Wednesday, 22 April 2026

ਕਿਹਾ : ਪੰਜਾਬ ਤੇ ਹਰਿਆਣਾ ਵੱਡੇ ਭਰਾਵਾਂ ਦਾ ਫਰਜ਼ ਨਿਭਾਉਣ

ਸ਼ਿਮਲਾ/ਬਿਊਰੋ ਨਿਊਜ਼  

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਕਿ ਹਿਮਾਚਲ ਨੂੰ ਕਈ ਮੁੱਦਿਆਂ ’ਤੇ ਆਪਣੇ ਹੱਕ ਦੇ ਹਿੱਸੇ ਲਈ ਲੜਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਸਥਿਤ ਸ਼ਾਨਨ ਪਣਬਿਜਲੀ ਪ੍ਰੋਜੈਕਟ ਦੀ ਲੀਜ਼ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਇਸ ਨੂੰ ਪੰਜਾਬ ਵਲੋਂ ਵਾਪਸ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਵਲੋਂ ਪੈਦਾ ਕੀਤੀਆਂ ਰੁਕਾਵਟਾਂ ਕਾਰਨ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਤੋਂ ਬਕਾਇਆ ਵੀ ਦੇਰੀ ਨਾਲ ਪ੍ਰਾਪਤ ਹੋਇਆ ਹੈ। ਸੀਐਮ ਸੁੱਖਵਿੰਦਰ ਸੁੱਖੂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਸਾਡੇ ਵੱਡੇ ਭਰਾ ਹਨ ਅਤੇ ਉਨ੍ਹਾਂ ਨੂੰ ਆਪਣੇ ਛੋਟੇ ਭਰਾ ਦੀ ਖੁੱਲ੍ਹੇ ਦਿਲ ਨਾਲ ਸਹਾਇਤਾ ਕਰਨੀ ਚਾਹੀਦੀ ਹੈ। 

ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ

ਚੰਡੀਗੜ੍ਹ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਵਿਚ ਵੀ ਹੜ੍ਹ ਅਤੇ ਮੀਂਹ ਨਾਲ ਹੋਏ ਨੁਕਸਾਨ ਦਾ ਹਵਾਈ ਸਰਵੇਖਣ ਕੀਤਾ ਹੈ ਅਤੇ ਹਿਮਾਚਲ ਲਈ 1500 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ।  ਪ੍ਰਧਾਨ ਮੰਤਰੀ ਨੇ ਹੜ੍ਹਾਂ ਦੌਰਾਨ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖਮੀਆਂ ਲਈ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਦਾ ਐਲਾਨ ਵੀ ਕੀਤਾ ਹੈ। ਪੀਐਮ ਮੋਦੀ ਨੇ ਇਸ ਆਫਤ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਮੁਸ਼ਕਲ ਸਮੇਂ ਵਿਚ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। 

ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਦੇ ਫੈਸਲੇ ਦਾ ਕੀਤਾ ਵਿਰੋਧ

ਅੰਮਿ੍ਰਤਸਰ/ਬਿਊਰੋ ਨਿਊਜ਼  

ਭਾਰਤ ਤੇ ਪਾਕਿਸਤਾਨ ਵਿਚਾਲੇ ਟਕਰਾਅ ਦੇ ਚੱਲਦਿਆਂ ਸਿੱਖ ਸ਼ਰਧਾਲੂਆਂ ਦਾ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਨਹੀਂ ਜਾ ਸਕੇਗਾ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਸਣੇ ਹੋਰ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਇਹ ਜਾਣਕਾਰੀ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵਲੋਂ ਇਸ ਨੂੰ ਲੈ ਕੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ। ਇਸਦੇ ਚੱਲਦਿਆਂ ਸਿੱਖ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਅਤੇ ਇਸ ਫੈਸਲੇ ’ਤੇ ਪੁਨਰਵਿਚਾਰ ਦੀ ਮੰਗ ਕੀਤੀ ਹੈ। ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਦਾ ਮੈਚ ਹੋ ਸਕਦਾ ਹੈ ਤਾਂ ਸਿੱਖ ਸ਼ਰਧਾਲੂਆਂ ’ਤੇ ਪਾਬੰਦੀ ਕਿਉਂ ਲਗਾਈ ਜਾ ਰਹੀ ਹੈ। ਇਸੇ ਦੌਰਾਨ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕੇਂਦਰ ਸਰਕਾਰ ਦੀ ਇਸ ਐਡਵਾਈਜ਼ਰੀ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। 

