Friday, 24 April 2026

ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਦਾ ਕੀਤਾ ਦਾਅਵਾ

ਜਲੰਧਰ/ਬਿਊਰੋ ਨਿਊਜ਼ 

ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ ’ਚ ਲੰਘੀ ਦੇਰ ਰਾਤ ਨੂੰ ਧਮਾਕਾ ਹੋਇਆ ਸੀ। ਇਸ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਇਸ ਮੌਕੇ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਇੱਥੇ ਕੋਈ ਵੀ ਵਿਅਕਤੀ ਹੁਣ ਸੁਰੱਖਿਅਤ ਨਹੀਂ ਹੈ। ਜਾਖੜ ਨੇ ਕਿਹਾ ਕਿ ਮਨੋਰੰਜਨ ਕਾਲੀਆ ਦੇ ਘਰ ਹੋਏ ਧਮਾਕੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਡੀਜੀਪੀ ਜ਼ਿੰਮੇਵਾਰ ਹਨ। ਇਸੇ ਦੌਰਾਨ ਪੁਲਿਸ ਅਧਿਕਾਰੀਆਂ ਨੇ ਵੀ ਇਸ ਮਾਮਲੇ ਵਿਚ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਮੌਕੇ ਗੱਲ ਕਰਦੇ ਹੋਏ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦਾਅਵਾ ਕੀਤਾ ਕਿ ਇਸ ਧਮਾਕੇ ਦੇ ਮਾਮਲੇ ਵਿਚ ਦੋ ਸ਼ੱਕੀ ਵਿਅਕਤੀਆਂ ਨੂੰੂ ਗਿ੍ਰਫਤਾਰ ਵੀ ਕੀਤਾ ਗਿਆ ਹੈ।  

 

ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਰਹੇ ਹਨ ਗਿਆਨੀ ਕੁਲਦੀਪ ਸਿੰਘ ਗੜਗੱਜ

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੋੜਾ ਘਰ ਵਿਖੇ ਜੋੜਿਆਂ ਦੀ ਸੇਵਾ ਕੀਤੀ। ਉਂਝ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੌਜੂਦਾ ਜਥੇਦਾਰ ਵੱਲੋਂ ਇਸ ਤਰ੍ਹਾਂ ਜੋੜਾ ਘਰ ਵਿਖੇ ਇਕ ਨਿਮਾਣੇ ਸੇਵਾਦਾਰ ਵਜੋਂ ਸੇਵਾ ਕੀਤੀ ਗਈ ਹੋਵੇ। ਜਥੇਦਾਰ ਗੜਗੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਰਹੇ ਹਨ ਅਤੇ ਅੱਜ ਸਿੱਖ ਮਿਸ਼ਨਰੀ ਕਾਲਜ ਵਿਖੇ ਉਨ੍ਹਾਂ ਦੇ ਸਨਮਾਨ ਲਈ ਪ੍ਰੋਗਰਾਮ ਵੀ ਰੱਖਿਆ ਗਿਆ ਸੀ। ਜਥੇਦਾਰ ਵੱਲੋਂ ਇਸ ਪ੍ਰੋਗਰਾਮ ਵਿੱਚ ਪੁੱਜਣ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜ ਕੇ ਜੋੜਾ ਘਰ ’ਚ ਸੇਵਾ ਕੀਤੀ ਗਈ ਹੈ। 

 

