Friday, 24 April 2026

ਕਾਂਗਰਸੀ ਉਮੀਦਵਾਰ ਆਸ਼ੂ ਨੂੰ ਲੋਕਾਂ ਦੀ ਹਮਦਰਦੀ ਮਿਲਣ ਲਈ ਭੇਜਿਆ ਗਿਆ ਸੀ ਨੋਟਿਸ

ਲੁਧਿਆਣਾ/ਬਿਊਰੋ ਨਿਊਜ਼   

ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਵਿਚ 19 ਜੂਨ ਨੂੰ ਜ਼ਿਮਨੀ ਚੋਣ ਹੋਣੀ ਹੈ। ਇਸਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਪੁੱਛਗਿੱਛ ਲਈ ਨੋਟਿਸ ਭੇਜਣ ਵਾਲੇ ਵਿਜੀਲੈਂਸ ਦੇ ਐਸ.ਐਸ.ਪੀ. ਜਗਤਪ੍ਰੀਤ ਸਿੰਘ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ ਅਤੇ ਹੁਣ ਆਸ਼ੂ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਐਸ.ਐਸ.ਪੀ. ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਸਿੱਧੀ ਗੱਲਬਾਤ ਹੋ ਰਹੀ ਸੀ ਅਤੇ ਇਨ੍ਹਾਂ ਦੇ ਪੁਰਾਣੇ ਸਬੰਧ ਵੀ ਸਾਹਮਣੇ ਆਏ ਹਨ। ਆਸ਼ੂ ਨੇ ਹੀ ਇਸ ਅਫਸਰ ਨੂੰ ਸਭ ਤੋਂ ਪਹਿਲਾਂ ਡੀ.ਐਸ.ਪੀ. ਅਹੁਦੇ ’ਤੇ ਨਿਯੁਕਤ ਕਰਵਾਇਆ ਸੀ। ਦੱਸਿਆ ਕਿ ਬਿਨਾ ਕਿਸੇ ਅਧਿਕਾਰਤ ਆਦੇਸ਼ ਦੇ ਰਾਤੋ-ਰਾਤ ਆਸ਼ੂ ਨੂੰ ਸੰਮਣ ਭੇਜਿਆ ਗਿਆ ਸੀ, ਕਿ ਲੋਕਾਂ ਵਿਚ ਆਸ਼ੂ ਪ੍ਰਤੀ ਹਮਦਰਦੀ ਪੈਦਾ ਹੋਵੇ।   

ਕੈਬਨਿਟ ਮੀਟਿੰਗ ਤੋਂ ਬਾਅਦ ਸੀਐਮ ਮਾਨ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੁਕਾਨ ਅਤੇ ਵਪਾਰਕ ਐਕਟ ਵਿਚ ਸੋਧ ਕਰਨ ਦੀ ਮਨਜੂਰੀ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਹੁਣ 20 ਤੋਂ ਘੱਟ ਮੁਲਾਜ਼ਮਾਂ ਵਾਲੇ ਕਿਸੇ ਵੀ ਅਦਾਰੇ ਨੂੰ ਨੋ ਅਬਜੈਕਸ਼ਨ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੋਵੇਗੀ। ਇਸਦੇ ਨਾਲ ਹੀ ਕੋਈ ਵੀ ਇੰਸਪੈਕਟਰ ਉਥੇ ਛਾਪੇ ਮਾਰ ਕੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕੇਗਾ। ਇਸ ਤਰ੍ਹਾਂ ਇੰਸਪੈਕਟਰ ਰਾਜ ਦਾ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ, ਕਿਉਂਕਿ ਇਸ ਨਵੀਂ ਸੋਧ ’ਚ 95 ਪ੍ਰਤੀਸ਼ਤ ਦੁਕਾਨਦਾਰ ਆ ਜਾਣਗੇ, ਜਿਨ੍ਹਾਂ ਦੇ ਕੋਲ 20 ਤੋਂ ਘੱਟ ਮੁਲਾਜ਼ਮ ਕੰਮ ਕਰਦੇ ਹਨ। ਇਹ ਫੈਸਲਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਈ ਕੈਬਨਿਟ ਦੀ ਬੈਠਕ ’ਚ ਲਿਆ ਗਿਆ। ਸੀਐਮ ਮਾਨ ਨੇ ਦੱਸਿਆ ਕਿ ਹੁਣ ਸਿਰਫ ਛੇ ਮਹੀਨੇ ਵਿਚ ਇਕ ਵਾਰੀ ਜਾਣਕਾਰੀ ਦੇਣੀ ਹੋਵੇਗੀ ਕਿ ਉਨ੍ਹਾਂ ਕੋਲ ਕਿੰਨੇ ਮੁਲਾਜ਼ਮ ਕੰਮ ਕਰ ਰਹੇ ਹਨ। 