ਰਾਧਾਕ੍ਰਿਸ਼ਨਨ ਅਤੇ ਸੁਦਰਸ਼ਨ ਰੈਡੀ ਵਿਚਾਲੇ ਸਿੱਧਾ ਮੁਕਾਬਲਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਭਲਕੇ ਮੰਗਲਵਾਰ ਨੂੰ ਹੋਣ ਵਾਲੀ ਚੋਣ ਲਈ ਸੱਤਾਧਾਰੀ ਐਨ.ਡੀ.ਏ. ਦੇ ਉਮੀਦਵਾਰ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਬੀ. ਸੁਦਰਸ਼ਨ ਰੈਡੀ ਵਿਚਾਲੇ ਸਿੱਧਾ ਮੁਕਾਬਲਾ ਹੋਵੇਗਾ। ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੰਸਦ ਭਵਨ ਵਿਚ ਆਪਣੀ ਵੋਟ ਪਾਉਣਗੇ। ਵੋਟਾਂ ਦੀ ਗਿਣਤੀ ਸ਼ਾਮ ਨੂੰ 6 ਵਜੇ ਹੋਵੇਗੀ ਅਤੇ ਨਤੀਜਿਆਂ ਦਾ ਐਲਾਨ ਦੇਰ ਸ਼ਾਮ ਨੂੰ ਕੀਤਾ ਜਾਵੇਗਾ। ਉਪ ਰਾਸ਼ਟਰਪਤੀ ਦੀ ਚੋਣ ਲਈ ਰਾਜ ਸਭਾ ਤੋਂ 245 ਅਤੇ ਲੋਕ ਸਭਾ ਤੋਂ 543 ਮੈਂਬਰ ਵੋਟ ਪਾਉਣ ਦੇ ਯੋਗ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਚੋਣ ਲਈ ਸੱਤਾਧਾਰੀ ਐਨ.ਡੀ.ਏ. ਦਾ ਪਲੜਾ ਭਾਰੀ ਦੱਸਿਆ ਜਾ ਰਿਹਾ ਹੈ। 

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਧਾਕ੍ਰਿਸ਼ਨਨ ਨੂੰ ਚੁਕਾਈ ਅਹੁਦੇ ਦੀ ਸਹੁੰ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੀ.ਪੀ. ਰਾਧਾਕ੍ਰਿਸ਼ਨਨ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਬਣ ਗਏ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਭਵਨ ’ਚ ਇਕ ਸਮਾਰੋਹ ਦੌਰਾਨ ਰਾਧਾਕ੍ਰਿਸ਼ਨਨ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਈ ਹੈ। ਐਨ.ਡੀ.ਏ ਉਮੀਦਵਾਰ ਰਾਧਾਕਿ੍ਰਸ਼ਨਨ ਨੇ ਇੰਡੀਆ ਗਠਜੋੜ ਦੇ ਉਮੀਦਵਾਰ ਸਾਬਕਾ ਜਸਟਿਸ ਬੀ. ਸੁਦਰਸ਼ਨ ਰੈਡੀ ਨੂੰ 152 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤੀ ਸੀ। ਇਸ ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਅਤੇ ਕੇਂਦਰ ਸਰਕਾਰ ਦੇ ਕਈ ਮੰਤਰੀ ਮੌਜੂਦ ਸਨ। ਦੱਸਣਯੋਗ ਹੈ ਕਿ 21 ਜੁਲਾਈ ਨੂੰ ਜਗਦੀਪ ਧਨਖੜ ਨੇ ਅਚਾਨਕ ਹੀ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਹਾਲਾਂਕਿ ਉਹਨਾਂ ਦਾ ਕਾਰਜਕਾਲ ਦੋ ਸਾਲ ਬਾਕੀ ਸੀ। ਇਸ ਤੋਂ ਬਾਅਦ ਇਹ ਚੋਣ ਹੋਈ ਹੈ। ਜਗਦੀਪ ਧਨਖੜ ਅਸਤੀਫਾ ਦੇਣ ਤੋਂ 53 ਦਿਨਾਂ ਬਾਅਦ ਕਿਸੇ ਜਨਤਕ ਸਮਾਗਮ ਵਿਚ ਨਜ਼ਰ ਆਏ ਹਨ। 

 