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਉਹ ਹੈਰਾਨ ਹਨ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜ਼ੀਰਕਪੁਰ ਹਲਕੇ ਦੇ ਸਕੂਲਾਂ ਵਿੱਚ ਉਦਘਾਟਨ ਕਰ ਰਹੇ ਹਨ ਪਰ ਉਹ ਸਰਕਾਰ ਨੂੰ ਸਵਾਲ ਕਰਦੇ ਹਨ ਕਿ ਇਹ ਸਕੂਲਾਂ ਵਿੱਚ ਉਦਘਾਟਨ ਕਿਸ ਗੱਲ ਦੇ ਹੋ ਰਹੇ ਨੇ। ਬੀਬਾ ਅਮਨਜੋਤ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਨੂੰ ਇਕ ਲੱਖ ਰੁਪਏ ਤੋਂ ਵੱਧ ਦੀ ਗਰਾਂਟ ਦਿੱਤੀ ਕਿ ਉਹ ਆਪੋ ਆਪਣੇ ਸਕੂਲਾਂ ਵਿੱਚ ਉਦਘਾਟਨ ਕਰਾਉਣ। ਇਹ ਪਹਿਲੀ ਵਾਰ ਹੈ ਕਿ ਸਕੂਲ ਦੇ ਪਖਾਨਿਆਂ ਜਾਂ ਸਕੂਲ ਦੀ ਚਾਰਦੀਵਾਰੀ ਦੀ ਰਿਪੇਅਰ ਜਾਂ ਕਮਰਿਆਂ ਦੀ ਰਿਪੇਅਰ ਕਰਨ ਦੇ ਕੰਮਾਂ ਦੇ ਵੀ ਉਦਘਾਟਨ ਕੀਤੇ ਜਾ ਰਹੇ ਨੇ। ਜੋ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਦਕਿ ਸਰਕਾਰ ਇਹ ਗੱਲ ਦੱਸੇ ਕਿ ਉਹਨੇ ਹੁਣ ਤੱਕ ਕਿਹੜੇ ਨਵੇਂ ਸਕੂਲ ਬਣਾਏ ਹਨ ਜਾਂ ਸਕੂਲਾਂ ਵਿੱਚ ਇਹ ਫਰਨੀਚਰ ਜਾਂ ਕੰਪਿਊਟਰ ਲੈਬਾਂ ਦਿੱਤੀਆਂ। ਜੇ ਇਹ ਕੰਮ ਕੀਤੇ ਤਾਂ ਉਸਦਾ ਉਦਘਾਟਨ ਕਰਨਾ ਤਾਂ ਬਣਦਾ ਹੈ ਲੇਕਿਨ ਪਹਿਲੀ ਵਾਰ ਹੈ ਕਿ ਬਾਥਰੂਮਾਂ, ਕਮਰਿਆਂ ਤੇ ਚਾਰ ਦਵਾਰੀਆਂ ਦੀਆਂ ਰਿਪੇਅਰਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ। ਜੋ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ। ਬੀਬਾ ਅਮਨਜੋਤ ਰਾਮੂਵਾਲੀਆ ਨੇ ਕਿਹਾ ਕਿ ਇਹੀ ਕੁਝ ਇਹ ਦਿੱਲੀ ਵਿੱਚ ਕਰਦੇ ਸਨ ਤਾਂ ਹੀ ਦਿੱਲੀ ਦੀ ਸੂਝਵਾਨ ਜਨਤਾ ਨੇ ਇਹਨਾਂ ਦਾ ਦਿੱਲੀ ਤੋਂ ਬੋਰੀਆ ਬਿਸਤਰ ਗੋਲ ਕੀਤਾ ਹੈ ਤੇ ਹਾਲ ਇਹਨਾਂ ਦਾ ਪੰਜਾਬ ਵਿੱਚ ਵੀ ਇਹੀ ਹੋਣਾ ਕਿਉਂਕਿ ਪੰਜਾਬ ਦੀ ਸੂਝਵਾਨ ਜਨਤਾ ਨੂੰ ਕੋਈ ਵੀ ਪਾਰਟੀ ਗੁੰਮਰਾਹ ਨਹੀਂ ਕਰ ਸਕਦੀ।

 

 

 

 

  

ਭਾਜਪਾ ਦਾ ਆਰੋਪ - ਆਮ ਆਦਮੀ ਪਾਰਟੀ ਨੇ ਅਧਿਆਪਕਾਂ ਨੂੰ ਵਲੰਟੀਅਰ ਬਣਾਇਆ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਵਾਂਸ਼ਹਿਰ ਵਿਚ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਹਾਜ਼ਰ ਰਹੇ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਹੁਣ ਸਰਕਾਰੀ ਸਕੂਲ ਵਧੀਆ ਬਣਾ ਦਿੱਤੇ ਗਏ ਹਨ ਅਤੇ ਇਹੀ ਸਿੱਖਿਆ ਕ੍ਰਾਂਤੀ ਹੈ। ਉਧਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਸਰਕਾਰ ’ਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੀ ‘ਆਪ’ ਸਰਕਾਰ ’ਤੇ ਸਵਾਲ ਚੁੱਕੇ ਹਨ। ਸਿਰਸਾ ਨੇ ਆਰੋਪ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਹੁਣ ਅਧਿਆਪਕਾਂ ਨੂੰ ਵਲੰਟੀਅਰ ਬਣਾ ਦਿੱਤਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦਿੱਲੀ ਨੂੰ ਬਰਬਾਦ ਕਰਕੇ ਪੰਜਾਬ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਆਗੂ ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰਨ ਲੱਗੇ ਹੋਏ ਹਨ। ਧਿਆਨ ਰਹੇ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਵੀ ਅੱਜ ਵੱਖ ਵੱਖ ਜ਼ਿਲ੍ਹਿਆਂ ’ਚ ਸਕੂਲ ਆਫ ਐਮੀਨੈਂਸ ਸਬੰਧੀ ਉਦਘਾਟਨ ਕੀਤੇ ਹਨ। 

