Friday, 24 April 2026

ਮਾਮਲੇ ਦੀ ਸੁਣਵਾਈ ਹੁਣ 29 ਸਤੰਬਰ ਨੂੰ ਹੋਵੇਗੀ

ਚੰਡੀਗੜ੍ਹ/ਬਿਊਰੋ ਨਿਊਜ਼ 

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ ਸੁਣਵਾਈ ਹੋਈ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਵਿਚ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਇਸ ਤੋਂ ਬਾਅਦ ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ 29 ਸਤੰਬਰ ਨੂੰ ਹੋਣੀ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ ਲੰਘੀ 25 ਜੂਨ ਨੂੰ ਮਜੀਠੀਆ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਨੇ ਗਿ੍ਰਫਤਾਰ ਕੀਤਾ ਸੀ ਅਤੇ ਉਹ ਉਦੋਂ ਤੋਂ ਹੀ ਜੇਲ੍ਹ ਵਿਚ ਬੰਦ ਹਨ। ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਪਹਿਲਾਂ 25 ਅਗਸਤ ਨੂੰ ਅੰਮਿ੍ਰਤਸਰ ਦੀ ਇਕ ਹੇਠਲੀ ਅਦਾਲਤ ਨੇ ਰੱਦ ਕਰ ਦਿੱਤੀ ਸੀ। ਜਿਸ ਤੋਂ ਬਾਅਦ ਮਜੀਠੀਆ ਨੇ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਸੀ।

ਅਕਾਲੀ ਵਰਕਰਾਂ ਨੇ ਜੇਲ੍ਹ ਦੇ ਬਾਹਰ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਨਾਭਾ/ਬਿਊਰੋ ਨਿਊਜ਼

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਨਾਭਾ ਦੀ ਜੇਲ੍ਹ ਵਿਚ ਬੰਦ ਹਨ। ਇਸਦੇ ਚੱਲਦਿਆਂ ਵਿਰਸਾ ਸਿੰਘ ਵਲਟੋਹਾ ਸਣੇ ਕਈ ਆਗੂ ਅੱਜ ਮਜੀਠੀਆ ਨੂੰ ਮਿਲਣ ਲਈ ਨਾਭਾ ਦੀ ਜੇਲ੍ਹ ਪਹੁੰਚੇ ਸਨ। ਜੇਲ੍ਹ ਦੇ ਪ੍ਰਸ਼ਾਸਨ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ ਮਜੀਠੀਆ ਨਾਲ ਮੁਲਾਕਾਤ ਦੀ ਇਜ਼ਾਜਤ ਨਹੀਂ ਦਿੱਤੀ ਗਈ। ਇਸਦੇ ਚੱਲਦਿਆਂ ਜੇਲ੍ਹ ਦੇ ਬਾਹਰ ਵਲਟੋਹਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਧੱਕੇਸ਼ਾਹੀਆਂ ’ਤੇ ਉਤਰ ਆਈ ਹੈ, ਜਿਸ ਕਰਕੇ ਜੇਲ੍ਹ ’ਚ ਨਜ਼ਰਬੰਦ ਬਿਕਰਮ ਸਿੰਘ ਮਜੀਠੀਆ ਨਾਲ ਅਕਾਲੀ ਵਰਕਰਾਂ ਦੀਆਂ ਮੁਲਾਕਾਤਾਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਇਨ੍ਹਾਂ ਧੱਕੇਸ਼ਾਹੀਆਂ ਦਾ ਜਵਾਬ ਲੋਕ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੇਣਗੇ।

ਕਿਹਾ : ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਬਿਆਨਾਂ ’ਚ ਵੱਡਾ ਅੰਤਰ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਹੜ੍ਹ ਰਾਹਤ ਫੰਡ ਨੂੰ ਲੈ ਕੇ ਲਗਾਤਾਰ ਵੱਖ-ਵੱਖ ਬਿਆਨ ਸਾਹਮਣੇ ਆ ਰਹੇ ਹਨ। ਇਸ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਇਕ ਚਿੱਠੀ ਲਿਖੀ ਹੈ। ਬਾਜਵਾ ਨੇ ਕਿਹਾ ਕਿ ਐਸ.ਡੀ.ਆਰ.ਐਫ. ਫੰਡਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨਾਂ ਵਿਚ ਵੱਡਾ ਅੰਤਰ ਨਜ਼ਰ ਆ ਰਿਹਾ ਹੈ। ਬਾਜਵਾ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ  ਨੇ ਪੰਜਾਬ ਲਈ 1600 ਕਰੋੜ ਰੁਪਏ ਦੀ ਮੱਦਦ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ 2010 ਤੋਂ 2025 ਤੱਕ ਦੇ ਜਮ੍ਹਾਂ ਹੋਏ ਐਸ.ਡੀ.ਆਰ.ਐਫ. ਫੰਡਾਂ ਵਿਚੋਂ ਕਰੀਬ 12 ਹਜ਼ਾਰ ਕਰੋੜ ਰੁਪਏ ਪੰਜਾਬ ਸਰਕਾਰ ਕੋਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੇਂਦਰ ਵਲੋਂ ਸਿਰਫ 1582 ਕਰੋੜ ਰੁਪਏ ਮਿਲੇ ਹਨ, ਜਿਨ੍ਹਾਂ ਵਿਚੋਂ 649 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਬਾਜਵਾ ਨੇ ਕਿਹਾ ਇਸ ਬਾਰੇ ਸਥਿਤੀ ਸਪੱਸ਼ਟ ਹੋਣੀ ਚਾਹੀਦੀ ਹੈ।

