ਹਨ। ਇਸ ਨੂੰ ਲੈ ਕੇ ਕਾਂਗਰਸੀ ਅਤੇ ‘ਆਪ’ ਵਲੰਟੀਅਰ ਆਹਮੋ ਸਾਹਮਣੇ ਆ ਗਏ ਹਨ।  ਇਸੇ ਦੌਰਾਨ ਕਾਂਗਰਸ ਵੱਲੋਂ ਜਿੱਥੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉੱਥੇ ਮੁਹਾਲੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਕਾਂਗਰਸ ਖਿਲਾਫ ਸੜਕਾਂ ’ਤੇ ਉਤਰ ਆਏ ਹਨ। ਇਸ ਨੂੰ ਲੈ ਕੇ ਮੁਹਾਲੀ ਵਿੱਚ ‘ਆਪ’ ਵੱਲੋਂ ਕਾਂਗਰਸ ਖਿਲਾਫ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਸਣੇ ਵੱਡੀ ਗਿਣਤੀ ਵਿੱਚ ‘ਆਪ’ ਵਲੰਟੀਅਰ ਪਹੁੰਚੇ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਬਾਜਵਾ ਹੁਣ ਇਸ ਗੱਲ ਨੂੰ ਜਾਂ ਤਾਂ ਕਿਸੇ ਤਣ ਪਤਣ ਲਾਉਣ ਜਾਂ ਜਨਤਕ ਤੌਰ ’ਤੇ ਮੁਆਫੀ ਮੰਗਣ ਕਿ ਉਨ੍ਹਾਂ ਕੋਲੋਂ ਜਲਦਬਾਜ਼ੀ ਵਿੱਚ ਗਲਤੀ ਹੋ ਗਈ ਹੈ।  

 

ਪੰਜਾਬੀ ਯੂਨੀਵਰਸਿਟੀ ਪੁੱਜੇ ਮੁੱਖ ਮੰਤਰੀ ਨੇ ਬਾਜਵਾ ਦੀ ਕੀਤੀ ਆਲੋਚਨਾ

ਪਟਿਆਲਾ/ਬਿਊਰੋ ਨਿਊਜ਼

ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਰਵਾਏ ਗਏ ਰਾਜ ਪੱਧਰੀ ਸਮਾਗਮ ’ਚ ਪਹੁੰਚੇ। ਸੀਐਮ ਨੇ ਡਾ. ਅੰਬੇਡਕਰ ਦੀ ਸਮਾਜ ਨੂੰ ਦੇਣ, ਸਬੰਧੀ ਵਿਸਥਾਰ ’ਚ ਦੱਸਿਆ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗੈਰ-ਜ਼ਿੰਮੇਵਾਰ ਭੂਮਿਕਾ ਨਿਭਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਬੰਬਾਂ ਵਾਲੀ ਕੋਈ ਗੱਲ ਹੁੰਦੀ ਤਾਂ ਕੇਂਦਰ ਤੇ ਪੰਜਾਬ ਦੀਆਂ ਏਜੰਸੀਆਂ ਇਕ ਦੂਜੇ ਨਾਲ ਰਾਬਤਾ ਜ਼ਰੂਰ ਕਰਦੀਆਂ, ਪਰ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਾਜਵਾ ਨੇ ਦਹਿਸ਼ਤ ਫੈਲਾਉਣ ਲਈ ਅਜਿਹਾ ਕੀਤਾ ਹੈ ਜਾਂ ਫਿਰ ਉਹ ਕੋਈ ਰਾਜ਼ ਛੁਪਾ ਰਹੇ ਹਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.