ਅੰਮਿ੍ਰਤਸਰ/ਬਿਊਰੋ ਨਿਊਜ਼ 

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਵਿਰੁੱਧ ਆਰੰਭ ਕੀਤੀ ਜਾਗਰੂਕਤਾ ਮੁਹਿੰਮ ਤਹਿਤ ਪੈਦਲ ਯਾਤਰਾ ਦੀ ਅੱਜ ਮੰਗਲਵਾਰ ਨੂੰ ਇਤਿਹਾਸਕ ਜਲ੍ਹਿਆਂਵਾਲਾ ਬਾਗ ਅੰਮਿ੍ਰਤਸਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਮਗਰੋਂ ਸਮਾਪਤੀ ਕੀਤੀ ਹੈ। ਇਸ ਤੋਂ ਪਹਿਲਾਂ ਉਹਨਾਂ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਰਾਜਪਾਲ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਵਿੱਚ ਸਨਮਾਨਿਤ ਵੀ ਕੀਤਾ ਗਿਆ। ਇਸ ਉਪਰੰਤ ਰਾਜਪਾਲ ਨੇ ਭੰਡਾਰੀ ਪੁਲ ਤੋਂ ਜਲ੍ਹਿਆਂਵਾਲਾ ਬਾਗ ਤੱਕ ਪੈਦਲ ਮਾਰਚ ਕੀਤਾ ਅਤੇ ਨਸ਼ਿਆਂ ਖਿਲਾਫ ਜਾਗਰੂਕਤਾ ਲਈ ਲੋਕਾਂ ਨੂੰ ਸੁਚੇਤ ਹੋਣ ਦਾ ਹੋਕਾ ਦਿੱਤਾ। ਪੈਦਲ ਯਾਤਰਾ ਦੀ ਸਮਾਪਤੀ ਮੌਕੇ ਉਨ੍ਹਾਂ ਨੇ ਸਮਾਗਮ ਵਿਚ ਹਾਜ਼ਰ ਸਮੂਹ ਵਿਅਕਤੀਆਂ, ਬੱਚਿਆਂ ਤੇ ਹੋਰਨਾਂ ਨੂੰ ਨਸ਼ਿਆਂ ਖਿਲਾਫ ਇੱਕਜੁੱਟ ਹੋ ਕੇ ਲੜਨ ਅਤੇ ਇਸ ਦਾ ਵਿਰੋਧ ਕਰਨ ਦੀ ਸਹੁੰ ਚੁਕਾਈ। 

 

ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਦੇ ਮਹਿਲਾ ਸ਼ਿਕਾਇਤ ਨਿਵਾਰਣ ਸੈੱਲ ਅਤੇ ਅੰਦਰੂਨੀ ਸ਼ਿਕਾਇਤ ਕਮੇਟੀ (ਆਈ.ਸੀ.ਸੀ.) ਵੱਲੋਂ ਯੂਨੀਵਰਸਿਟੀ ਦੇ ਹੋਸਟਲ ਲੜਕੇ ਅਤੇ ਲੜਕੀਆਂ ਦੇ ਸਹਿਯੋਗ ਨਾਲ, ਯੂਨੀਵਰਸਿਟੀ ਕੈਂਪਸ ਵਿੱਚ ਇੱਕ ਜੀਵੰਤ ਨਵਰਾਤਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਸੱਭਿਆਚਾਰਕ ਜਸ਼ਨ ਅਤੇ ਸਮਾਜਿਕ ਜਾਗਰੂਕਤਾ ਦੇ ਇੱਕ ਸ਼ਕਤੀਸ਼ਾਲੀ ਮਿਸ਼ਰਣ ਵਜੋਂ ਮਨਾਇਆ ਗਿਆ, ਜਿਸਦਾ ਉਦੇਸ਼ ਨਵਰਾਤਰੀ ਦੀ ਤਿਉਹਾਰੀ ਭਾਵਨਾ ਰਾਹੀਂ ਲਿੰਗ ਸਮਾਨਤਾ, ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਸਮਾਗਮ ਦਾ ਉਦਘਾਟਨ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਕੀਤਾ, ਜਿਸ ਦੌਰਾਨ ਮਹਿਲਾ ਸ਼ਿਕਾਇਤ ਨਿਵਾਰਣ ਸੈੱਲ ਦੇ ਚੇਅਰਪਰਸਨ ਡਾ. ਪ੍ਰੀਸ਼ੀਅਸ ਸ਼ਿਓਰਾਨ ਅਤੇ ਆਈ.ਸੀ.ਸੀ. ਦੇ ਮੈਂਬਰ ਡਾ. ਆਰਤੀ ਸ਼ਾਮਲ ਸਨ। ਉਦਘਾਟਨੀ ਸਮਾਰੋਹ ਦੌਰਾਨ ਮੁੱਖ ਵਾਰਡਨ ਸ਼੍ਰੀਮਤੀ ਨਰਿੰਦਰ ਕੌਰ, ਸ਼੍ਰੀਮਤੀ ਪਰਮਜੀਤ ਕੌਰ ਅਤੇ ਸ਼੍ਰੀ ਸਤਯਮ ਸ਼ਰਮਾ ਵੀ ਸ਼ਾਮਲ ਸਨ, ਜਿਨ੍ਹਾਂ ਨੇ ਸਮੂਹਿਕ ਤੌਰ ’ਤੇ ਨਵਰਾਤਰੀ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਨੂੰ ਉਜਾਗਰ ਕੀਤਾ, ਔਰਤਾਂ ਦੀ ਸ਼ਕਤੀ ਅਤੇ ਸਸ਼ਕਤੀਕਰਨ ਦੇ ਵਿਆਪਕ ਸੰਦੇਸ਼ ਨੂੰ ਮਨਾਉਣ ਵਿੱਚ ਇਸਦੀ ਭੂਮਿਕਾ ’ਤੇ ਜ਼ੋਰ ਦਿੱਤਾ।

ਸ਼ਾਮ ਦਾ ਮੁੱਖ ਆਕਰਸ਼ਣ ਗਰਬਾ ਅਤੇ ਡਾਂਡੀਆ ਰਾਸ ਸੀ, ਜਿੱਥੇ ਰੰਗੀਨ ਰਵਾਇਤੀ ਪਹਿਰਾਵੇ ਵਿੱਚ ਸਜੇ ਵਿਦਿਆਰਥੀਆਂ ਨੇ ਇੱਕ ਜੀਵੰਤ ਅਤੇ ਤਿਉਹਾਰੀ ਮਾਹੌਲ ਵਿੱਚ ਤਾਲਬੱਧ ਬੀਟਾਂ ’ਤੇ ਡਾਂਸ ਕੀਤਾ।

ਇਸ ਮੌਕੇ ਲੋਕ ਸੰਗੀਤ, ਰਵਾਇਤੀ ਨਾਚ ਪ੍ਰਦਰਸ਼ਨਾਂ ਅਤੇ ਔਰਤਾਂ ਦੀ ਤਾਕਤ, ਏਕਤਾ ਅਤੇ ਸੱਭਿਆਚਾਰਕ ਮਾਣ ਦੇ ਵਿਸ਼ਿਆਂ ’ਤੇ ਕੇਂਦ੍ਰਿਤ ਸਕਿੱਟਾਂ ਦਾ ਆਯੋਜਨ ਵੀ ਕੀਤਾ ਗਿਆ।

ਇਸ ਸਮਾਗਮ ਵਿੱਚ ਹੋਸਟਲਰ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਯੂਨੀਵਰਸਿਟੀ ਸਟਾਫ਼ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਨਾਲ ਏਕਤਾ ਅਤੇ ਖੁਸ਼ੀ ਦੀ ਭਾਵਨਾ ਪੈਦਾ ਹੋਈ।

 