ਕਿਹਾ : ਲੋਕਾਂ ਨੂੰ ਭੁਲੇਖੇ ਵਿਚ ਪਾ ਰਹੀ ਹੈ ਕੇਂਦਰ ਸਰਕਾਰ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵਲੋਂ ਜੀਐਸਟੀ ਘਟਾਏ ਜਾਣ ’ਤੇ ਤਿੱਖੀ ਪ੍ਰਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੁਦ ਹੀ ਜੀਐਸਟੀ ਲੈ ਕੇ ਆਈ ਸੀ ਅਤੇ ਉਸ ਨੂੰ ਮਾਸਟਰ ਸਟਰੋਕ ਦੱਸਿਆ ਸੀ। ਹੁਣ ਕੇਂਦਰ ਸਰਕਾਰ ਆਪ ਹੀ ਜੀਐਸਟੀ ਘਟਾ ਕੇ ਲੋਕਾਂ ਨੂੰ ਭੁਲੇਖੇ ਵਿਚ ਪਾ ਰਹੀ ਹੈ। ਸੀਐਮ ਮਾਨ ਨੇ ਕਿਹਾ ਕਿ ਜੇਕਰ ਪਹਿਲਾਂ ਹੀ ਇਹ ਟੈਕਸ ਨਾ ਲਿਆਉਂਦੇ ਤਾਂ ਮਹਿੰਗਾਈ ਅਸਮਾਨ ਨਾ ਛੂੰਹਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਦਿਖਾਵਾ ਨਾ ਕਰੇ ਅਤੇ ਸਭ ਤੋਂ ਪਹਿਲਾਂ ਸੂਬਿਆਂ ਦੇ ਹਿੱਸੇ ਦਾ ਜੀਐਸਟੀ ਦਾ ਬਕਾਇਆ ਪੈਸਾ ਜਾਰੀ ਕਰੇ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਸਣੇ ਕਈ ਸੂਬੇ ਜੀਐਸਟੀ ਦੇ ਬਕਾਇਆ ਪੈਸਿਆਂ ਦੇ ਇੰਤਜ਼ਾਰ ਵਿਚ ਹਨ, ਜਿਸ ਕਾਰਨ ਵਿਕਾਸ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ।

ਹਰ ਪੰਜਾਬੀ ਵਿਅਕਤੀ ਕਰਵਾ ਸਕੇਗਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਅੱਜ ਮੰਗਲਵਾਰ ਤੋਂ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ, ਜਿਸ ਨਾਲ ਸੂਬੇ ਦਾ ਹਰ ਨਾਗਰਿਕ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕਰਵਾ ਸਕੇਗਾ। ਇਸ ਯੋਜਨਾ ਦੀ ਸ਼ੁਰੂਆਤ ਬਰਨਾਲਾ ਤੇ ਤਰਨਤਾਰਨ ਜ਼ਿਲ੍ਹਿਆਂ ਤੋਂ ਹੋਈ ਹੈ। ਇਨ੍ਹਾਂ ਦੋਵੇਂ ਜ਼ਿਲ੍ਹਿਆਂ ਵਿਚ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਕੀਤੀ ਗਈ ਹੈ ਅਤੇ ਦੋਵੇਂ ਜ਼ਿਲ੍ਹਿਆਂ ਵਿਚ 10-12 ਦਿਨਾਂ ਵਿਚ ਰਜਿਸਟ੍ਰੇਸ਼ਨ ਦਾ ਕੰਮ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਪੰਜਾਬ ਸਰਕਾਰ ਵਲੋਂ ਜਲਦੀ ਹੀ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਰਜਿਸਟ੍ਰੇਸ਼ਨ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਅਤੇ ਸੂਬੇ ਦੇ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਇਸ ਸਿਹਤ ਯੋਜਨਾ ਵਿਚ ਸਰਕਾਰੀ ਕਰਮਚਾਰੀ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਲੰਘੇ ਕੱਲ੍ਹ ਚੰਡੀਗੜ੍ਹ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ 23 ਸਤੰਬਰ ਤੋਂ 10 ਲੱਖ ਰੁਪਏ ਵਾਲੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਇਸ ਸੰਬੰਧੀ ਰਜਿਸਟ੍ਰੇਸ਼ਨ ਤਰਨਤਾਰਨ ਤੇ ਬਰਨਾਲਾ ਤੋਂ ਸ਼ੁਰੂ ਹੋਵੇਗੀ। 