ਭਾਰਤੀ ਟੀਮ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਜਿੱਤਿਆ ਹੈ ਏਸ਼ੀਆ ਕੱਪ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤੀ ਹਾਕੀ ਟੀਮ ਦੇ ਖਿਡਾਰੀ ਮਨਪ੍ਰੀਤ ਸਿੰਘ ਨੇ ‘ਹੀਰੋ ਏਸ਼ੀਆ ਕੱਪ 2025’ ਦੀ ਜਿੱਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਮਰਪਿਤ ਕੀਤੀ ਹੈ। ਮੈਚ ਜਿੱਤਣ ਤੋਂ ਬਾਅਦ ਮਨਪ੍ਰੀਤ ਨੇ ਕਿਹਾ ਕਿ ਮੈਂ ਇਸ ਜਿੱਤ ਨੂੰ ਪੰਜਾਬ ਦੇ ਵਿਅਕਤੀਆਂ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ, ਜੋ ਵਿਨਾਸ਼ਕਾਰੀ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜਿੱਤ ਹਰ ਪੀੜਤ ਲਈ ਹੈ, ਜੋ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਨੇ ਲੰਘੇ ਕੱਲ੍ਹ ਐਤਵਾਰ ਨੂੰ ਬਿਹਾਰ ਦੇ ਰਾਜਗੀਰ ’ਚ ਖੇਡੇ ਗਏ ਫਾਈਨਲ ਮੈਚ ਵਿਚ ਦੱਖਣੀ ਕੋਰੀਆ ਨੂੰ ਹਰਾ ਕੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਸੀ। ਇਸਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ ਅਗਲੇ ਸਾਲ ਖੇਡੇ ਜਾਣ ਵਾਲੇ ਵਰਲਡ ਕੱਪ ਲਈ ਕੁਆਲੀਫਾਈ ਵੀ ਕੀਤਾ ਹੈ। ਉਧਰ ਦੂਜੇ ਪਾਸੇ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਚੀਨ ਦੇ ਹਾਂਗਜੂ ਵਿਚ ਏਸ਼ੀਆ ਕੱਪ ਦੇ ਇਕ ਮੈਚ ’ਚ ਸਿੰਗਾਪੁਰ ਨੂੰ 12-0 ਨਾਲ ਹਰਾ ਦਿੱਤਾ ਹੈ। 

ਬਠਿੰਡਾ ਦੀ ਅਦਾਲਤ ਵਿਚ ਮਾਣਹਾਨੀ ਦੇ ਕੇਸ ਦੀ ਸੁਣਵਾਈ ਦਾ ਰਾਹ ਪੱਧਰਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੁਪਰੀਮ ਕੋਰਟ ਨੇ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਣਾ ਰਣੌਤ ਦੀ ਮਾਨਹਾਨੀ ਮਾਮਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਇਹ ਕੰਗਣਾ ਰਣੌਤ ਲਈ ਇਕ ਵੱਡਾ ਝਟਕਾ ਹੈ। ਕੰਗਨਾ ਨੇ ਲੰਘੇ ਕੱਲ੍ਹ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਬਠਿੰਡਾ ਦੀ ਅਦਾਲਤ ਵਿਚ ਦਾਇਰ ਅਪਰਾਧਿਕ ਸ਼ਿਕਾਇਤ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਦੇ ਮਾਨਯੋਗ ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਇਸ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਬਠਿੰਡਾ ਦੀ ਅਦਾਲਤ ਵਿਚ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਸਾਲ 2020 ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਸਮੇਂ ਕਿਸਾਨ ਅੰਦੋਲਨ ਵਿਚ ਬਠਿੰਡਾ ਦੀ ਇਕ ਬਜ਼ੁਰਗ ਮਾਈ ਵੀ ਸ਼ਾਮਲ ਸੀ। ਉਸ ਸਮੇਂ ਕੰਗਨਾ ਰਾਣੌਤ ਨੇ ਟਵੀਟ ਕਰਕੇ ਬਜ਼ੁਰਗ ਮਾਈ ਨੂੰ ਸੌ-ਸੌ ਰੁਪਏ ਲੈ ਕੇ ਧਰਨੇ ’ਤੇ ਬੈਠਣ ਸਬੰਧੀ ਬਿਆਨ ਦਿੱਤਾ ਸੀ। ਇਸ ਦੇ ਚੱਲਦਿਆਂ ਬਜ਼ੁਰਗ ਮਾਈ ਨੇ ਕੰਗਨਾ ਰਣੌਤ ਖਿਲਾਫ ਮਾਣਹਾਨੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਨੂੰ ਰੱਦ ਕਰਵਾਉਣ ਲਈ ਕੰਗਨਾ ਨੇ ਪਹਿਲਾਂ ਹਾਈਕੋਰਟ ਅਤੇ ਫਿਰ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।