10 ਅਪਰੈਲ ਨੂੰ ਸ਼੍ਰੋਮਣੀ ਕਮੇਟੀ ਦਫਤਰ ਤੋਂ ਰਵਾਨਾ ਹੋਵੇਗਾ ਜਥਾ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ ਮੌਕੇ ਐਤਕੀਂ 1942 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਜਾਵੇਗਾ। ਪਾਕਿਸਤਾਨੀ ਦੂਤਾਵਾਸ ਨੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 1942 ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਹਨ। ਇਹ ਜਥਾ 10 ਅਪਰੈਲ ਨੂੰ ਅੰਮਿ੍ਰਤਸਰ ’ਚ ਸ਼੍ਰੋਮਣੀ ਕਮੇਟੀ ਦਫਤਰ ਤੋਂ ਰਵਾਨਾ ਹੋਵੇਗਾ। ਜਥੇ ਦੇ ਲੀਡਰ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਅਤੇ ਡਿਪਟੀ ਲੀਡਰ ਵਜੋਂ ਬੀਬੀ ਜੋਗਿੰਦਰ ਕੌਰ ਜਥੇ ਦੀ ਅਗਵਾਈ ਕਰਨਗੇ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 1942 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ, ਜਿਨ੍ਹਾਂ ਨੂੰ ਦੂਤਾਵਾਸ ਵੱਲੋਂ ਵੀਜ਼ਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਸ਼ਰਧਾਲੂਆਂ ਦਾ ਜਥਾ 10 ਅਪਰੈਲ ਨੂੰ ਸ਼੍ਰੋਮਣੀ ਕਮੇਟੀ ਦਫਤਰ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਵੇਗਾ। ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਵਿਸਾਖੀ ਦੇ ਮੁੱਖ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ 19 ਅਪਰੈਲ ਨੂੰ ਵਾਪਸ ਦੇਸ਼ ਪਰਤੇਗਾ।

ਮੰਡੀ ਗੋਬਿੰਦਗੜ੍ਹ : ਵਿਸ਼ਵਵਿਆਪੀ ਅਕਾਦਮਿਕ ਸਹਿਯੋਗ ਵੱਲ ਇੱਕ ਮਹੱਤਵਪੂਰਨ ਕਦਮ ਵਧਾਉਂਦੇ ਹੋਏ, ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ), ਮੰਡੀ ਗੋਬਿੰਦਗੜ੍ਹ ਅਤੇ ਦੇਸ਼ ਭਗਤ ਯੂਨੀਵਰਸਿਟੀ ਅਮਰੀਕਾਸ (ਡੀਬੀਯੂਏ), ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਨੇ ਸੈਂਟਰੋ ਯੂਨੀਵਰਸੀਟੇਰੀਓ ਵਾਲਾਰਟਾ (ਸੀਯੂਵੀ), ਮੈਕਸੀਕੋ ਨਾਲ ਦੋ ਮਹੱਤਵਪੂਰਨ ਸਮਝੌਤਿਆਂ (ਐਮਓਯੂ) ’ਤੇ ਹਸਤਾਖਰ ਕੀਤੇ ਹਨ। ਇਨ੍ਹਾਂ ਸਮਝੌਤਿਆਂ ਦਾ ਉਦੇਸ਼ ਵਿਦਿਆਰਥੀ ਅਤੇ ਫੈਕਲਟੀ ਦੇ ਆਦਾਨ-ਪ੍ਰਦਾਨ, ਜੁੜਵਾਂ ਪ੍ਰੋਗਰਾਮਾਂ ਅਤੇ ਸਾਂਝੇ ਖੋਜ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨਾ ਹੈ।

ਇਹ ਇਤਿਹਾਸਕ ਦਸਤਖਤ ਸਮਾਰੋਹ ਡੀਬੀਯੂ ਕੈਂਪਸ ਵਿੱਚ ਹੋਇਆ, ਜਿਸ ਵਿੱਚ ਮੈਕਸੀਕੋ ਦੇ ਸੰਸਦ ਮੈਂਬਰ ਅਤੇ ਸੀਯੂਵੀ ਦੇ ਬੋਰਡ ਆਫ਼ ਡਾਇਰੈਕਟਰ ਸ਼੍ਰੀ ਅਲਫੋਂਸੋ ਵਿਡਾਲੇਸ, ਮੈਕਸੀਕਨ ਸੰਸਥਾ ਦੀ ਨੁਮਾਇੰਦਗੀ ਕਰ ਰਹੇ ਸਨ। ਡੀਬੀਯੂ ਅਤੇ ਡੀਬੀਯੂਏ ਦੋਵਾਂ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਸਮਝੌਤਿਆਂ ’ਤੇ ਦਸਤਖਤ ਕੀਤੇ। ਇਸ ਦੌਰਾਨ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ, ਅਰੁਣ ਮਲਿਕ, ਡਾਇਰੈਕਟਰ - ਇੰਟਰਨੈਸ਼ਨਲ ਓਪਰੇਸ਼ਨਜ਼, ਅਤੇ ਪ੍ਰੈਜ਼ੀਡੈਂਟ ਨਾਲ ਵਿਸ਼ੇਸ਼ ਡਿਊਟੀ ’ਤੇ ਅਧਿਕਾਰੀ ਅਮਿਤ ਕੁਕਰੇਜਾ ਸ਼ਾਮਲ ਸਨ।  