 

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ’ਚ ਭਗਵੰਤ ਮਾਨ ਸਰਕਾਰ ਦੇ ਮੰਤਰੀ ਮੰਡਲ ’ਚ ਮੁੜ ਫੇਰਬਦਲ ਹੋਣ ਦੀ ਚਰਚਾ ਨੇ ਜ਼ੋਰ ਫੜ ਲਿਆ ਹੈ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਜੂਨ ਦੇ ਆਖਰੀ ਜਾਂ ਜੁਲਾਈ ਦੇ ਪਹਿਲੇ ਹਫਤੇ ਮੰਤਰੀ ਮੰਡਲ ਵਿਚ ਬਦਲਾਅ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਪਿਛਲੇ ਦਿਨੀਂ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਅਤੇ ਫੇਰਬਦਲ ਕੀਤਾ ਸੀ। ਪਾਰਟੀ ਨੇ ਸੂਬੇ ਦੇ ਮੀਤ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤੇ ਸਨ। ਧਿਆਨ ਰਹੇ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਇਕ ਵਾਰ ਵੀ ਆਪਣੀ ਕੈਬਨਿਟ ਪੂਰੀ ਨਹੀਂ ਕੀਤੀ ਹੈ। ਮੰਤਰੀ ਮੰਡਲ ਵਿਚ ਮੁੱਖ ਮੰਤਰੀ ਸਣੇ 18 ਮੰਤਰੀ ਬਣਾਏ ਜਾ ਸਕਦੇ ਹਨ, ਪਰ ਇਸ ਵੇਲੇ ਪੰਜਾਬ ਕੈਬਨਿਟ ’ਚ 16 ਮੰਤਰੀ ਹੀ ਹਨ।   

 

 

ਕਿਹਾ : ਮੀਡੀਆ ਦੇ ਸਾਹਮਣੇ ਕਰਵਾਈ ਜਾਵੇ ਡਿਬੇਟ  

ਬਠਿੰਡਾ/ਬਿਊਰੋ ਨਿਊਜ਼  

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਠਿੰਡਾ ਵਿਚ ਸੀਵਰੇਜ ਪਾਈਪਲਾਈਨ ਯੋਜਨਾ ਦਾ ਵਿਰੋਧ ਕਰਨ ਵਾਲੇ ਕਈ ਕਿਸਾਨਾਂ ਨੂੰ ਜੇਲ੍ਹ ਵਿਚ ਡੱਕਣ ਦੇ ਵਿਰੋਧ ਵਿਚ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੇ ਹੱਕ ਵਿਚ ਪਹੁੰਚੇ ਡੱਲੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਡਿਬੇਟ ਨੂੰ ਸਵੀਕਾਰ ਕਰ ਲਿਆ ਹੈ ਅਤੇ ਕਿਹਾ ਕਿ ਇਹ ਡਿਬੇਟ ਮੀਡੀਆ ਦੇ ਸਾਹਮਣੇ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਕਿਸਾਨ ਆਗੂਆਂ ਨੂੰ ਹਾਊਸ ਅਰੈਸਟ ਕਰਨ ਤੋਂ ਬਾਅਦ ਸੀਐਮ ਨੇ ਡਿਬੇਟ ਦੀ ਚੁਣੌਤੀ ਦਿੱਤੀ ਸੀ। ਸੀਐਮ ਮਾਨ ਨੇ ਕਿਹਾ ਸੀ ਕਿ ਇਹ ਕਿਸਾਨ ਕਦੀ ਸੜਕੀ ਮਾਰਗ ਅਤੇ ਕਦੀ ਰੇਲ ਮਾਰਗ ਬਲੌਕ ਕਰ ਦਿੰਦੇ ਹਨ ਅਤੇ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਠਿੰਡਾ ਵਿਚ ਕਿਸਾਨਾਂ ਦੇ ਹੱਕ ਵਿਚ ਹੋ ਰਹੇ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਖਤ ਆਲੋਚਨਾ ਕੀਤੀ ਹੈ। 