ਸੀਐਮ ਮਾਨ ਦੀ ਸਿਹਤ ਵਿਚ ਹੋ ਰਿਹਾ ਲਗਾਤਾਰ ਸੁਧਾਰ

ਮੁਹਾਲੀ/ਬਿਊਰੋ ਨਿਊਜ਼

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਲਈ ਪਹੁੰਚੇ। ਨਾਇਬ ਸਿੰਘ ਸੈਣੀ ਹਸਪਤਾਲ ਵਿੱਚ 25 ਮਿੰਟ ਦੇ ਕਰੀਬ ਠਹਿਰੇ ਅਤੇ ਉਨ੍ਹਾਂ ਭਗਵੰਤ ਮਾਨ ਦੀ ਸਿਹਤ ਦਾ ਹਾਲ ਪੁੱਛਿਆ। ਇਸ ਤੋਂ ਬਾਅਦ ਨਾਇਬ ਸੈਣੀ ਮੀਡੀਆ ਨਾਲ ਕੋਈ ਗੱਲ ਕਰੇ ਬਿਨਾਂ ਹਸਪਤਾਲ ਵਿੱਚੋਂ ਚਲੇ ਗਏ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਤਿੰਨ ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਆਮ ਆਦਮੀ ਪਾਰਟੀ ਦੇ ਕਈ ਆਗੂ ਜਿਨ੍ਹਾਂ ਵਿੱਚ ਮਨੀਸ਼ ਸਿਸੋਦੀਆ, ਰਾਜ ਸਭਾ ਮੈਂਬਰ ਸੰਜੇ ਸਿੰਘ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਸਣੇ ਕਈ ਮੰਤਰੀ ਤੇ ਵਿਧਾਇਕ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਸੀਐਮ ਭਗਵੰਤ ਮਾਨ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। 

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਹਾਈਕੋਰਟ ਤੋਂ ਬਾਅਦ ਬੰਬੇ ਹਾਈਕੋਰਟ ਵਿਚ ਵੀ ਬੰਬ ਦੀ ਧਮਕੀ ਮਿਲੀ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅੱਜ ਸ਼ੁੱਕਰਵਾਰ ਸਵੇਰੇ ਦਿੱਲੀ ਹਾਈਕੋਰਟ ਦੇ ਕੋਰਟ ਰੂਮ ਵਿਚ ਬੰਬ ਰੱਖੇ ਜਾਣ ਦੀ ਖਬਰ ਆਈ ਸੀ। ਇਸ ਤੋਂ ਬਾਅਦ ਬੰਬੇ ਹਾਈਕੋਰਟ ਨੂੰ ਵੀ ਬੰਬ ਦੀ ਧਮਕੀ ਮਿਲੀ ਹੈ। ਇਸਦੇ ਚੱਲਦਿਆਂ ਦੋਨੋਂ ਹਾਈਕੋਰਟਾਂ ਦੇ ਕੋਰਟ ਰੂਮ ਖਾਲੀ ਕਰਵਾਏ ਗਏ ਅਤੇ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਸੀ। ਇਸਦੇ ਚੱਲਦਿਆਂ ਜੱਜਾਂ, ਵਕੀਲਾਂ ਅਤੇ ਹੋਰ ਲੋਕਾਂ ਨੂੰ ਵੀ ਬਾਹਰ ਭੇਜ ਦਿੱਤਾ ਗਿਆ ਸੀ ਅਤੇ ਸਾਰੇ ਕੋਰਟ ਰੂਮਾਂ ਦੀ ਤਲਾਸ਼ੀ ਲਈ ਗਈ। ਇਸਦੇ ਚੱਲਦਿਆਂ ਬੰਬ ਸਕਵਾਇਡ ਦੀਆਂ ਟੀਮਾਂ ਵੀ ਪਹੁੰਚ ਗਈਆਂ ਸਨ।

ਕਿਹਾ : ਪੀਐਮ ਮੋਦੀ ਪੰਜਾਬ ਫੇਰੀ ਦੌਰਾਨ ਤਸਵੀਰਾਂ ਖਿਚਾ ਕੇ ਹੀ ਨਾ ਮੁੜ ਜਾਣ

ਚੰਡੀਗੜ੍ਹ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਲਕੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ। ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰ ਸਰਕਾਰ ਕੋਲੋਂ ਪੰਜਾਬ ਲਈ 20 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਮੰਗਿਆ ਹੈ। ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਤੇ ਫੋਟੋਆਂ ਖਿਚਾ ਕੇ ਹੀ ਨਾ ਵਾਪਸ ਮੁੜ ਜਾਣ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਅਤੇ ਅਜਿਹੇ ਹਾਲਾਤ ਵਿਚ ਕੇਂਦਰ ਸਰਕਾਰ ਨੂੰ ਪੰਜਾਬ ਦੀ ਬਾਂਹ ਫੜਨੀ ਚਾਹੀਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲ ਪੰਜਾਬ ਦਾ ਪਹਿਲਾਂ ਹੀ 60 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਰਾਸ਼ੀ ਵੀ ਪਹਿਲ ਦੇ ਅਧਾਰ ’ਤੇ ਜਾਰੀ ਕਰਨੀ ਚਾਹੀਦੀ ਹੈ।