ਇਸ ਸਮਾਗਮ ਦੌਰਾਨ, ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਸ਼੍ਰੀ ਅਲਫੋਂਸੋ ਵਿਡੇਲਸ ਨੂੰ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ-ਮੈਕਸੀਕਨ ਵਿਦਿਅਕ ਸਬੰਧਾਂ ਨੂੰ ਵਧਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਲਈ ਸਨਮਾਨਿਤ ਕੀਤਾ।

ਡਾ. ਜ਼ੋਰਾ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਮਝੌਤੇ ਇੱਕ ਗਲੋਬਲ ਲਰਨਿੰਗ ਈਕੋਸਿਸਟਮ ਬਣਾਉਣ ਲਈ ਤਿਆਰ ਕੀਤੇ ਗਏ ਹਨ, ਜਿਸ ਨਾਲ ਤਿੰਨਾਂ ਸੰਸਥਾਵਾਂ ਵਿਚਕਾਰ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਸਹਿਯੋਗੀ ਖੋਜ ਦੇ ਮੌਕੇ ਵਧਣਗੇ।

ਇਸ ਸਾਂਝੇਦਾਰੀ ’ਤੇ ਪ੍ਰਤੀਕ੍ਰਿਆ ਦਿੰਦੇ ਹੋਏ, ਸ਼੍ਰੀ ਅਲਫੋਂਸੋ ਵਿਡੇਲਸ ਨੇ ਕਿਹਾ ਕਿ ਇਹ ਸਾਂਝੇਦਾਰੀ ਮੈਕਸੀਕੋ ਅਤੇ ਭਾਰਤ ਵਿਚਕਾਰ ਇੱਕ ਮਜ਼ਬੂਤ ਅਕਾਦਮਿਕ ਪੁਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਅਸੀਂ ਦੇਸ਼ ਭਗਤ ਯੂਨੀਵਰਸਿਟੀ ਅਤੇ ਡੀਬੀਯੂ ਅਮਰੀਕਾਸ ਨਾਲ ਇਸ ਸਬੰਧ ਰਾਹੀਂ ਆਪਣੇ ਵਿਦਿਆਰਥੀਆਂ ਨੂੰ ਗਲੋਬਲ ਐਕਸਪੋਜ਼ਰ ਅਤੇ ਸਹਿਯੋਗੀ ਪਲੇਟਫਾਰਮ ਪ੍ਰਦਾਨ ਕਰਨ ਲਈ ਉਤਸ਼ਾਹਿਤ ਹਾਂ।

ਇਸ ਦੌਰਾਨ ਡਾ. ਸੰਦੀਪ ਸਿੰਘ ਨੇ ਅੱਗੇ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਅਤੇ ਡੀਬੀਯੂ ਅਮਰੀਕਾਸ ਵਿਖੇ, ਅਸੀਂ ਆਪਣੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸਸ਼ਕਤ ਬਣਾਉਣ ਵਾਲੇ ਅੰਤਰਰਾਸ਼ਟਰੀ ਮਾਰਗ ਬਣਾਉਣ ਲਈ ਸਮਰਪਿਤ ਹਾਂ। ਸਾਂਝੀ ਸਿੱਖਿਆ, ਖੋਜ ਉੱਤਮਤਾ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਰਾਹੀਂ, ਅਸੀਂ ਵਿਸ਼ਵਵਿਆਪੀ ਅਕਾਦਮਿਕ ਨੈੱਟਵਰਕ ਬਣਾਉਣ ਦੀ ਇੱਛਾ ਰੱਖਦੇ ਹਾਂ । ਇਹ ਸਮਝੌਤਾ ਉਸ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵੱਲ ਸਾਡੀ ਯਾਤਰਾ ਵਿੱਚ ਇੱਕ ਮੀਲ ਪੱਥਰ ਹੈ।