ਕਿਹਾ : ਗੁਰੂ ਦੇ ਭਰੋਸੇ ਮੁਤਾਬਕ ਹੀ ਸਾਰਾ ਸਮਾਗਮ ਸ਼ਾਂਤੀ ਪੂਰਵਕ ਨੇਪਰੇ ਚੜ੍ਹਿਆ

ਅੰਮਿ੍ਰਤਸਰ/ਬਿਊਰੋ ਨਿਊਜ਼

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਪੰਥ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਅਤੇ ਮੌਜੂਦਾ ਸਮੱਸਿਆਵਾਂ ਦੇ ਹੱਲ ਲਈ ਸਮੁੱਚੀ ਸਿੱਖ ਕੌਮ ਨੂੰ ਇੱਕ ਨਿਸ਼ਾਨ ਹੇਠਾਂ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਸਿੱਖ ਪੰਥ ਨੂੰ ਇਕਜੁੱਟ ਹੋਣ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਿੱਖ ਬੰਦੀਆਂ ਦੀ ਰਿਹਾਈ, ਧਰਮ ਪਰਿਵਰਤਨ ਨੂੰ ਰੋਕਣਾ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨਾ ਅਹਿਮ ਕਾਰਜ ਹਨ। ਅਜਿਹੇ ਵੱਡੇ ਕਾਰਜਾਂ ਲਈ ਸਿੱਖ ਕੌਮ ਨੂੰ ਆਪਸੀ ਮਤਭੇਦਾਂ ਨੂੰ ਇੱਕ ਪਾਸੇ ਰੱਖ ਕੇ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਘੱਲੂਘਾਰਾ ਮੌਕੇ ਆਪਣਾ ਸੰਦੇਸ਼ ਅਰਦਾਸ ਵਿਚ ਹੀ ਸ਼ਾਮਲ ਕਰ ਦਿੱਤਾ ਸੀ। ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰੂ ਦੇ ਭਰੋਸੇ ਮੁਤਾਬਕ ਹੀ ਸਾਰਾ ਸਮਾਗਮ ਸ਼ਾਂਤੀ ਪੂਰਵਕ ਨੇਪਰੇ ਚੜ੍ਹਿਆ ਹੈ।

 