ਭਾਰਤੀ ਜਨਤਾ ਪਾਰਟੀ ਨੇ ਹੜਾਂ ਲਈ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਜਿੰਮੇਵਾਰ ਠਹਿਰਾਉਣ ਸਬੰਧੀ ਸੋਸ਼ਲ ਮੀਡੀਆ ਤੇ ਫੈਲਾਏ ਜਾ ਰਹੇ ਝੂਠ ਦੀ ਕੀਤੀ ਪੁਲਿਸ ਨੂੰ ਸ਼ਿਕਾਇਤ
ਭਾਜਪਾ ਪ੍ਰਧਾਨ ਨੇ ਕਿਹਾ , ਹੈਡਵਰਕਸਾਂ ਦੀ ਸਮਰੱਥਾ ਜਾਂਚ ਲਈ ਸਮਾਜੀਕ ਵਿਗਿਆਨ ਨਾਲ ਜੁੜੀ ਕੰਪਨੀ ਨੂੰ ਦਿੱਤਾ ਸੂਬਾ ਸਰਕਾਰ ਨੇ ਠੇਕਾ
ਹੜਾਂ ਨਾਲ ਸਭ ਤੋਂ ਵੱਧ ਨੁਕਸਾਨ ਰਣਜੀਤ ਸਾਗਰ ਡੈਮ ਤੋਂ ਨਿਕਲਣ ਵਾਲੀ ਰਾਵੀ ਨਦੀ ਨੇ ਕੀਤਾ ਅਤੇ ਇਸ ਡੈਮ ਦਾ ਸਾਰਾ ਕੰਟਰੋਲ ਸੂਬਾ ਸਰਕਾਰ ਦੇ ਹੱਥਾਂ ਵਿੱਚ
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਆਏ ਹੜਾਂ ਲਈ ਸੂਬੇ ਦੀ ਦਿੱਲੀ ਤੋਂ ਚੱਲਣ ਵਾਲੀ ਪੰਜਾਬ ਦੀ ਆਪ ਦੀ ਅਗਵਾਈ ਵਾਲੀ ਅਨਾੜੀ ਸਰਕਾਰ ਅਤੇ ਇੱਕ ਗੈਰ ਅਨੁਭਵੀ ਕੰਪਨੀ ਜਿਸ ਨੂੰ ਇਸ ਸਰਕਾਰ ਨੇ ਹੈਡਵਰਕਸਾਂ ਦੀ ਸੁਰੱਖਿਆ ਜਾਂਚ ਦ ਠੇਕਾ ਦਿੱਤਾ ਨੂੰ ਜਿੰਮੇਵਾਰ ਦੱਸਦਿਆਂ ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਆਏ ਹੜਾਂ ਦੀ ਜਾਂਚ ਕਿਸੇ ਰਿਟਾਇਰਡ ਜੱਜ ਦੀ ਅਗਵਾਈ ਵਿੱਚ ਕਰਵਾਉਣ ਦੀ ਮੰਗ ਕੀਤੀ ਹੈ । ਉਹਨਾਂ ਨੇ ਅੱਜ ਇਸ ਸਬੰਧੀ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਦੱਸਿਆ ਕਿ ਇਹਨਾਂ ਹੜਾਂ ਲਈ ਕੇਂਦਰ ਸਰਕਾਰ ਅਤੇ ਉਹਨ ਨੂੰ ਜਿੰਮੇਵਾਰ ਠਹਿਰਾਏ ਜਾਣ ਸਬੰਧੀ ਸੋਸ਼ਲ ਮੀਡੀਆ ਤੇ ਫੈਲਾਏ ਜਾ ਰਹੇ ਝੂਠ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਕੀਤੀ ਹੈ ਤਾਂ ਜੋ ਇਸ ਝੂਠ ਦੀ ਫੈਕਟਰੀ ਦੇ ਅਸਲ ਮਾਲਕਾਂ ਦਾ ਪਤਾ ਲੱਗ ਸਕੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੁਲਾਇਆ ਗਿਆ ਵਿਧਾਨ ਸਭਾ ਸੈਸ਼ਨ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੀ ਇੱਕ ਕੋਸ਼ਿਸ਼ ਮਾਤਰ ਹੈ । ਉਹਨਾਂ ਨੇ ਕਿਹਾ ਕਿ ਜਾਂਚ ਦਾ ਵਿਸ਼ਾ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਕਿਹੜੇ ਡੈਮ ਤੋਂ ਕਿੰਨਾ ਪਾਣੀ ਛੱਡਿਆ ਗਿਆ, ਡੈਮਾਂ ਅਤੇ ਹੈਡਵਰਕਸ਼ਾਂ ਦੀ ਰਿਪੇਅਰ ਕਦੋਂ ਹੋਈ ਸੀ, ਹੈਡਵਰਕਸ ਦੀ ਸੁਰੱਖਿਆ ਜਾਂਚ ਲਈ ਕਿਹੜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਕਿ ਇਸ ਮੌਕੇ ਝੂਠ ਦੇ ਸਹਾਰੇ ਕੇਂਦਰ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨ ਵਾਲਿਆਂ ਦੀ ਜਾਂਚ ਕਰਨ ਲਈ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।