 

ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ

ਅੰਮਿ੍ਰਤਸਰ/ਬਿਊਰੋ ਨਿਊਜ਼

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸ਼ੁਰੂ ਕੀਤਾ ਗਿਆ ਪੈਦਲ ਮਾਰਚ ਅੱਜ ਪੰਜਵੇਂ ਦਿਨ ਅੰਮਿ੍ਰਤਸਰ ਸ਼ਹਿਰ ਵਿੱਚ ਦਾਖਲ ਹੋਇਆ। ਮਾਰਚ ਦੀ ਅਗਵਾਈ ਕਰ ਰਹੇ ਰਾਜਪਾਲ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਯੋਧਿਆਂ, ਪੈਗੰਬਰਾਂ, ਖਿਡਾਰੀਆਂ, ਦੇਸ਼ ਭਗਤਾਂ ਦੀ ਧਰਤੀ ਹੈ ਅਤੇ ਇਸ ਦੀ ਇਹੀ ਪਛਾਣ ਬਣੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਉੱਤੇ ਕੋਈ ਸੰਕਟ ਪਿਆ ਹੈ ਤਾਂ ਪੰਜਾਬ ਵਾਸੀਆਂ ਨੇ ਅੱਗੇ ਹੋ ਕੇ ਇਸ ਦਾ ਸਾਹਮਣਾ ਕੀਤਾ। ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਵੀ ਪੰਜਾਬ ਦੇ ਸੂਰਬੀਰਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਨਸ਼ੇ ਦਾ ਘੁਣ ਪੰਜਾਬ ਨੂੰ ਲੱਗਾ ਹੈ ਜਿਸ ਨੂੰ ਖਤਮ ਕਰਨ ਦੀ ਲੋੜ ਹੈ।

 

ਜਲਦੀ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਹੁਕਮ

ਚੰਡੀਗੜ੍ਹ/ਬਿਊਰੋ ਨਿਊਜ਼ 

ਨੈਸ਼ਨਲ ਗ੍ਰੀਨ ਟਿ੍ਰਬਿਊਨਲ ਨੇ ਪੰਜਾਬ ਵਿੱਚ ਸੀਵਰੇਜ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ’ਚ ਕਮੀਆਂ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਨੈਸ਼ਨਲ ਗਰੀਨ ਟਿ੍ਰਬਿਊਨਲ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ’ਤੇ ਕਾਰਵਾਈ ਰਿਪੋਰਟ ਦਾਇਰ ਕਰਨ ਦੀ ਹਦਾਇਤ ਕੀਤੀ ਹੈ। ਟਿ੍ਰਬਿਊਨਲ ਨੇ ਅੰਮਿ੍ਰਤਸਰ, ਜਲੰਧਰ ਤੇ ਲੁਧਿਆਣਾ ਆਦਿ ਵੱਡੇ ਸ਼ਹਿਰਾਂ ਵਿੱਚ ਰਹਿੰਦ-ਖੂੰਹਦ ਦੇ ਢੇਰਾਂ ਦਾ ਵੀ ਗੰਭੀਰ ਨੋਟਿਸ ਲਿਆ। ਟਿ੍ਰਬਿਊਨਲ ਨੇ ਦੱਸਿਆ ਕਿ ਪੰਜਾਬ ’ਚ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਵਿੱਚ ਪ੍ਰਤੀ ਦਿਨ 765 ਟਨ ਦਾ ਪਾੜਾ ਸੀ। ਜ਼ਿਕਰਯੋਗ ਹੈ ਕਿ ਟਿ੍ਰਬਿਊਨਲ ਨੇ ਪਹਿਲਾਂ ਸਰਕਾਰ ਤੋਂ ਵਿਸਥਾਰਤ ਵੇਰਵਾ ਮੰਗਿਆ ਸੀ, ਜੋ ਸੂਬਾ ਸਰਕਾਰ ਨੇ ਉਸ ਰੂਪ ਵਿੱਚ ਮੁਹੱਈਆ ਨਹੀਂ ਕਰਵਾਇਆ ਸੀ। ਟਿ੍ਰਬਿਊਨਲ ਨੇ ਹੁਣ ਸ਼ਹਿਰ ਵਾਈਜ਼ ਵੇਰਵੇ ਤਿਆਰ ਕਰਕੇ ਜਲਦੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਉਧਰ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਭ ਅੱਛਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। 