ਕਿਹਾ : ਸੁਨੀਲ ਜਾਖੜ ਜਿਥੋਂ ਕਹਿਣਗੇ, ਉਥੋਂ ਹੀ ਲੜ ਲਵਾਂਗਾ ਚੋਣ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ। ਵੜਿੰਗ ਨੇ ਇਹ ਗੱਲ ਚੰਡੀਗੜ੍ਹ ’ਚ ਪਾਰਟੀ ਦੇ ਕੋਆਰਡੀਨੇਟਰਾਂ ਦੀ ਮੀਟਿੰਗ ਤੋਂ ਪਹਿਲਾਂ ਕਹੀ ਹੈ। ਵੜਿੰਗ ਨੇ ਨਸ਼ੇ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਿਰਫ ਐਫ.ਆਈ.ਆਰ. ਦਰਜ ਕਰਨ ਨਾਲ ਨਸ਼ਾ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਸਰਬ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ ਅਤੇ ਨਸ਼ੇ ਦੇ ਮੁੱਦੇ ’ਤੇ ਮੰਥਨ ਕਰਨ ਦੀ ਲੋੜ ਹੈ। ਵੜਿੰਗ ਨੇ ਕਿਹਾ ਕਿ ਇਸ ਮੀਟਿੰਗ ਵਿਚ ਉਨ੍ਹਾਂ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ, ਜੋ ਨਸ਼ੇ ਦੇ ਆਦੀ ਹਨ। ਵੜਿੰਗ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਅਜਗਰ ਕਿਹਾ। ਵੜਿੰਗ ਨੇ ਕਿਹਾ ਕਿ ਸੁਨੀਲ ਜਾਖੜ ਚੋਣ ਲੜਨ ਲਈ ਜਿਥੋਂ ਵੀ ਕਾਗਜ਼ ਭਰਨਗੇ, ਉਹ ਵੀ ਉਥੋਂ ਹੀ ਚੋਣ ਲੜਨ ਲਈ ਤਿਆਰ ਹਨ। ਰਾਜਾ ਵੜਿੰਗ ਨੇ ਕਿਹਾ ਕਿ ਬਹੁਤ ਸਾਰੇ ਨਰਾਜ਼ ਲੀਡਰ ਹੁਣ ਮੁੜ ਕਾਂਗਰਸ ਪਾਰਟੀ ਵਿਚ ਵਾਪਸੀ ਕਰ ਰਹੇ ਹਨ। 

 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦਾਂ ਦੇ ਪਰਿਵਾਰਾਂ ਦਾ ਕੀਤਾ ਸਨਮਾਨ

ਅੰਮਿ੍ਰਤਸਰ/ਬਿਊਰੋ ਨਿਊਜ਼   

ਅੰਮਿ੍ਰਤਸਰ ਵਿਚ ਅੱਜ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੌਮ ਦੇ ਨਾਂ ਸੰਦੇਸ਼ ਨਾ ਦਿੱਤੇ ਜਾਣ ਕਾਰਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੇ ਜਾਣ ਕਾਰਨ ਇਹ ਸਮਾਗਮ ਸ਼ਾਂਤੀ ਪੂਰਵਕ ਢੰਗ ਨਾਲ ਅਤੇ ਬਿਨਾਂ ਕਿਸੇ ਵਿਰੋਧ ਦੇ ਸੰਪੰਨ ਹੋ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਮਗਰੋਂ ਗੁਰਬਾਣੀ ਦਾ ਕੀਰਤਨ ਹੋਇਆ ਅਤੇ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤੀ ਗਈ। ਇਸ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਤੀਨਿਧ ਤੇ ਹੋਰ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ। ਧਿਆਨ ਰਹੇ ਕਿ ਦਮਦਮੀ ਟਕਸਾਲ ਵੱਲੋਂ ਜਥੇਦਾਰ ਗੜਗੱਜ ਨੂੰ ਪ੍ਰਵਾਨਿਤ ਜਥੇਦਾਰ ਮੰਨਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਜਥੇਦਾਰ ਗੜਗੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਕੌਮ ਦੇ ਨਾਂ ਸੰਦੇਸ਼ ਦਿੰਦੇ ਹਨ ਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹਨ ਤਾਂ ਟਕਸਾਲ ਉਸ ਦਾ ਵਿਰੋਧ ਕਰੇਗੀ।