ਤੱਥਾਂ ਨਾਲ ਆਪਣੀ ਗੱਲ ਰੱਖਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਹੜਾਂ ਨਾਲ ਸਭ ਤੋਂ ਵੱਧ ਤਬਾਹੀ ਰਾਵੀ ਦਰਿਆ ਨਾਲ ਹੋਈ ਹੈ ਜਿਸ ਵਿਚ ਰਣਜੀਤ ਸਾਗਰ ਡੈਮ ਰਾਹੀਂ ਪਾਣੀ ਆਉਂਦਾ ਹੈ । ਉਹਨਾਂ ਕਿਹਾ ਕਿ ਰਣਜੀਤ ਸਾਗਰ ਡੈਮ ਪੂਰੀ ਤਰ੍ਹਾ ਸੂਬਾ ਸਰਕਾਰ ਦੇ ਕੰਟਰੋਲ ਹੇਠ ਹੈ ਅਤੇ ਇਸ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਾਂ ਕੇਂਦਰ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ । ਉਹਨਾਂ ਆਖਿਆ ਕਿ 20 ਤੋਂ 26 ਅਗਸਤ ਤੱਕ ਰਾਵੀ ਨਦੀ ਦੇ ਕੈਚਮੈਂਟ ਏਰੀਆ ਵਿੱਚ ਭਾਰੀ ਬਾਰਿਸ਼ਾਂ ਦੀ ਚੇਤਾਵਨੀ ਹੋਣ ਦੇ ਬਾਵਜੂਦ ਡੈਮ ਤੋਂ ਬਹੁਤ ਘੱਟ ਪਾਣੀ ਰਿਲੀਜ਼ ਕੀਤਾ ਗਿਆ ਅਤੇ ਸਰਕਾਰੀ ਦਾਅਵੇ ਅਨੁਸਾਰ 27 ਅਗਸਤ ਨੂੰ 2.75 ਲੱਖ ਕਿਉਸਿਕ ਪਾਣੀ ਛੱਡਿਆ ਗਿਆ।ਉਹਨਾਂ ਨੇ ਇਸ ਮੌਕੇ ਚੀਫ ਇੰਜੀਨੀਅਰ ਦੇ ਦਾਅਵਿਆਂ ਦੀ ਇੱਕ ਵੀਡੀਓ ਵੀ ਮੀਡੀਆ ਨਾਲ ਸਾਂਝੀ ਕੀਤੀ ਜਿਸ ਵਿੱਚ ਉਹ 4.70 ਲੱਖ ਕਿਊਸਿਕ ਪਾਣੀ ਛੋਟੇ ਨਾਲਿਆਂ ਰਾਹੀਂ ਆਉਣ ਦੀ ਗੱਲ ਕਰਦੇ ਹਨ ਪਰ ਸ੍ਰੀ ਜਾਖੜ ਨੇ ਕਿਹਾ ਕਿ ਰਣਜੀਤ ਸਾਗਰ ਡੈਮ ਅਤੇ ਮਾਧੋਪੁਰ ਹੈਡਵਰਕਸ ਦੇ ਵਿਚਕਾਰ ਕੋਈ ਵੀ ਹੋਰ ਨਦੀ ਨਾਲਾ ਰਵੀ ਵਿੱਚ ਆ ਕੇ ਅਜਿਹਾ ਨਹੀਂ ਮਿਲਦਾ ਹੈ ਜਿੱਥੋਂ ਇਸ ਵਿੱਚ ਐਨਾ ਜਿਆਦਾ ਪਾਣੀ ਆ ਸਕਦਾ ਹੋਵੇ। ਉਨਾਂ ਕਿਹਾ ਕਿ ਅਸਲ ਵਿੱਚ ਇਹ ਸਾਰਾ ਪਾਣੀ ਪੰਜਾਬ ਸਰਕਾਰ ਦੇ ਕੰਟਰੋਲ ਹੇਠਲੇ ਰਣਜੀਤ ਸਾਗਰ ਡੈਮ ਤੋਂ ਹੀ ਛੱਡਿਆ ਗਿਆ ਸੀ।
ਉਹਨਾਂ ਨੇ ਕਿਹਾ ਕਿ ਮਾਧੋਪੁਰ ਹੈਡਵਰਕਸ ਤੇ ਪਾਣੀ ਪਹੁੰਚਣ ਤੋਂ ਪਹਿਲਾਂ ਉਥੇ ਸੂਚਨਾ ਦੇ ਕੇ ਗੇਟ ਕਿਉਂ ਨਹੀਂ ਖੁਲਵਾਏ ਗਏ। ਉਹਨਾਂ ਇਹ ਵੀ ਕਿਹਾ ਕਿ ਹੜਾਂ ਦੌਰਾਨ ਕੁੱਲ 45 ਥਾਵਾਂ ਤੇ ਧੁਸੀਂ ਬੰਨ ਟੁੱਟੇ ਜਿਨਾਂ ਵਿੱਚੋਂ 42 ਕੇਵਲ ਰਾਵੀ ਨਦੀ ਤੇ ਸਨ ਅਤੇ ਰਾਵੀ ਨਦੀ ਦੇ ਡੈਮ ਦਾ ਪੂਰਾ ਕੰਟਰੋਲ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈ।
