Monday, 20 April 2026

ਦੇਸ਼ ਵਿੱਚ ਵਿਘਨ ਪਾਉਣ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਸੀਆਰਪੀਐਫ  ਦਾ ਗਠਨ ਕੀਤਾ ਗਿਆ ਸੀ : ਕਮਾਂਡੈਂਟ ਵਿਸ਼ਾਲ ਕੰਡਵਾਲ

ਚੰਡੀਗੜ੍ਹ/ਬਿਊਰੋ ਨਿਊਜ਼  

5 ਸਿਗਨਲ ਬਟਾਲੀਅਨ, ਕੇਂਦਰੀ ਰਿਜ਼ਰਵ ਪੁਲਿਸ ਬਲ, ਹੱਲੋਮਾਜਰਾ, ਚੰਡੀਗੜ੍ਹ ਦਾ 37ਵਾਂ ਸਥਾਪਨਾ ਦਿਵਸ ਕੋਰ ਹੈੱਡਕੁਆਰਟਰ ਵਿਖੇ ਮਨਾਇਆ ਗਿਆ। ਇਸ ਦੌਰਾਨ ਵੱਖ-ਵੱਖ ਖੇਡ ਮੁਕਾਬਲਿਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ-ਨਾਲ ਸ਼੍ਰੀ ਅੰਨਾ ਮੇਲਾ ਵੀ ਕਰਵਾਇਆ ਗਿਆ। ਸਮਾਗਮ ਦਾ ਰਸਮੀ ਉਦਘਾਟਨ ਦਿਨੇਸ਼ ਉਨਿਆਲ, ਇੰਸਪੈਕਟਰ ਜਨਰਲ ਪੁਲਿਸ, ਉੱਤਰੀ ਪੱਛਮੀ ਸੈਕਟਰ, ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਸੱਭਿਆਚਾਰਕ ਪ੍ਰੋਗਰਾਮ ਵਿੱਚ ਬੱਚਿਆਂ ਦੇ ਨਾਲ-ਨਾਲ ਸੈਨਿਕਾਂ ਨੇ ਵੀ ਡਾਂਸ ਕੀਤਾ। ਇਸ ਮੌਕੇ ਕਰਵਾਏ ਗਏ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ, ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੇ ਨਾਲ-ਨਾਲ ਕਿਤਾਬਾਂ ਅਤੇ ਸਿੱਖਿਆ ਸਮੱਗਰੀ ਦੇ ਸਟਾਲ ਵੀ ਲਗਾਏ ਗਏ। ਇਸ ਮੌਕੇ ਬੱਚਿਆਂ ਲਈ ਊਠ ਦੀ ਸਵਾਰੀ ਵਿਸ਼ੇਸ਼ ਖਿੱਚ ਅਤੇ ਮਨੋਰੰਜਨ ਦਾ ਕੇਂਦਰ ਰਹੀ। ਸਾਰੇ ਸਟਾਲਾਂ ਦਾ ਦੌਰਾ ਕਰਦੇ ਹੋਏ ਮੁੱਖ ਮਹਿਮਾਨ ਨੇ ਕਿਹਾ ਕਿ ਫੋਰਸ ਦੇ ਸਥਾਪਨਾ ਦਿਵਸ ਨੂੰ ਇੱਕ ਸਮਾਰੋਹ ਦੇ ਰੂਪ ਵਿੱਚ ਆਯੋਜਿਤ ਕਰਨਾ ਇੱਕ ਪਰੰਪਰਾ ਹੈ ਅਤੇ 5 ਵਾਇਰਲੈੱਸ ਕੋਰ ਨੇ ਇਸ ਨੂੰ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਹੈ, ਜਿਸ ਲਈ ਉਨ੍ਹਾਂ ਨੇ ਬਟਾਲੀਅਨ ਦੇ ਕਮਾਂਡਰਾਂ ਦੀ ਪ੍ਰਸ਼ੰਸਾ ਕੀਤੀ।

ਕਮਾਂਡੈਂਟ ਵਿਸ਼ਾਲ ਕੰਡਵਾਲ ਨੇ ਦੱਸਿਆ ਕਿ 12 ਜਨਵਰੀ 1989 ਨੂੰ 5 ਸਿਗਨਲ ਕੋਰ ਦਾ ਗਠਨ ਕੀਤਾ ਗਿਆ ਸੀ। ਉਸ ਸਮੇਂ ਦੇਸ਼ ਵਿਚ ਵਿਘਨ ਪਾਉਣ ਵਾਲੀਆਂ ਤਾਕਤਾਂ ਲਗਾਤਾਰ ਸਿਰ ਚੁੱਕ ਰਹੀਆਂ ਸਨ। ਜਿਸ ਕਰਕੇ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ ਦਾ ਗਠਨ ਕੀਤਾ ਗਿਆ ਸੀ। ਉਸ ਸਮੇਂ ਲੋੜ ਨੂੰ ਪੂਰਾ ਕਰਨ ਲਈ 5 ਸਿਗਨਲ ਬਟਾਲੀਅਨ ਹੋਂਦ ਵਿੱਚ ਆਈ ਅਤੇ ਉਦੋਂ ਤੋਂ ਇਹ ਬਟਾਲੀਅਨ ਜੰਮੂ-ਕਸ਼ਮੀਰ, ਪੰਜਾਬ, ਹਿਮਾਚਲ, ਚੰਡੀਗੜ੍ਹ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਮਹਾਰਾਸ਼ਟਰ ਆਦਿ ਰਾਜਾਂ ਵਿੱਚ ਬਹੁਤ ਹੀ ਸੰਵੇਦਨਸ਼ੀਲ ਡਿਊਟੀਆਂ ਬੜੀ ਮੁਸਤੈਦੀ ਨਾਲ ਨਿਭਾ ਰਹੀ ਹੈ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਜਿਵੇਂ ਮਿਊਜ਼ੀਕਲ ਚੇਅਰ, ਮਟਕਾ ਫੂਕ, ਰੱਸਾਕਸ਼ੀ, ਜਲੇਬੀ ਦੌੜ, ਵਾਲੀਬਾਲ ਅਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਜੇਤੂਆਂ ਅਤੇ ਉਪ ਜੇਤੂਆਂ ਦੀ ਹੌਸਲਾ ਅਫਜ਼ਾਈ ਲਈ ਮੁੱਖ ਮਹਿਮਾਨ ਵੱਲੋਂ ਟਰਾਫੀਆਂ ਵੰਡੀਆਂ ਗਈਆਂ।   

 

 

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.