ਕਿਹਾ : ਭਾਜਪਾ ਨੇ ਸਿੰਧੂਰ ਦਾ ਮਜ਼ਾਕ ਉਡਾਇਆ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀਐਮਬੀ ਦੇ ਪੁਨਰਗਠਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੀਬੀਐਮਬੀ ਵਿੱਚ ਪੰਜਾਬ ਦੀਆਂ ਤਿੰਨ ਹਜ਼ਾਰ ਅਸਾਮੀਆਂ ਨੂੰ ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਣੀਆਂ ਦੀ ਵੰਡ ਵੀ ਪੁਰਾਣੇ ਸਮੇਂ ਅਨੁਸਾਰ ਕੀਤੀ ਜਾ ਰਹੀ ਹੈ, ਜਿਸ ਦਾ ਮੌਜੂਦਾ ਹਾਲਾਤ ਨੂੰ ਵੇਖਦਿਆਂ ਮੁਲਾਂਕਣ ਕਰਨਾ ਚਾਹੀਦਾ ਹੈ। ਸੀਐਮ ਮਾਨ ਨੇ ਭਾਜਪਾ ਵੱਲੋਂ ਆਪਰੇਸ਼ਨ ਸਿੰਧੂਰ ਤੋਂ ਬਾਅਦ ਸਿੰਧੂਰ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਚਾਰ ਉੱਤੇ ਵੀ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਿੰਧੂਰ ਦਾ ਮਜ਼ਾਕ ਉਡਾਇਆ ਹੈ। ਧਿਆਨ ਰਹੇ ਕਿ  ਭਾਜਪਾ ਵੱਲੋਂ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਆਪਰੇਸ਼ਨ ਸਿੰਧੂਰ ਨੂੰ ਪ੍ਰਚਾਰਿਆ ਜਾ ਰਿਹਾ ਹੈ।

ਚੰਡੀਗੜ੍ਹ  : ਵਿਸ਼ਵ ਸੰਵਾਦ ਕੇਂਦਰ, ਪੰਜਾਬ ਪ੍ਰਾਂਤ ਦੁਆਰਾ ਮਹਰਿਸ਼ੀ ਨਾਰਦ ਜਯੰਤੀ ਉਤਸਵ ਦੇ ਉਪਲੱਖਣ ਵਿੱਚ ਇੱਕ ਵਿਸ਼ੇਸ਼ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਪੰਜਾਬ ਯੂਨੀਵਰਸਿਟੀ ਦੇ ਰਾਜੀਵ ਗਾਂਧੀ ਕਾਲਜ ਭਵਨ ਦੇ ਸਭਾਗਾਰ ਵਿੱਚ ਸੰਪੰਨ ਹੋਇਆ। ਕਾਰਜਕ੍ਰਮ ਦੇ ਮੁੱਖ ਮਹਿਮਾਨ ਵਜੋਂ ਸਾਬਕਾ ਆਈ.ਪੀ.ਐਸ. ਅਧਿਕਾਰੀ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਨੇ ਮੌਜੂਦ ਸ਼੍ਰੋਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਰਿਸ਼ੀ ਨਾਰਦ ਗਿਆਨ ਅਤੇ ਸਮ੍ਰਿਧੀ ਦੇ ਦੇਵਤਾ ਮੰਨੇ ਜਾਂਦੇ ਹਨ, ਜੋ ਤਿੰਨਾਂ ਲੋਕਾਂ ਵਿੱਚ ਵਿਚਰਦੇ ਸਨ। ਉਨ੍ਹਾਂ ਨੇ ਵਰਤਮਾਨ ਵਿਸ਼ਵ ਪਰਿਪੇਖ ਵਿੱਚ ਸੰਵਾਦ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਅੱਜ ਦੀ ਦੁਨੀਆ ਜੰਗ ਦੇ ਪ੍ਰਭਾਵ ਨਾਲ ਜੂਝ ਰਹੀ ਹੈ ਅਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੇਵਲ ਸੰਵਾਦ ਰਾਹੀਂ ਹੀ ਸੰਭਵ ਹੈ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਇਸਦਾ ਸ੍ਰੇਸ਼ਟ ਉਦਾਹਰਣ ਹਨ।"