ਇੱਕ ਹੋਰ ਮੁੱਦਾ ਰੱਖਦਿਆਂ ਉਹਨਾਂ ਕਿਹਾ ਕਿ ਮਾਧੋਪੁਰ ਹੈਡਵਰਕਸ ਦੇ ਗੇਟਾਂ ਦੀ ਮਜਬੂਤੀ ਜਾਂਚਣ ਲਈ ਜਿਸ ਲੈਵਲ 9 ਨਾਂ ਦੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਉਸ ਨੂੰ ਹਾਈਡਰੋਲੋਜੀਕਲ ਸਾਇੰਸ ਦਾ ਕੋਈ ਅਨੁਭਵ ਨਹੀਂ ਅਤੇ ਇਹ ਕੰਪਨੀ ਤਾਂ ਸਮਾਜਿਕ ਵਿਗਿਆਨ ਵਿਸ਼ੇ ਤੇ ਖੋਜ ਕਾਰਜਾਂ ਨਾਲ ਜੁੜੀ ਹੋਈ ਸੀ। ਉਹਨਾਂ ਕਿਹਾ ਕਿ ਹੇਠਲੇ ਅਧਿਕਾਰੀਆਂ ਦੀ ਮੁਅੱਤਲੀ ਕਰਨ ਨਾਲ ਸਰਕਾਰ ਆਪਣੇ ਗੁਨਾਹਾਂ ਤੋਂ ਭੱਜ ਨਹੀਂ ਸਕਦੀ ਜਿਸ ਨੇ ਅਜਿਹੀ ਕੰਪਨੀ ਨੂੰ ਠੇਕਾ ਦਿੱਤਾ।
ਭਾਜਪਾ ਪ੍ਰਧਾਨ ਨੇ ਹੋਰ ਤੱਥ ਰੱਖਦਿਆਂ ਕਿਹਾ ਕਿ ਵਿਧਾਨ ਸਭਾ ਵਿੱਚ ਜਲ ਸਰੋਤ ਮੰਤਰੀ ਨੇ 203 ਕਰੋੜ ਰੁਪਏ ਅਲੋਟਮੈਂਟ ਕਰਨ ਦੀ ਗੱਲ ਆਖੀ ਸੀ ਤਾਂ ਜੋ ਬੰਨਾ ਦੀ ਮਜਬੂਤੀ ਕੀਤੀ ਜਾ ਸਕੇ ਪਰ ਉਹਨਾਂ ਨੇ ਕਿਹਾ ਕਿ ਅਸਲ ਵਿੱਚ ਸਰਕਾਰ ਨੇ ਸਿਰਫ 80 ਕਰੋੜ ਰੁਪਏ ਹੀ ਐਲੋਕੇਟ ਕੀਤੇ ਸਨ। ਉਹਨਾਂ ਨੇ ਸਵਾਲ ਕੀਤਾ ਕਿ ਸਰਕਾਰ ਇਹ ਸਪਸ਼ਟ ਕਰੇ ਕਿ 8 ਅਗਸਤ ਤੱਕ ਇਸ 80 ਕਰੋੜ ਦੇ ਕੰਮਾਂ ਵਿੱਚੋਂ ਕਿੰਨੇ ਕੰਮਾਂ ਲਈ ਵਰਕ ਆਰਡਰ ਜਾਰੀ ਹੋ ਚੁੱਕੇ ਸਨ ।
ਸੁਨੀਲ ਜਾਖੜ ਨੇ ਕਿਹਾ ਕਿ ਰਾਜ ਵਿੱਚ ਨਦੀਆਂ ਦੇ ਕਿਨਾਰਿਆਂ ਦੀ ਲੰਬਾਈ 1 ਹਜਾਰ ਕਿਲੋਮੀਟਰ ਅਤੇ 800 ਕਿਲੋਮੀਟਰ ਸੇਮ ਨਾਲੇ ਹਨ ਪਰ ਇਸ ਸਰਕਾਰ ਵੱਲੋਂ ਸਮੇਂ ਸਿਰ ਨਾ ਤਾਂ ਸੇਮ ਨਾਲ ਸਾਫ ਕੀਤੇ ਗਏ ਅਤੇ ਨਾ ਹੀ ਨਦੀਆਂ ਦੇ ਕਿਨਾਰੇ ਮਜਬੂਤ ਕੀਤੇ ਗਏ। ਉਹਨਾਂ ਇਹ ਵੀ ਕਿਹਾ ਕਿ ਸੇਮ ਵਾਲਿਆਂ ਦੀ ਸਫਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਕਿੰਨੂ ਦੇ ਬਾਗ ਬਰਬਾਦ ਹੋ ਗਏ ਹਨ ਜਦਕਿ ਲੁਧਿਆਣਾ ਵਿੱਚ ਸਸਰਾਲੀ ਵਿਖੇ ਨਦੀ ਵਿੱਚ ਆਏ ਬ੍ਰੀਚ ਲਈ ਵੀ ਨਜਾਇਜ਼ ਤੌਰ ਤੇ ਕਰਵਾਈ ਗਈ ਮਾਈਨਿੰਗ ਜਿੰਮੇਵਾਰ ਸੀ । ਉਹਨਾਂ ਨੇ ਕਿਹਾ ਕਿ ਸਿੰਚਾਈ ਵਿਭਾਗ ਵਿੱਚ 12 ਹਜਾਰ ਤੋਂ ਵੱਧ ਲੋਕਾਂ ਦੀ ਚਾਰਜ ਸ਼ੀਟ ਕੀਤੀ ਹੋਈ ਹੈ। ਅਜਿਹੇ ਮਾਹੌਲ ਵਿੱਚ ਸਰਕਾਰੀ ਕਰਮਚਾਰੀ ਕਿਵੇਂ ਕੰਮ ਕਰ ਸਕਦੇ ਹਨ । ਭਾਜਪਾ ਪ੍ਰਧਾਨ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਿਸੇ ਰਿਟਾਇਰਡ ਜੱਜ ਦੀ ਨਿਗਰਾਨੀ ਵਿੱਚ ਹੋਵੇ ਤਾਂ ਜੋ ਅਸਲ ਕਾਰਨ ਲੱਭੇ ਜਾ ਸਕਣ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੁੜ ਤੋਂ ਅਜਿਹਾ ਨਾ ਵਾਪਰੇ।

ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਵੀ ਲਿਆ  

ਨਾਭਾ/ਬਿਊਰੋ ਨਿਊਜ਼ 

ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਮੰਗਲਵਾਰ ਨੂੰ ਨਾਭਾ ਜੇਲ੍ਹ ਵਿਚ ਬੰਦ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਦੋਵਾਂ ਦਰਮਿਆਨ ਇਹ ਬੈਠਕ ਅੱਧੇ ਘੰਟੇ ਦੇ ਕਰੀਬ ਚੱਲੀ। ਇਸ ਮੁਲਾਕਾਤ ਮਗਰੋਂ ਡੇਰਾ ਬਿਆਸ ਦੇ ਮੁਖੀ ਜੇਲ੍ਹ ਦੇ ਬਾਹਰ ਇਕੱਤਰ ਹੋਏ ਲੋਕਾਂ ਨੂੰ ਵੀ ਮਿਲੇ। ਇਸ ਤੋਂ ਬਾਅਦ ਡੇਰਾ ਬਿਆਸ ਮੁਖੀ ਨਾਭਾ ਦੇ ਸ਼ਾਹੀ ਪਰਿਵਾਰ ਦੇ ਵੰਸ਼ਜਾਂ ਨੂੰ ਮਿਲਣ ਲਈ ਹੀਰਾ ਮਹਿਲ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਵੀ ਗਏ। ਦੱਸਣਯੋਗ ਹੈ ਕਿ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਮਜੀਠੀਆ ਨਾਭਾ ਦੀ ਜੇਲ੍ਹ ਵਿਚ ਬੰਦ ਹਨ। ਧਿਆਨ ਰਹੇ ਕਿ ਜੇਲ੍ਹ ਪ੍ਰਸ਼ਾਸਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਅਜੇ ਤੱਕ ਬਿਕਰਮ ਮਜੀਠੀਆ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਲੰਘੇ ਦਿਨਾਂ ਦੌਰਾਨ ਅਕਾਲੀ ਆਗੂ ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਵਿਰਸਾ ਸਿੰਘ ਵਲਟੋਹਾ ਨੂੰ ਇਹ ਕਹਿ ਕੇ ਜੇਲ੍ਹ ਦੇ ਬਾਹਰੋਂ ਮੋੜ ਦਿੱਤਾ ਗਿਆ ਸੀ ਕਿ ਮਜੀਠੀਆ ਨੂੰ ਸਿਰਫ ਉਨ੍ਹਾਂ ਦੇ ਰਿਸ਼ਤੇਦਾਰ ਹੀ ਮਿਲ ਸਕਦੇ ਹਨ। ਇਸ ਦੇ ਚੱਲਦਿਆਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਰਹੇ। ਇਸੇ ਦੌਰਾਨ ਉਨ੍ਹਾਂ ਨੇ ਡੇਰਾ ਬਿਆਸ ਦੇ ਵੱਖ-ਵੱਖ ਸਤਿਸੰਗ ਘਰਾਂ ਵਿਚ ਜਾ ਕੇ ਸੰਗਤਾਂ ਦੇ ਦਰਸ਼ਨ ਵੀ ਕੀਤੇ। 