 

 

ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੁਣਾਇਆ ਫੈਸਲਾ

ਮੁਹਾਲੀ/ਬਿਊੁਰੋ ਨਿਊਜ਼ 

ਮੁਹਾਲੀ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਮੋਗਾ ’ਚ ਬਹੁਚਰਚਿਤ ਜਬਰ ਜਨਾਹ ਮਾਮਲੇ ਵਿੱਚ ਆਪਣਾ ਫੈਸਲਾ ਸੁਣਾ ਦਿੱਤਾ ਹੈ। ਭਿ੍ਰਸਟਾਚਾਰ ਅਤੇ ਜਬਰੀ ਵਸੂਲੀ ਦੇ ਦੋਸ਼ ਵਿੱਚ ਮੋਗਾ ਦੇ ਤਤਕਾਲੀ ਐੱਸਐੱਸਪੀ ਦਵਿੰਦਰ ਸਿੰਘ ਗਰਚਾ, ਤਤਕਾਲੀ ਐੱਸਪੀ (ਐੱਚ) ਪਰਮਦੀਪ ਸਿੰਘ ਸੰਧੂ ਸਮੇਤ ਮੋਗਾ ਸਿਟੀ ਥਾਣੇ ਦੇ ਦੋ ਸਾਬਕਾ ਐੱਸਐੱਚਓਜ਼ ਰਮਨ ਕੁਮਾਰ ਅਤੇ ਇੰਸਪੈਕਟਰ ਅਮਰਜੀਤ ਸਿੰਘ ਨੂੰ ਅੱਜ 5-5 ਸਾਲ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਪਰੋਕਤ ਪੁਲਿਸ ਅਫ਼ਸਰਾਂ ਨੂੰ ਭਿ੍ਰਸ਼ਟਾਚਾਰ ਅਤੇ ਜਬਰੀ ਵਸੂਲੀ ਦਾ ਦੋਸ਼ੀ ਪਾਇਆ ਗਿਆ ਹੈ। ਇਸ ਮਾਮਲੇ ਵਿੱਚ ਨਾਮਜ਼ਦ ਸਾਬਕਾ ਅਕਾਲੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਉਰਫ਼ ਮੱਖਣ ਬਰਾੜ ਅਤੇ ਸੁਖਰਾਜ ਸਿੰਘ ਨੂੰ ਪਿਛਲੀ ਤਰੀਕ ’ਤੇ ਪਹਿਲਾਂ ਹੀ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ ਜਦੋਕਿ ਇੱਕ ਮਹਿਲਾ ਮੁਲਜ਼ਮ ਦੀ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ। 

 

ਸ਼ੋ੍ਰਮਣੀ ਅਕਾਲੀ ਦਲ ਨੇ ਭਲਕੇ 8 ਅਪ੍ਰੈਲ ਨੂੰ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ 

ਚੰਡੀਗੜ੍ਹ/ਬਿਊਰੋ ਨਿਊਜ਼

ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਲਕੇ 8 ਅਪ੍ਰੈਲ ਨੂੰ ਦੁਪਹਿਰ 2 ਵਜੇ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫਤਰ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਦਾ ਮੁੱਖ ਉਦੇਸ਼ ਨਵੇਂ ਪ੍ਰਧਾਨ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਡੈਲੀਗੇਟ ਸੈਸ਼ਨਾਂ ਦੀਆਂ ਤਰੀਕਾਂ ਨੂੰ ਤੈਅ ਕਰਨਾ ਹੈ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕਰਨਗੇ। ਇਹ ਮੀਟਿੰਗ ਪਾਰਟੀ ਦੀ ਭਵਿੱਖੀ ਰਣਨੀਤੀ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਮਹੱਤਵਪੂਰਨ ਮੰਨੀ ਜਾ ਰਹੀ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਇਹ ਇੱਕ ਅਹਿਮ ਮੌਕਾ ਹੈ, ਜਿਸ ਵਿੱਚ ਪਾਰਟੀ ਦੀ ਅਗਵਾਈ ਅਤੇ ਸੰਗਠਨਿਕ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.