ਡਾ. ਸਿੰਘ ਨੇ ਇਹ ਵੀ ਕਿਹਾ ਕਿ ਅੱਜ ਅਸੀਂ ਸੂਚਨਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕ੍ਰਾਂਤੀ ਦੇ ਦੌਰ ਵਿੱਚ ਜੀ ਰਹੇ ਹਾਂ। "ਜਿਸ ਕੋਲ ਜਿੰਨੀ ਵਧੇਰੇ ਤਕਨਾਲੋਜੀ ਹੈ, ਉਹ ਓਨਾ ਹੀ ਸ਼ਕਤੀਸ਼ਾਲੀ ਹੈ। ਹੁਣ ਸਾਨੂੰ 'ਨੈਰੇਟਿਵ' ਨਾਲ ਜਿਉਣਾ ਅਤੇ ਸਹੀ ਵਿਕਲਪ ਦੀ ਚੋਣ ਕਰਨੀ ਸਿੱਖਣੀ ਪਵੇਗੀ।" ਮੁੱਖ ਵਕਤਾ ਵਜੋਂ ਰਾਸ਼ਟਰੀ ਸਵੈਂਸੇਵਕ ਸੰਘ ਦੇ ਅਖਿਲ ਭਾਰਤੀ ਸਹਿ ਪ੍ਰਚਾਰ ਪ੍ਰਮੁੱਖ ਸ੍ਰੀ ਪ੍ਰਦੀਪ ਜੋਸ਼ੀ ਨੇ ਕਿਹਾ ਕਿ "ਮਹਰਿਸ਼ੀ ਨਾਰਦ ਬ੍ਰਹਿਮੰਡ ਦੇ ਪਹਿਲੇ ਪੱਤਰਕਾਰ ਸਨ, ਜਿਨ੍ਹਾਂ ਨੇ ਸੂਚਨਾ ਨੂੰ ਸਮਾਜਿਕ ਹਿਤ ਅਤੇ ਸਮ੍ਰਿਧੀ ਦੇ ਸੰਵਾਹਕ ਵਜੋਂ ਦੇਖਿਆ।" ਉਨ੍ਹਾਂ ਨੇ 'ਆਈਡੀਆ ਆਫ਼ ਇੰਡੀਆ' ਵਿਸ਼ੇ 'ਤੇ ਵਿਚਾਰ ਰੱਖਦੇ ਹੋਏ ਕਿਹਾ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ 'ਤੇ ਹਮਲਾ ਨਹੀਂ ਕੀਤਾ। "ਸਾਡੀ ਸਭਿਅਤਾ ਸ਼ਾਂਤੀ ਅਤੇ ਸੰਵਾਦ 'ਤੇ ਆਧਾਰਿਤ ਰਹੀ ਹੈ, ਜੋ ਸਾਡੇ ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਪਰੰਪਰਾਵਾਂ ਵਿੱਚ ਸਪੱਸ਼ਟ ਦਿਖਾਈ ਦਿੰਦੀ ਹੈ।"