ਪੰਜਾਬ ਦੇ ਕਈ ਖੇਤਰਾਂ ਵਿਚ ਹੜ੍ਹਾਂ ਨੇ ਕੀਤਾ ਹੈ ਬਹੁਤ ਜ਼ਿਆਦਾ ਨੁਕਸਾਨ

ਕਪੂਰਥਲਾ/ਬਿਊਰੋ ਨਿਊਜ਼  

ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਕੁਝ ਇਲਾਕਿਆਂ ਵਿਚ ਅਜਿਹੇ ਹਾਲਾਤ ਵੀ ਬਣ ਗਏ, ਕਿ ਰੱਬ ਨੂੰ ਪਿਆਰੇ ਹੋਇਆਂ ਦਾ ਸਸਕਾਰ ਵੀ ਘਰ ਦੇ ਵਿਹੜੇ ਵਿਚ ਹੀ ਕਰਨਾ ਪਿਆ। ਅਜਿਹੀ ਹੀ ਘਟਨਾ ਸੁਲਤਾਨਪੁਰ ਲੋਧੀ ਖੇਤਰ ਦੇ ਪਿੰਡ ਸਾਂਗਰਾ ਵਿਚ ਵਾਪਰੀ ਹੈ। ਸਾਂਗਰਾ ਪਿੰਡ ਦੇ ਸ਼ਮਸ਼ਾਨਘਾਟ ਵਿਚ ਕਈ ਦਿਨਾਂ ਤੋਂ ਪਾਣੀ ਖੜ੍ਹਾ ਹੋਣ ਕਾਰਨ ਇਕ ਪਰਿਵਾਰ ਨੂੰ ਬਜ਼ੁਰਗ ਮਾਤਾ ਦਾ ਸਸਕਾਰ ਘਰ ਦੇ ਵਿਹੜੇ ਵਿਚ ਹੀ ਕਰਨ ਲਈ ਮਜਬੂਰ ਹੋਣਾ ਪਿਆ। ਦੱਸਿਆ ਗਿਆ ਕਿ ਇਸ ਪਿੰਡ ਦੇ ਆਲੇ-ਦੁਆਲੇ  ਦੋ-ਤਿੰਨ ਫੁੱਟ ਪਾਣੀ ਅਜੇ ਵੀ ਜਮਾਂ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਪਹੁੰਚਣ ਲਈ ਅਜੇ ਵੀ ਕਿਸ਼ਤੀ ਦੀ ਵਰਤੋਂ ਕਰਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੇ ਮੋਟਰ ਬੋਟ ਦਿੱਤੀ ਸੀ, ਉਸਦੇ ਸਹਾਰੇ ਹੀ ਸਕੇ ਸਬੰਧੀਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਘਰ ਲਿਆਂਦਾ ਗਿਆ ਸੀ। 

 

 

 

 

  

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਜਾਣਕਾਰੀ

ਅੰਮਿ੍ਰਤਸਰ/ਬਿਊਰੋ ਨਿਊਜ਼

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਮਿ੍ਰਤਸਰ ਵਿਚ ਪੈ੍ਰਸ ਕਾਨਫਰੰਸ ਕੀਤੀ ਹੈ। ਇਸ ਮੌਕੇ ਧਾਮੀ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ਼ਰੂ ਕੀਤੇ ਕਾਰਜਾਂ ਵਿਚ ਸਿੱਖ ਸੰਗਤ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਰਾਹਤ ਫੰਡ ਲਈ 6 ਕਰੋੜ 9 ਲੱਖ ਰੁਪਏ ਇਕੱਤਰ ਹੋਏ ਹਨ, ਜਿਸ ਵਿਚੋਂ ਕਰੀਬ ਸਵਾ ਕਰੋੜ ਰੁਪਏ ਹੁਣ ਤੱਕ ਖਰਚੇ ਜਾ ਚੁੱਕੇ ਹਨ। ਧਾਮੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਕੋਰੀਡੋਰ ਵਾਲੇ ਬੰਨ੍ਹ ਦੀ ਮੁਰੰਮਤ ਲਈ ਸ਼ੋ੍ਰਮਣੀ ਕਮੇਟੀ ਵਲੋਂ ਹੁਣ ਤੱਕ 11 ਹਜ਼ਾਰ ਲੀਟਰ ਡੀਜ਼ਲ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਸਰਦੀਆਂ ਦੇ ਆ ਰਹੇ ਮੌਸਮ ਨੂੰ ਮੁੱਖ ਰੱਖਦਿਆਂ ਹੜ੍ਹ ਪੀੜਤਾਂ ਅਤੇ ਲੋੜਵੰਦਾਂ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਵਧੀਆ ਕੰਬਲ ਅਤੇ ਗੱਦੇ ਵੀ ਮੁਹੱਈਆ ਕਰਵਾਏ ਜਾਣਗੇ। ਐਡਵੋਕੇਟ ਧਾਮੀ ਨੇ ਦੱਸਿਆ ਕਿ ਹੜ੍ਹ ਪੀੜਤ ਰਾਹਤ ਫੰਡ ਦਾ ਹਿਸਾਬ ਨਾਲੋਂ-ਨਾਲ ਸ਼ੋ੍ਰਮਣੀ ਕਮੇਟੀ ਦੀ ਵੈਬਸਾਈਟ ’ਤੇ ਸੰਗਤਾਂ ਨੂੰ ਦੱਸਿਆ ਜਾਵੇਗਾ। 

ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਵੀ ਹੋਈ ਸਰਗਰਮ

ਤਰਨਤਾਰਨ/ਬਿਊਰੋ ਨਿਊਜ਼

ਵਿਧਾਨ ਸਭਾ ਹਲਕਾ ਤਰਨਤਾਰਨ ’ਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵੀ ਸਰਗਰਮ ਹੋ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ, ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ ਲਈ ਇੰਚਾਰਜ ਨਿਯੁਕਤ ਕੀਤਾ ਹੈ। ਧਿਆਨ ਰਹੇ ਕਿ ਸ਼ੋ੍ਰਮਣੀ ਅਕਾਲੀ ਦਲ ਵਲੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਇਸ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਹਰਜੀਤ ਸਿੰਘ ਸੰਧੂ ਨੂੰ ਇਸ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਇਸੇ ਦੌਰਾਨ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਅਜੇ ਤੱਕ ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਤਾਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੋ ਗਿਆ ਸੀ, ਜਿਸ ਕਰਕੇ ਇਹ ਸੀਟ ਖਾਲੀ ਹੋ ਗਈ ਸੀ ਅਤੇ ਹੁਣ ਇਸ ਸੀਟ ’ਤੇ ਜ਼ਿਮਨੀ ਚੋਣ ਹੋਣੀ ਹੈ।