ਟਰੰਪ ਜਲਦੀ ਹੀ ਮੋਦੀ ਨਾਲ ਕਰਨਗੇ ਗੱਲਬਾਤ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਐਲਾਨ ਦਾ ਸਵਾਗਤ ਕੀਤਾ ਹੈ ਕਿ ਦੋਵੇਂ ਦੇਸ਼ ਵਪਾਰਕ ਅੜਿੱਕਿਆਂ ਨੂੰ ਦੂਰ ਕਰਨ ਲਈ ਗੱਲਬਾਤ ਜ਼ਰੀਏ ਅੱਗੇ ਵਧ ਰਹੇ ਹਨ। ਮੋਦੀ ਨੇ ਭਾਰਤ ਤੇ ਅਮਰੀਕਾ ਨੂੰ ਨਜ਼ਦੀਕੀ ਦੋਸਤ ਅਤੇ ਕੁਦਰਤੀ ਭਾਈਵਾਲ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਮੁਲਕ ਵਪਾਰ ਵਾਰਤਾ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਲਈ ਕੰਮ ਕਰ ਰਹੇ ਹਨ। ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਦੀ ਬੇਸਬਰੀ ਨਾਲ ਉਡੀਕ ਹੈ। ਇਸੇ ਦੌਰਾਨ ਅਸੀਂ ਦੋਵਾਂ ਮੁਲਕਾਂ ਦੇ ਲੋਕਾਂ ਲਈ ਉਜਲ ਅਤੇ ਖੁਸ਼ਹਾਲ ਭਵਿੱਖ ਯਕੀਨੀ ਬਣਾਉਣ ਲਈ ਕੰਮ ਕਰਾਂਗੇ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਸਾਨੂੰ ਵਿਸ਼ਵਾਸ ਹੈ ਕਿ ਸਾਡੇ ਦੋਵਾਂ ਮੁਲਕਾਂ ਵਿਚ ਗੱਲਬਾਤ ਸਹੀ ਢੰਗ ਨਾਲ ਪੂਰੀ ਹੋਵੇਗੀ ਅਤੇ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।

ਹੜ੍ਹਾਂ ਦੀ ਲਪੇਟ ’ਚ ਆ ਚੁੱਕੇ ਹਨ ਸੂਬੇ ਦੇ 2 ਹਜ਼ਾਰ ਤੋਂ ਜ਼ਿਆਦਾ ਪਿੰਡ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਲੰਘੇ ਕਈ ਦਿਨਾਂ ਤੋਂ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਅਤੇ ਸੂਬੇ ਦੇ 2 ਹਜ਼ਾਰ ਤੋਂ ਜ਼ਿਆਦਾ ਪਿੰਡ ਹੜ੍ਹਾਂ ਦੀ ਲਪੇਟ ਵਿਚ ਆ ਚੁੱਕੇ ਹਨ। ਇਸਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਲਕੇ 9 ਸਤੰਬਰ ਦਿਨ ਮੰਗਲਵਾਰ ਨੂੰ ਸੂਬੇ ਦਾ ਦੌਰਾ ਕਰਨਗੇ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਦਿੱਤੀ ਗਈ ਹੈ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਚ ਆਏ ਹੜ੍ਹਾਂ ਨੂੰ ਲੈ ਕੇ ਕਾਫੀ ਚਿੰਤਤ ਹਨ ਅਤੇ ਇਸ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਪਹਿਲਾਂ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ ਤਾਂ ਜੋ ਪੰਜਾਬ ਦੀ ਲੋੜੀਂਦੀ ਮੱਦਦ ਕੀਤੀ ਜਾ ਸਕੇ। ਮਿਲੀ ਜਾਣਕਾਰੀ ਅਨੁਸਾਰ ਪੀਐਮ ਮੋਦੀ ਭਲਕੇ 9 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਪਠਾਨਕੋਟ ਪਹੁੰਚਣਗੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ’ਤੇ ਗੱਲ ਕਰਕੇ ਪੰਜਾਬ ਦੇ ਹਾਲਾਤ ਸਬੰਧੀ ਜਾਣਕਾਰੀ ਲਈ ਸੀ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.