ਉਨ੍ਹਾਂ ਨੇ ਹਾਲ ਹੀ ਵਿੱਚ ਹੋਏ G-20 ਸੰਮੇਲਨ ਦੇ ਧਿਆਨ ਵਾਕ 'ਵਸੁਧੈਵ ਕੁਟੁੰਬਕਮ – ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ' ਨੂੰ ਭਾਰਤੀ ਸਭਿਅਤਾ ਦਾ ਪ੍ਰਤੀਕ ਦੱਸਿਆ। ਪਦਮ ਪੁਰਸਕਾਰਾਂ ਦੀ ਤਾਜ਼ਾ ਸੂਚੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਡੀਕੋਲੋਨਾਈਜ਼ੇਸ਼ਨ (Decolonization) ਦੀ ਝਲਕ ਦਿਖਾਈ ਦਿੰਦੀ ਹੈ।ਕਾਰਜਕ੍ਰਮ ਵਿੱਚ ਵਿਸ਼ੇਸ਼ ਮਹਿਮਾਨ ਪੰਜਾਬ ਯੂਨੀਵਰਸਿਟੀ ਦੇ ਡੀਨ ਪ੍ਰੋ. ਡਾ. ਸੰਜੇ ਕੌਸ਼ਿਕ ਅਤੇ ਡੀਨ ਆਫ਼ ਯੂਨੀਵਰਸਿਟੀ ਇੰਸਟੀਚਿਊਸ਼ਨ ਪ੍ਰੋ. ਯੋਜਨਾ ਰਾਵਤ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਵਿਭਾਗ ਕਾਰਜਵਾਹ ਦੀਪਕ ਬੱਤਰਾ ਨੇ ਕਾਰਜਕ੍ਰਮ ਵਿੱਚ ਸਾਰੇ ਮਹਿਮਾਨਾਂ ਦਾ ਧੰਨਵਾਦ ਜਤਾਇਆ। ਇਸ ਮੌਕੇ 'ਤੇ ਵੀਰੇਂਦਰ ਰਾਵਤ (ਦੈਨਿਕ ਜਾਗਰਣ), ਨੇਹਾ ਸ਼ਰਮਾ (ਪੀ.ਟੀ.ਆਈ.), ਸਾਈਵੈਦਨਾਥਨ (ਦ ਟ੍ਰਿਬਿਊਨ), ਸੰਦੀਪ ਜੋਸ਼ੀ (ਕਾਰਟੂਨਿਸਟ), ਵਿਕਰਮਜੀਤ ਸਿੰਘ ਮਾਨ (ਅਜੀਤ ਸਮਾਚਾਰ) ਨੂੰ ਸਨਮਾਨਿਤ ਕੀਤਾ ਗਿਆ। ਕਾਰਜਕ੍ਰਮ ਵਿੱਚ ਪੰਜਾਬ ਪ੍ਰਾਂਤ ਪ੍ਰਚਾਰਕ ਨਰੇਂਦਰ ਜੀ ਅਤੇ ਅਜੇ ਦੀਪ ਗੌਤਮ ਵੀ ਮੌਜੂਦ ਰਹੇ।

ਦਲਿਤ ਪਰਿਵਾਰਾਂ ਦਾ 67 ਕਰੋੜ ਰੁਪਏ ਦਾ ਕਰਜ਼ਾ ਮੁਆਫ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕੈਬਨਿਟ ਨੇ ਅੱਜ ਮੰਗਲਵਾਰ ਨੂੰ ਉਨ੍ਹਾਂ 4750 ਦਲਿਤ ਪਰਿਵਾਰਾਂ ਲਈ ਕਰਜ਼ਾ ਮੁਆਫੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਨੇ ਪੰਜਾਬ ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਅਤੇ ਵਿੱਤ ਨਿਗਮ ਤੋਂ ਕਰਜ਼ਾ ਲਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਕਿਹਾ ਕਿ ਦਲਿਤ ਪਰਿਵਾਰਾਂ ਵੱਲੋਂ ਲਏ ਗਏ 67 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰ ਦਿੱਤੇ ਗਏ ਹਨ। ਸੂਬਾ ਸਰਕਾਰ ਨੇ 31 ਮਾਰਚ 2020 ਤੱਕ ਦੇ ਬਕਾਇਆ ਕਰਜ਼ਿਆਂ ਨੂੰ ਮਾਫ ਕੀਤਾ ਹੈ। ਸੀਐਮ ਮਾਨ ਨੇ ਕਿਹਾ ਕਿ ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਕਰਜ਼ਾ ਮੁਆਫ਼ੀ ਲਈ ਭੱਜ-ਦੌੜ ਕਰ ਰਹੇ ਸਨ ਕਿਉਂਕਿ ਉਹ ਕਰਜ਼ਾ ਵਾਪਸ ਨਹੀਂ ਕਰ ਸਕੇ ਸਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਅਸਫਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਸਾਲ ਮਾਰਚ ਵਿਚ ਵਿੱਤੀ ਸਾਲ 2025-26 ਲਈ ਬਜਟ ਅਨੁਮਾਨ ਪੇਸ਼ ਕੀਤੇ ਜਾਣ ਮੌਕੇ ਇਨ੍ਹਾਂ ਦਲਿਤ ਪਰਿਵਾਰਾਂ ਲਈ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਸੀ।