ਕਿਸਾਨ ਯੂਨੀਅਨਾਂ ਵਲੋਂ ਨਾਭਾ ’ਚ ਕੀਤਾ ਜਾ ਰਿਹਾ ਸੀ ਰੋਸ ਪ੍ਰਦਰਸ਼ਨ

ਨਾਭਾ/ਬਿਊਰੋ ਨਿਊਜ਼

ਨਾਭਾ ਵਿਚ ਕਿਸਾਨ ਅਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਹੋ ਗਈ। ਇਸੇ ਦੌਰਾਨ ਨਾਭਾ ਦੀ ਡੀਐਸਪੀ ਮਨਦੀਪ ਕੌਰ ਨੇ ਆਰੋਪ ਲਗਾਏ ਹਨ ਕਿ ਕਿਸਾਨਾਂ ਨੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਸਾਨਾਂ ਵਲੋਂ ਸ਼ੰਭੂ ਮੋਰਚੇ ਦੌਰਾਨ ਗਾਇਬ ਹੋਈਆਂ ਟਰਾਲੀਆਂ ਦੇ ਮਾਮਲੇ ਵਿਚ ਡੀਐਸਪੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਮੌਕੇ ਡੀਐਸਪੀ ਆਪਣੇ ਦਫਤਰ ’ਚੋਂ ਬਾਹਰ ਨਿਕਲਣ ਲੱਗੀ ਤਾਂ ਕਿਸਾਨਾਂ ਅਤੇ ਡੀਐਸਪੀ ਦਰਮਿਆਨ ਤੂੰ ਤੂੰ-ਮੈਂ ਮੈਂ ਹੋ ਗਈ। ਇਸ ਦੌਰਾਨ ਡੀਐਸਪੀ ਨੇ ਆਰੋਪ ਲਗਾਇਆ ਕਿਸਾਨਾਂ ਨੇ ਮੇਰੇ ਨਾਲ ਧੱਕਾਮੁੱਕੀ ਅਤੇ ਬਦਸਲੂਕੀ ਕੀਤੀ ਹੈ।  ਡੀਐਸਪੀ ਦਾ ਕਹਿਣਾ ਸੀ ਕਿ ਮੈਂ ਇਨ੍ਹਾਂ ਖਿਲਾਫ ਕਾਰਵਾਈ ਕਰਾਂਗੀ। ਉਧਰ ਦੂਜੇ ਪਾਸੇ ਮੀਡੀਆ ਵਿਚ ਆ ਰਹੀਆਂ ਖਬਰਾਂ ਮੁਤਾਬਕ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਡੀਐਸਪੀ ਵਲੋਂ ਸਾਡੇ ਨਾਲ ਬਦਤਮੀਜ਼ੀ ਕੀਤੀ ਗਈ ਹੈ।

 

ਪੁਲਿਸ ਵਲੋਂ 39 ਵਿਅਕਤੀਆਂ ਨੂੰ ਕੀਤਾ ਗਿਆ ਗਿ੍ਰਫਤਾਰ

ਫਗਵਾੜਾ/ਬਿਊਰੋ ਨਿਊਜ਼

ਫਗਵਾੜਾ ਪੁਲਿਸ ਨੇ ਵੱਡੇ ਸਾਈਬਰ ਫਰਾਡ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਫਗਵਾੜਾ ’ਚ ਪਲਾਹੀ ਰੋਡ ’ਤੇ ਇਕ ਹੋਟਲ ਵਿਚ ਚੱਲ ਰਹੇ ਇਸ ਗੈਰਕਾਨੂੰਨੀ ਰੈਕੇਟ ’ਤੇ ਛਾਪਾ ਮਾਰਿਆ ਅਤੇ 39 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ 40 ਲੈਪਟਾਪ, 67 ਮੋਬਾਇਲ ਫੋਨ ਅਤੇ 10 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਵੱਡੇ ਨੈਟਵਰਕ ਅਤੇ ਪੈਸੇ ਦੇ ਲੈਣ-ਦੇਣ ਦੇ ਸਰੋਤਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਗਿਰੋਹ ਵਿਦੇਸ਼ਾਂ ਦੇ ਲੋਕਾਂ ਨਾਲ ਸਾਫਟਵੇਅਰ ਸੋਲੂਸ਼ਨ ਮੁਹੱਈਆ ਕਰਵਾਉਣ ਦੇ ਨਾਂ ’ਤੇ ਧੋਖਾਧੜੀ ਕਰ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਧੋਖਾਧੜੀ ਦੇ ਪੱਧਰ ਅਤੇ ਅੰਤਰਰਾਸ਼ਟਰੀ ਨੈਟਵਰਕ ਦੀ ਜਾਣਕਾਰੀ ਲਈ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.