ਨਵਜੋਤ ਸਿੰਘ ਸਿੱਧੂ ਲਿਸਟ ਵਿਚੋਂ ਬਾਹਰ

ਲੁਧਿਆਣਾ/ਬਿਊਰੋ ਨਿਊਜ਼  

ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਵਿਚ ਆਉਂਦੀ 19 ਜੂਨ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ ਅਤੇ 15 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸਦੇ ਚੱਲਦਿਆਂ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਪ੍ਰਚਾਰ ਕਰਨ ਲਈ ਸਟਾਰ ਪ੍ਰਚਾਰਕਾਂ ਦੇ ਨਾਵਾਂ ਵਾਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਜਿਨ੍ਹਾਂ ਆਗੂਆਂ ਨੂੰ ਸਟਾਰ ਪ੍ਰਚਾਰਕਾਂ ਵਿਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਭੂਪੇਸ਼ ਬਘੇਲ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸਚਿਨ ਪਾਇਲਟ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁਖਵਿੰਦਰ ਸਿੰਘ ਸੁੱਖੂ, ਕਿਸ਼ੋਰੀ ਲਾਲ ਸ਼ਰਮਾ, ਪ੍ਰਗਟ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਵੀ ਸ਼ਾਮਲ ਹਨ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿਚ 40 ਸਟਾਰ ਪ੍ਰਚਾਰਕ ਚੋਣ ਪ੍ਰਚਾਰ ਕਰਨ ਲਈ ਪਹੁੰਚ ਰਹੇ ਹਨ। 

ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬੇਅਦਬੀ ਦੀ ਘਟਨਾ ਆਈ ਸਾਹਮਣੇ

ਅੰਮਿ੍ਰਤਸਰ/ਬਿਊਰੋ ਨਿਊਜ਼   

ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਦੇ ਬਾਹਰ ਬੇਅਦਬੀ ਹੋਣ ਦੀ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਅਤੇ ਇਸ ਮੰਦਭਾਗੀ ਘਟਨਾ ਦੀ ਪੁਰਜ਼ੋਰ ਨਾਲ ਨਿੰਦਾ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਕ ਵਿਅਕਤੀ ਵਲੋਂ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਸ ਵਿਅਕਤੀ ਵਲੋਂ ਗੁਟਕਾ ਸਾਹਿਬ ਦੇ ਅੰਗ ਫਾੜੇ ਗਏ ਹਨ। ਜਦਕਿ ਮੌਕੇ ’ਤੇ ਹੀ ਸੰਗਤ ਵਲੋਂ ਉਸ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਵਲੋਂ ਉਸ ਵਿਅਕਤੀ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ. ਜਸਰੂਪ ਕੌਰ ਬਾਠ ਨੇ ਦੱਸਿਆ ਕਿ ਫਿਲਹਾਲ ਦੋਸ਼ੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਦੀ ਟੀਮ ਜਾਂਚ ਕਰ ਰਹੀ ਹੈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਾ ਚਾਹੀਦਾ ਬਲਕਿ ਵੱਧ ਤੋਂ ਵੱਧ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਘਟਨਾ ਦੇ ਪਿਛੇ ਜੋ ਮੁੱਖ ਦੋਸ਼ੀ ਹਨ, ਉਹਨਾਂ ਨੂੰ ਵੀ ਸਾਹਮਣੇ ਲਿਆਉਣਾ ਚਾਹੀਦਾ ਹੈ।      

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.